ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ » ਸਿੱਖ ਖਬਰਾਂ

ਬਰਗਾੜੀ ਬੇਅਦਬੀ ਕੇਸ: ਪੁਲਿਸ ਨੇ 2011 ਦੇ ਸਾੜ-ਫੂਕ ਕੇਸ ਵਿਚ 6 ਡੇਰਾ ਪ੍ਰੇਮੀਆਂ ਦਾ 4 ਦਿਨਾ ਰਿਮਾਂਡ ਲਿਆ

June 13, 2018 | By

ਮੋਗਾ: ਪੰਜਾਬ ਪੁਲਿਸ ਨੇ ਬੀਤੇ ਕਲ੍ਹ 6 ਡੇਰਾ ਸਿਰਸਾ ਪ੍ਰੇਮੀਆਂ ਨੂੰ 7 ਸਾਲ ਪੁਰਾਣੇ ਸਰਕਾਰੀ ਜਾਇਦਾਦ ਦੀ ਸਾੜ-ਫੂਕ ਦੇ ਕੇਸ ’ਚ ਮੋਗਾ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਬਿਕਰਮਜੀਤ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਗ੍ਰਿਫਤਾਰ ਕੀਤੇ 6 ਡੇਰਾ ਸਿਰਸਾ ਪ੍ਰੇਮੀਆਂ ਸੁਖਜਿੰਦਰ ਸਿੰਘ ਸੰਨੀ, ਬਲਜੀਤ ਸਿੰਘ, ਰਣਜੀਤ ਸਿੰਘ ਭੋਲਾ, ਨਿਸ਼ਾਨ ਸਿੰਘ, ਰਣਦੀਪ ਸਿੰਘ ਨੀਲਾ ਅਤੇ ਸ਼ਕਤੀ ਸਿੰਘ ਨੂੰ 16 ਜੂਨ ਤਕ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ।

ਸਿੱਖ ਸਿਆਸਤ ਨਿਊਜ਼ ਨੂੰ ਪ੍ਰਾਪਤ ਹੋਏ ਪੁਲਿਸ ਦਸਤਾਵੇਜਾਂ ਅਨੁਸਾਰ 7 ਮਾਰਚ, 2011 ਨੂੰ ਭਾਰਤੀ ਪੈਨਲ ਕੋਡ ਦੀ ਧਾਰਾ 283, 353, 386, 427, 323, 436, 148, 149 ਅਤੇ 120ਬੀ, ਪਬਲਿਕ ਪ੍ਰੋਪਰਟੀ ਕਾਨੂੰਨ 1984 ਦੀਆਂ ਧਾਰਾਵਾਂ ਅਤੇ ਅਸਲਾ ਕਾਨੂੰਨ ਦੀ ਧਾਰਾ 25, 27, 54, 59 ਅਧੀਨ ਦਰਜ ਕੀਤੀ ਗਈ ਐਫਆਈਆਰ ਨੰ. 33 ਦੇ ਸਬੰਧ ਵਿਚ ਉਪਰੋਕਤ ਡੇਰਾ ਪ੍ਰੇਮੀਆਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ।

ਇਹ ਕੇਸ ਕੋਟਕਪੂਰਾ ਵਿਖੇ ਦੇਰਾ ਸਿਰਸਾ ਪ੍ਰੇਮੀਆਂ ਵਲੋਂ ਪੀ.ਆਰ.ਟੀ.ਸੀ ਦੀ ਬੱਸ ਪੀਬੀ 11 ਐਨ- 0872 ਨੂੰ ਅੱਗ ਲਾਉਣ ਦੀ ਘਟਨਾ ਨਾਲ ਸਬੰਧਿਤ ਹੈ।

ਅਦਾਲਤ ਵਿਚ ਪੁਲਿਸ ਨੇ ਇਹ ਵੀ ਦਾਅਵਾ ਕੀਤਾ ਕਿ ਇਹ ਵਿਅਕਤੀ 1 ਜੂਨ, 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਅਤੇ 12 ਅਕਤੂਬਰ, 2015 ਨੂੰ ਬਰਗਾੜੀ ਵਿਖੇ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ ਵੀ ਜ਼ਿੰਮੇਵਾਰ ਹਨ।

ਇਸ ਦੌਰਾਨ ਜ਼ਿਲ੍ਹਾ ਪੁਲੀਸ ਮੁਖੀ ਰਾਜਜੀਤ ਸਿੰਘ ਹੁੰਦਲ ਨੇ ਮੀਡੀਆ ਨੂੰ ਦੱਸਿਆ ਕਿ ਇੱਥੇ ਥਾਣਾ ਸਿਟੀ ਵਿੱਚ 7 ਮਾਰਚ 2011 ਨੂੰ ਪਿੰਡ ਧੱਲੇਕੇ ਵਿੱਚ ਡੇਰਾ ਪ੍ਰੇਮੀਆਂ ਤੇ ਸਿੱਖਾਂ ਵਿਚਾਲੇ ਹੋਏ ਟਕਰਾਅ ਬਾਅਦ ਸਥਾਨਕ ਕੋਟਕਪੂਰਾ ਬਾਈਪਾਸ ਉੱਤੇ ਸੈਂਕੜਿਆਂ ਦੀ ਗਿਣਤੀ ਵਿੱਚ ਡੇਰਾ ਪ੍ਰੇਮੀਆਂ ਨੇ ਪੀਆਰਟੀਸੀ ਬਰਨਾਲਾ ਡਿਪੂ ਦੀ ਇਕ ਬੱਸ ਨੂੰ ਅੱਗ ਲਾ ਦਿੱਤੀ ਸੀ ਤੇ ਹੋਰਨਾਂ ਵਾਹਨਾਂ ਦੀ ਭੰਨਤੋੜ ਕੀਤੀ ਸੀ। ਇਸ ਮੌਕੇ ਡੇਰਾ ਪ੍ਰੇਮੀਆਂ ਨੇ ਲੁਧਿਆਣਾ-ਫਿਰੋਜ਼ਪੁਰ ਕੌਮੀ ਸ਼ਾਹਰਾਹ ’ਤੇ ਜਾਮ ਵੀ ਲਾਇਆ ਸੀ। ਪੁਲੀਸ ਨੇ ਮਾਮਲੇ ’ਚ ਵੱਖ ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਸੀ ਅਤੇ ਇਸ ਮਾਮਲੇ ਵਿੱਚ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਆਗੂ ਮਹਿੰਦਰ ਪਾਲ ਬਿੱਟੂ ਵਾਸੀ ਕੋਟਕਪੂਰਾ ਨੂੰ ਗ੍ਰਿਫ਼ਤਾਰ ਕੀਤਾ ਸੀ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: