ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਬਾਦਲਕਿਆਂ ਨੂੰ ਮਿਲੇ ਅਮਿਤ ਸ਼ਾਹ; 2019 ਚੋਣਾਂ ਤੋਂ ਪਹਿਲਾਂ ਗੁੱਸੇ-ਗਿਲੇ ਦੂਰ ਕਰਨ ਦੀ ਕੋਸ਼ਿਸ਼

June 8, 2018 | By

ਚੰਡੀਗੜ੍ਹ: ਪੰਜਾਬ ਵਿਚ ਬਾਦਲ-ਭਾਜਪਾ ਗਠਜੋੜ ਨੂੰ ਸਹੀ ਲੀਹਾਂ ‘ਤੇ ਲਿਆਉਣ ਦੇ ਮਕਸਦ ਨਾਲ ਪੰਜਾਬ ਪਹੁੰਚੇ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੇ ਬੀਤੇ ਕੱਲ੍ਹ ਚੰਡੀਗੜ੍ਹ ਵਿਚ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨਾਲ ਬੰਦ ਕਮਰਾ ਮੁਲਾਕਾਤ ਕੀਤੀ। ਬਾਦਲ ਦਲ ਦੇ ਸੀਨੀਅਰ ਆਗੂਆਂ ਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਅਗਲੀਆਂ ਲੋਕ ਸਭਾ ਚੋਣਾਂ ਦੀ ਰਣਨੀਤੀ ਬਾਰੇ ਚਰਚਾ ਕਰਦਿਆਂ ਗਿਲੇ-ਸ਼ਿਕਵੇ ਵੀ ਕੀਤੇ ਅਤੇ ਕਿਹਾ ਕਿ ਕਿਸਾਨਾਂ, ਦਲਿਤਾਂ, ਵਪਾਰੀਆਂ, ਕਾਰੋਬਾਰੀਆਂ ਅਤੇ ਘੱਟ ਗਿਣਤੀਆਂ ਦਰਮਿਆਨ ਕੇਂਦਰ ਸਰਕਾਰ ਖ਼ਿਲਾਫ਼ ਵਧੀ ਨਾਰਾਜ਼ਗੀ ਨੂੰ ਦੂਰ ਕਰਨ ਦੀ ਲੋੜ ਹੈ। ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੀ ਬਾਦਲਾਂ ਨਾਲ ਡੇਢ ਘੰਟਾ ਮੀਟਿੰਗ ਹੋਣੀ ਸੀ ਪਰ ਇਹ ਦੋ ਘੰਟਿਆਂ ਤੋਂ ਵਧ ਸਮੇਂ ਤਕ ਚੱਲੀ। ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਪ੍ਰਧਾਨ ਮੰਤਰੀ ਨਾਲ ਅੱਜ ਦੀ ਮੀਟਿੰਗ ਤੈਅ ਹੋ ਗਈ ਹੈ। ਅੱਜ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਵਫ਼ਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵੇਰੇ 10 ਵਜੇ ਮਿਲੇਗਾ ਅਤੇ ਲੰਗਰ ਤੋਂ ਜੀਐਸਟੀ ਹਟਾਉਣ, ਗੰਨਾ ਉਤਪਾਦਕ ਕਿਸਾਨਾਂ ਨੂੰ ਕੇਂਦਰ ਵੱਲੋਂ ਪੈਕੇਜ ਦੇਣ ਦਾ ਧੰਨਵਾਦ ਕਰਨ ਸਮੇਤ ਅੱਜ ਦੀ ਮੀਟਿੰਗ ਵਿੱਚ ਵਿਚਾਰੇ ਗਏ ਅਹਿਮ ਮੁੱਦਿਆਂ ਬਾਰੇ ਵੀ ਚਰਚਾ ਕੀਤੇ ਜਾਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਜਿੱਥੇ ਇਕ ਪਾਸੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦਾ ਲੰਗਰ ਤੋਂ ਕਥਿਤ ਤੌਰ ‘ਤੇ ਜੀ. ਐਸ. ਟੀ. ਨਾਮੀ ਟੈਕਸ ਹਟਾਉਣ ਲਈ ਗੁਣ ਗਾਉਂਦੇ ਨਹੀਂ ਥੱਕ ਰਹੇ ਓਥੇ ਦੂਜੇ ਪਾਸੇ ਇਸ ਮਾਮਲੇ ‘ਤੇ ਮੋਦੀ ਸਰਕਾਰ ਤੇ ਬਾਦਲ ਦਲ ਦੀ ਕੜੀ ਨੁਕਤਾਚੀਨੀ ਹੋ ਰਹੀ ਹੈ ਕਿਉਂਕਿ ਸਰਕਾਰ ਵੱਲੋਂ ਸ਼ਰਤਾਂ ਲਾ ਕੇ ਲੰਗਰ ਦੀ ਰਸਦ ‘ਤੇ ਲੱਗਦੇ ਜੀ. ਐਸ. ਟੀ. ਨੂੰ ਖੈਰਾਤ ਦੇ ਤੌਰ ਤੇ ਵਾਪਸ ਕਰਨ ਵਾਲੀ “ਸੇਵਾ ਭੋਜ ਯੋਜਨਾ” ਜਾਰੀ ਕੀਤੀ ਗਈ ਹੈ।

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼ਾਹ ਨਾਲ ਅੱਜ ਦੀ ਮੀਟਿੰਗ ਦੌਰਾਨ ਅਗਲੀਆਂ ਲੋਕ ਸਭਾ ਚੋਣਾਂ ਬਾਰੇ ਰਣਨੀਤੀ ਬਣਾਉਣ ਅਤੇ ਦੋਵੇਂ ਪਾਰਟੀਆਂ ਦਰਮਿਆਨ ਬਿਹਤਰ ਤਾਲਮੇਲ ਲਈ ਕਮੇਟੀ ਬਣਾਉਣ ਬਾਰੇ ਚਰਚਾ ਕੀਤੀ ਗਈ। ਦੋਵੇਂ ਪਾਰਟੀਆਂ ਵਿਚਾਲੇ ਮੱਤਭੇਦਾਂ ਅਤੇ ਮੁੱਦਿਆਂ ਬਾਰੇ ਚਰਚਾ ਹੋਣ ’ਤੇ ਜਦੋਂ ਸਵਾਲ ਪੁੱਛੇ ਗਏ ਤਾਂ ਉਨ੍ਹਾਂ ਕਿਹਾ,‘‘ਦੋਵੇਂ ਪਾਰਟੀਆਂ ਵਿਚਾਲੇ ਕੋਈ ਮੱਤਭੇਦ ਨਹੀਂ ਹਨ। ਸਗੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਐਨਡੀਏ ਦਾ ਸਭ ਤੋਂ ਪੁਰਾਣਾ ਭਾਈਵਾਲ ਹੈ ਅਤੇ ਅੱਗੇ ਵੀ ਬਣਿਆ ਰਹੇਗਾ।’’ ਉਨ੍ਹਾਂ ਕਿਹਾ ਕਿ ਉਹ ਐਨਡੀਏ ਦੇ ਪੁਰਾਣੇ ਭਾਈਵਾਲਾਂ ਨੂੰ ਅਪੀਲ ਕਰਨਗੇ ਕਿ ਉਹ ਐਨਡੀਏ ਵਿੱਚ ਬਣੇ ਰਹਿਣ।

ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅਗਲੀਆਂ ਲੋਕ ਸਭਾ ਚੋਣਾਂ ਜਿੱਤਣ ਲਈ ਦੋਵੇਂ ਪਾਰਟੀਆਂ ਨੂੰ ਰਲ ਕੇ ਮਿਹਨਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਮੋਦੀ ਨੂੰ ਮਿਲਣ ਵਾਲੇ ਵਫ਼ਦ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੰਸਦ ਮੈਂਬਰਾਂ ਤੋਂ ਇਲਾਵਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਸ਼ਾਮਲ ਹੋਣਗੇ।

ਸ਼੍ਰੋਮਣੀ ਅਕਾਲੀ ਦਲ (ਬਾਦਲ), ਭਾਜਪਾ ਦਾ ਸਭ ਤੋਂ ਪੁਰਾਣਾ ਭਾਈਵਾਲ ਹੈ ਪਰ ਕੇਂਦਰ ਸਰਕਾਰ ’ਚ ਉਸ ਦੀ ਸੁਣਵਾਈ ਪਿਛਲੀ ਯੂਪੀਏ ਸਰਕਾਰ ਨਾਲੋਂ ਵੀ ਘੱਟ ਹੈ। ਮੋਦੀ ਸਰਕਾਰ ਨੇ ਇਸ ਭਾਈਵਾਲ ਪਾਰਟੀ ਦਾ ਇਕ ਵੀ ਰਾਜਪਾਲ ਨਹੀਂ ਲਾਇਆ ਹੈ ਅਤੇ ਨਾ ਹੀ ਕਿਸੇ ਹੋਰ ਪਾਸੇ ਕੋਈ ਨੁਮਾਇੰਦਗੀ ਦਿੱਤੀ ਹੈ। ਪ੍ਰਧਾਨ ਮੰਤਰੀ ਨਾਲ ਮੀਟਿੰਗ ਦੌਰਾਨ ਇਹ ਮੁੱਦੇ ਵੀ ਵਿਚਾਰੇ ਜਾਣ ਦੀ ਸੰਭਾਵਨਾ ਹੈ।

ਸ਼ਾਹ ਨਾਲ ਹੋਈ ਮੀਟਿੰਗ ਦੌਰਾਨ ਦੋਵੇਂ ਬਾਦਲਾਂ ਤੋਂ ਇਲਾਵਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਲੋਕ ਸਭਾ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ, ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਡਾ. ਦਲਜੀਤ ਸਿੰਘ ਚੀਮਾ, ਸਿਕੰਦਰ ਸਿੰਘ ਮਲੂਕਾ ਅਤੇ ਮਹੇਸ਼ਇੰਦਰ ਸਿੰਘ ਗਰੇਵਾਲ ਸ਼ਾਮਲ ਸਨ। ਭਾਜਪਾ ਵੱਲੋਂ ਮੀਟਿੰਗ ਵਿੱਚ ਡਾ. ਅਨਿਲ ਜੈਨ, ਪ੍ਰਭਾਤ ਝਾਅ, ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ, ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ, ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ, ਕਮਲ ਸ਼ਰਮਾ, ਰਾਜਿੰਦਰ ਭੰਡਾਰੀ, ਮਨੋਰੰਜਨ ਕਾਲੀਆ, ਮਦਨ ਮੋਹਨ ਮਿੱਤਲ ਆਦਿ ਸ਼ਾਮਲ ਸਨ।

ਮੀਟਿੰਗ ਤੋਂ ਪਹਿਲਾਂ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਚਾਰ ਸਾਲਾਂ ਤਕ ਭਾਜਪਾ ਨੇ ਕਾਂਗਰਸ ਵਾਂਗ ਪੰਜਾਬ ਦੀਆਂ ਮੰਗਾਂ ਨੂੰ ਅਣਗੌਲਿਆ ਕਰੀ ਰੱਖਿਆ। ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਮੀਟਿੰਗ ਕਾਫੀ ਦੇਰੀ ਨਾਲ ਹੋ ਰਹੀ ਹੈ।

ਮੀਟਿੰਗ ਦੌਰਾਨ ਦੋਵਾਂ ਪਾਰਟੀਆਂ ਦੇ ਆਗੂਆਂ ਵਿਚਾਲੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਜੀ ਦਾ 550ਵਾਂ ਗੁਰਪੁਰਬ ਕੌਮੀ ਤੇ ਕੌਮਾਂਤਰੀ ਪੱਧਰ ਤੇ ਮਨਾਉਣ ਲਈ ਸਹਿਮਤੀ ਵੀ ਬਣੀ ਹੈ।  ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਭਾਜਪਾ ਅਤੇ ਆਰ.ਐਸ.ਐਸ ਬੀਤੇ ਕੁਝ ਸਮੇਂ ਤੋਂ ਸਿੱਖ ਗੁਰੂ ਸਾਹਿਬਾਨ ਦੇ ਗੁਰਪੁਰਬ ਸਮਾਗਮ ਉਲੀਕ ਰਹੀ ਹੈ ਜਿਹਨਾਂ ਰਾਹੀਂ ਉਹ ਆਪਣੇ ਰਾਜਨੀਤਕ ਫਾਇਦੇ ਅਤੇ ਸਿੱਖੀ ਦੇ ਨਿਆਰੇਪਨ ਨੂੰ ਢਾਹ ਲਾਉਣ ਦੇ ਅਜੈਂਡੇ ਨੂੰ ਲਾਗੂ ਕਰਨਾ ਚਾਹੁੰਦੀ ਹੈ। ਸਿੱਖ ਸੰਗਤਾਂ ਵਲੋਂ ਅਜਿਹੇ ਪ੍ਰੋਗਰਾਮਾਂ ਦਾ ਵਿਰੋਧ ਵੀ ਕੀਤਾ ਜਾਂਦਾ ਰਿਹਾ ਹੈ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: