ਸਿਆਸੀ ਖਬਰਾਂ

ਪੰਚਾਇਤਾਂ ਨਸ਼ਾ ਵੰਡਣ ਅਤੇ ਨਸ਼ਾ ਵੇਚਣ ਵਾਲਿਆਂ ਖਿਲਾਫ ਮਤੇ ਪਾਉਣ: ਦਲ ਖਾਲਸਾ

July 5, 2018 | By

ਅੰਮ੍ਰਿਤਸਰ: ਦਲ ਖਾਲਸਾ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਬੇਨਤੀ ਕੀਤੀ ਕਿ ਉਹ ਨਸ਼ਿਆਂ ਨੂੰ ਜੜ੍ਹ ਤੋਂ ਪੁੱਟਣ ਲਈ ਚੋਣਾਂ ਦੌਰਾਨ ਨਸ਼ਾ ਵੰਡਣ ਅਤੇ ਨਸ਼ਾ ਵੇਚਣ ਵਾਲਿਆਂ ਵਿਰੁੱਧ ਪੰਚਾਇਤ ਵਿੱਚ ਮਤੇ ਪਾਉਣ।

ਇਹ ਬੇਨਤੀ ਜਥੇਬੰਦੀ ਵੱਲੋਂ ਨਸ਼ਿਆਂ ਕਾਰਨ ਸੂਬੇ ਵਿੱਚ ਹੋਈਆਂ ਮੌਤਾਂ ਦੇ ਮੱਦੇਨਜ਼ਰ ਪੰਜਾਬ ਵਿੱਚ ਬਣੀ ਗੰਭੀਰ ਸਥਿਤੀ ਉਤੇ ਵਿਚਾਰ-ਚਰਚਾ ਕਰਨ ਲਈ ਬੁਲਾਈ ਗਈ ਇਕੱਤਰਤਾ ਤੋਂ ਬਾਅਦ ਕੀਤੀ ਗਈ।

ਦਲ ਖਾਲਸਾ ਨੇ ਇਕ ਲਖਤੀ ਬਿਆਨ ਜਾਰੀ ਕਰਕੇ ਦੱਸਿਆ ਕਿ ਇਕੱਤਰਤਾ ਵਿੱਚ ਇਹ ਆਮ ਰਾਏ ਸੀ ਕਿ ਨਸ਼ਿਆਂ ਦਾ ਵਧਿਆ ਪਰਕੋਪ ਅਤੇ ਲੱਚਰਪੁਣਾ ਭਾਰਤੀ ਰਾਜ-ਤੰਤਰ (ਭਾਰਤੀ ਸਟੇਟ) ਦੀ ਗਿਣੀ-ਮਿਥੀ ਸਾਜਿਸ਼ ਦਾ ਇੱਕ ਹਿੱਸਾ ਹੈ ਤਾਂ ਜੋ ਪੰਜਾਬ ਦੇ ਨੌਜਵਾਨਾਂ ਦੀ ਰੂਹ (ਸਪਰਿਟ) ਨੂੰ ਖੋਰਾ ਲਾਇਆ ਜਾ ਸਕੇ।

ਇਕੱਤਰਤਾ ਦੌਰਾਨ ਵਿਚਾਰ ਕਰਦੇ ਹੋਏ ਦਲ ਖਾਲਸਾ ਆਗੂ

ਬਿਆਨ ਵਿੱਚ ਹੋਰ ਵਧੇਰੇ ਜਾਣਕਾਰੀ ਦਿਿਦੰਆਂ ਦਸਿਆ ਗਿਆ ਹੈ ਕਿ ਜਥੇਬੰਦੀ ਵਲੋਂ ਪੰਡਾਂ ਦੀਆਂ ਪੰਚਾਇਤਾਂ ਦੀ ਮਦਦ ਨਾਲ ਨਸ਼ਿਆਂ ਖਿਲਾਫ 6 ਜੁਲਾਈ ਨੂੰ ਹੁਸ਼ਿਆਰਪੁਰ ਵਿਖੇ ਜਾਗਰਕਤਾ ਗੇੜਾ ਕੱਢਿਆ ਜਾਵੇਗਾ।

ਜਥੇਬੰਦੀ ਦੇ ਸਕੱਤਰ ਰਣਬੀਰ ਸਿੰਘ ਨੇ ਪੰਜਾਬ ਦੇ ਲੋਕਾਂ ਵਿੱਚ ਪੈਦਾ ਹੋਈ ਹਲਚੱਲ ਤੋਂ ਘਬਰਾਈ ਪੰਜਾਬ ਸਰਕਾਰ ਵਲੋਂ ਨਸ਼ਿਆਂ ਦੀ ਰੋਕਥਾਮ ਕੀਤੇ ਜਾ ਰਹੇ ਐਲਾਨਾਂ ਬਾਰੇ ਕਿਹਾ ਕਿ ਸਰਕਾਰ ਵੱਲੋਂ ‘ਸਿਆਸੀ ਵਿਖਾਵਾ’ ਵੱਧ ਕੀਤਾ ਜਾ ਰਿਹਾ ਹੈ ਅਤੇ ਅਮਲੀ ਕਾਰਵਾਈ ਘੱਟ ਹੋ ਰਹੀ ਹੈ।

ਇਸ ਖਬਰ ਨੂੰ ਅੰਗਰੇਜ਼ੀ ਵਿੱਚ ਪੜ੍ਹੋ – DAL KHALSA CALLS UPON PANCHAYATS TO BOYCOTT POLITICIANS INVOLVED IN DRUGS TRADE

ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਸੌਦਾਗਰਾਂ ਨੂੰ ਮੌਤ ਦੀ ਸਜ਼ਾ ਤਜਵੀਜ ਕਰਨ ਦੇ ਫੈਸਲੇ ਤੇ ਟਿਪਣੀ ਕਰਦਿਆਂ ਉਹਨਾਂ ਕਿਹਾ ਕਿ ਇਸ ਨਾਲ ਢੁਕਵੇਂ ਨਤੀਜੇ ਨਹੀਂ ਨਿਕਲਣਗੇ ਕਿਉਕਿ ਫਾਂਸੀ ਦੀ ਸਜ਼ਾ ਕਿਸੇ ਵੀ ਜੁਰਮ ਨੂੰ ਰੋਕਣ ਦਾ ਹੱਲ ਨਹੀਂ ਹੈ।

ਦਲ ਖਾਲਸਾ ਨੇ ਸਪਸ਼ਟ ਕੀਤਾ ਕਿ ਉਹ ਫਾਂਸੀ ਦੀ ਸਜ਼ਾ ਦੇ ਸਿਧਾਂਤਕ ਪੱਖ ਤੋਂ ਵਿਰੋਧ ਵਿੱਚ ਹਨ ਅਤੇ ਉਹ ਇਸਨੂੰ ਕਾਨੂੰਨੀ ਤੌਰ ਤੇ ਪੂਰੀ ਤਰਾਂ ਖਤਮ ਕਰਨ ਦੇ ਹੱਕ ਵਿੱਚ ਹਨ।

ਪੰਜਾਬ ਅੰਦਰ ਨਸ਼ੇ ਕਾਰਨ ਹੋਈਆਂ ਮੌਤਾਂ ਦਾ ਜਿਕਰ ਕਰਦਿਆਂ ਉਹਨਾਂ ਕਿਹਾ ਕਿ ਜਿੰਨੇ ਚਿਰ ਤੱਕ ਪੁਲਿਸ, ਸਿਆਸਤਦਾਨਾਂ ਤੇ ਤਸਕਰਾਂ ਦੇ ਨਾਪਾਕ ਗਠਜੋੜ ਦਾ ਲੱਕ ਨਹੀਂ ਟੁੱਟਦਾ ਓਨੀ ਦੇਰ ਨਸ਼ਿਆਂ ਦੇ ਕੋਹੜ ਦਾ ਸਦੀਵੀ ਹੱਲ ਨਹੀ ਹੋਣ ਵਾਲਾ।

ਉਹਨਾਂ ਮੋਗੇ ਦੇ ਵਿਵਾਦਿਤ ਪੁਲਿਸ ਮੁਖੀ ਰਾਜਜੀਤ ਸਿੰਘ ਹੁੰਦਲ ਨੂੰ ਬਦਲ ਕੇ ਇੱਕ ਹੋਰ ਵਿਵਾਦਿਤ ਅਫਸਰ ਕਮਲਜੀਤ ਸਿੰਘ ਢਿਲੋਂ ਨੂੰ ਮੁਖੀ ਲਾਉਣ ਉਤੇ ਸਖਤ ਟਿਪਣੀ ਕਰਦਿਆ ਕਿਹਾ ਕਿ ਇਸ ਨਾਲ ਸਿੱਧ ਹੁੰਦਾ ਹੈ ਕਿ ਸੂਬੇ ਅੰਦਰ ਸਾਫ ਅਕਸ ਵਾਲੇ ਪੁਲਿਸ ਅਧਿਕਾਰੀ ਦਾ ਕਾਲ ਪਿਆ ਹੋਇਆਂ ਹੈ।

ਇਸ ਇਕੱਤਰਤਾ ਵਿੱਚ ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ, ਸੂਬੇਦਾਰ ਬਲਦੇਵ ਸਿੰਘ, ਗੁਰਪ੍ਰੀਤ ਸਿੰਘ, ਮਾਸਟਰ ਕੁਲਵੰਤ ਸਿੰਘ ਫੇਰੂਮਾਨ ਨੇ ਵੀ ਹਿੱਸਾ ਲਿਆ।

ਇਸੇ ਦੌਰਾਨ ਇਸ ਇਕੱਤਰਤਾ ਵਿੱਚ ਜਿਲਾ ਅੰਮ੍ਰਿਤਸਰ ਦਿਹਾਤੀ ਦਾ ਜਥੇਬੰਦਕ ਢਾਂਚਾ ਮੁੜ ਉਸਾਰਿਆ ਗਿਆ ਜਿਸ ਤਹਿਤ ਕੁਲਦੀਪ ਸਿੰਘ ਰਜਦਾਨ ਨੂੰ ਅੰਮ੍ਰਿਤਸਰ ਦਿਹਾਤੀ ਦਾ ਜਿਲ੍ਹਾ ਪ੍ਰਧਾਨ, ਬਲਦੇਵ ਸਿੰਘ ਫਤਿਹਗੜ ਚੂੜੀਆਂ ਨੂੰ ਮੀਤ-ਪ੍ਰਧਾਨ, ਸੁਖਵਿੰਦਰ ਸਿੰਘ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਅਤੇ ਇਹਨਾਂ ਦੇ ਨਾਲ ਡਾ ਅਰਪਾਲ ਸਿੰਘ ਅਜਨਾਲਾ, ਸੁਖਦੇਵ ਸਿੰਘ ਹਸਨਪੁਰ, ਰੇਸ਼ਮ ਸਿੰਘ, ਗੁਰਜੰਟ ਸਿੰਘ ਅਤੇ ਅਜੀਤ ਸਿੰਘ ਬਾਠ ਨੂੰ ਵਰਕਿੰਗ ਕਮੇਟੀ ਮੈਂਬਰ ਨਾਮਜਦ ਕੀਤਾ ਗਿਆ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: