ਕੌਮਾਂਤਰੀ ਖਬਰਾਂ » ਲੇਖ

ਕਨੇਡਾ ਵਿਚ ‘ਪੰਜਾਬੀ ਨੌਜਵਾਨਾਂ’ ਵਲੋਂ ਹਿੰਸਾ ਤੇ ਇਸ ਦੇ ਪ੍ਰਤੀਕਰਮ ਦੀ ਪੜਚੋਲ

June 26, 2018 | By

ਜਸਪ੍ਰੀਤ ਸਿੰਘ

ਬੜੀ ਵੇਰ ਘਟਨਾਵਾਂ ਦੀ ਉਡਾਈ ਗਰਦ ਸਾਨੂੰ ਉਸਦੇ ਕਾਰਨਾਂ ਤੱਕ ਨਹੀਂ ਪਹੁੰਚਣ ਦਿੰਦੀ। ਅਸੀਂ ਜੜ੍ਹ ਤੱਕ ਪਹੁੰਚਣ ਦੀ ਬਜਾਏ ਘਟਨਾ ਉੱਤੇ ਹੀ ਐਨਾ ਕੇਂਦਰਿਤ ਹੋ ਜਾਂਦੇ ਹਾਂ ਕਿ ਅਸਲ ਕਾਰਨ ਸਮਝ ਨਹੀਂ ਪੈਂਦੇ। ਘਟਨਾਵਾਂ ਭਾਂਵੇ ਨਿੱਜੀ ਬੰਦਿਆਂ ਅਤੇ ਨਿੱਜੀ ਮਸਲਿਆਂ ਤੱਕ ਸੀਮਤ ਲਗਦੀਆਂ ਹਨ ਪਰ ਕਈ ਵੇਰ ਇਸਨੂੰ ਡੂੰਘਾਈ ਨਾਲ਼ ਸਮਝਣ ਲਈ ਕੌਮ ਦੀ ਸਮੂਹਿਕ ਦਸ਼ਾ ਦਾ ਅਧਿਐਨ ਕਰਨਾ ਜ਼ਰੂਰੀ ਹੈ।

ਅਫ਼ਰੀਕਨ ਲੋਕਾਂ ਨੇ ਬਹੁਤ ਭੈੜੀ ਗ਼ੁਲਾਮੀ ਹੰਢਾਈ ਹੈ, ਇਸਦਾ ਅਸਰ ਉਨ੍ਹਾਂ ਦੀ ਮਾਨਸਿਕਤਾ ਉੱਤੇ ਅੱਜ ਤੱਕ ਹੈ। ਦੂਜਾ ਸਰਕਾਰਾਂ ਨੇ ਮਿਥ ਕੇ ਉਨ੍ਹਾਂ ਵਿੱਚ ਨਸ਼ੇ ਦਾ ਪਸਾਰਾ ਕੀਤਾ ਹੈ ਤਾਂ ਕਿ ਉਨ੍ਹਾਂ ਦੇ ਨੌਜਵਾਨ ਆਪਣੇ ਹੱਕਾਂ, ਭਵਿੱਖ ਅਤੇ ਆਲ਼ੇ-ਦੁਆਲ਼ੇ ਵਾਰੇ ਫ਼ਿਕਰ ਕਰਨਯੋਗ ਨਾ ਰਹਿਣ।

ਅਗਰ ਆਪਾਂ ਕਿਸੇ ਅਫ਼ਰੀਕਨ ਨਾਲ਼ ਥੋੜੀ ਭਾਰੂ (ੳਗਗਰੲਸਸਵਿੲ) ਹੋ ਕੇ ਗੱਲ ਕਰੀਏ ਤਾਂ ਉਹ ਅਚਾਨਕ ਆਪਣੇ ਬਚਾਅ ‘ਚ ਆ ਜਾਂਦੇ ਹਨ ਅਤੇ ਲੜਨ ਲਈ ਤਿਆਰ ਰਹਿੰਦੇ ਹਨ। ਲੜ੍ਹਾਈ ਦਾ ਕਾਰਨ ਭਾਂਵੇ ਸਮੇਂ ਜਾਂ ਹਲਾਤ ਨਾਲ਼ ਕੋਈ ਹੋਰ ਬਣੇ ਪਰ ਐਨੇ ਸਾਲ਼ਾ ਦੀ ਗ਼ੁਲਾਮੀ ਅਤੇ ਮਿਥ ਕੇ ਹੋਏ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਦਾ ਜੋ ਉਸਦੀ ਮਾਨਸਿਕਤਾ ਉੱਤੇ ਅਸਰ ਹੋਇਆ ਹੈ, ਉਸਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।

ਕੱਲ੍ਹ ਮੈਂ ਪੰਜਾਬ ਦੇ ਨੌਜਵਾਨਾਂ ਦੀ ਮਾਨਸਿਕ ਦਸ਼ਾ ਦੀ ਗੱਲ ਕੀਤੀ ਤਾਂ ਲੋਕਾਂ ਇਸਦਾ ਮਜ਼ਾਕ ਬਣਾ ਲਿਆ, ਖ਼ੈਰ ਮੈਨੂੰ ਪੂਰੀ ਆਸ ਸੀ ਕਿ ਇਹ ਗੱਲ ਇੰਨੀ ਕੁ ਹੀ ਸਮਝ ਆਵੇਗੀ। ਜੇ ਸਾਡੇ ਲੋਕ ਐਨਾ ਸਮਝਦੇ ਹੁੰਦੇ ਤਾਂ ਮੌਜਾਦਾ ਹਲਾਤਾਂ ਪ੍ਰਤੀ ਅੱਜ ਸਾਡਾ ਸੰਵਾਦ ਅਤੇ ਰਵੱਇਆ ਹੋਰ ਕਿਸਮ ਦਾ ਹੁੰਦਾ।

ਕਨੇਡਾ ਵਿੱਚ ਬਹੁਗਿਣਤੀ ਪੰਜਾਬੀ ਵਿਦਿਆਰਥੀ ਸਿੱਖ ਘਰਾਂ ‘ਚੋਂ ਆਉਂਦੇ ਹਨ। ਇਹ ਸਭ ਚੌਰਾਸੀ ਤੋਂ ਅਤੇ ਖਾੜਕੂ ਲਹਿਰ ਤੋਂ ਬਾਅਦ ਜਨਮੇ ਹਨ। ਇਸ ਲਹਿਰ ਤੋਂ ਬਾਅਦ ਜੋ ਸਰਕਾਰਾਂ ਨੇ ਮਿਥ ਕੇ ਵਿਦਿਆ ਅਤੇ ਮੀਡੀਏ ਰਾਹੀਂ ਪੰਜਾਬ ਦਾ ਮਾਹੌਲ ਸਿਰਜਿਆ, ਜਿਸਦਾ ਮਕਸਦ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਹੱਕਾਂ, ਭਵਿੱਖ ਅਤੇ ਇਤਿਹਾਸਕ ਨਾਇਕਾਂ ਤੋਂ ਦੂਰ ਕਰਕੇ ਨਵੇੰ ਕਿਸਮ ਦੇ ਝੂਠੇ ਨਾਇਕ ਸਿਰਜਣਾ ਸੀ। ਜਿਸ ਨਾਲ਼ ਕਿ ਨੌਜਵਾਨ ਨਿੱਜੀ ਐਸ਼ਪ੍ਰਸਤੀ ਵੱਲ ਧੱਕੇ ਜਾਣ ਅਤੇ ਸਰਕਾਰਾਂ ਦੇ ਚੱਲ ਰਹੇ ਝੂਠੇ-ਪੱਕੇ ਏਜੰਡੇ ਜਾਂ ਮਿਸ਼ਨ ਨੂੰ ਚੁਣੌਤੀ ਨਾ ਦੇਣ। ਇਹ ਨੌਜਵਾਨ ਉਸੇ ਮਾਹੌਲ ਦੀ ਪਦਾਇਸ਼ ਅਤੇ ਸ਼ਿਕਾਰ ਹਨ। ਹੋਰ ਮਾਨਸਿਕ ਪ੍ਰਭਾਵ ਤੋਂ ਇਹ ਮਤਲਬ ਨਹੀਂ ਕਿ ਨੌਜਵਾਨ ਪਾਗਲ ਹਨ।

ਇਸ ਤਰ੍ਹਾਂ ਦੀਆਂ ਟਿੱਚਰਾਂ ਕਰਨ ਵਾਲ਼ੇ ਸ਼ਾਇਦ ਭੁੱਲਦੇ ਹਨ ਕਿ ਇਨ੍ਹਾਂ ਦੀ ਮਾਨਸਿਕਤਾ ਵੀ ਪ੍ਰਭਾਵਤ ਹੈ। ਕਿਉਂਕਿ ਮੌਜੂਦਾ ਗੀਤ ਸੰਗੀਤ ਅਤੇ ਨਸ਼ਿਆਂ ਦੀ ਤਰਜ਼ ਉੱਤੇ ਪੰਜਾਬ ਦੀ ਸਿੱਖ ਨੌਜਵਾਨੀ ਨੂੰ ਰੋਲ਼ਣ ਦਾ ਕਾਰਜ ਤੀਬਰਤਾ ਨਾਲ਼ ਦੋ ਦਹਾਕੇ ਪਹਿਲੋਂ ਹੀ ਸ਼ੁਰੂ ਹੋਇਆ, ਇਸ ਕਰਕੇ ਪਹਿਲੋਂ ਜੰਮੇ ਜਾਂ ਜਿਨ੍ਹਾਂ ਚੌਰਾਸੀ ਜਾਂ ਖਾੜਕੂ ਲਹਿਰ ਵੇਖੀ, ਉਨ੍ਹਾਂ ਉੱਤੇ ਮਾਨਸਿਕ ਅਸਰ ਹੋਰ ਕਿਸਮ ਦੇ ਹਨ, ਸੰਤਾਲ਼ੀ ਦੀ ਵੰਡ ਵੇਖਣ ਵਾਲ਼ਿਆਂ ਉੱਤੇ ਹੋਰ ਕਿਸਮ ਦੇ ਹੋਣਗੇ। ਕੋਈ ਵੀ ਵੱਡੀ ਘਟਨਾ ਵੱਖ-ਵੱਖ ਕੌਮਾਂ ਉੱਤੇ ਵੱਖ-ਵੱਖ ਕਿਸਮ ਦਾ ਪ੍ਰਭਾਵ ਛੱਡਦੀ ਹੈ।

ਸਮੂਹਿਕ ਰੂਪ ਵਿੱਚ ਸਾਡੀ ਕੌਮ ਸਾਰੀ ਦੁਨੀਆ ਵਿੱਚ ਇੱਕ ਡਰ ਵਿੱਚ ਜਿਉਂ ਰਹੀ ਹੈ। ਸਾਨੂੰ ਪੈਰ ਪੈਰ ਉੱਤੇ ਆਪਣੀ ਚੰਗਿਆਈ ਸਾਬਤ ਕਰਨ ਦਾ ਭੁਸ ਪੈ ਗਿਆ ਹੈ ਕਿਉਂਕਿ ਅਸੀਂ ਅੰਦਰੋਂ ਡਰੇ (ਨਿਸੲਚੁਰੲ) ਹਾਂ। ਕਿਤੇ ਕੋਈ ਘਟਨਾ ਹੋਵੇ, ਸਾਨੂੰ ਇਹ ਮਹਿਸੂਸ ਹੋਣ ਲੱਗ ਜਾਂਦਾ ਕਿ ਜੇ ਅਸੀਂ ਇਸਦੀ ਨਿੰਦਿਆ ਨਾ ਕੀਤੀ ਤਾਂ ਖੌਰੇ ਸਾਨੂੰ ਕੋਈ ਦੋਸ਼ੀ ਨਾ ਕਰਾਰ ਦੇ ਦੇਵੇ। ਭਾਰਤ ਬੈਠਿਆਂ ਨੂੰ ਡਰ ਹੁੰਦਾ ਸਾਨੂੰ ਦੇਸ਼-ਵਿਰੋਧੀ ਨਾ ਆਖ ਦੇਣ ਅਤੇ ਬਾਹਰ ਬੈਠਿਆਂ ਨੂੰ ਹੁੰਦਾ ਕਿ ਸਾਨੂੰ ਕਿਤੋਂ ਇੱਥੋਂ ਕੱਢ ਨਾ ਦੇਣ।

ਗ਼ੁਲਾਮੀ ਨੇ ਸਾਨੂੰ ਲੇਲੜੀਆਂ ਕੱਢਣ ਵਾਲ਼ੀ ਕੌਮ ਬਣਾ ਦਿੱਤੀ ਹੈ ਜਿਸਨੂੰ ਰੋਜ਼ ਹਰ ਘਟਨਾ ਉੱਤੇ ਆਪਣੀ ਨਾ-ਸਮੂਲੀਅਤ ਅਤੇ ਚੰਗੇਪਣ ਦਾ ਸਪਸ਼ਟੀਕਰਨ ਦੇਣਾ ਪੈਂਦਾ ਹੈ ਅਤੇ ਪੈਰ ਪੈਰ ਉੱਤੇ ਸਮਝੌਤਾ ਕਰਨਾ ਪੈਂਦਾ ਹੈ। ਕਨੇਡਾ ਵਿੱਚ ਹੋਈ ਨੌਜਵਾਨਾਂ ਦੀ ਹਿੰਸਾ ਤੋਂ ਬਾਅਦ ਕੌਮ ਦਾ ਪ੍ਰਤੀਕਰਮ ਇਹੋ ਡਰ ਹੈ। ਆਪਣੇ ਆਪ ਨੂੰ ਕਨੇਡੀਅਨ ਹੋਣ ਦਾ ਭਰਮ ਪਾਲ਼ੀ ਬੈਠੇ ਵੀ ਅਸਲ ਵਿੱਚ ਅਜ਼ਾਦ ਨਹੀਂ ਹਨ। ਉਨ੍ਹਾਂ ਨੂੰ ਜਾਪਦਾ ਹੈ ਕਿ ਇਨ੍ਹਾਂ ਨੌਜਵਾਨਾਂ ਕਰਕੇ ਗੋਰੇ ਸਾਨੂੰ ਗੁੰਡੇ-ਬਦਮਾਸ਼ ਨਾ ਸਮਝ ਲੈਣ, ਸਾਨੂੰ ਕਨੇਡਾ ਤੋਂ ਕੱਢ ਨਾ ਦੇਣ। ਓਥੇ ਹਿੰਦੂ ਅਤੇ ਇੱਥੇ ਗੋਰੇ, ਅਸੀਂ ਸਭ ਕੁਝ ਦੂਜਿਆਂ ਨੂੰ ਸਾਬਤ ਕਰਨ ਨੂੰ ਫਿਰਦੇ ਹਾਂ, ਸਾਡਾ ਆਤਮ-ਵਿਸ਼ਵਾਸ ਅਤੇ ਸਵੈਮਾਣ ਦੂਜਿਆਂ ਕੋਲ਼ ਗਹਿਣੇ ਹੈ।

ਰੋਜ਼ ਕਿੰਨੀਆਂ ਲੜਾਈਆਂ ਹੁੰਦੀਆਂ ਹਨ, ਕਿੰਨੇ ਗੈਂਗ ਅਤੇ ਹਥਿਆਰ ਫੜੇ ਜਾਂਦੇ ਹਨ, ਕੀ ਕਦੇ ਗੋਰੇ ਜਾਂ ਹਿੰਦੂ ਜਾਂ ਹੋਰ ਸਾਡੇ ਵਾਂਗ ‘ਨਿਸੲਚੁਰੲ’ ਮਹਿਸੂਸ ਕਰਦੇ ਹਨ? ਉਹਨਾਂ ਨੂੰ ਕਦੇ ਸਪਸ਼ਟੀਕਰਨ ਨਹੀਂ ਦੇਣਾ ਪੈਂਦਾ ਪਰ ਅਸੀਂ ਜਦ ਤੱਕ ਸਪਸ਼ਟੀਕਰਨ ਨਾ ਦੇਇਏ, ਉਦੋਂ ਤੱਕ ਇੱਕ ਤਰਾਂ ਨਾਲ਼ ਦੋਸ਼ੀ ਮਹਿਸੂਸ ਕਰਦੇ ਹਨ। ਕਿਸੇ ਬੁਰੀ ਘਟਨਾ ਨੂੰ ਨਿੰਦਣਾ ਗ਼ਲਤ ਨਹੀਂ ਪਰ ਸਾਡੇ ਬਿਆਨ ਘਟਨਾ ਨੂੰ ਨਿੰਦਣ ਲਈ ਘੱਟ ਅਤੇ ਆਪਣੇ ਡਰ ‘ਚੋਂ ਜ਼ਿਆਦਾ ਨਿਕਲ਼ਦੇ ਹਨ।

ਆਧੁਨਿਕ ਸਮਾਜ ਵਿੱਚ, ਜਿੱਥੇ ਸੱਭੋ ਕੁਝ ਤਟ ਫਟ ਹੁੰਦਾ ਹੈ, ਅਸੀਂ ਹਰ ਮਸਲੇ ਨੂੰ ਸਮਝਣ, ਉਸਦੇ ਉੱਤੇ ਰਾਏ ਬਣਾਉਣ ਅਤੇ ਉਸਦੇ ਹੱਲ ਲੱਭਣ ਵਿੱਚ ਵੀ ‘ਤਟ ਫਟ’ ਕਰਦੇ ਹਾਂ। ‘ਭਲੳਚਕ ੳਨਦ ਾਹਟਿੲ’ ਦੀ ਮਾਨਸਿਕਤਾ, ਜਿਸਤੋਂ ਭਾਵ ਕਿ ਚੀਜ਼ ਸਿਰਫ਼ ਗ਼ਲਤ ਜਾਂ ਸਹੀ ਹੀ ਹੈ, ਇਸਤੋਂ ਬਿਨ੍ਹਾਂ ਤੀਜਾ ਜਾਂ ਚੌਥਾ ਪੱਖ ਨਹੀਂ ਹੋ ਸਕਦਾ, ਸਾਡੇ ਉੱਤੇ ਭਾਰੂ ਹੈ। ਅਸੀਂ ਘਟਨਾਵਾਂ ਨੂੰ ਡੂੰਘਾ ਉੱਤਰ ਘੋਖਣਾ ਨਹੀਂ ਚਾਹੁੰਦੇ। ਜਦ ਤੱਕ ਸਮੱਸਿਆ ਦੇ ਕਾਰਨ ਸਪਸ਼ਟ ਨਹੀਂ ਹੁੰਦੇ, ਹੱਲ ਕਦੇ ਨਹੀਂ ਹੋਵੇਗਾ ਅਤੇ ਮੌਜੂਦਾ ਹਲਾਤਾਂ ਵਿੱਚ ਸਾਨੂੰ ਭਰਮ ਹੈ ਕਿ ਅਸੀਂ ਕਾਰਨ ਸਮਝਦੇ ਹਾਂ।

ਕਨੇਡਾ ਵਿੱਚ ਪੰਜਾਬੋਂ ਆਏ ਨੌਜਵਾਨਾਂ ਦੀ ਹਿੰਸਾ ਅਤੇ ਹਲਾਤਾਂ ਨੂੰ ਅਸੀਂ ਪੰਜਾਬ ਨਾਲ਼ੋਂ ਵੱਖ ਕਰਕੇ ਨਹੀਂ ਸਮਝ ਸਕਦੇ। ਇਸਦੇ ਲਈ ਸੰਤਾਲ਼ੀ ਵੀ ਸਮਝਣੀ ਪਵੇਗੀ, ਚੌਰਾਸੀ ਵੀ ਸਮਝਣੀ ਪਵੇਗੀ ਅਤੇ ਮੌਜੂਦਾ ਹਲਾਤ ਵੀ। ਜੇ ਇਸਨੂੰ ਅਣਗੌਲ਼ੇ ਕਰਾਂਗੇ ਤਾਂ ਕਦੇ ਨਹੀਂ ਸਮਝਾਂਗੇ ਕਿ ਪੌਣੀ ਦੋ ਸਦੀਆਂ ਤੋਂ ਗੁਲਾਮੀਂ ਹੰਢਾਈ ਆ ਰਹੀ ਕੌਮ ਅੱਜ ਕੀ ਹੈ ਅਤੇ ਕਿਉਂ ਹੈ। ਅਫ਼ਸੋਸ ਸਾਨੂੰ ਹਾਲੇ ਚੌਰਾਸੀ ਬਾਰੇ ਵੀ ਸਪਸ਼ਟਾ ਨਹੀਂ, ਇਸ ਲਈ ਬਹੁਤ ਥੋੜੇ ਲੋਕੀ ਇਨ੍ਹਾਂ ਘਟਨਾਵਾਂ ਨੂੰ ਸਮਝ ਸਕਦੇ ਹਨ ਪਰ ਜੇ ਇੱਛਾ ਅਤੇ ਸੁਹਿਰਤਾ ਹੋਵੇ ਤਾਂ ਸੰਵਾਦ ਰਚਾਏ ਜਾ ਸਕਦੇ ਹਨ।

ਆਮ ਮਾਨਸਿਕਤਾ ਇਨ੍ਹਾਂ ਗੁੰਝਲ਼ਦਾਰ ਮਸਲਿਆਂ ਨੂੰ ਸਮਝਣੋ ਅਸਮਰਥ ਹੈ ਅਤੇ ਕਈਆਂ ਨੂੰ ਨਾ ਸਮਝਣ ਦੀ ਤਨਖ਼ਾਹ ਮਿਲਦੀ ਹੈ। ਇਸ ਲਈ ਕੌਮ ਦੇ ਕਨੇਡਾ ਅਤੇ ਹੋਰ ਥਾਈਂ ਬੈਠੇ ਸੂਝਵਾਨ ਸੱਜਣਾਂ ਨੂੰ ਵਿਦੇਸ਼ ਆਏ ਪੰਜਾਬੀ ਨੌਜਵਾਨਾਂ ਅਤੇ ਬਾਕੀ ਪੰਜਾਬੀਆਂ ਦੇ ਰਵੱਈਏ ਪ੍ਰਤੀ ਆਪਣੇ ਆਪਣੇ ਵਿਚਾਰ ਰੱਖਣੇ ਚਾਹੀਦੇ ਹਨ। ਖ਼ਾਸਕਰ ਮੀਡੀਆ ਵਿੱਚ ਕੰਮ ਕਰ ਰਹੇ ਸੂਝਵਾਨ ਸੱਜਣਾ ਨੂੰ ਭਾਰਤ ਦੀ ਤਰਜ਼ ਉੱਤੇ ਕੰਮ ਕਰ ਰਹੇ ਦੇਸੀ ਮੀਡੀਏ ਦੇ ਪ੍ਰਚਾਰ ਨੂੰ ਬੇਅਸਰ ਕਰਨਾ ਚਾਹੀਦਾ ਹੈ।

* ਲੇਖਕ ਇਸ ਵੇਲੇ ਕਨੇਡਾ ਵਿਚ ਰਹਿ ਰਿਹਾ ਹੈ ਤੇ ਉਸ ਨੇ ਉਕਤ ਲਿਖਤ ਆਪਣੇ ਫੇਸਬੁੱਕ ਪੰਨੇ ਤੇ ਸਾਂਝੀ ਕੀਤੀ ਸੀ, ਜਿਸ ਨੂੰ ਇਥੇ ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਲਈ ਧੰਨਵਾਦ ਸਹਿਤ ਮੁੜ ਛਾਪਿਆ ਗਿਆ ਹੈ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: