ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ » ਸਿੱਖ ਖਬਰਾਂ

ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਬਰਗਾੜੀ ਮੋਰਚੇ ਵਿਚ ਪਹੁੰਚ ਕੇ ਸਿੱਖ ਆਗੂਆਂ ਨਾਲ ਮੁਲਾਕਾਤ ਕੀਤੀ

July 10, 2018 | By

ਕੋਟਕਪੂਰਾ: ਬਰਗਾੜੀ ਵਿੱਚ ਚੱਲ ਰਹੇ ‘ਇਨਸਾਫ਼ ਮੋਰਚਾ’ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਪਹੁੰਚ ਕੇ ਮੋਰਚੇ ਦੇ ਆਗੂਆਂ ਨਾਲ ਗੱਲਬਾਤ ਕੀਤੀ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਉਂਦੇ ਦਿਨਾਂ ਵਿੱਚ ਮੋਰਚੇ ਵਾਲੀ ਥਾਂ ਪੁੱਜ ਕੇ ਮੰਗਾਂ ਬਾਰੇ ਕੋਈ ਵੱਡਾ ਐਲਾਨ ਕਰ ਸਕਦੇ ਹਨ।

ਬਾਜਵਾ, ਮੋਰਚਾ ਸਥਾਨ ’ਤੇ ਭਾਈ ਧਿਆਨ ਸਿੰਘ ਮੰਡ ਅਤੇ ਸਾਥੀਆਂ ਨੂੰ ਮਿਲੇ। ਇੱਥੇ ਉਹ ਤਕਰੀਬਨ ਅੱਠ ਕੁ ਮਿੰਟ ਬੈਠੇ। ਫਿਰ ਉਨ੍ਹਾਂ ਮੋਰਚੇ ਦੇ ਆਗੂਆਂ ਨਾਲ ਇਕ ਪੁਲੀਸ ਅਧਿਕਾਰੀ ਦੇ ਘਰ ਬੈਠ ਕੇ ਬੰਦ ਕਮਰਾ ਮੀਟਿੰਗ ਕੀਤੀ। ਗੱਲਬਾਤ ਸਮੇਂ ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਅਮਰੀਕ ਸਿੰਘ ਅਜਨਾਲਾ, ਅਕਾਲੀ ਦਲ (ਅ) ਦੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਗੁਰਦੀਪ ਸਿੰਘ ਬਠਿੰਡਾ, ਬੂਟਾ ਸਿੰਘ ਰਣਸੀਂਹ ਕੇ ਤੇ ਬਾਬਾ ਫ਼ੌਜਾ ਸਿੰਘ ਕੋਟ ਦੁੱਲਾ ਸ਼ਾਮਲ ਸਨ। ਇਸ ਤੋਂ ਇਲਾਵਾ ਭਾਈ ਮੰਡ ਨੇ ਗੱਡੀ ਵਿੱਚ ਬੈਠ ਕੇ ਕਰੀਬ ਦਸ ਮਿੰਟ ਬਾਜਵਾ ਨਾਲ ਗੱਲਬਾਤ ਕੀਤੀ।

ਮੀਟਿੰਗ ਪਿੱਛੋਂ ਮੀਡੀਆ ਨਾਲ ਸੰਖੇਪ ਮਿਲਣੀ ਵਿੱਚ ਬਾਜਵਾ ਨੇ ਅੱਜ ਦੀ ਮੁਲਾਕਾਤ ਨੂੰ ਸਾਰਥਕ ਦੱਸਿਆ। ਉਨ੍ਹਾਂ ਕਿਹਾ ਕਿ ਮੀਟਿੰਗ ’ਚ ਹੋਈ ਚਰਚਾ ਦੀ ਜਾਣਕਾਰੀ ਉਹ ਮੁੱਖ ਮੰਤਰੀ ਕੋਲ ਪਹੁੰਚਾਉਣਗੇ ਅਤੇ ਕੋਈ ਵੀ ਅਾਖਰੀ ਫ਼ੈਸਲਾ ਮੁੱਖ ਮੰਤਰੀ ਹੀ ਕਰਨਗੇ। ਉਨ੍ਹਾਂ ਖ਼ੁਲਾਸਾ ਕੀਤਾ ਕਿ ਮੰਗਾਂ ਬਾਬਤ ਮੁੱਖ ਮੰਤਰੀ ਬਰਗਾੜੀ ਆ ਕੇ ਖ਼ੁਦ ਕੋਈ ਐਲਾਨ ਕਰਨਗੇ। ਬਾਜਵਾ ਦੇ ਚਲੇ ਜਾਣ ਪਿੱਛੋਂ 38 ਦਿਨਾਂ ਤੋਂ ਮੋਰਚੇ ’ਤੇ ਡਟੇ  ਭਾਈ ਮੰਡ ਨੇ ਮੀਡੀਆ ਕਰਮੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਸਰਕਾਰ ’ਤੇ ਭਰੋਸਾ ਪ੍ਰਗਟ ਕਰਦਿਆਂ ਉਮੀਦ ਜਤਾਈ ਕਿ ਗੱਲਬਾਤ ਦੇ ਨਤੀਜੇ ਹਾਂ-ਪੱਖੀ ਨਿੱਕਲਣਗੇ। ਇਸ ਮੌਕੇ ਸਿਮਰਨਜੀਤ ਸਿੰਘ ਮਾਨ ਤੋਂ ਇਲਾਵਾ ਫ਼ੌਜਾ ਸਿੰਘ ਸੁਭਾਣਾ, ਅਜੀਤ ਸਿੰਘ ਕਰਤਾਰਪੁਰ, ਸਤਨਾਮ ਸਿੰਘ ਮਨਾਵਾਂ ਤੇ ਮਹਿੰਦਰ ਸਿੰਘ ਸੰਘੇੜਾ ਹਾਜ਼ਰ ਸਨ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: