ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ » ਸਿੱਖ ਖਬਰਾਂ

ਬਰਗਾੜੀ ਮੋਰਚਾ: ਕੈਪਟਨ ਸਰਕਾਰ ਵਲੋਂ ਕੁਝ ਮੰਗਾਂ ਮੰਨਣ ਵੱਲ ਕਦਮ ਚੁੱਕਣ ਦੇ ਇਸ਼ਾਰੇ

June 14, 2018 | By

ਚੰਡੀਗੜ੍ਹ: ਬਰਗਾੜੀ ਵਿਖੇ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ਵਿਚ ਸਿੱਖ ਜਥੇਬੰਦੀਆਂ ਵਲੋਂ ਲਾਏ ਮੋਰਚੇ ਦੀਆਂ ਕੁਝ ਮੰਗਾਂ ਮੰਨਣ ਵੱਲ ਪੰਜਾਬ ਸਰਕਾਰ ਨੇ ਪੈਰ ਪੁੱਟੇ ਹਨ, ਜਿਸ ਦੇ ਚਲਦਿਆਂ ਰਾਜਸਥਾਨ ਦੀ ਜੇਲ੍ਹ ਵਿੱਚ ਬੰਦ ਸਿੱਖ ਸਿਆਸੀ ਕੈਦੀ ਭਾਈ ਹਰਨੇਕ ਸਿੰਘ ਭੱਪ ਨੂੰ ਪੰਜਾਬ ਲਿਆਉਣ ਲਈ ਪੰਜਾਬ ਸਰਕਾਰ ਨੇ ਰਾਜਸਥਾਨ ਸਰਕਾਰ ਨੂੰ ਚਿੱਠੀ ਭੇਜੀ ਹੈ। ਇਸ ਦੇ ਨਾਲ ਹੀ ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਨੂੰ ਰਿਹਾਅ ਕਰਨ ਲਈ ਪੈਰੋਲ ਬੋਰਡ ਬਣਾਉਣ ਦਾ ਭਰੋਸਾ ਵੀ ਦਿੱਤਾ ਹੈ। ਪੰਜਾਬ ਸਰਕਾਰ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਬਰਗਾੜੀ ਅਤੇ ਬਹਿਬਲ ਕਾਂਡ ਬਾਰੇ ਜਾਂਚ ਜਲਦੀ ਮੁਕੰਮਲ ਕਰ ਕੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ।

ਸੂਤਰਾਂ ਦੇ ਹਵਾਲੇ ਨਾਲ ਲੱਗੀਆਂ ਅਖਬਾਰੀ ਖ਼ਬਰਾਂ ਮੁਤਾਬਿਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਈ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਹੇਠ ਆਏ ਵਫ਼ਦ ਨਾਲ ਮੁਲਾਕਾਤ ਦੌਰਾਨ ਭਰੋਸਾ ਦਿੱਤਾ ਸੀ ਕਿ ਰਾਜ ਸਰਕਾਰ ਹੋਰਨਾਂ ਸੂਬਿਆਂ ਦੀਆਂ ਜੇਲ੍ਹਾਂ ਵਿਚ ਸਜ਼ਾਵਾਂ ਕੱਟ ਰਹੇ ਕੈਦੀਆਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿੱਚ ਲਿਆਏਗੀ। ਇਸੇ ਲੜੀ ਵਿਚ ਕੈਪਟਨ ਸਰਕਾਰ ਨੇ ਰਾਜਸਥਾਨ ਸਰਕਾਰ ਨੂੰ ਚਿੱਠੀ ਭੇਜੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਸਜ਼ਾਯਾਫਤਾ ਸਿੱਖ ਸਿਆਸੀ ਕੈਦੀ ਭਾਈ ਹਰਨੇਕ ਸਿੰਘ ਭੱਪ ਨੂੰ ਪੰਜਾਬ ਭੇਜਿਆ ਜਾਵੇ। ਰਾਜਸਥਾਨ ਸਰਕਾਰ ਵੱਲੋਂ ਭਾਈ ਭੱਪ ਨੂੰ ਪੰਜਾਬ ਭੇਜੇ ਜਾਣ ਦੀ ਵੱਡੀ ਸੰਭਾਵਨਾ ਹੈ।
ਵਫਦ ਨੇ ਪੰਜਾਬ ਸਰਕਾਰ ਨੂੰ 20 ਸਿੱਖ ਸਿਆਸੀ ਕੈਦੀਆਂ ਦੀ ਸੂਚੀ ਦਿੱਤੀ ਸੀ ਜਿਨ੍ਹਾਂ ਨੂੰ ਪੈਰੋਲ ’ਤੇ ਰਿਹਾਅ ਕੀਤਾ ਜਾਣਾ ਹੈ। ਇਨ੍ਹਾਂ ਵਿੱਚੋਂ ਛੇ ਸਿੱਖ ਸਿਆਸੀ ਕੈਦੀ ਦਿੱਲੀ, ਯੂ.ਪੀ. ਅਤੇ ਰਾਜਸਥਾਨ ਅਤੇ 14 ਪੰਜਾਬ ਦੀਆਂ ਜੇਲ੍ਹਾਂ ਵਿੱਚ ਨਜ਼ਰਬੰਦ ਹਨ। ਜਾਣਕਾਰੀ ਅਨੁਸਾਰ ਸਰਕਾਰ ਨੇ ਇਸ ਚਿੱਠੀ ਬਾਰੇ ਮੋਰਚੇ ਦੀ ਅਗਵਾਈ ਕਰ ਰਹੇ ਭਾਈ ਧਿਆਨ ਸਿੰਘ ਮੰਡ ਦੇ ਦੋ ਕਰੀਬੀ ਵਕੀਲਾਂ ਨੂੰ ਦੱਸ ਦਿੱਤਾ ਹੈ। ਇਸ ਦੇ ਨਾਲ ਹੀ ਭਾਈ ਮੰਡ ਨੂੰ ਮੋਰਚਾ ਸਮਾਪਤ ਕਰਨ ਦਾ ਸੁਝਾਅ ਦਿੱਤਾ ਗਿਆ ਹੈ।

ਇਸ ਦੇ ਨਾਲ ਹੀ ਕੈਪਟਨ ਸਰਕਾਰ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਲੇਖਾ (ਰਿਪੋਰਟ) ਇਕ ਮਹੀਨੇ ਵਿੱਚ ਦੇਣ ਦਾ ਵਾਅਦਾ ਕੀਤਾ ਸੀ ਤੇ ਇਹ ਲੇਖਾ (ਰਿਪੋਰਟ) ਲਗਪਗ ਤਿਆਰ ਹੋ ਚੁੱਕਾ ਹੈ ਪਰ ਹੁਣ ਕੁਝ ਨਵੇਂ ਤੱਥ ਸਾਹਮਣੇ ਆਏ ਹਨ ਤੇ ਇਨ੍ਹਾਂ ਨੂੰ ਰਿਪੋਰਟ ਵਿੱਚ ਸ਼ਾਮਲ ਕੀਤਾ ਜਾਣਾ ਬਾਕੀ ਹੈ।

ਜਿਕਰਯੋਗ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਅਪ੍ਰੈਲ 2017 ਵਿਚ ਬਣਾਇਆ ਗਿਆ ਸੀ। ਇਸਨੇ 6 ਮਹੀਨੇ ਵਿਚ ਆਪਣਾ ਲੇਖਾ ਦੇਣਾ ਸੀ ਪਰ ਹੁਣ ਤਕ ਇਹ ਆਪਣਾ ਲੇਖਾ ਜਮ੍ਹਾ ਨਹੀਂ ਕਰਵਾ ਸਕਿਆ ਹੈ।

ਵਫਦ ਨੇ ਜਿਨ੍ਹਾਂ ਸਿੱਖ ਸਿਆਸੀ ਕੈਦੀਆਂ ਨੂੰ ਪੈਰੋਲ ’ਤੇ ਰਿਹਾਅ ਕਰਨ ਦੀ ਮੰਗ ਕੀਤੀ ਹੈ, ਉਨ੍ਹਾਂ ਵਿੱਚ ਉਮਰ ਕੈਦ ਦੀਆਂ ਸਜ਼ਾਵਾਂ ਕੱਟ ਰਹੇ ਭਾਈ ਲਾਲ ਸਿੰਘ, ਭਾਈ ਦਿਲਬਾਗ ਸਿੰਘ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ, ਭਾਈ ਗੁਰਦੀਪ ਸਿੰਘ ਖੇੜਾ, ਭਾਈ ਦਯਾ ਸਿੰਘ ਲਾਹੋਰੀਆ, ਭਾਈ ਲਖਵਿੰਦਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਸ਼ਮਸ਼ੇਰ ਸਿੰਘ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਸੁਭੇਗ ਸਿੰਘ, ਭਾਈ ਨੰਦ ਸਿੰਘ, ਬਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਹਰਨੇਕ ਸਿੰਘ ਭੱਪ, ਭਾਈ ਜਗਤਾਰ ਸਿੰਘ ਤਾਰਾ, ਭਾਈ ਸੁਰਿੰਦਰ ਸਿੰਘ ਸ਼ਿੰਦਾ, ਭਾਈ ਦਿਆਲ ਸਿੰਘ, ਭਾਈ ਸੁੱਚਾ ਸਿੰਘ, ਭਾਈ ਬਲਬੀਰ ਸਿੰਘ ਉਰਫ ਬੀਰਾ ਸ਼ਾਮਲ ਹਨ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: