ਸਿੱਖ ਖਬਰਾਂ

ਐੱਨ.ਆਈ.ਏ. ਅਦਾਲਤ ਨੇ ਚਾਰ ਨੂੰ ਯੂ.ਏ.ਪੀ.ਏ. ਅਤੇ ਹੋਰਨਾਂ ਧਰਾਵਾਂ ਤਹਿਤ ਦੋਸ਼ੀ ਐਲਾਨਿਆ।

March 27, 2024

ਮੁਹਾਲੀ: ਸਪੈਸ਼ਲ ਐੱਨ.ਆਈ.ਏ. ਅਦਾਲਤ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਵੱਲੋਂ ਇੱਕ ਮਾਮਲੇ ਵਿੱਚ ਚਾਰ ਜਣਿਆਂ ਨੂੰ ਦੇਸ਼ ਵਿਰੁੱਧ ਜੰਗ ਛੇੜਨ ਅਤੇ ਯੂ.ਏ.ਪੀ.ਏ. ਦੀਆਂ ਵੱਖ ਵੱਖ ਧਾਰਾਵਾਂ ਤਹਿਤ ਦੋਸ਼ੀ ਐਲਾਨਿਆ ਗਿਆ ਹੈ।

ਜੱਜ ਮਨਜੋਤ ਕੌਰ ਦੀ ਅਦਾਲਤ ਵੱਲੋਂ ਕੁਲਵਿੰਦਰਜੀਤ ਸਿੰਘ ਖਾਨਪੁਰੀਆ ਨੂੰ ਇੰਡੀਅਨ ਪੀਨਲ ਕੋਡ ਦੀਆਂ ਧਰਾਵਾਂ 120ਬੀ, 121, 121ਏ, 122, 123 ਅਤੇ ਯੂ.ਏ.ਪੀ.ਏ. ਦੀਆਂ ਧਰਾਵਾਂ 17, 18ਬੀ, 20, 38 ਅਤੇ 39 ਵਿੱਚ ਦੋਸ਼ੀ ਐਲਾਨਿਆ ਗਿਆ ਹੈ।

ਜਗਦੇਵ ਸਿੰਘ ਤਲਾਣੀਆਂ ਤੇ ਰਵਿੰਦਰਪਾਲ ਸਿੰਘ ਮਹਿਣਾ ਨੂੰ ਧਾਰਾ 120ਬੀ, 121, 121ਏ, 122, 123 (ਆਈ.ਪੀ.ਸੀ.) ਅਤੇ ਯੂ.ਏ.ਪੀ.ਏ. ਦੀਆਂ ਧਰਾਵਾਂ 17, 18ਬੀ, 20, 38, 39 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਦੋਸ਼ੀ ਐਲਾਨਿਆ ਗਿਆ ਹੈ।

ਅਦਾਲਤ ਵੱਲੋਂ ਹਰਚਰਨ ਸਿੰਘ ਦਿੱਲੀ ਨੂੰ ਇੰਡੀਅਨ ਪੀਨਲ ਕੋਡ ਦੀਆਂ ਧਰਾਵਾਂ 120ਬੀ, 121, 121ਏ, 122, 123 ਅਤੇ ਯੂ.ਏ.ਪੀ.ਏ. ਦੀਆਂ ਧਰਾਵਾਂ 17, 18ਬੀ, 20, 38, 39 ਤਹਿਤ ਦੋਸ਼ੀ ਐਲਾਨਿਆ ਗਿਆ ਹੈ।

ਬਚਾਅ ਪੱਖ ਦੇ ਵਕੀਲ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਮਾਮਲੇ ਵਿੱਚ ਅਦਾਲਤ ਵੱਲੋਂ ਸਜ਼ਾ 28 ਮਾਰਚ 2024 ਨੂੰ ਸੁਣਾਈ ਜਾਵੇਗੀ।

ਇਹ ਕੇਸ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਵੱਲੋਂ ਮਈ 2019 ਵਿੱਚ ਦਰਜ ਕੀਤਾ ਗਿਆ ਸੀ। ਪੁਲਿਸ ਵੱਲੋਂ ਇਸ ਕੇਸ ਵਿੱਚ ਜਗਦੇਵ ਸਿੰਘ ਅਤੇ ਰਵਿੰਦਰ ਪਾਲ ਸਿੰਘ ਕੋਲੋਂ ਪਿਸਤੌਲ ਦੀ ਬਰਾਮਦਗੀ ਦਿਖਾਈ ਗਈ ਸੀ। ਇਸ ਕੇਸ ਵਿੱਚ ਸੋਸ਼ਲ ਮੀਡੀਆ ਖਾਤਿਆਂ ਦੀ ਜਾਣਕਾਰੀ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਬੱਬਰ ਸਮੇਤ ਹੋਰਨਾ ਜੁਝਾਰੂਆਂ ਦੇ ਸ਼ਹੀਦੀ ਦਿਹਾੜਿਆਂ ਵਿੱਚ ਸ਼ਮੂਲੀਅਤ ਦੀਆਂ ਤਸਵੀਰਾਂ ਨੂੰ ਆਧਾਰ ਬਣਾਇਆ ਗਿਆ ਸੀ।

By

Tags: , , , , ,

ਚੋਣਵੀਆਂ ਲਿਖਤਾਂ » ਲੇਖ » ਸਿੱਖ ਖਬਰਾਂ

ਸਿੱਖ ਬੀਬੀਆਂ ਲਈ ਦਸਤਾਰ ਸਜਾਉਣ ਦਾ ਮਹੱਤਵ

March 27, 2024

-ਤਲਵਿੰਦਰ ਸਿੰਘ ਬੁੱਟਰ

ਪ੍ਰੋ. ਪੂਰਨ ਸਿੰਘ ਲਿਖਦੇ ਹਨ ਕਿ ‘ਗੁਰੂ ਗੋਬਿੰਦ ਸਿੰਘ ਜੀ ਦਾ ਖ਼ਾਲਸਾ ਪੰਥ ਇਕ ਅਜਿਹਾ ਸੰਘ ਹੈ ਜਿਸ ਵਿਚ ਇਸਤਰੀਆਂ ਖੁੱਲ੍ਹਾ ਅਤੇ ਬਰਾਬਰ ਭਾਗ ਲੈਂਦੀਆਂ ਹਨ। ਪੂਰਬ ਦੇ ਇਤਿਹਾਸ ਵਿਚ ਪਹਿਲੀ ਵਾਰੀ ਇਸਤਰੀ ਨੂੰ ਮਰਦਾਂ ਦੇ ਬਰਾਬਰ ਹੱਕ ਮਿਲਿਆ ਹੈ।’ ਦਰ-ਹਕੀਕਤ ਸਿੱਖ ਧਰਮ ਇੱਕੋ-ਇੱਕ ਅਜਿਹਾ ਧਰਮ ਹੈ ਜਿਸ ਵਿਚ ਔਰਤ ਤੇ ਮਰਦ ਨੂੰ ਬਰਾਬਰ ਦੇ ਅਧਿਕਾਰ ਤੇ ਬਰਾਬਰ ਦੀਆਂ ਜ਼ਿੰਮੇਵਾਰੀਆਂ ਮਿਲੀਆਂ ਹਨ। ਕੋਈ ਐਸਾ ਸਿੱਖੀ ਨਾਲ ਸਬੰਧਿਤ ਅਧਿਕਾਰ ਅਤੇ ਫ਼ਰਜ਼ ਨਹੀਂ, ਜੋ ਮਰਦ ਕਰ ਸਕਦੇ ਹੋਣ ਤੇ ਔਰਤਾਂ ਨੂੰ ਉਸ ਦੀ ਮਨਾਹੀ ਹੋਵੇ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਔਰਤਾਂ ਦੀ ਹਾਲਤ ਸਮਾਜਿਕ ਅਤੇ ਧਾਰਮਿਕ ਤੌਰ ’ਤੇ ਬਹੁਤ ਬਦਤਰ ਸੀ। ਹਿੰਦੁਸਤਾਨ ਦੇ ਉਸ ਵੇਲੇ ਦੇ ਪ੍ਰਮੁੱਖ ਧਰਮਾਂ ਵਲੋਂ ਔਰਤ ਨੂੰ ਬਰਾਬਰ ਦਾ ਦਰਜਾ ਪ੍ਰਾਪਤ ਨਹੀਂ ਸੀ। ਉਸ ਵੇਲੇ ਸਤਿਗੁਰਾਂ ਨੇ ਜੋ ਇਨਕਲਾਬੀ ਮਹਾਂਵਾਕ ਉਚਾਰੇ, ਉਨ੍ਹਾਂ ਦੀ ਗੂੰਜ ਅੱਜ ਤੱਕ ਕੋਟਿ ਬ੍ਰਹਿਮੰਡਾਂ ਵਿਚ ਗੂੰਜ ਰਹੀ ਹੈ:

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥ (ਮ. 1, ਅੰਗ: 473)

ਭਾਵ ਜਿਸ ਔਰਤ ਨੇ ਮਹਾਨ ਰਾਜੇ ਆਦਿ ਜੰਮੇ ਹਨ, ਉਸ ਨੂੰ ਮੰਦਾ ਕਿਉਂ ਆਖਿਆ ਜਾਵੇ?

ਦੂਜੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਮਹਿਲ ਮਾਤਾ ਖੀਵੀ ਜੀ ਵਲੋਂ ਉਸ ਵੇਲੇ ਖਾਸ ਕਰਕੇ ਲੰਗਰ ਦੀ ਸੇਵਾ ਕਰਨ ਵਿਚ ਸੰਗਤਾਂ ਦੀ ਅਗਵਾਈ ਕੀਤੀ ਗਈ ਤੇ ਉਨ੍ਹਾਂ ਨੇ ਇਸ ਤਰ੍ਹਾਂ, ਮਹਾਨ ਸੇਵਾ ਕੀਤੀ ਕਿ ਇਸ ਦਾ ਜ਼ਿਕਰ ਗੁਰਬਾਣੀ ਵਿਚ ਖ਼ਾਸ ਤੌਰ ’ਤੇ ਇਸ ਪ੍ਰਕਾਰ ਕੀਤਾ ਗਿਆ:

ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ॥ (ਰਾਮਕਲੀ ਕੀ ਵਾਰ, ਅੰਗ: 967)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ‘ਰਾਮਕਲੀ ਕੀ ਵਾਰ’ ਵਿਚ ਗੁਰੂ-ਘਰ ਦੇ ਅਨਿੰਨ ਢਾਡੀ ਭਾਈ ਸੱਤਾ ਤੇ ਬਲਵੰਡ ਜੀ ਫ਼ਰਮਾੳਂਦੇ ਹਨ ਕਿ, ਸ੍ਰੀ ਗੁਰੂ ਅੰਗਦ ਦੇਵ ਜੀ ਦੇ ਮਹਿਲ ਮਾਤਾ ਖੀਵੀ ਜੀ ਨੇਕ ਔਰਤ ਹਨ, ਜਿਨ੍ਹਾਂ ਦੀ ਮਮਤਾ ਮਈ ਛਾਂ ਭਾਰੀ ਪੱਤਰਾਂ ਵਾਲੀ ਹੈ, ਭਾਵ ਬਹੁਤ ਹੀ ਘਣੀ ਹੈ। ਜਿਸ ਤਰ੍ਹਾਂ ਮਮਤਾ ਵਿਚ ਮਾਂ ਆਪਣੇ ਬੱਚਿਆਂ ਨੂੰ ਲਾਡ ਤੇ ਚਾਅ ਨਾਲ ਖਿਡਾ ਕੇ ਵਿਗਸਦੀ ਹੈ, ਉਸੇ ਤਰ੍ਹਾਂ ਹੀ ਮਾਤਾ ਜੀ ਲੰਗਰ ਵਿਚ ਸੰਗਤਾਂ ਦੀ ਸੇਵਾ, ਚਾਅ ਤੇ ਉਮਾਹ ਨਾਲ ਘਿਓ, ਖੀਰ ਆਦਿ ਅੰਮ੍ਰਿਤ-ਮਈ ਪਦਾਰਥ ਵਰਤਾ ਕੇ ਕਰਦੇ ਸਨ।

ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਦੇ ਸਪੁੱਤਰੀ ਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਮਹਿਲ ਬੀਬੀ ਭਾਨੀ ਜੀ ਨੇ ਵੀ ਪਿਤਾ ਸਤਿਗੁਰਾਂ ਦੀ ਅਣਥੱਕ ਸੇਵਾ ਕਰਕੇ ਮਿਸਾਲ ਕਾਇਮ ਕੀਤੀ। ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰਮਤਿ ਦੇ ਪ੍ਰਚਾਰ ਲਈ ਦੇਸ਼ ਦੇ ਕੋਨੇ-ਕੋਨੇ ਵਿਚ 22 ਮੰਜੀਆਂ ਸਥਾਪਿਤ ਕੀਤੀਆਂ ਤੇ ਇਨ੍ਹਾਂ ਵਿਚੋਂ ਅਨੇਕਾਂ ਸਿੱਖ ਬੀਬੀਆਂ ਨੂੰ ਦਿੱਤੀਆਂ ਗਈਆਂ ਸਨ। ਜਦੋਂ ਕਈ ਫ਼ਿਰਕਿਆਂ ਵਿਚ ਔਰਤ ਨੂੰ ਅਖੌਤੀ ਸ਼ੂਦਰਾਂ ਤੋਂ ਵੀ ਘਟੀਆ ਦਰਜਾ ਹਾਸਲ ਸੀ, ਉਸ ਜ਼ਮਾਨੇ ਵਿਚ ਇਸ ਕ੍ਰਾਂਤੀਕਾਰੀ ਕਦਮ ਨੇ ਸਿੱਖ ਔਰਤਾਂ ਵਿਚ ਇਕ ਅਨੋਖਾ ਆਤਮ-ਵਿਸ਼ਵਾਸ ਭਰ ਦਿੱਤਾ ਸੀ। ਗੁਰੂ ਸਾਹਿਬ ਨੇ ਵਿਧਵਾਵਾਂ ਦੇ ਪੁਨਰ-ਵਿਆਹ ਦੀ ਇਜਾਜ਼ਤ ਦੇ ਕੇ ਅਣਗਿਣਤ ਮਾਸੂਮ ਬੱਚੀਆਂ, ਜੋ ਬਾਲ ਉਮਰੇ ਹੀ ਵਿਧਵਾ ਹੋ ਜਾਂਦੀਆਂ ਸਨ ਤੇ ਉਨ੍ਹਾਂ ਨੂੰ ਉਸ ਸਮੇਂ ਦੇ ਸਮਾਜ ਵਲੋਂ ਬਹੁਤ ਆਸ-ਹੀਣੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਕੀਤਾ ਜਾਂਦਾ ਸੀ, ਨੂੰ ਇਕ ਨਵੀਂ ਜ਼ਿੰਦਗੀ ਦਿੱਤੀ ਸੀ। ਸਤਿਗੁਰਾਂ ਵਲੋਂ ਹੋਰ ਪਰਉਪਕਾਰ ਕਰਦਿਆਂ ਪ੍ਰਚਲਿਤ ਸਤੀ ਦੀ ਰਸਮ ਬਾਦਸ਼ਾਹ ਅਕਬਰ ਨੂੰ ਕਹਿ ਕੇ ਸਰਕਾਰੀ ਤੌਰ ’ਤੇ ਗੈਰ-ਕਾਨੂੰਨੀ ਕਰਾਰ ਦਿਵਾਈ ਗਈ ਸੀ।

ਇਸ ਤਰ੍ਹਾਂ ਦੀਆਂ ਉਸਾਰੂ ਤੇ ਵਿਸ਼ਵਾਸ ਕਾਇਮ ਕਰਨ ਵਾਲੀਆਂ ਮਿਸਾਲਾਂ ਕਾਇਮ ਕਰਕੇ ਦਸ ਗੁਰੂ ਸਾਹਿਬਾਨ ਨੇ ਸਿੱਖ ਔਰਤਾਂ ਨੂੰ ਸਵੈਮਾਣ ਨਾਲ ਭਰਪੂਰ ਕਰ ਦਿੱਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਬੀਬੀਆਂ ਨੂੰ ਖ਼ਾਲਸਾ ਪੰਥ ਵਿਚ ਸ਼ਾਮਲ ਕਰਕੇ ਸਭ ਭੇਦ-ਭਾਵ ਹੀ ਮਿਟਾ ਦਿੱਤੇ। ਸਤਿਗੁਰਾਂ ਵਲੋਂ ਜਿਥੇ ਬੀਬੀਆਂ ਨੂੰ ਖ਼ਾਲਸੇ ਬਣਾ ਕੇ ਬਰਾਬਰ ਦੇ ਅਧਿਕਾਰ ਦਿੱਤੇ ਗਏ ਹਨ ਉਥੇ ਉਨ੍ਹਾਂ ਨੂੰ ਕਮਜ਼ੋਰ ਨਾ ਜਾਣ ਕੇ ਸਿੰਘਾਂ ਦੇ ਬਰਾਬਰ ਦੀ ਜ਼ਿੰਮੇਵਾਰੀ ਵੀ ਦਿੱਤੀ ਹੈ। ਇਸੇ ਕਰਕੇ ਹੀ ਸਤਿਗੁਰਾਂ ਵਲੋਂ ਮਰਦਾਂ ਤੇ ਔਰਤਾਂ ਵਾਸਤੇ ਇਕੋ ਹੀ ਗੁਰਮੰਤ੍ਰ, ਇਕੋ ਹੀ ਮੂਲਮੰਤ੍ਰ ਤੇ ਇਕੋ ਹੀ ਗੁਰਬਾਣੀ ਦਾ ਨਿਤਨੇਮ ਤਜਵੀਜ਼ ਕੀਤਾ ਗਿਆ ਹੈ। ਜਿਨ੍ਹਾਂ ਬੱਜਰ ਕੁਰਹਿਤਾਂ ਜਿਵੇਂ ਕਿ ਕੇਸ ਕਤਲ ਕਰਨੇ, ਤੰਬਾਕੂ ਦਾ ਸੇਵਨ ਆਦਿ ਤੋਂ ਮਰਦਾਂ ਨੂੰ ਪ੍ਰਹੇਜ਼ ਕਰਨ ਲਈ ਹੁਕਮ ਦਿੱਤਾ ਗਿਆ ਹੈ ਉਹ ਔਰਤਾਂ ਨੂੰ ਵੀ ਮਨ੍ਹਾਂ ਕੀਤੀਆਂ ਗਈਆਂ ਹਨ।

ਜਦ ਸਾਰੀ ਰਹਿਤ ਇਕ ਹੈ ਤਾਂ ਫਿਰ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਸਿੱਖ ਮਰਦ ਨੂੰ ਤਾਂ ਦਸਤਾਰ ਦੇ ਕੇ ਸਤਿਕਾਰਿਆ ਗਿਆ ਹੋਵੇ ਤੇ ਹੋਰ ਮਨੁੱਖਤਾ ਤੋਂ ਨਿਰਾਲਾ ਕਰ ਦਿੱਤਾ ਗਿਆ ਹੋਵੇ ਪਰ ਸਿੱਖ ਔਰਤਾਂ ਨੂੰ ਦਸਤਾਰ ਸਜਾਉਣ ਦੀ ਆਗਿਆ ਨਾ ਹੋਵੇ? ਕਿਉਂਕਿ ਕੇਸ ਸਿੱਖੀ ਦੀ ਮੋਹਰ ਹਨ। ਸਤਿਗੁਰਾਂ ਨੇ ‘ਕਾਬੁਲ’ ਦੀ ਸੰਗਤ ਨੂੰ ਹੁਕਮਨਾਮੇ ਵਿਚ ਸਾਫ਼ ਲਿਖਿਆ ਹੈ ਕਿ ‘ਕੇਸ ਰੱਖਣੇ, ਇਹ ਅਸਾਡੀ ਮੋਹਰ ਹੈ’। ਸਿੱਖਾਂ ਵਾਸਤੇ ਕੇਸਾਂ ਬਾਰੇ ਹੁਕਮ ਪਹਿਲੀ ਪਾਤਸ਼ਾਹੀ ਦੇ ਵੇਲੇ ਤੋਂ ਹੀ ਜਾਰੀ ਹੈ। ਕੇਸਾਂ ਵਿਚ ਅੰਮ੍ਰਿਤ ਪੈਣ ਕਰਕੇ ਅਤੇ ਇਹ ਗੁਰਾਂ ਦੀ ਮੋਹਰ ਹੋਣ ਕਰਕੇ ਗੁਰਸਿੱਖਾਂ ਵਲੋਂ ਗੁਰਮਤਿ ਮਰਿਯਾਦਾ ਅਨੁਸਾਰ ਕੇਸ ਬਹੁਤ ਸਤਿਕਾਰੇ ਜਾਂਦੇ ਹਨ।

ਕੇਸਾਂ ਦੀ ਸੰਭਾਲ ਲਈ ਗੁਰਾਂ ਦੇ ਹੇਠ ਲਿਖੇ ਹੁਕਮ ਹਨ:

1. ਅੰਮ੍ਰਿਤ ਛਕਨੇ ਵਾਲੇ ਨੂੰ ਪਹਿਲੇ ਕਛ ਪਹਿਰਾਨੀ। ਕੇਸ ਇਕਠੇ ਕਰ ਜੂੜਾ ਦਸਤਾਰ ਸਜਾਵਨੀ। ਗਾਤ੍ਰੇ ਸ੍ਰੀ ਸਾਹਿਬ ਹਾਥ ਜੋੜ ਖੜਾ ਰਹੈ। (ਰਹਿਤਨਾਮਾ ਭਾਈ ਦਯਾ ਸਿੰਘ)
2. ਜੂੜਾ ਸੀਸ ਕੇ ਮਧ ਭਾਡ ਮੇ ਰਾਖੈ ਔਰ ਪਾਗ ਬੜੀ ਬਾਂਧੈ, ਕੇਸ ਢਾਂਪ ਰਖੈ, ਕੰਘਾ ਦਵੈ ਕਾਲ ਕਰੈ, ਪਾਗ ਚੁਨ ਕਰ ਬਾਧੇ।(ਰਹਿਤਨਾਮਾ ਭਾਈ ਦਯਾ ਸਿੰਘ)
3. ਇਸਤ੍ਰੀਓਂ ਕਾ ਸੀਸ ਜੂੜੇ ਵਤ ਕਰਾਵੇ, ਲੰਬਾ ਨ ਕਰਾਵੈ। (ਰਹਿਤਨਾਮਾ ਭਾਈ ਦਯਾ ਸਿੰਘ)
4. ਜੋ ਅੰਮ੍ਰਿਤ ਛਕਿਆ ਚਾਹੈ, ਕਛ ਪਹਿਰਾਵੈ। ਕੇਸ ਇਕਠੇ ਕਰ ਜੂੜਾ ਕਰੇ, ਦਸਤਾਰ ਸਜਾਵੈ। (ਸੁਧਰਮ ਮਾਰਗ ਗ੍ਰੰਥ)
5. ਪਾਗ ਉਤਾਰਿ ਪ੍ਰਸਾਦ ਜੋ ਪਾਵੈ। ਸੋ ਸਿਖ ਕੁੰਭੀ ਨਰਕ ਸਿਧਾਵੈ। (ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ ਜੀ)
6. ਕੰਘਾ ਦੋਨੋ ਵਕਤ ਕਰ, ਪਾਗ ਚੁਨੇ ਕਰ ਬਾਂਧਈ। ਦਾਤਨ ਨੀਤ ਕਰੇਇ, ਨ ਦੁਖ ਪਾਵੈ ਲਾਲ ਜੀ। (ਤਨਖਾਹਨਾਮਾ ਭਾਈ ਨੰਦ ਲਾਲ ਜੀ)
7. ਪ੍ਰਾਤ ਇਸਨਾਨ ਜਤਨ ਸੇ ਸਾਧੇ। ਕੰਘਾ ਕਰਦ ਦਸਤਾਰਹਿ ਬਾਧੇ। (ਰਹਿਤਨਾਮਾ ਭਾਈ ਦੇਸਾ ਸਿੰਘ ਜੀ)

ਉਪਰ ਦਰਜ ਇਤਿਹਾਸਕ ਪ੍ਰਮਾਣਾਂ ਨਾਲ ਇਹ ਸਿੱਧ ਹੋ ਜਾਂਦਾ ਹੈ ਕਿ ਦਸਤਾਰ ਸਜਾਉਣ ਦਾ ਜੋ ਮਹੱਤਵ ਇਕ ਸਿੱਖ ਮਰਦ ਲਈ ਹੈ, ਉਹੀ ਸਿੱਖ ਇਸਤਰੀ ਵਾਸਤੇ ਵੀ ਹੈ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਫ਼ਰਮਾਨ ਹੈ ਕਿ ਜਦੋਂ ਤੱਕ ਖ਼ਾਲਸਾ ਆਪਣੀ ਵੱਖਰੀ ਪਛਾਣ ਬਣਾਈ ਰੱਖੇਗਾ, ਉਦੋਂ ਤੱਕ ਸਤਿਗੁਰ ਆਪਣੀ ਸਾਰੀ ਤਾਕਤ ਖ਼ਾਲਸੇ ਨੂੰ ਮੁਹੱਈਆ ਕਰਨਗੇ:

ਜਬ ਲਗ ਖਾਲਸਾ ਰਹੈ ਨਿਆਰਾ॥
ਤਬ ਲਗ ਤੇਜ ਦੀਓ ਮੈ ਸਾਰਾ॥

ਖ਼ਾਲਸੇ ਦਾ ਵਿਲੱਖਣ ਬਾਣਾ, ਜਿਸ ਵਿਚ ਪੰਜ ਕਕਾਰ ਤੇ ਸੁੰਦਰ ਦਸਤਾਰਾ ਸ਼ਾਮਲ ਹਨ, ਇਸੇ ਕਰਕੇ ਹੀ ਸਤਿਗੁਰਾਂ ਵਲੋਂ ਖ਼ਾਲਸਾ ਜੀ ਨੂੰ ਬਖ਼ਸ਼ਿਆ ਗਿਆ ਹੈ ਕਿ ਖ਼ਾਲਸਾ ਸੰਸਾਰ ਤੋਂ ਨਿਆਰਾ ਰਹੇ। ਖ਼ਾਲਸਾ ਜੀ ਦਾ ਸਰੂਪ ਐਸਾ ਹੈ ਕਿ ਹਜ਼ਾਰਾਂ ਵਿਚੋਂ ਵੀ ਪਛਾਣਿਆ ਜਾਂਦਾ ਹੈ।

ਹਾਲਾਂਕਿ ਦੱਖਣੀ ਤੇ ਪੱਛਮੀ ਏਸ਼ੀਆ ਅਤੇ ਉਤਰੀ ਅਫ਼ਰੀਕਾ ਦੇ ਕਈ ਦੇਸ਼ਾਂ ਵਿਚ ਪੁਰਾਤਨ ਸਮਿਆਂ ਤੋਂ ਮਰਦਾਂ ਲਈ ਸਿਰ ਢੱਕਣ ਦਾ ਵਿਸ਼ੇਸ਼ ਤਰੀਕਾ ਦਸਤਾਰ ਬੰਨ੍ਹਣਾ ਰਿਹਾ ਹੈ। ਦਸਤਾਰ ਦਾ ਧਾਰਨ ਕਰਨਾ ਸਮਾਜਿਕ ਰੀਤ ਤੋਂ ਲੈ ਕੇ ਧਾਰਮਿਕ ਮਰਿਆਦਾ ਦੇ ਰੂਪ ਵਿਚ ਅਨੇਕਾਂ ਮਤਾਂ ਵਿਚ ਪ੍ਰਚਲਿਤ ਰਿਹਾ ਹੈ। ਮੁਸਲਮਾਨ ਸਮਾਜ ’ਚ ਜਦੋਂ ਬਾਬਾ ਫ਼ਰੀਦ ਜੀ ਨੂੰ ਗੱਦੀ ’ਤੇ ਬਿਰਾਜ਼ਮਾਨ ਕੀਤਾ ਗਿਆ ਤਾਂ ਉਨ੍ਹਾਂ ਦੀ ਦਸਤਾਰਬੰਦੀ ਕਰਨ ਲਈ ਉਨ੍ਹਾਂ ਦੀ ਮਾਤਾ ਨੇ ਆਪ ਸੂਤ ਕੱਤ ਕੇ ਜੁਲਾਹੇ ਤੋਂ ਦਸਤਾਰਾਂ ਉਣਵਾਈਆਂ ਸਨ। ਸਿੱਖ ਧਰਮ ਵਿਚ ਦਸਤਾਰ ਨੂੰ ਸਭ ਤੋਂ ਵੱਧ ਧਾਰਮਿਕ ਅਤੇ ਸਮਾਜਿਕ ਮਹੱਤਵ ਦਿੱਤਾ ਜਾਂਦਾ ਹੈ। ਸਿੱਖ ਮਤ ਵਿਚ ਦਸਤਾਰ ਬੰਨ੍ਹਣ ਦੀ ਮਰਯਾਦਾ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਹੀ ਆਰੰਭ ਹੋ ਗਈ ਸੀ। ਵੀਹਵੀਂ ਸਦੀ ਦੀ ਸਿੱਖ ਭਗਤੀ ਲਹਿਰ ਦੇ ‘ਮਰਯਾਦਾ ਪੁਰਸ਼ੋਤਮ’ ਆਖੇ ਜਾਂਦੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਆਪਣੇ ਵਖਿਆਨ ਵਿਚ ਅਕਸਰ ਜ਼ਿਕਰ ਕਰਦੇ ਹੁੰਦੇ ਸਨ ਕਿ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਿਲ (ਧਰਮ ਸੁਪਤਨੀ) ਮਾਤਾ ਗੰਗਾ ਜੀ ‘ਸਾਬਤ ਸੂਰਤਿ ਦਸਤਾਰ ਸਿਰਾ’ ਦੀ ਰਹਿਤ ਦੇ ਧਾਰਨੀ ਸਨ।

ਸਿੱਖ ਇਤਿਹਾਸ ਵਿਚ ਜ਼ਿਕਰ ਮਿਲਦਾ ਹੈ ਕਿ ਅਠ੍ਹਾਰਵੀਂ ਸਦੀ ਵਿਚ, ਜਦੋਂ ਬਹੁਗਿਣਤੀ ਸਿੱਖ ਮਰਦ, ਮੁਗ਼ਲ ਤਸ਼ੱਦਦ ਤੋਂ ਤੰਗ ਆ ਕੇ ਤੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣ ਹਿੱਤ ਸ਼ਹਿਰਾਂ ਤੇ ਕਸਬਿਆਂ ਨੂੰ ਛੱਡ ਕੇ ਜੰਗਲਾਂ ਤੇ ਪਹਾੜਾਂ ਵਿਚ ਚਲੇ ਗਏ ਸਨ। ਉਨ੍ਹਾਂ ਦਿਨਾਂ ਵਿਚ ਮੁਗ਼ਲ ਹਕੂਮਤ ਨੇ ਸਿੰਘਾਂ ਦਾ ਖੁਰਾ-ਖੋਜ ਮਿਟਾਉਣ ਲਈ ਲੱਕ ਬੰਨ੍ਹਿਆ ਹੋਇਆ ਸੀ ਤੇ ਇਸ ਕਰਕੇ ਸਿੰਘਾਂ ਦੇ ਸਿਰਾਂ ਲਈ ਇਨਾਮਾਂ ਦਾ ਐਲਾਨ ਕੀਤਾ ਸੀ। ਭਾਈ ਰਤਨ ਸਿੰਘ ਭੰਗੂ ਰਚਿਤ ‘ਪੁਰਾਤਨ ਪੰਥ ਪ੍ਰਕਾਸ਼’ ਵਿਚ ਇਸ ਘਟਨਾ ਬਾਰੇ ਜ਼ਿਕਰ ਕੀਤਾ ਹੈ।

‘…ਫਿਰ ਕੀ ਸੀ, ਲਾਲਚ ਵੱਸ ਪੈ ਕੇ ਧੜਾ-ਧੜ ਸਿੰਘਾਂ ਦੇ ਖਿਲਾਫ਼ ਮੁਖ਼ਬਰੀਆਂ ਹੋਣ ਲੱਗ ਪਈਆਂ। ਸਿੰਘ ਹੋਰ ਸੁਚੇਤ ਹੋ ਗਏ ਤਾਂ ਲਾਲਚੀ ਮੁਖ਼ਬਰਾਂ ਨੇ ਸਿੰਘਾਂ ਦੀ ਬਜਾਏ ਸਿੱਖ ਔਰਤਾਂ ਦੇ ਸੀਸ ਕੱਟ ਕੇ ਜਰਵਾਣਿਆਂ ਕੋਲ ਜਾ ਕੇ ਇਹ ਕਹਿ ਕੇ, ਕਿ ਇਹ ਸੀਸ ਸਿੱਖ ਭੁਜੰਗੀਆਂ ਦੇ ਹਨ, ਇਨਾਮ ਪ੍ਰਾਪਤ ਕਰਨੇ ਸ਼ੁਰੂ ਕਰ ਦਿੱਤੇ ਸਨ। ਉਹ ਸਿੱਖ ਔਰਤਾਂ ਜੋ ਕਿ ਅਜੇ ਸਿੱਖ ਭਾਈਆਂ ਵਾਂਗ ਜੰਗਲ ਦੀਆਂ ਵਾਸੀ ਨਹੀਂ ਸਨ ਬਣੀਆਂ, ਐਸੇ ਬੇਰਹਿਮ ਮੁਖ਼ਬਰਾਂ ਦਾ ਸ਼ਿਕਾਰ ਹੋਣ ਲੱਗ ਪਈਆਂ।’

ਅਠ੍ਹਾਰਵੀਂ ਸਦੀ ਦੇ ਅੰਗਰੇਜ਼ ਇਤਿਹਾਸਕਾਰ ਕਨਿੰਘਮ ਨੇ ਸਿੱਖ ਬੀਬੀਆਂ ਦੀ ਪਛਾਣ ਬਾਬਤ ਲਿਖਿਆ ਹੈ :

The Sikh women are distinguished from Hindus of their sex by some variety of dress, chiefly by a higher top knot of hair. (History of the Sikhs by Mr. Cunningham)

‘ਸਿੱਖ ਔਰਤਾਂ ਹਿੰਦੂ ਔਰਤਾਂ ਤੋਂ ਕੁਝ ਤਾਂ ਪਹਿਰਾਵੇ ਤੋਂ, ਤੇ ਖ਼ਾਸ ਤੌਰ ’ਤੇ ਸਿਰ ਉਪਰ ਜੂੜਾ ਕਰਨ ਕਰਕੇ ਅਲੱਗ ਲੱਗਦੀਆਂ ਹਨ।’

ਭਾਵੇਂਕਿ ਅੱਜਕੱਲ੍ਹ ਸਿੱਖ ਸਮਾਜ ਅੰਦਰ ਕਾਫ਼ੀ ਗਿਣਤੀ ਔਰਤਾਂ ਦਸਤਾਰ ਸਜਾਉਣ ਲੱਗ ਪਈਆਂ ਹਨ, ਪਰ ਬਹੁਗਿਣਤੀ ਲੋਕ ਇਹੀ ਸਮਝਦੇ ਹਨ ਕਿ ਸਿੱਖ ਬੀਬੀਆਂ ਅੰਦਰ ਦਸਤਾਰ ਸਜਾਉਣ ਦਾ ਰਿਵਾਜ਼ ਅਖੰਡ ਕੀਰਤਨੀ ਜਥੇ ਦੇ ਬਾਨੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਹੁਰਾਂ ਨੇ ਸ਼ੁਰੂ ਕੀਤਾ ਸੀ। ਜਦਕਿ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਅਤੇ ਸੰਪਰਦਾਵਾਂ ਅੰਦਰ ਪੁਰਾਤਨ ਸਮੇਂ ਤੋਂ ਦਸਤਾਰ ਸਿੱਖ ਬੀਬੀਆਂ ਦੇ ਪਹਿਰਾਵੇ ਦਾ ਹਿੱਸਾ ਰਹੀ ਹੈ। ਮਾਝਾ ਖ਼ਾਲਸਾ ਦੀਵਾਨ, ਪੰਚ ਖ਼ਾਲਸਾ ਦੀਵਾਨ ਭਸੌੜ, ਸੰਤ ਅਤਰ ਸਿੰਘ ਮਸਤੂਆਣੇ ਵਾਲਿਆ ਦਾ ਜਥਾ, ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦਾ ਜਥਾ ਤੇ ਹੋਰ ਬੇਅੰਤ ਸੰਪਰਦਾਈ ਸੰਤ ਮਹਾਂਪੁਰਖਾਂ ਦੇ ਜਥਿਆਂ ਅੰਦਰ ਦਸਤਾਰ ਬੀਬੀਆਂ ਦੇ ਪਹਿਰਾਵੇ ਦਾ ਹਿੱਸਾ ਰਹੀ ਹੈ। ਦਮਦਮੀ ਟਕਸਾਲ ਦੇ 12ਵੇਂ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਪਰਿਵਾਰ ਦੀਆਂ ਸਭ ਔਰਤਾਂ ਛੋਟੀ ਦਸਤਾਰ (ਕੇਸਕੀ) ਦੀਆਂ ਧਾਰਨੀ ਸਨ। ਕੈਰੋਂ ਤੇ ਫ਼ਿਰੋਜ਼ਪੁਰ ਦੇ ਕੰਨਿਆ ਵਿਦਿਆਲਿਆਂ ਦੀਆਂ ਭੁਜੰਗਣਾਂ ਸਭ ਦਸਤਾਰਧਾਰੀ ਹੁੰਦੀਆਂ ਸਨ।

ਅੱਜ ਵੀ ਅਖੰਡ ਕੀਰਤਨੀ ਜਥੇ ਅੰਦਰ ਸਭ ਬੀਬੀਆਂ ਦਸਤਾਰ ਦੀਆਂ ਧਾਰਨੀ ਹਨ ਤੇ ਇਸ ਜਥੇ ਵਿਚ ਕੇਸਕੀ (ਛੋਟੀ ਦਸਤਾਰ) ਨੂੰ ਪੰਜਵਾਂ ਕਕਾਰ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਹੀ ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਨਾਲ ਸਬੰਧਤ ਅਕਾਲ ਅਕੈਡਮੀ ਦੀਆਂ ਸਭ ਵਿਦਿਆਰਥਣਾਂ ਦਸਤਾਰ ਸਜਾਉਂਦੀਆਂ ਹਨ। ਬਾਬਾ ਦਰਸ਼ਨ ਸਿੰਘ ਢੱਕੀ ਵਾਲਿਆਂ ਦੇ ਜਥੇ ਵਿਚ ਵੀ ਬੀਬੀਆਂ ਲਈ ਦਸਤਾਰ ਸਜਾਉਣੀ ਲਾਜ਼ਮੀ ਹੈ। ਅਮਰੀਕਾ, ਕੈਨੇਡਾ ਅਤੇ ਯੂਰਪ ਆਦਿ ਦੇਸ਼ਾਂ ਅੰਦਰ ਬੇਅੰਤ ਸਿੱਖ ਬੀਬੀਆਂ ਦਸਤਾਰ ਸਜਾ ਕੇ ਫ਼ੌਜ, ਪੁਲਿਸ, ਅਦਾਲਤਾਂ ਅਤੇ ਹਵਾਈ ਸੇਵਾਵਾਂ ਅੰਦਰ ਉ¤ਚ ਅਹੁਦਿਆਂ ’ਤੇ ਬੈਠੀਆਂ ਹਨ।

By

Tags: ,

ਖਾਸ ਖਬਰਾਂ » ਸਿੱਖ ਖਬਰਾਂ

ਕਤਲ ਸਾਜਿਸ਼ ਚ ਸ਼ਾਮਿਲ ਸਾਬਕਾ ਰਾਅ ਅਧਿਕਾਰੀ ਨੂੰ ਅਮਰੀਕਾ ਨੂੰ ਸੌਪੇ ਭਾਰਤ ਸਰਕਾਰ: ਦਲ ਖਾਲਸਾ

March 23, 2024

ਅੰਮ੍ਰਿਤਸਰ: ਭਾਰਤ ਨੇ ਅਮਰੀਕੀ ਨਾਗਰਿਕ ਅਤੇ ਸਿਖਸ ਫਾਰ ਜਸਟਿਸ ਦੇ ਕਨਵੀਨਰ ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਕਰਨ ਦੀ ਨਾਕਾਮ ਸਾਜ਼ਿਸ਼ ਵਿੱਚ ਆਪਣੀ ਭੂਮਿਕਾ ਦੇ ਦੋਸ਼ਾਂ ਤੋਂ ਖੁਦ ਨੂੰ ਬਰੀ ਕਰ ਲਿਆ ਹੈ, ਇਸ ਗੱਲ ਦਾ ਖੁਲਾਸਾ ਕੇਂਦਰ ਵੱਲੋਂ ਬਣਾਈ ਗਈ ਜਾਂਚ ਕਮੇਟੀ ਦੀ ਰਿਪੋਰਟ ਤੋਂ ਹੋਇਆ ਹੈ। ਦਲ ਖਾਲਸਾ ਨੇ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਜਾਂਚ ਦੇ ਖੁਲਾਸੇ ਨੂੰ ਰੱਦ ਕਰਦਿਆਂ ਕਿਹਾ ਕਿ ਅਸੀਂ ਅਮਰੀਕੀ ਅਧਿਕਾਰੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਮਾਮਲੇ ਦੀ ਸੁਤੰਤਰ ਜਾਂਚ ਕਰਵਾਉਣ ਅਤੇ ਭਾਰਤ ਦੀ ਅਖੌਤੀ ਜਾਂਚ ‘ਤੇ ਵਿਸ਼ਵਾਸ ਨਾ ਕਰਨ।

ਜ਼ਿਕਰਯੋਗ ਹੈ ਕਿ ਕੇਂਦਰ ਵੱਲੋਂ ਬਣਾਈ ਕਮੇਟੀ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਪੰਨੂ ਨੂੰ ਕਤਲ ਕਰਨ ਦੀ ਸਾਜਿਸ਼ ਚ ਭਾਰਤ ਦੀ ਬਾਹਰੀ ਖੁਫੀਆ ਏਜੰਸੀ ਰਾਅ ਦੇ ਕਿਸੇ ਮਜੂਦਾ ਅਧਿਕਾਰੀ ਦਾ ਹੱਥ ਨਹੀਂ ਹੈ । ਪ੍ਰੈਸ ਨੂੰ ਸੰਬੋਧਨ ਕਰਦਿਆਂ ਦਲ ਖ਼ਲਾਸਾ ਆਗੂ ਕੰਵਰਪਾਲ ਸਿੰਘ ਅਤੇ ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਇਹ ਸੋਚਣਾ ਵੀ ਬੇਤੁਕਾ ਹੈ ਕਿ ਭਾਰਤ ਆਪਣੀ ਸਿੱਧੀ ਸ਼ਮੂਲੀਅਤ ਸਵੀਕਾਰ ਕਰੇਗਾ।

ਆਪਣੀ ਰਿਪੋਰਟ ਵਿੱਚ ਮੋਦੀ ਸਰਕਾਰ ਨੇ ਸਵੀਕਾਰ ਕੀਤਾ ਹੈ ਕਿ ਕਥਿਤ ਅਣਅਧਿਕਾਰਤ ਸਾਜ਼ਿਸ਼ ਵਿੱਚ ਸਿੱਧੇ ਤੌਰ ‘ਤੇ ਸ਼ਾਮਲ ਵਿਅਕਤੀ ਹੁਣ ਇਸਦੀ ਬਾਹਰੀ ਖੁਫੀਆ ਏਜੰਸੀ ਰਾਅ ਲਈ ਕੰਮ ਨਹੀਂ ਕਰ ਰਿਹਾ ਸੀ ਹਾਲਾਂਕਿ ਉਹ ਅਜੇ ਵੀ ਇੱਕ ਸਰਕਾਰੀ ਮੁਲਾਜਮ ਹੈ।

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੱਸੇ ਕਿ ਉਹ ਅਧਿਕਾਰੀ ਕੌਣ ਹਨ ਅਤੇ ਕਦੋਂ ਤੋਂ ਉਹ ਸਰਕਾਰ ਦੇ ਕਾਨੂੰਨ ਤੋਂ ਬਾਹਰ ਜਾਕੇ ਕੰਮ ਕਰਦੇ ਰਹੇ ਅਤੇ ਕੈਨੇਡਾ ਅਤੇ ਅਮਰੀਕਾ ਸਰਕਾਰਾਂ ਦੇ ਪਰਦਾਫਾਸ਼ ਕਰਨ ਤੋਂ ਪਹਿਲਾਂ ਮੋਦੀ ਸਰਕਾਰ ਨੇ ਉੱਹਨਾਂ ਵਿਰੁੱਧ ਕੀ ਕਾਰਵਾਈ ਕੀਤੀ?

ਉਨ੍ਹਾਂ ਕਿਹਾ ਕਿ ਜੇਕਰ ਭਾਰਤ ਚਾਹੁੰਦਾ ਹੈ ਕਿ ਵਿਸ਼ਵ ਅਤੇ ਸਿੱਖ ਭਾਈਚਾਰਾ ਉਸ ਦੇ ਸ਼ਬਦਾਂ ‘ਤੇ ਭਰੋਸਾ ਕਰੇ ਤਾਂ ਨਵੀਂ ਦਿੱਲੀ ਨੂੰ ਚਾਹੀਦਾ ਹੈ ਕਿ ਉਹ ਉਸ ਸਾਬਕਾ ਰਾਅ ਅਧਿਕਾਰੀ ਨੂੰ ਅਮਰੀਕੀ ਅਦਾਲਤ ਵਿਚ ਅਪਰਾਧਿਕ ਕਾਰਵਾਈ ਲਈ ਅਮਰੀਕੀ ਅਧਿਕਾਰੀਆਂ ਨੂੰ ਸੌਂਪੇ ਅਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਗੱਲ ਸਾਫ ਹੈ ਕਿ ਪਿਛਲੇ ਸਾਲ ਮਈ ਤੋਂ ਸਿੱਖਾਂ ‘ਤੇ ਹੋ ਰਹੇ ਅੰਤਰਰਾਸ਼ਟਰੀ ਜਬਰ ਵਿਚ ਭਾਰਤ ਦੀ ਸਿੱਧੀ ਸ਼ਮੂਲੀਅਤ ਮੰਨੀ ਜਾਵੇਗੀ।

ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਭਾਰਤ ਅਤੀਤ ‘ਚ ਪਾਕਿਸਤਾਨ ਉੱਤੇ ਦੋਸ਼ ਲਗਾਉਂਦਾ ਰਿਹਾ ਹੈ ਕਿ ਅੱਤਵਾਦੀ ਕਾਰਵਾਈਆਂ ਨੂੰ ਅੰਜਾਮ ਦੇਣ ਲਈ ਪਾਕਿਸਤਾਨ ਆਪਣੇ ਗ਼ੈਰ-ਸਰਕਾਰੀ ਜਹਾਦੀਆਂ ਦਾ ਇਸਤੇਮਾਲ ਕਰਦਾ ਰਿਹਾ ਹੈ ਜਦਕਿ ਹੁਣ ਭਾਰਤ ਖੁਦ ਆਪ ਉਸੇ ਰਾਹ ਤੇ ਤੁਰਿਆ ਹੈ।

ਦਲ ਖਾਲਸਾ ਆਗੂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ

ਉਹਨਾਂ ਕਿਹਾ ਕਿ ਅਮਰੀਕਾ ਦੀ ਧਰਤੀ ‘ਤੇ ਸਿੱਖ ਅਮਰੀਕੀ ਨੂੰ ਨੁਕਸਾਨ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਹੁਣ ਅਮਰੀਕਾ ਨੂੰ ਭਾਰਤ ਦੀ ਤਾਨਾਸ਼ਾਹੀ ਸ਼ਾਸਨ ‘ਤੇ ਭਰੋਸਾ ਨਹੀਂ ਕਰਨਾ ਚਾਹੀਦਾ ਅਤੇ ਅਮਰੀਕਾ ਨੂੰ ਚਾਹੀਦਾ ਹੈ ਕਿ ਉਹ ਦੋਸ਼ੀਆਂ ਉੱਤੇ ਅਮਰੀਕੀ ਕਾਨੂੰਨ ਅਨੁਸਾਰ ਕਾਰਵਾਈ ਕਰੇ।

ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਬਿਨਾਂ ਸ਼ੱਕ ਇਹ ਸਾਬਤ ਹੋ ਗਿਆ ਹੈ ਕਿ ਭਾਰਤ ਦੀ ਰਾਜਨੀਤਿਕ ਪ੍ਰਣਾਲੀ ਡੂੰਘੀ ਤਰ੍ਹਾਂ ਭ੍ਰਿਸ਼ਟਾਚਾਰ ਨਾਲ ਗ੍ਰਸਤ ਹੈ। ਸਿਆਸੀ ਪ੍ਰਣਾਲੀ ਨੂੰ ਭ੍ਰਿਸ਼ਟਾਚਾਰ ਦੀਆਂ ਡੂੰਘੀਆਂ ਜੜ੍ਹਾਂ ਤੋਂ ਮੁਕਤ ਕਰਨ ਲਈ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਨਾਲ ਸਿਆਸਤਦਾਨ ਬਣੇ ਕੇਜਰੀਵਾਲ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਹੀ ਜੇਲ੍ਹ ਵਿੱਚ ਬੰਦ ਹੋ ਗਏ ਹਨ।

ਗੁਰਬਾਣੀ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ “ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ” ਭਾਵ ਇਹ ਸਰੀਰ ਮਨੁੱਖ ਦੇ ਕੀਤੇ ਕਰਮਾ ਦਾ ਖੇਤ ਹੈ। ਜੋ ਮਨੁੱਖ ਏਸ ਵਿੱਚ ਬੀਜਦਾ ਹੈ ਉਹੀ ਫ਼ਸਲ ਵੱਢਦਾ ਹੈ। ( ਜਿਹੇ ਕਰਮ ਕਰਦਾ ਹੈ ਤੇਹਾ ਫਲ ਪਾਉਂਦਾ ਹੈ)

ਸੁਖਪਾਲ ਸਿੰਘ ਖਹਿਰਾ, ਡਿਬਰੂਗੜ੍ਹ ਦੇ ਨਜ਼ਰਬੰਦਾਂ ਨੂੰ ਐਨ.ਐਸ.ਏ. ਤਹਿਤ ਗਲਤ ਤਰੀਕੇ ਨਾਲ ਨਜ਼ਰਬੰਦ ਕਰਨ ਅਤੇ ਉਨ੍ਹਾਂ ਦੀ ਨਜ਼ਰਬੰਦੀ ਨੂੰ ਇੱਕ ਸਾਲ ਦੀ ਮਿਆਦ ਲਈ ਅੱਗੇ ਵਧਾਉਣ ਅਤੇ ਉਮਰ ਕੈਦੀ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਵਿੱਚ ਅੜਿੱਕਾ ਪੈਦਾ ਕਰਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕੇਜਰੀਵਾਲ ਅਤੇ ਉਸਦੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਰਾਜਸੀ ਵਿਰੋਧੀਆਂ ਅਤੇ ਆਜ਼ਾਦੀ-ਪਸੰਦ ਸਿੱਖਾਂ ਵਿਰੁੱਧ ਅਨਿਆਂ ਅਤੇ ਜਬਰ ਢਾਹਿਆ ਹੈ।

By

Tags: , , , , , , , , ,

ਖਾਸ ਖਬਰਾਂ » ਮਨੁੱਖੀ ਅਧਿਕਾਰ

ਹਰਿਆਣੇ ਦੇ ਖਬਰ ਅਦਾਰੇ ਨੇ ਬਿਜਲ ਸੱਥ ਰੋਕਾਂ ਨੂੰ ਹਾਈ ਕੋਰਟ ਵਿੱਚ ਚੁਨੌਤੀ ਦਿੱਤੀ

March 23, 2024

ਚੰਡੀਗੜ੍ਹ: ਹਰਿਆਣੇ ਦੇ ਖਬਰ ਅਦਾਰੇ ਗਾਓਂ ਸਵੇਰਾ ਨੇ ਭਾਰਤ ਸਰਕਾਰ ਵੱਲੋਂ ਅਦਾਰੇ ਦੇ ਮੰਚਾਂ ਉੱਤੇ ਲਗਾਈਆਂ ਗਈਆਂ ਰੋਕਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ।

ਗਾਓਂ ਸਵੇਰਾ ਟਰਸਟ ਨੇ ਗਾਓਂ ਸਵੇਰਾ ਖਬਰ ਅਦਾਰੇ ਅਤੇ ਇਸ ਦੇ ਸੰਪਾਦਕ ਮਨਦੀਪ ਪੂਨੀਆ ਦੇ ਬਿਜਲ ਸੱਥ (ਸੋਸ਼ਲ ਮੀਡੀਆ) ਖਾਤਿਆਂ ਤੇ ਗਾਓ ਸਵੇਰਾ ਦੇ ਯੂਟਿਊਬ ਚੈਨਲ ਨੂੰ ਇੰਡੀਆ ਵਿੱਚ ਰੋਕਣ ਦੇ ਭਾਰਤ ਸਰਕਾਰ ਦੇ ਫੈਸਲੇ ਨੂੰ ਵਿਰੁੱਧ ਹਾਈ ਕੋਰਟ ਵਿੱਚ ਇੱਕ ਰਿੱਟ ਪਟੀਸ਼ਨ ਦਾਖਲ ਕੀਤੀ ਹੈ। ਸਿੱਖ ਸਿਆਸਤ ਨਾਲ ਗੱਲ ਕਰਦਿਆਂ ਅਦਾਰੇ ਦੇ ਸੰਪਾਦਕ ਮਨਦੀਪ ਪੂਨੀਆ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਵੱਲੋਂ ਗਾਓਂ ਸਵੇਰਾ ਅਤੇ ਇਸ ਦੇ ਸੰਪਾਦਕ ਦਾ ਟਵਿਟਰ ਖਾਤਾ ਅਤੇ ਟਰਸਟ ਦਾ ਯੂਟੀਊਬ ਚੈਨਲ ਕਿਸਾਨੀ ਅੰਦੋਲਨ ਦੀਆਂ ਖਬਰਾਂ ਨਸ਼ਰ ਕਾਰਨ ਰੋਕ ਦਿੱਤਾ ਹੈ।

ਪਟੀਸ਼ਨ ਅਨੁਸਾਰ ਕੇਂਦਰ ਸਰਕਾਰ ਨੇ “ਰਾਸ਼ਟਰੀ ਸੁਰੱਖਿਆ ਅਤੇ ਜਨਤਕ ਮਾਹੌਲ (ਪਬਲਿਕ ਆਰਡਰ)” ਦਾ ਹਵਾਲਾ ਦੇ ਕੇ ਇਹ ਰੋਕਾਂ ਲਗਾਈਆਂ ਹਨ।

ਪਟੀਸ਼ਨ ਕਰਤਾ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਲਗਾਈਆਂ ਗਈਆਂ ਇਹ ਰੋਕਾਂ ਗੈਰ-ਕਾਨੂੰਨੀ ਹਨ ਕਿਉਂਕਿ ਆਈ.ਟੀ. ਐਕਟ ਦੀ ਧਾਰਾ 69-ਏ ਵਿੱਚ ਸਮਗਰੀ ਨੂੰ ਰੋਕਣ ਦੀ ਤਾਕਤ ਦਾ ਜ਼ਿਕਰ ਹੈ ਪਰ ਸਰਕਾਰ ਵੱਲੋਂ ਕੁਝ ਸਮੱਗਰੀ ਰੋਕਣ ਦੀ ਬਜਾਏ ਪੂਰੇ ਚੈਨਲ ਅਤੇ ਖਾਤੇ ਨੂੰ ਹੀ ਇੰਡੀਆ ਵਿੱਚ ਰੋਕ ਦਿੱਤੇ ਗਏ ਹਨ।

ਜ਼ਿਕਰ ਯੋਗ ਹੈ ਕਿ ਬੀਤੇ ਸਮੇਂ ਤੋਂ ਭਾਰਤ ਸਰਕਾਰ ਵੱਲੋਂ ਵਿਜਲ ਸੱਥ (ਸੋਸ਼ਲ ਮੀਡੀਆ) ਅਤੇ ਬਿਜਾਲ (ਇੰਟਰਨੈਟ) ਉੱਤੇ ਪੈਣ ਵਾਲੀ ਜਾਣਕਾਰੀ ਨੂੰ ਬਹੁਤ ਵੱਡੇ ਪੱਧਰ ਉੱਪਰ ਰੋਕਿਆ ਜਾ ਰਿਹਾ ਹੈ। ਇਹ ਰੋਕਾਂ ਇਸ ਖੇਤਰ ਵਿੱਚ ਬਿਚਾਲੀ ਜਬਰ (ਡਿਜੀਟਲ ਰਿਪਰੈਸ਼ਨ) ਦਾ ਇਕ ਮੁੱਖ ਸੰਦ ਬਣ ਚੁੱਕੀਆਂ ਹਨ।

By

Tags: ,

ਸਿੱਖ ਖਬਰਾਂ

ਅੰਮ੍ਰਿਤਪਾਲ ਸਿੰਘ ਅਤੇ ਹੋਰਨਾਂ ਨਜ਼ਰਬੰਦਾਂ ਨੇ ਭੁੱਖ ਹੜਤਾਲ ਖਤਮ ਕੀਤੀ

March 22, 2024

ਸ੍ਰੀ ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਡਿਬਰੂਗੜ੍ਹ ਜੇਲ ਵਿੱਚ ਨਜ਼ਰਬੰਦ ਵਾਰਸ ਪੰਜਾਬ ਦੇ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਹੋਰਨਾਂ ਸਿੱਖ ਨਜ਼ਰਬੰਦਾਂ ਨੇ ਬੀਤੇ ਦਿਨ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ।

ਸ਼੍ਰੋ.ਗੁ.ਪ੍ਰ.ਕ. ਵੱਲੋਂ ਜਾਰੀ ਇਕ ਲਿਖਤੀ ਬਿਆਨ ਵਿਚ ਕਿਹਾ ਗਿਆ ਹੈ ਕਿ “ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦੇ ਆਦੇਸ਼ਾਂ ਉੱਤੇ ਡਿਬਰੂਗੜ੍ਹ ਜੇਲ੍ਹ ਵਿਚ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀ ਸਿੰਘਾਂ ਦੀ ਮੁਲਾਕਾਤ ਕਰਕੇ ਭੁੱਖ ਹੜਤਾਲ ਸਮਾਪਤ ਕਰਵਾਉਣ ਲਈ ਭੇਜੇ ਗਏ ਪੰਜ ਸਿੰਘਾਂ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਅਰਦਾਸੀਏ ਭਾਈ ਪ੍ਰੇਮ ਸਿੰਘ, ਭਾਈ ਨਿਸ਼ਾਨ ਸਿੰਘ, ਭਾਈ ਬਲਵਿੰਦਰ ਸਿੰਘ ਅਤੇ ਭਾਈ ਬਿਕਰਮਜੀਤ ਸਿੰਘ ਸ਼ਾਮਲ ਸਨ। ਪੰਜ ਸਿੰਘਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਚਾਚਾ ਸ. ਸੁਖਚੈਨ ਸਿੰਘ ਵੀ ਸ਼ਾਮਲ ਸਨ”।

ਇਸ ਬਿਆਨ ਅਨੁਸਾਰ ਬੀਤੇ ਦਿਨ ਭੁੱਖ ਹੜਤਾਲ ਖਤਮ ਕਰਨ ਵਾਲਿਆਂ ਵਿਚ ਸ. ਅੰਮ੍ਰਿਤਪਾਲ ਸਿੰਘ, ਸ. ਪਪਲਪ੍ਰੀਤ ਸਿੰਘ, ਸ. ਭਗਵੰਤ ਸਿੰਘ ਬਾਜੇਕੇ, ਸ. ਵਰਿੰਦਰ ਸਿੰਘ ਫੌਜੀ ਅਤੇ ਸ. ਹਰਜੀਤ ਸਿੰਘ ਸ਼ਾਮਿਲ ਹਨ। ਇਹ ਸਿੱਖ ਨਜ਼ਰਬੰਦ ਉਹਨਾ ਨੂੰ ਅਸਾਮ ਪੰਜਾਬ ਦੀ ਕਿਸੇ ਜੇਲ੍ਹ ਵਿਚ ਬਦਲੀ ਵਾਸਤੇ ਭੁੱਖ ਹੜਤਾਲ ਉੱਤੇ ਸਨ।

ਜ਼ਿਕਰਯੋਗ ਹੈ ਕਿ ਅਸਾਮ ਦੀ ਡਿਬਰੂਗੜ੍ਹ ਜੇਲ ਵਿੱਚ ਕੁੱਲ ਦਸ ਸਿੱਖ ਇੰਡੀਆ ਦੇ ਨੈਸ਼ਨਲ ਸਿਕਿਉਰਟੀ ਐਕਟ ਤਹਿਤ ਨਜ਼ਰਬੰਦ ਹਨ। ਇਹਨਾਂ ਵਿੱਚੋਂ ਪੰਜ ਨਜ਼ਰਬੰਦਾਂ ਨੇ ਬੀਤੇ ਦਿਨੀਂ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ ਸੀ। ਅਜੀਤ ਅਖਬਾਰ ਵਿੱਚ ਛਪੀ ਇੱਕ ਖਬਰ ਅਨੁਸਾਰ ਸ. ਕੁਲਵੰਤ ਸਿੰਘ ਰਾਓਕੇ ਨੇ 9 ਮਾਰਚ ਨੂੰ, ਸ. ਬਸੰਤ ਸਿੰਘ ਨੇ 11 ਮਾਰਚ ਨੂੰ ਅਤੇ ਸ. ਸਰਬਜੀਤ ਸਿੰਘ ਕਲਸੀ, ਸ. ਗੁਰਿੰਦਰ ਪਾਲ ਸਿੰਘ ਔਜਲਾ ਤੇ ਸ. ਗੁਰਪ੍ਰੀਤ ਸਿੰਘ ਗਿੱਲ ਨੇ 14 ਮਾਰਚ ਨੂੰ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ ਸੀ।

By

Tags: , , ,

ਸਿੱਖ ਖਬਰਾਂ

ਅਮਰੀਕਨ ਧਰਤੀ ਉੱਤੇ ਕਤਲ ਦੀ ਸਾਜਿਸ਼ ਬਾਰੇ ਇੰਡੀਆ ਦੀ ਜਾਂਚ ਵਿਚ ਅਫਸਰ ਦੋਸ਼ੀ: ਬਲੂਮਬਰਗ ਦੀ ਰਿਪੋਰਟ

March 21, 2024

ਚੰਡੀਗੜ੍ਹ: ਅਮਰੀਕਾ ਦੀ ਧਰਤੀ ਉੱਤੇ ਸਿੱਖ ਆਜ਼ਾਦੀ ਲਹਿਰ ਦੇ ਨਾਲ ਸੰਬੰਧਿਤ ਸਿੱਖ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਕਰਨ ਦੀ ਸਾਜਿਸ਼ ਦੇ ਮਾਮਲੇ ਵਿੱਚ ਇੰਡੀਆ ਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਅੰਦਰੂਨੀ ਜਾਂਚ ਵਿੱਚ ਅਫਸਰਾਂ ਨੂੰ ਜਿੰਮੇਵਾਰ ਠਹਿਰਾਉਣ ਦੀ ਖਬਰ ਬਲੂਮਬਰਗ ਨਿਊਜ਼ ਵੱਲੋਂ ਸਾਹਮਣੇ ਆਈ ਹੈ।

ਅਫਸਰ ਨੂੰ ਜਿੰਮੇਵਾਰ ਠਹਿਰਾਇਆ ਜਾ ਰਿਹਾ ਹੈ:

ਖਬਰ ਅਦਾਰੇ ਬਲੂਮਬਰਗ ਨਿਊਜ਼ ਵਿੱਚ ਬੀਤੇ ਦਿਨ ਛਪੀ ਇੱਕ ਖਬਰ ਅਨੁਸਾਰ ਭਾਰਤ ਸਰਕਾਰ ਦੇ ਸੀਨੀਅਰ ਅਧਿਕਾਰੀਆਂ, ਜਿਨਾਂ ਦਾ ਨਾਮ ਖਬਰ ਵਿੱਚ ਨਸ਼ਰ ਨਹੀਂ ਕੀਤਾ ਗਿਆ, ਨੇ ਕਿਹਾ ਹੈ ਕਿ ਭਾਰਤ ਸਰਕਾਰ ਦਾ ਘੱਟੋ ਘੱਟ ਇੱਕ ਮੁਲਾਜ਼ਮ ਸਿੱਧੇ ਤੌਰ ਉੱਤੇ ਕਤਲ ਦੀ ਇਸ ਸਾਜਿਸ਼ ਵਿੱਚ ਸ਼ਾਮਿਲ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਅਫਸਰ ਅਜੇ ਵੀ ਭਾਰਤ ਸਰਕਾਰ ਦਾ ਮੁਲਾਜ਼ਮ ਹੈ, ਪਰ ਇਹ ਵਿਅਕਤੀ ਭਾਰਤ ਸਰਕਾਰ ਦੀ ਖੁਫੀਆ ਏਜੰਸੀ ਰਿਸਰਚ ਐਂਡ ਅਨੈਲਸਿਸ ਵਿੰਗ, ਜਿਸ ਨੂੰ ਰਾਅ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਵਿਚ ਹੁਣ ਕੰਮ ਨਹੀਂ ਕਰਦਾ।

ਵਿਦੇਸ਼ ਮੰਤਰਾਲੇ ਨੇ ਅਜੇ ਪ੍ਰਤੀਕਰਮ ਨਹੀਂ ਕੀਤਾ:

ਖਬਰ ਏਜੰਸੀ ਰਿਊਟਰਸ ਨੇ ਕਿਹਾ ਹੈ ਕਿ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੂੰ ਇਸ ਖਬਰ ਬਾਰੇ ਟਿੱਪਣੀ ਕਰਨ ਦੀ ਬੇਨਤੀ ਕੀਤੀ ਗਈ ਸੀ ਪਰ ਉਹਨਾਂ ਵੱਲੋਂ ਇਸ ਬਾਰੇ ਕੋਈ ਵੀ ਪ੍ਰਤੀਕਰਮ ਨਹੀਂ ਕੀਤਾ ਗਿਆ।

ਅਮਰੀਕਾ ਵੱਲੋਂ ਫੌਜਦਾਰੀ ਕੇਸ ਦੀ ਮੰਗ ਕੀਤੀ ਜਾ ਰਹੀ:

ਬਲੂਮਬਰਗ ਦੀ ਖਬਰ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਵੱਲੋਂ ਇਸ ਸਾਜਿਸ਼ ਵਿੱਚ ਸ਼ਾਮਿਲ ਵਿਅਕਤੀਆਂ ਉੱਤੇ ਫੌਜਦਾਰੀ (ਕ੍ਰਿਮੀਨਲ) ਕੇਸ ਚਲਾਉਣ ਦੀ ਮੰਗ ਕੀਤੀ ਜਾ ਰਹੀ ਹੈ।

ਖਬਰ ਵਿੱਚ ਅਧਿਕਾਰੀ ਦਾ ਨਾਮ ਨਸ਼ਰ ਨਹੀਂ ਕੀਤਾ ਗਿਆ:

ਬਲੂਮਬਰਗ ਨਿਊਜ਼ ਜਾਂ ਇਸ ਦੇ ਹਵਾਲੇ ਨਾਲ ਖਬਰਾਂ ਨਸ਼ਰ ਕਰਨ ਵਾਲੇ ਅਦਾਰਿਆਂ ਨੇ ਕਤਲ ਦੀ ਸਾਜਿਸ਼ ਵਿੱਚ ਸ਼ਾਮਿਲ ਇਸ ਅਧਿਕਾਰੀ ਦਾ ਨਾਮ ਨਸ਼ਰ ਨਹੀਂ ਕੀਤਾ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਈ ਖਬਰਾਂ ਵਿੱਚ ਸਾਬਕਾ ਰਾਅ ਮੁਖੀ ਸੀਮੰਤ ਗੋਇਲ ਦਾ ਨਾਮ ਇਸ ਮਾਮਲੇ ਵਿੱਚ ਨਸ਼ਰ ਹੋਇਆ ਹੈ। ਪਰ ਅਮਰੀਕਾ ਜਾਂ ਭਾਰਤ ਵੱਲੋਂ ਇਸ ਸਬੰਧੀ ਹਾਲੀ ਤੱਕ ਕੋਈ ਵੀ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ।

ਲੰਘੇ ਨਵੰਬਰ ਮਹੀਨੇ ਮਾਮਲਾ ਸਾਹਮਣੇ ਆਇਆ ਸੀ:

ਬੀਤੇ ਵਰ੍ਹੇ ਨਵੰਬਰ ਮਹੀਨੇ ਵਿੱਚ ਅਮਰੀਕਾ ਦੇ ਜਸਟਿਸ ਡਿਪਾਰਟਮੈਂਟ ਵੱਲੋਂ ਨਿਊਯਾਰਕ ਦੀ ਇੱਕ ਅਦਾਲਤ ਵਿੱਚ ਦਾਖਲ ਕੀਤੇ ਗਏ ਦੋਸ਼ਾਂ ਵਿੱਚ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅਮਰੀਕਾ ਅਤੇ ਇੰਡੀਆ ਦੋਵੇਂ ਹੀ ਇਸ ਮਾਮਲੇ ਉੱਤੇ ਬੋਚ-ਬੋਚ ਕੇ ਕਾਰਵਾਈ ਕਰ ਰਹੇ ਹਨ। 

ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਇੱਕ ਭਾਰਤੀ ਨਾਗਰਿਕ ਨਿਖਲ ਗੁਪਤਾ ਨੂੰ ਚੈੱਕ ਰਿਪਬਲਿਕ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਨਿਖਲ ਗੁਪਤਾ ਦੀ ਅਮਰੀਕਾ ਹਵਾਲਗੀ ਦਾ ਮਾਮਲਾ ਇਸ ਵੇਲੇ ਚੈੱਕ ਸੰਵਿਧਾਨਿਕ ਅਦਾਲਤ ਦੇ ਕੋਲ ਵਿਚਾਰ ਅਧੀਨ ਹੈ।

ਕਨੇਡਾ ਵੱਲੋਂ ਵੀ ਦੋਸ਼ ਲਗਾਏ ਗਏ ਹਨ

ਇਸ ਤੋਂ ਪਹਿਲਾਂ ਲੰਘੇ ਸਤੰਬਰ ਮਹੀਨੇ ਵਿੱਚ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਿੱਖ ਕਾਰਕੁੰਨ ਭਾਈ ਹਰਦੀਪ ਸਿੰਘ ਨਿੱਝਰ ਨੂੰ ਜੂਨ 2023 ਵਿੱਚ ਵੈਨਕੂਵਰ ਵਿੱਚ ਕਤਲ ਕਰਨ ਪਿੱਛੇ ਭਾਰਤ ਸਰਕਾਰ ਨਾਲ ਸੰਬੰਧਿਤ ਵਿਅਕਤੀਆਂ ਦਾ ਹੱਥ ਹੋਣ ਦੇ ਦੋਸ਼ ਲਗਾਏ ਸਨ। ਭਾਰਤ ਸਰਕਾਰ ਇਨਾਂ ਦੋਸ਼ਾਂ ਨੂੰ ਨਕਾਰਦੀ ਆ ਰਹੀ ਹੈ। 

ਕਨੇਡਾ ਅਤੇ ਅਮਰੀਕਾ ਵਾਲੇ ਮਾਮਲਿਆਂ ਉੱਤੇ ਭਾਰਤ ਦੀ ਪਹੁੰਚ ਵੱਖੋ ਵੱਖਰੀ:

ਅਮਰੀਕਾ ਦੇ ਜਸਟਿਸ ਡਿਪਾਰਟਮੈਂਟ ਵੱਲੋਂ ਨਿਊਯਾਰਕ ਅਦਾਲਤ ਵਿੱਚ ਪੇਸ਼ ਕੀਤੇ ਦੋਸ਼ਾਂ ਦਾ ਮਸਲਾ ਸਾਹਮਣੇ ਆਉਣ ਤੋਂ ਬਾਅਦ ਅਮਰੀਕਾ ਵਾਲੇ ਘਟਨਾ ਬਾਰੇ ਜਾਂਚ ਸ਼ੁਰੂ ਕਰਨ ਦਾ ਖੁਲਾਸਾ ਕੀਤਾ ਸੀ। 

ਭਾਰਤ ਸਰਕਾਰ ਦਾ ਕਹਿਣਾ ਹੈ ਕਿ ਅਮਰੀਕਾ ਵਾਲੇ ਮਾਮਲੇ ਵਿੱਚ ਪੁਖਤਾ ਸਮੂਥ ਸਾਹਮਣੇ ਆਏ ਹਨ ਪਰ ਕਨੇਡਾ ਸਰਕਾਰ ਨੇ ਸਿਰਫ ਦੋਸ਼ ਹੀ ਲਗਾਏ ਹਨ। ਹਾਲਾਂਕਿ ਕਨੇਡਾ ਦਾ ਕਹਿਣਾ ਹੈ ਕਿ ਉਸ ਵੱਲੋਂ ਭਾਰਤ ਸਰਕਾਰ ਨਾਲ ਲੁੜੀਦੀ ਜਾਣਕਾਰੀ ਸਾਂਝੀ ਕੀਤੀ ਜਾ ਚੁੱਕੀ ਹੈ।

ਅਮਰੀਕਾ ਭਾਰਤ ਨੇੜਤਾ ਜਾਰੀ ਹੈ:

ਇਸ ਸਾਰੇ ਸਮੇਂ ਦੌਰਾਨ ਅਮਰੀਕਾ ਅਤੇ ਭਾਰਤ ਦੇ ਸੰਬੰਧ ਕਾਇਮ ਰਹੇ ਹਨ ਅਤੇ ਦੋਵਾਂ ਦਰਮਿਆਨ ਨੇੜਤਾ ਦਾ ਦੌਰ ਜਾਰੀ ਹੈ।

ਜ਼ਿਕਰਯੋਗ ਹੈ ਕਿ ਅਮਰੀਕਾ ਏਸ਼ੀਆ ਵਿੱਚੋਂ ਉਭਰ ਰਹੀ ਤਾਕਤ ਚੀਨ ਦੇ ਮੁਕਾਬਲੇ ਉੱਤੇ ਇੰਡੀਆ ਨੂੰ ਅਹਿਮ ਮੰਨ ਕੇ ਚੱਲ ਰਿਹਾ ਹੈ, ਜਿਸ ਕਰਕੇ ਦੋਵੇਂ ਧਿਰਾਂ ਆਪਸੀ ਸਬੰਧਾਂ ਵਿੱਚ ਲਗਾਤਾਰਤਾ ਬਣਾ ਕੇ ਰੱਖ ਰਹੀਆਂ ਹਨ।

By

Tags: , , , ,

ਵਿਦੇਸ਼ » ਸਿੱਖ ਖਬਰਾਂ

ਗ਼ਦਰੀ ਬਾਬਿਆਂ ਦੇ ਇਤਿਹਾਸਕ ਅਸਥਾਨ ਸਟਾਕਟਨ ਵਿਖੇ ਸ਼ਹੀਦੀ ਸਮਾਗਮ ਮਨਾਇਆ ਗਿਆ।

March 21, 2024

ਸਟਾਕਟਨ – ਗਦਰੀ ਬਾਬਿਆਂ ਦੀ ਤਰਾਂ 80ਵਿਆਂ ਦੇ ਖਾੜਕੂ ਸੰਘਰਸ਼ ਸਮੇ ਅਮਰੀਕਾ ਦੀ ਧਰਤੀ ਤੋਂ ਪੰਜਾਬ ਜਾ ਕੇ ਸਿੱਖ ਸੰਘਰਸ਼ ਤੇ ਖਾਲਿਸਤਾਨ ਦੀ ਆਜ਼ਾਦੀ ਲਈ ਸ਼ਹੀਦ ਹੋਏ ਸੂਰਮਿਆਂ “ਭਾਈ ਹਰਜੀਤ ਸਿੰਘ ਢਿਲੋਂ, ਭਾਈ ਸੁਖਬੀਰ ਸਿੰਘ ਢਿਲੋਂ, ਭਾਈ ਚਰਨਜੀਤ ਸਿੰਘ ਚੰਨਾ, ਭਾਈ ਦਵਿੰਦਰ ਸਿੰਘ ਸਿੰਘਪੂਰਾ, ਭਾਈ ਬਲਜਿੰਦਰ ਸਿੰਘ ਰਾਜੂ” ਦੀ ਯਾਦ ਵਿੱਚ ਮਹਾਨ ਸ਼ਹੀਦੀ ਸਮਾਗਮ ਕਰਵਾਇਆ ਗਿਆ।

ਗ਼ਦਰੀ ਬਾਬਿਆਂ ਦੇ ਇਤਿਹਾਸਕ ਅਸਥਾਨ ਸਟਾਕਟਨ ਵਿਖੇ ਸ਼ਹੀਦੀ ਸਮਾਗਮ ਮਨਾਇਆ ਗਿਆ।

15 ਮਾਰਚ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਹੋਈ ਤੇ 17 ਤਰੀਕ ਦਿਨ ਐਤਵਾਰ ਨੂੰ ਭੋਗ ਪਾਏ ਗਏ। ਜਿਸ ਤੋਂ ਉਪਰੰਤ ਕੀਰਤਨੀ ਜਥੇ ਨੇ ਕੀਰਤਨ ਦੀ ਸੇਵਾ ਕੀਤੀ ਅਤੇ ਭਾਈ ਮਹਿਲ ਸਿੰਘ “ਚੰਡੀਗੜ ਵਾਲੇ”  ਨੇ ਉਹਨਾ ਯੋਧਿਆ ਦੀ ਵਾਰਾਂ ਗਾ ਕੇ ਸੰਗਤਾਂ ਨੂੰ ਇਤਿਹਾਸ ਨਾਲ ਜੋੜਿਆ।

ਭਾਈ ਦਲਜੀਤ ਸਿੰਘ।

ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਸਿੱਖ ਸੰਘਰਸ਼ ਦੇ ਉਘੇ ਆਗੂ ਤੇ ਪੰਥ ਸੇਵਕ ਭਾਈ ਦਲਜੀਤ ਸਿੰਘ ਜੀ ਨੇ ਬਿਜਲਈ ਸਾਧਨਾਂ ਰਾਹੀ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਈ। ਭਾਈ ਦਲਜੀਤ ਸਿੰਘ ਨੇ ਉਨ੍ਹਾਂ ਸ਼ਹੀਦ ਸਿੰਘਾਂ ਨਾਲ ਆਪਣੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਉਨ੍ਹਾਂ ਸ਼ਹੀਦਾਂ ਸਿੰਘਾਂ ਦੀ ਪੰਥ ਪ੍ਰਤੀ ਸੇਵਾ ਨੂੰ ਸੰਗਤਾਂ ਦੇ ਸਨਮੁਖ ਰੱਖਿਆ। ਭਾਈ ਸਾਬ ਨੇ ਪੰਥ ਦੇ ਮੌਜੂਦਾ ਹਾਲਾਤ ਤੇ ਭਵਿੱਖ ਦੀਆਂ ਚੁਣੌਤੀਆਂ ਲਈ ਅਗਾਹ ਕੀਤਾ।

ਸ਼ਹੀਦੀ ਸਮਾਗਮ ਦੌਰਾਣ ਹਾਜ਼ਰੀ ਭਰ ਰਹੀਆਂ ਸੰਗਤਾਂ।

ਇਸ ਤੋਂ ਇਲਾਵਾ ਡਾਕਟਰ ਪ੍ਰਿਤਪਾਲ ਸਿੰਘ, ਭਾਈ ਗੁਰਿੰਦਰਜੀਤ ਸਿੰਘ ਮਾਨਾ (ਸਿੱਖ ਫੈਡਰੇਸ਼ਨ ਯੂ. ਐਸ. ਏ), ਭਾਈ ਧੰਨਾ ਸਿੰਘ ਜੀ (ਪੰਥਕ ਕਮੇਟੀ ਮੈਂਬਰ), ਰਕਾਬ ਸਿੰਘ (SYA), ਬ੍ਰਹਮਦੀਪ ਕੌਰ (SYA)  ਨੇ ਵੀ ਸੰਗਤਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ।

ਭਾਈ ਗੁਰਿੰਦਰਜੀਤ ਸਿੰਘ ਮਾਨਾ (ਸਿੱਖ ਫੈਡਰੇਸ਼ਨ ਯੂ. ਐਸ. ਏ)

ਭਾਈ ਗੁਰਿੰਦਰਜੀਤ ਸਿੰਘ ਮਾਨਾ (ਸਿੱਖ ਫੈਡਰੇਸ਼ਨ ਯੂ. ਐਸ. ਏ), ਨਿਊ ਜਰਸੀ ਤੋਂ ਉਚੇਚੇ ਤੌਰ ਤੇ ਪਹੁੰਚ ਕੇ ਉਹਨਾ ਯੋਧਿਆਂ ਨਾਲ ਬਿਤਾਏ ਪਲ, ਭਾਵੁਕ ਸ਼ਬਦਾਂ ਨਾਲ ਸੰਗਤਾਂ ਵਿੱਚ ਸਾਂਝੇ ਕਰਦੇ ਹੋਏ।

ਭਾਈ ਧੰਨਾ ਸਿੰਘ ਜੀ (ਪੰਥਕ ਕਮੇਟੀ ਮੈਂਬਰ)

 

ਰਕਾਬ ਸਿੰਘ (SYA)

 

ਬ੍ਰਹਮਦੀਪ ਕੌਰ ਜੀ (SYA)

ਸਟੇਜ ਸਕੱਤਰ ਦੀ ਸੇਵਾ ਭਾਈ ਅਮਰਜੀਤ ਸਿੰਘ ਤੁੰਗ ਨੇ ਨਿਭਾਈ ਅਤੇ ਭਾਈ ਜਸਵਿੰਦਰ ਸਿੰਘ ਜੰਡੀ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ । ਸਮਾਗਮ ਦੀ ਸਮਾਪਤੀ ਤੋਂ ਬਾਅਦ ਸੰਗਤੀ ਰੂਪ ਚ ਇਹਨਾ 5 ਸ਼ਹੀਦ ਸਿੰਘਾਂ ਦੀਆਂ ਤਸਵੀਰਾਂ ਨੂੰ ਗੁਰੂਦਵਾਰਾ ਸਾਹਿਬ ਚ ਹੋਰਨਾ ਸ਼ਹੀਦ ਸਿੰਘਾ ਦੀਆਂ ਤਸਵੀਰਾਂ ਦੇ ਨਾਲ ਸੁਸ਼ੋਭਿਤ ਕੀਤਾ ਗਿਆ।

By

Tags: , , , ,

ਖਾਸ ਖਬਰਾਂ

ਮਿਸਲ ਸਤਲੁਜ ਵੱਲੋਂ “ਟੀਚੇ ਅਤੇ ਮਨੋਰਥ 2024” ਦਸਤਾਵੇਜ਼ ਦਾ ਖਰੜਾ ਭਲਕੇ ਕੀਤਾ ਜਾਵੇਗਾ ਜਾਰੀ

March 19, 2024

ਚੰਡੀਗੜ੍ਹ – ਸਮਾਜਕ ਜਥੇਬੰਦੀ ਮਿਸਲ ਸਤਲੁਜ ਵੱਲੋਂ ਭਲਕੇ ‘ਟੀਚੇ ਅਤੇ ਮਨੋਰਥ 2024’ ਦਸਤਾਵੇਜ਼ ਦਾ ਖਰੜਾ ਜਾਰੀ ਕੀਤਾ ਜਾ ਰਿਹਾ ਹੈ।

ਜਥੇਬੰਦੀ ਦੇ ਜਨਰਲ ਸਕੱਤਰ ਸ. ਦਵਿੰਦਰ ਸਿੰਘ ਸੇਖੋਂ ਹੋਰਾਂ ਨੇ ਸਿੱਖ ਸਿਆਸਤ ਨਾਲ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਕਿ ਮਿਸਲ ਸਤਲੁਜ ਵੱਲੋਂ 20 ਮਾਰਚ 2024, ਦਿਨ ਬੁੱਧਵਾਰ ਸਵੇਰੇ 11.30 ਵਜੇ, ਪ੍ਰੈਸ ਕਲੱਬ ਸੈਕਟਰ 27, ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਕੇ ‘ਟੀਚੇ ਅਤੇ ਮਨੋਰਥ 2024’ ਦਸਤਾਵੇਜ਼ ਦਾ ਖਰੜਾ ਜਾਰੀ ਕੀਤਾ ਜਾਵੇਗਾ ਅਤੇ ਅਗਲੀ ਰਣਨੀਤੀ ਸਾਂਝੀ ਕੀਤੀ ਜਾਵੇਗੀ।

By

Tags: ,

ਲੜੀਵਾਰ ਕਿਤਾਬਾਂ » ਵਿਦੇਸ਼ » ਸਿੱਖ ਖਬਰਾਂ

ਖਾੜਕੂ ਲਹਿਰਾਂ ਦੇ ਅੰਗ ਸੰਗ ਕਿਤਾਬ ਫਰੈਂਕਫਰਟ (ਜਰਮਨੀ) ਵਿੱਚ ਜਾਰੀ ਕੀਤੀ

March 19, 2024

ਫਰੈਕਫੋਰਟ: ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ (ਜਰਮਨੀ) ਦੇ ਹਫਤਾਵਾਰੀ ਦੀਵਾਨ ਵਿੱਚ ਸਿੱਖ ਰਾਜਨੀਤਿਕ ਵਿਸ਼ਲੇਸ਼ਕ ਅਤੇ ਲੇਖਕ ਸ੍ਰ. ਅਜਮੇਰ ਸਿੰਘ ਦੀ ਕਿਤਾਬ “ਖਾੜਕੂ ਲਹਿਰਾਂ ਦੇ ਅੰਗ ਸੰਗ” ਜਾਰੀ ਕੀਤੀ ਗਈ। ਇਸ ਮੌਕੇ ਜਰਮਨ ਦੇ ਇਕ ਨੌਜਵਾਨ ਵੱਲੋਂ ਸਿੱਖ ਅਜ਼ਾਦੀ ਲਹਿਰ ਬਾਰੇ ਜਰਮਨ ਭਾਖਾ ਵਿੱਚ ਲਿਖੀ ਕਿਤਾਬ ਵੀ ਸੰਗਤਾਂ ਦੇ ਰੂਬਰੂ ਕੀਤੀ ਗਈ।  

ਇਸ ਮੌਕੇ ਮੰਚ ਸੰਚਾਲਨ ਕਰਦਿਆਂ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਕਿਹਾ ਕਿ “ਸਿੱਖ ਕੌਮ ਦੇ ਵਿਦਵਾਨ ਚਿੰਤਕ ਸ੍ਰ. ਅਜਮੇਰ ਸਿੰਘ ਜੀ ਨੇ ਜਿੱਥੇ ਪਹਿਲਾਂ ਵੀਹਵੀਂ ਸਦੀ ਦੀ ਸਿੱਖ ਰਾਜਨੀਤੀ, 1984 ਅਣਚਿਤਵਿਆ ਕਹਿਰ, ਕਿਸ ਬਿਧ ਰੁਲੀ ਪਾਤਿਸ਼ਾਹੀ, ਸਿੱਖਾਂ ਦੀ ਸਿਧਾਂਤਿਕ ਘੇਰਾਬੰਦੀ, ਤੂਫ਼ਾਨਾਂ ਦਾ ਸ਼ਾਹਅਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਜੀਵਨੀ ਬਾਰੇ ਕਿਤਾਬਾਂ ਸਿੱਖ ਕੌਮ ਨੂੰ ਦਿੱਤੀਆਂ ਹਨ ਤੇ ਇਹ ‘ਖਾੜਕੂ ਲਹਿਰਾਂ ਦੇ ਅੰਗ ਸੰਗ’ ਕਿਤਾਬ ਸਰਦਾਰ ਅਜਮੇਰ ਸਿੰਘ ਵੱਲੋਂ ਆਪਣੇ ’ਤੇ ਹੰਡਾਈਆਂ ਤੇ ਨੇੜੇ ਤੋਂ ਦੇਖੀਆਂ ਦੋ ਹਥਿਆਰਬੰਦ ਲਹਿਰਾਂ, ਨਕਸਲਬਾੜੀ ਲਹਿਰ ਤੇ ਸਿੱਖ ਕੌਮ ਦੇ ਗਲੋਂ ਭਾਰਤ ਦੀ ਗੁਲਾਮੀ ਲਾਉਣ ਲਈ ਚੱਲੇ ਅਜ਼ਾਦੀ ਦੇ ਸੰਘਰਸ਼, ਨੂੰ ਆਪਣੇ ਅਨੁਭਵ ਤੇ ਵਰਤਾਰਿਆਂ ਨੂੰ ਸੰਗਤਾਂ ਅੱਗੇ ਰੱਖਿਆ ਹੈ”।

ਉਹਨਾਂ ਕਿਹਾ ਕਿ ‘ਅਸੀਂ ਗੁਰਦੁਆਰਾ ਸਿੱਖ ਸੈਂਟਰ ਫਰੈਕਫਰਟ ਦੇ ਪ੍ਰਬੰਧਕ, ਸੇਵਾਦਾਰ ਤੇ ਪਤਵੰਤੇ ਸੱਜਣ ਇਸ ਕਿਤਾਬ ਨੂੰ ਸੰਗਤਾਂ ਦੇ ਰੂਬਰੂ ਕਰਨ ਦੀ ਖ਼ੁਸ਼ੀ ਮਹਿਸੂਸ ਕਰਦੇ ਹੋਏ ਸੰਗਤਾਂ ਨੂੰ ਕਿਤਾਬ ਪੜ੍ਹਨ ਦੀ ਅਪੀਲ ਕਰਦੇ ਹਾਂ’। 

ਫਰੈਂਕਫਰਟ ਦੇ ਨੌਜਵਾਨ ਵਨਸਰਾਜ ਸਿੰਘ ਨੇ ਸਿੱਖ ਅਜ਼ਾਦੀ ਦਾ ਲਹਿਰ- ਦੇਸ ਪੰਜਾਬ ਦੀ ਵੰਡ, ਪੰਜਾਬੀ ਸੂਬੇ ਦੀ ਮੰਗ, ਧਰਮਯੁੱਧ ਮੋਰਚੇ, ਜੂਨ ’84 ਦੇ ਘੱਲੂਘਾਰੇ ਅਤੇ ਨਵੰਬਰ 1984 ਦੇ ਸਿੱਖ ਕਤਲੇਆਮ ਨੂੰ ਜਰਮਨ ਭਾਸ਼ਾ ਵਿੱਚ ਕਲਮਬੰਦ ਕੀਤਾ ਹੈ। ਇਹ ਕਿਤਾਬ ਵੀ ਦੀਵਾਨ ਦੌਰਾਨ ਜਾਰੀ ਕੀਤੀ ਗਈ।

ਵਨਸਰਾਜ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਕਿਹਾ ਕਿ ਇਹ ਜਾਣਕਾਰੀ ਸਾਡੀ ਆਉਣ ਵਾਲੀ ਪੀੜੀ ਨਾਲ ਕਰਨੀ ਜਰੂਰੀ ਸੀ।

By

Tags: , ,

ਵੀਡੀਓ

ਰਾਮ ਰਹੀਮ ਨੂੰ ਪੁਲਿਸ ਰਿਮਾਂਡ ਉੱਤੇ ਪੰਜਾਬ ਲਿਆਂਦਾ ਜਾਵੇ – ਦਲ ਖ਼ਾਲਸਾ

March 18, 2024

ਹੁਸ਼ਿਆਰਪੁਰ –  2015 ਵਿੱਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਜੋ ਪਹਿਲਾਂ ਹੀ ਬਲਾਤਕਾਰ ਅਤੇ ਕਤਲ ਕੇਸ ਵਿੱਚ ਸਜ਼ਾ ਕੱਟ ਰਹੇ ਹਨ ਅਤੇ ਉਸਦੀ ਚਹੇਤੀ ਹਨੀਪ੍ਰੀਤ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਦਲ ਖ਼ਾਲਸਾ ਨੇ ਪੰਜਾਬ ਸਰਕਾਰ ਨੂੰ ਦੋਹਾਂ ਨੂੰ ਤੁਰੰਤ ਪੁਲਿਸ ਰਿਮਾਂਡ ਉੱਤੇ ਪੰਜਾਬ ਲਿਆ ਕੇ ਪੁੱਛਗਿਛ ਕਰਨ ਅਤੇ ਬੇਅਦਬੀ ਕੇਸ ਵਿੱਚ ਗ੍ਰਿਫਤਾਰ ਕਰਨ ਲਈ ਕਿਹਾ ਹੈ।

ਦਲ ਖ਼ਾਲਸਾ ਦੇ ਹਾਲ ਹੀ ਵਿੱਚ ਨਿਯੁਕਤ ਕੀਤੇ ਗਏ ਵਰਕਿੰਗ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਜਿਸ ਦਿਨ ਬੇਅਦਬੀ ਹੋਈ ਸੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਹਰ ਚੇਤਨ ਸਿੱਖ ਨੂੰ ਇਹ ਗੱਲ ਸਾਫ ਸੀ ਕਿ ਬੇਅਦਬੀ ਪਿਛੇ ਦੇਹ-ਧਾਰੀ ਦੰਭ ਡੇਰਾ ਸੱਚਾ ਸੌਦਾ ਦਾ ਹੱਥ ਹੈ ਪਰ ਪਿਛਲੇ 9 ਸਾਲਾਂ ਦੌਰਾਨ ਬਦਲਦੀਆਂ ਸਰਕਾਰਾਂ ਨੇ ਹਮੇਸ਼ਾ ਹੀ ਕਾਨੂੰਨ ਦੇ ਹੱਥ ਸਿਰਸੇ ਡੇਰੇ ਤੱਕ ਨਹੀਂ ਪਹੁੰਚਣ ਦਿੱਤੇ ਅਤੇ ਡੇਰਾ ਮੁਖੀ ਨੂੰ ਇਹਨਾਂ ਬੇਅਦਬੀਆਂ ਦੇ ਕੇਸਾਂ ਤੋਂ ਹਮੇਸ਼ਾ ਬਚਾ ਕੇ ਰੱਖਿਆ।

ਉਹਨਾਂ ਕਿਹਾ ਕਿ ਬੇਅਦਬੀ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਅਤੇ ਉਸ ਤੋਂ ਬਾਅਦ ਪੰਜ ਸਾਲ ਸੱਤਾ ਵਿੱਚ ਕਾਂਗਰਸ ਸਰਕਾਰ ਰਹੀ ਪਰ ਅਫਸੋਸ ਕਿ ਦੋਵੇਂ ਹੀ ਰਾਮ ਰਹੀਮ ਤੋਂ ਪੁੱਛਗਿੱਛ ਕਰਨ ਵਿੱਚ ਨਾਕਾਮ ਰਹੀਆਂ ਉਲਟਾ ਦੋਨਾਂ ਨੇ ਵੋਟਾਂ ਖਾਤਰ ਡੇਰੇ ਮੁਖੀ ਨੂੰ ਸ਼ਹਿ ਦਿੱਤੀ ਰੱਖੀ। ਉਹਨਾਂ ਕਿਹਾ ਕਿ ਜੇਕਰ ਹੁਣ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੀ ਰਾਮ ਰਹੀਮ ਅਤੇ ਹਨੀਪ੍ਰੀਤ ਨੂੰ ਪੰਜਾਬ ਲਿਆ ਕੇ ਪੁੱਛ ਪੜਤਾਲ ਕਰਨ ਅਤੇ ਇਸ ਕੇਸ ਦੇ ਦੋਸ਼ੀਆਂ ਨੂੰ ਅੰਜਾਮ ਤੱਕ ਪਹੁੰਚਾਉਣ ਵਿੱਚ ਨਾਕਾਮ ਰਹਿੰਦੀ ਹੈ ਤਾਂ ਸਿੱਖ ਅਵਾਮ ਦੀ ਇਸ ਗੱਲ ਉੱਤੇ ਪੱਕੀ ਮੋਹਰ ਲੱਗੇਗੀ ਕਿ ਰਾਮ ਰਹੀਮ ਨੂੰ ਹਿੰਦ-ਨਵਾਜ ਸਾਰੀਆਂ ਪਾਰਟੀਆਂ ਦੀਆਂ ਸਰਕਾਰਾਂ ਦੀ ਸ਼ਹਿ ਪ੍ਰਾਪਤ ਹੈ।

ਜ਼ਿਕਰਯੋਗ ਹੈ ਕਿ ਰਾਮ ਰਹੀਮ ਵੱਲੋਂ ਡੇਰਾ ਸੱਚਾ ਸੌਦਾ ਦੇ ਰਾਜਨੀਤਿਕ ਵਿੰਗ ਤੇ ਰਾਸ਼ਟਰੀ ਪ੍ਰਧਾਨ ਰਹੇ ਪ੍ਰਦੀਪ ਕਲੇਰ ਵੱਲੋਂ ਗ੍ਰਿਫ਼ਤਾਰੀ ਬਾਅਦ ਪੁਲਿਸ ਨੂੰ ਦਰਜ ਕਰਵਾਏ ਗਏ ਬਿਆਨ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਬੇਅਦਬੀਆਂ ਪਿੱਛੇ ਮਾਸਟਰ ਮਾਇੰਡ ਖੁਦ ਡੇਰਾ ਮੁਖੀ ਰਾਮ ਰਹੀਮ ਅਤੇ ਹਨੀਪ੍ਰੀਤ ਸੀ।

By

Tags: , , , ,