ਖਾਸ ਖਬਰਾਂ » ਸਿੱਖ ਖਬਰਾਂ

ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਗਲਤ ਪੇਸ਼ਕਾਰੀ ਇਤਰਾਜ਼ ਯੋਗ: ਸਿੱਖ ਚਿੰਤਕ

June 12, 2018 | By

ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਲੋਹਗੜ੍ਹ-ਸ਼ਾਹਬਾਦ ਸੜਕ ਦਾ ਨਾਮ “ਬਾਬਾ ਬੰਦਾ ਬੈਰਾਗੀ” ਰੱਖਣ ਦੇ ਐਲਾਨ ਨਾਲ ਸਿੱਖ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਦੀ ਜਾਣਬੁਝ ਕੇ ਕੀਤੀ ਜਾ ਰਹੀ ਗੈਰਸਿੱਖ ਪੇਸ਼ਕਾਰੀ ‘ਤੇ ਸਿੱਖ ਵਿਚਾਰ ਮੰਚ ਦੇ ਚਿੰਤਕਾਂ ਨੇ ਭਾਰੀ ਇਤਰਾਜ ਕੀਤਾ ਹੈ। ਇਕ ਸਾਂਝੇ ਬਿਆਨ ਵਿਚ ਸਿੱਖ ਚਿੰਤਕਾਂ ਨੇ ਕਿਹਾ ਕਿ ਹਰਿਆਣੇ ਦੀ ਭਾਜਪਾ ਸਰਕਾਰ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਇਸ ਮਹਾਨ ਸਿੱਖ ਜਰਨੈਲ ਨੂੰ ਸੰਘ ਪ੍ਰਵਾਰ ਦੀ ਝੋਲੀ ਵਿਚ ਪਾਉਣ ਲਈ ਯਤਨਸ਼ੀਲ ਹੈ। ਖੱਟੜ ਸਰਕਾਰ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਦੇ ਨਾਂ ਹੇਠ ਕੀਤੇ ਜਾ ਰਹੇ ਕਾਰਜਾਂ ਦੀ ਅਲੋਚਨਾ ਕਰਦੇ ਹੋਏ ਸਿੱਖ ਚਿੰਤਕਾਂ ਨੇ ਕਿਹਾ ਕਿ ਇਸ ਮਹਾਨ ਸਿੱਖ ਜਰਨੈਲ ਨੂੰ ਸ਼ਹੀਦੀ ਉਪਰੰਤ ਹਿੰਦੂ ਸਮਾਜ ਦੇ ਬੈਰਾਗੀ ਵਰਗ ਤੀਕ ਸੀਮਤ ਕਰਨ ਦੀ ਪੇਸ਼ਕਾਰੀ ਦੇ ਯਤਨ ਬਰਦਾਸ਼ਤ ਨਹੀਂ ਕੀਤੇ ਜਾਣਗੇ।

ਅਠਾਰਵੀਂ ਸਦੀ ਦੇ ਇਤਿਹਾਸ ਵਿਚ ਪੁਖਤਾ ਤੱਥ ਹਨ ਕਿ ਉਦਾਸੀ ਪਰੰਪਰਾਂ ਨਾਲ ਸਬੰਧਿਤ ਬੰਦਾ ਬੈਰਾਗੀ ਗੁਰੁ ਗੋਬਿੰਦ ਸਿੰਘ ਤੋਂ ਖੰਡੇ ਬਾਟੇ ਦੀ ਪਾਹੁਲ ਛੱਕ ਕੇ ਖਾਲਸਾ ਪੰਥ ਵਿਚ ਸ਼ਾਮਿਲ ਹੋ ਗਏ ਸੀ ਅਤੇ ਦਸ਼ਮੇਸ ਪਿਤਾ ਦੇ ਆਦੇਸ਼ ਨਾਲ ਪੰਜਾ ਪਿਆਰਿਆਂ ਦੀ ਸ੍ਰਪਰਸਤੀ ਵਿਚ ਦੱਖਣ ਤੋਂ ਪੰਜਾਬ ਆਏ ਸੀ। ਖਾਲਸਾ ਪੰਥ ਦੇ ਜਰਨੈਲ ਵਜੋਂ ਜੰਗ ਦੀ ਅਗਵਾਈ ਕਰਦਿਆਂ ਬੰਦਾ ਸਿੰਘ ਬਹਾਦਰ ਨੇ ਮੁਗਲ ਹਕੂਮਤ ਦਾ ਖਾਤਮਾ ਕਰਕੇ ਖਾਲਸਾ ਰਾਜ ਦੀ ਲੋਹਗੜ੍ਹ ਵਿਚ ਰਾਜਧਾਨੀ ਸਥਾਪਤ ਕੀਤੀ ਤੇ ਗੁਰੁ ਨਾਨਕ ਦੇ ਨਾਮ ਹੇਠ ਸਿੱਕੇ ਜਾਰੀ ਕੀਤੇ ਸਨ। ਬਾਬਾ ਬੰਦਾ ਸਿੰਘ ਬਹਾਦਰ ਮੁਗਲ ਹਕੂਮਤ ਖਿਲਾਫ ਜੰਗ ਵਿਚ ਆਪਣੇ 700 ਦੇ ਕਰੀਬ ਸਿੱਖ ਸਾਥੀਆਂ ਨਾਲ ਆਪਣੇ ਸਪੁੱਤਰ ਬਾਬਾ ਅਜੈ ਸਿੰਘ ਸਮੇਤ ਸ਼ਹੀਦ ਹੋਏ। ਇਤਿਹਾਸਕ ਤੱਥਾਂ ਅਨੁਸਾਰ ਇਸ ਸਮੇਂ ਦੌਰਾਨ ਸਿੱਖ ਵਿਰੋਧ ਮੁਹਿੰਮ ਦਾ ਸਾਰਾ ਖਰਚਾ ਹਿੰਦੂ ਰਾਜਿਆਂ ਨੇ ਦਿਲੀ ਸਰਕਾਰ ਨੂੰ ਭੇਟ ਕੀਤਾ ਸੀ ਅਤੇ ਇਸ ਦੇ ਉਲਟ 500 ਮੁਸਲਮਾਨਾਂ ਨੇ ਜੰਗ ਵਿਚ ਬਾਬਾ ਬੰਦਾ ਸਿੰਘ ਦਾ ਸਾਥ ਦਿਤਾ ਸੀ।

ਭਾਜਪਾ ਸਰਕਾਰ ਵਲੋਂ ਸਿੱਖ ਘੱਟ ਗਿਣਤੀ ਦੇ ਮਾਣਮੱਤੇ ਇਤਿਹਾਸ ਨੂੰ ਆਪਣੇ ਸੌੜੇ ਹਿੰਦੁਤਵੀ ਸਿਆਸੀ ਹਿਤਾਂ ਦੀ ਪੂਰਤੀ ਲਈ ਵਿਗਾੜਕੇ ਪੇਸ਼ ਕਰਨਾ ਇਕ ਘਨਾਉਣੀ ਕਾਰਵਾਈ ਹੈ ਜੋ ਸੰਘ ਪਰਿਵਾਰ ਦੀ ਸਭਿਆਚਾਰਕ ਕੰਗਾਲੀ ਦਾ ਪ੍ਰਤੀਕ ਹੈ। ਇਸ ਬਿਆਨ ਨੂੰ ਜਾਰੀ ਕਰਨ ਲਈ ਸ.ਗੁਰਤੇਜ ਸਿੰਘ, ਡਾ.ਗਰਦਸ਼ਨ ਸਿੰਘ ਢਿਲੋਂ, ਸੁਖਦੇਵ ਸਿੰਘ ਸਿਧੂ, ਜਸਪਾਲ ਸਿੰਘ ਸਿੱਧੂ, ਅਮਰ ਸਿੰਘ ਚਾਹਲ ਸ਼ਮਿਲ ਹੋਏ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: