ਖਾਸ ਖਬਰਾਂ » ਸਿੱਖ ਖਬਰਾਂ

ਗੁਰੂ ਰਾਮਦਾਸ ਲੰਗਰ ਦੀ ਇਮਾਰਤ ਦੀ ਕਾਰਸੇਵਾ ਸ਼ੁਰੂ; ਗੋਲਕ ਦੇ ਕਰੋੜਾਂ ਰੁਪਏ ਖਾ ਕੇ ਵੀ ਅਧੂਰੀ ਹੀ ਰਹੀ ਇਮਾਰਤ

June 24, 2018 | By

ਅੰਮ੍ਰਿਤਸਰ, (ਨਰਿੰਦਰ ਪਾਲ ਸਿੰਘ): ਸ੍ਰੀ ਦਰਬਾਰ ਸਾਹਿਬ ਸਥਿਤ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਦੀ ਵਿਸਥਾਰ ਕੀਤੀ ਇਮਾਰਤ ਦੀ ਬਾਹਰੀ ਦਿੱਖ ਦਾ ਕੰਮ ਕਾਰਸੇਵਾ ਵਾਲੇ ਬਾਬਿਆਂ ਨੂੰ ਸੌਂਪਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੁੱਦ ਦੁਵਿਧਾ ਵਿੱਚ ਹੈ ਕਿ ਉਸਦਾ ਪਹਿਲਾ ਉਸਾਰੀ ਵਾਲਾ ਕੰਮ ਠੇਕੇ ਤੇ ਕਰਾਉਣ ਦਾ ਫੈਸਲਾ ਸਹੀ ਸੀ ਜਾਂ ਹੁਣ ਬਾਹਰ ਦਿੱਖ ਦੇ ਨਾਮ ਤੇ ਉਸੇ ਇਮਾਰਤ ਨੂੰ ਮੁਕੰਮਲ ਕਰਨ ਦਾ ਕੰਮ ਕਾਰਸੇਵਾ ਰਾਹੀਂ ਕਰਾਉਣ ਦਾ ਫੈਸਲਾ। ਦਰਬਾਰ ਸਾਹਿਬ ਕੰਪਲੈਕਸ ਸਥਿਤ ਲੰਗਰ ਗੁਰੂ ਰਾਮਦਾਸ ਦੀ ਇਮਾਰਤ ਦੇ ਵਿਸਥਾਰ ਦੀ ਆਰੰਭਤਾ ਤੇ ਮੁਕੰਮਲ ਹੋਣ ਲਈ ਪਿਛਲੇ 7 ਸਾਲਾਂ ਦੌਰਾਨ ਦੋ ਵੱਖ ਵੱਖ ਸਮਾਗਮ ਵੀ ਚਰਚਾ ਦਾ ਵਿਸ਼ਾ ਹਨ।

ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤਾਂ ਦੀ ਵੱਧ ਰਹੀ ਆਮਦ ਦੇ ਮੱਦੇਨਜਰ ਲੰਗਰ ਸ੍ਰੀ ਗੁਰੂ ਰਾਮਦਾਸ ਦੀ ਇਮਾਰਤ ਦੇ ਵਿਸਥਾਰ ਦੀ ਕੀਤੀ ਸ਼ੁਰੂਆਤ ਦੀ ਗਲ ਕੀਤੀ ਜਾਏ ਤਾਂ 11ਜੁਲਾਈ 2011 ਨੂੰ ਇਸ ਕਾਰਜ ਦੀ ਆਰੰਭਤਾ ਤਾਂ ਪੰਜ ਪਿਆਰੇ ਸਿੰਘਾਂ ਪਾਸੋਂ ਅਰਦਾਸ ਉਪਰੰਤ ਕੀਤੀ ਗਈ ਪਰ ਅਸਲੀਅਤ ਵਿੱਚ ਇਹ ਸਾਰਾ ਕਾਰਜ ਇੱਕ ਨਿੱਜੀ ਫਰਮ ਨੂੰ ਦਿੱਤਾ ਗਿਆ। ਲੰਗਰ ਇਮਾਰਤ ਦੇ ਵਿਸਥਾਰ ਲਈ ਲਗਾਏ ਗਏ ਨੀਂਹ ਪੱਥਰ ਉਪਰ ਇਹ ਸ਼ਬਦ ਸਾਫ ਅੰਕਿਤ ਹਨ ਕਿ “ਲੰਗਰ ਦੀ ਅਧੁਨਿਕ ਇਮਾਰਤ ਦਾ ਨੀਂਹ ਪੱਥਰ ਪੰਜ ਪਿਆਰਿਆਂ ਦੁਆਰਾ ਗੁਰੂ ਘਰ ਦੇ ਅਨਿਨ ਸੇਵਕ ਪਰਕਾਸ਼ ਸਿੰਘ ਬਾਦਲ ਮੁਖ ਮੰਤਰੀ ਦੀ ਭਾਵਨਾ ਅਨੁਸਾਰ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਸੁਹਿਰਦ ਯਤਨਾਂ ਸਦਕਾ ਰੱਖਿਆ ਗਿਆ”।

ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕਮੇਟੀ ਦੇ ਨਵੰਬਰ 2016 ਤੀਕ ਸੀਨੀਅਰ ਮੀਤ ਪ੍ਰਧਾਨ ਰਘੁਜੀਤ ਸਿੰਘ ਵਿਰਕ ਦੀ ਨਿਗਰਾਨੀ ਹੇਠ ਲੰਗਰ ਦੀ ਇਮਾਰਤ ਦਾ ਕੰਮ ਸਾਲ 2016 ਤੀਕ ਮੁਕੰਮਲ ਨਾ ਹੋ ਸਕਿਆ।ਸਾਲ 2016-17 ਦਾ ਇੱਕ ਸਾਲਾ ਸਮਾਂ ਪ੍ਰੋ:ਕਿਰਪਾਲ ਸਿੰਘ ਬਡੂੰਗਰ ਵੀ ਪ੍ਰਧਾਨ ਰਹੇ ਪਰ ਇਮਾਰਤ ਦੀ ਉਸਾਰੀ ਦੇ ਕੰਮ ਉੱਥੇ ਹੀ ਰੁਕਿਆ ਰਿਹਾ।

ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਵਲੋਂ ਨਵੰਬਰ 2017 ਵਿੱਚ ਅਹੁਦਾ ਸੰਭਾਲਣ ਦੇ 7 ਮਹੀਨੇ ਬਾਅਦ ਅਚਨਚੇਤ ਹੀ ਲੰਗਰ ਇਮਾਰਤ ਦੀ ਬਾਹਰੀ ਦਿੱਖ ਸਵਾਰਨ ਦੇ ਨਾਮ ਹੇਠ ਇਹ ਕਾਰਸੇਵਾ ਬਾਬਾ ਬਚਨ ਸਿੰਘ ਅਤੇ ਬਾਬਾ ਮਹਿੰਦਰ ਸਿੰਘ ਦਿੱਲੀ ਵਾਲਿਆਂ ਨੂੰ ਸੌਪ ਦਿੱਤੀ ਗਈ ਹੈ। ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਇਸ ਸਵਾਲ ਦਾ ਜਵਾਬ ਟਾਲ ਗਏ ਕਿ ਕਿ ਇਮਾਰਤ ਦੀ ਉਸਾਰੀ ਦਾ ਕੰਮ ਗੁਰੂ ਦੀ ਗੋਲਕ ਦੇ ਕਰੋੜਾਂ ਰੁਪਏ ਖਰਚ ਕੇ ਕਰਵਾਉਣ ਦਾ ਫੈਸਲਾ ਸਹੀ ਸੀ ਜਾਂ ਹੁਣ ਸਿੱਧਾ ਕਾਰਸੇਵਾ ਰਾਹੀ ਕਰਵਾਉਣ ਦਾ। ਉਨ੍ਹਾਂ ਇਹ ਜਰੂਰ ਕਿਹਾ ਹੈ ਕਿ “ਮੇਰੀ ਇੱਛਾ ਹੈ ਕਿ ਗੁਰੂ ਘਰਾਂ ਦੀਆਂ ਉਸਾਰੀਆਂ ਆਦਿ ਦੇ ਕਾਰਜ ਕਾਰਸੇਵਾ ਸੰਸਥਾਵਾਂ ਕੋਲੋਂ ਹੀ ਕਰਵਾਏ ਜਾਣ”।

ਇਸ ਤੋਂ ਪਹਿਲਾਂ ਕਾਰ ਸੇਵਾ ਦੀ ਆਰੰਭਤਾ ਸ੍ਰੀ ਦਰਬਾਰ ਸਾਹਿਬ ਦੇ ਅਰਦਾਸੀਆ ਭਾਈ ਰਾਜਦੀਪ ਸਿੰਘ ਵਲੋਂ ਕੀਤੀ ਅਰਦਾਸ ਨਾਲ ਹੋਈ। ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਗਿਆਨੀ ਗੁਰਬਚਨ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਬਾਬਾ ਬਚਨ ਸਿੰਘ ਤੇ ਬਾਬਾ ਮਹਿੰਦਰ ਸਿੰਘ ਦਿੱਲੀ ਵਾਲੇ, ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਖ਼ਾਲਸਾ, ਅੰਤ੍ਰਿੰਗ ਕਮੇਟੀ ਮੈਂਬਰ ਸ. ਭਗਵੰਤ ਸਿੰਘ ਸਿਆਲਕਾ, ਮੈਂਬਰ ਸ਼੍ਰੋਮਣੀ ਕਮੇਟੀ ਭਾਈ ਮਨਜੀਤ ਸਿੰਘ, ਭਾਈ ਅਜਾਇਬ ਸਿੰਘ ਅਭਿਆਸੀ, ਸ. ਹਰਜਤਿੰਦਰ ਸਿੰਘ ਬਾਜਵਾ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਮਨਜੀਤ ਸਿੰਘ ਬਾਠ, ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਸ. ਜਗਜੀਤ ਸਿੰਘ ਜੱਗੀ, ਸ. ਬਿਜੈ ਸਿੰਘ, ਸ. ਪ੍ਰਤਾਪ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਜਸਵਿੰਦਰ ਸਿੰਘ ਦੀਨਪੁਰ, ਸ. ਦਰਸ਼ਨ ਸਿੰਘ ਲੌਂਗੋਵਾਲ ਪੀ.ਏ., ਸ. ਸਤਨਾਮ ਸਿੰਘ ਸੁਪ੍ਰਿੰਟੈਂਡੈਂਟ, ਸ. ਮਲਕੀਤ ਸਿੰਘ ਬਹਿੜਵਾਲ, ਵਧੀਕ ਮੈਨੇਜਰ ਸ. ਰਾਜਿੰਦਰ ਸਿੰਘ ਰੂਬੀ, ਸ. ਹਰਪ੍ਰੀਤ ਸਿੰਘ, ਸ. ਸੁਖਜਿੰਦਰ ਸਿੰਘ ਐਸ.ਡੀ.ਓ. ਹਾਜਰ ਸਨ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: