ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ » ਸਿੱਖ ਖਬਰਾਂ

ਬਰਗਾੜੀ ਬੇਅਦਬੀ ਕਾਂਡ: ਪੁਲੀਸ ਵਲੋਂ ਜਾਂਚ ਨੂੰ ਅੰਤਿਮ ਛੋਹਾਂ ਦੇਣ ਦੀਆਂ ਕਨਸੋਆਂ

June 12, 2018 | By

ਕੋਟਕਪੂਰਾ: ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਵਿਖੇ 2015 ਵਿਚ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਐਸ.ਆਈ.ਟੀ ਵਲੋਂ ਆਪਣੀ ਤਫਤੀਸ਼ ਨੂੰ ਲਗਭਗ ਅੰਤਿਮ ਛੋਹ ਦੇ ਦਿੱਤੇ ਜਾਣ ਦੀਆਂ ਕਨਸੋਆਂ ਹਨ। ਵੱਖ-ਵੱਖ ਸੂਤਰਾਂ ਅਤੇ ਮੀਡੀਆ ਰਿਪੋਰਟਾਂ ਤੋਂ ਸਾਹਮਣੇ ਆਈ ਜਾਣਕਾਰੀ ਅਨੁਸਾਰ ਇਸ ਕੇਸ ਦੀਆਂ ਤਾਰਾਂ ਸਿੱਧੀਆਂ ਡੇਰਾ ਸਿਰਸਾ ਨਾਲ ਜਾ ਜੁੜੀਆਂ ਹਨ। ਹੁਣ ਤਕ ਦੀ ਪੁਲਿਸ ਜਾਂਚ ਤੋਂ ਇਹ ਹੀ ਸਪਸ਼ਟ ਹੋ ਰਿਹਾ ਹੈ ਕਿ ਡੇਰਾ ਸਿਰਸਾ ਦੀ ਸੂਬਾ ਕਮੇਟੀ ਦੇ ਮੈਂਬਰਾਂ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ।

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਖਿਲਾਫ ਕੋਟਕਪੂਰਾ ਚੌਂਕ ਵਿਚ ਸਿੱਖ ਸੰਗਤਾਂ ਵਲੋਂ ਦਿੱਤੇ ਧਰਨੇ ਦੀ ਪੁਰਾਣੀ ਤਸਵੀਰ

ਮੀਡੀਆ ਰਿਪੋਰਟਾਂ ਅਨੁਸਾਰ ਐਸ.ਆਈ.ਟੀ ਵੱਲੋਂ ਭਲਕੇ ਕਰੀਬ ਇੱਕ ਦਰਜਨ ਡੇਰਾ ਪੈਰੋਕਾਰਾਂ ਨੂੰ ਅਦਾਲਤ ’ਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਜਾਂਚ ਟੀਮ ਨੇ ਕਾਂਡ ਦੇ ਮੁੱਖ ਸਾਜਿਸ਼ਘਾੜੇ ਮਹਿੰਦਰਪਾਲ ਬਿੱਟੂ ਨੂੰ ਅੱਜ ਮੋਗਾ ਅਦਾਲਤ ਵਿੱਚ ਪੇਸ਼ ਕਰ ਦਿੱਤਾ ਹੈ। ਅਦਾਲਤ ਨੇ ਉਸਨੂੰ 5 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਿਆ ਹੈ। ਇਹ ਰਿਮਾਂਡ 2011 ਵਿਚ ਮੋਗਾ ਨਾਲ ਸਬੰਧਿਤ ਇਕ ਪੁਰਾਣੇ ਕੇਸ ਵਿਚ ਦਿੱਤਾ ਗਿਆ ਹੈ।

ਪੰਜਾਬੀ ਟ੍ਰਿਬਿਊਨ ਅਖਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਪੁਲੀਸ ਦੀ ਤਫ਼ਤੀਸ਼ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਗੁਰੂ ਘਰ ’ਚੋਂ ਚੋਰੀ ਕੀਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਡੇਰਾ ਸਿਰਸਾ ਦੀ ਗਿਆਰਾਂ ਮੈਂਬਰੀ ਟੀਮ ਵੱਲੋਂ ਨਸ਼ਟ ਕਰ ਦਿੱਤੇ ਗਏ ਜਾਪਦੇ ਹਨ। ਪੰਜਾਬ ਪੁਲੀਸ ਵੱਲੋਂ ਇਸ ਮਾਮਲੇ ਨੂੰ ਭਲਕੇ ਜਨਤਕ ਕੀਤੇ ਜਾਣ ਦੀ ਪੂਰੀ ਸੰਭਾਵਨਾ ਬਣ ਗਈ ਹੈ। ਰਿਪੋਰਟ ਅਨੁਸਾਰ ਡੇਰਾ ਸਿਰਸਾ ਦੀ ਗਿਆਰਾਂ ਮੈਂਬਰੀ ਟੀਮ ਨੂੰ ਮੋਗਾ ਜ਼ਿਲ੍ਹੇ ਦੀ ਅਦਾਲਤ ਵਿੱਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ ਅਤੇ ਉਥੇ ਦਰਜ ਇੱਕ ਪੁਰਾਣੇ ਕੇਸ ਵਿੱਚ ਉਨ੍ਹਾਂ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਜਾਵੇਗਾ। ਰਿਪੋਰਟ ਅਨੁਸਾਰ ਵਿਸ਼ੇਸ਼ ਜਾਂਚ ਟੀਮ ਨੇ ਬਰਗਾੜੀ ਕਾਂਡ ਵਿੱਚ ਕਰੀਬ 12 ਡੇਰਾ ਪੈਰੋਕਾਰਾਂ ਦੀ ਸ਼ਨਾਖ਼ਤ ਕਰ ਲਈ ਹੈ ਜੋ ਬਲਾਕ ਕੋਟਕਪੂਰਾ ਨਾਲ ਸਬੰਧਤ ਹਨ।

ਉੱਥੇ ਹਿੰਦੁਸਤਾਨ ਟਾਈਮਜ਼ ਅਖਬਾਰ ਦੀ ਰਿਪੋਰਟ ਅਨੁਸਾਰ ਪੁਲਿਸ ਸੂਤਰਾਂ ਨੇ ਦੱਸਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਚੋਰੀ ਕੀਤੇ ਗਏ ਸਰੂਪ ਦੇ ਕੁਝ ਅੰਗ ਸ਼ਕਤੀ ਸਿੰਘ ਨਾਮੀਂ ਡੇਰਾ ਪ੍ਰੇਮੀ ਦੀ ਘਰੋਂ ਬਰਾਮਦ ਕਰ ਲਏ ਗਏ ਹਨ।

ਪੰਜਾਬੀ ਟ੍ਰਿਬਿਊਨ ਅਖਬਾਰ ਦੀ ਰਿਪਰੋਟ ਅਨੁਸਾਰ ਪੁਲੀਸ ਪੁੱਛ ਪੜਤਾਲ ’ਚ ਸਾਹਮਣੇ ਆਇਆ ਹੈ ਕਿ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਮਹਿੰਦਰਪਾਲ ਬਿੱਟੂ ਉਰਫ਼ ਬਿੱਟੂ ਬਾਈ ਨੇ ਇੱਕ ਮੁਤਵਾਜ਼ੀ ਜਥੇਦਾਰ ਦੀ ਅੜ ਭੰਨਣ ਲਈ ਇਹ ਯੋਜਨਾ ਉਲੀਕੀ ਸੀ। ਪੁੱਛ ਪੜਤਾਲ ਅਨੁਸਾਰ ‘ਬਿੱਟੂ ਬਾਈ’ ਨੇ ਆਪਣੇ ਨੇੜਲਿਆਂ ਦੀ ਟੀਮ ਤਿਆਰ ਕੀਤੀ ਅਤੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ’ਚੋਂ ਸਰੂਪ ਚੋਰੀ ਕਰਨ ਤੋਂ ਪਹਿਲਾਂ ਤਿੰਨ-ਚਾਰ ਪਿੰਡਾਂ ਦੇ ਗੁਰੂ ਘਰਾਂ ਵਿੱਚ ਰੇਕੀ ਕੀਤੀ। ਅਖੀਰ ਦੋ ਮੋਟਰਸਾਈਕਲ ਸਵਾਰਾਂ ਨੇ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ’ਚੋਂ ਸਰੂਪ ਚੋਰੀ ਕੀਤਾ। ਸੂਤਰਾਂ ਅਨੁਸਾਰ ਚੋਰੀ ਕੀਤੇ ਸਰੂਪ ਦੇ ਅੱਧੇ ਅੰਗ ਖਿਲਾਰਨ ਲਈ ਸ਼ਨੀ ਅਤੇ ਸ਼ਕਤੀ ਦੀ ਡਿਊਟੀ ਲਗਾਈ ਗਈ। ਇੱਕ ਮਹਿਲਾ ਪੁਲੀਸ ਮੁਲਾਜ਼ਮ ਦੇ ਪਤੀ ਨੇ ਪੋਸਟਰ ਲਿਖੇ ਅਤੇ ਬਰਗਾੜੀ ਵਿੱਚ ਰਾਤੋਂ ਰਾਤ ਲਗਾ ਦਿੱਤੇ।

ਰਿਪੋਰਟ ਅਨੁਸਾਰ ਇਸ ਮਗਰੋਂ ਬਾਕੀ ਪ੍ਰੇਮੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਗ ਵੰਡ ਦਿੱਤੇ ਗਏ। ਪੁਲੀਸ ਦੀ ਥਿਊਰੀ ਹੈ ਕਿ ਇਹ ਪੱਤਰੇ ਨਸ਼ਟ ਕਰ ਦਿੱਤੇ ਗਏ ਹਨ ਕਿਉਂਕਿ ਪੁਲੀਸ ਨੂੰ ਕਿਤੋਂ ਵੀ ਸਰੂਪ ਬਰਾਮਦ ਨਹੀਂ ਹੋ ਸਕੇ ਹਨ। ਸੂਤਰ ਦੱਸਦੇ ਹਨ ਕਿ ਸੀਬੀਆਈ ਟੀਮ ਵੱਲੋਂ ਬਾਜਾਖਾਨਾ ਵਿੱਚ ਦਰਜ ਕੇਸਾਂ ਦੀ ਜਾਂਚ ਕੀਤੀ ਜਾ ਰਹੀ ਹੈ। ਵਿਸ਼ੇਸ਼ ਜਾਂਚ ਟੀਮ ਦੀ ਜਾਂਚ ਮੁਕੰਮਲ ਹੋਣ ਮਗਰੋਂ ਇਨ੍ਹਾਂ ਡੇਰਾ ਪੈਰੋਕਾਰਾਂ ਨੂੰ ਸੀਬੀਆਈ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਜਾਵੇਗੀ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: