ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ

ਨਸ਼ਿਆਂ ਦੇ ਮੁੱਦੇ ਉੱਤੇ ਸਾਂਝੀ ਰਣਨੀਤੀ ਦੀ ਘਾਟ ਦੇ ਉਲਝਾਏ ਆਪ ਆਗੂ ਵੱਖੋ-ਵੱਖਰੇ ਰਾਹ ‘ਤੇ

July 10, 2018 | By

ਲੁਧਿਆਣਾ (ਗੁਰਪ੍ਰੀਤ ਸਿੰਘ ਮੰਡਿਆਣੀ): ਨਸ਼ਿਆਂ ਦੇ ਭਖਦੇ ਮੁੱਦੇ ’ਤੇ ਪੰਜਾਬ ਦੀਆਂ ਦੂਜੀਆਂ ਦੋ ਮੁੱਖ ਧਿਰਾਂ ’ਤੇ ਨਿਸ਼ਾਨਾ ਲਾਉਂਦੀ ਆ ਰਹੀ ਆਮ ਆਦਮੀ ਪਾਰਟੀ ਦੇ ਆਗੂ ਆਪ ਇਸ ਮਾਮਲੇ ’ਤੇ ਵੱਖਰੇ-ਵੱਖਰੇ ਰਾਹ ‘ਤੇ ਚੱਲ ਰਹੇ ਹਨ।

ਜਿੱਥੇ ਇਕ ਪਾਸੇ ਸੁਖਪਾਲ ਸਿੰਘ ਖਹਿਰਾ ਅਤੇ ਭਗਵੰਤ ਮਾਨ ਇਸ ਮਾਮਲੇ ‘ਚ ਸੱਤਾਧਾਰੀ ਕਾਂਗਰਸ ਅਤੇ ਵਿਰੋਧੀ ਸ਼੍ਰੋਮਣੀ ਅਕਾਲੀ ਦਲ (ਬਾਦਲ) ’ਤੇ ਸਿੱਧੇ ਵਾਰ ਕਰਨ ਦੀ ਨੀਤੀ ਅਪਣਾਅ ਕੇ ਚੱਲ ਰਹੇ ਹਨ ਓਥੇ ਦੂਜੇ ਪਾਸੇ ਸ੍ਰ. ਹਰਵਿੰਦਰ ਸਿੰਘ ਫੂਲਕਾ ਵੱਲੋਂ ਲਿਆ ਜਾ ਰਿਹਾ ਪੱਖ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਕਾਂਗਰਸ ਵੱਲੋਂ ਅਪਨਾਏ ਜਾ ਰਹੇ ਰੁਖ ਨਾਲ ਵੱਧ ਮੇਲ ਖਾ ਰਿਹਾ ਹੈ।

‘ਚਿੱਟੇ ਵਿਰੁੱਧ ਕਾਲਾ ਹਫਤਾ’ ਮੁਹਿੰਮ ਦੇ ਆਗੂਆਂ ਨੂੰ ਜਦੋਂ ਮੁੱਖ ਮੰਤਰੀ ਨੇ ਗੱਲਬਾਤ ਲਈ ਸੱਦਿਆ ਤਾਂ ਇਸ ਮੀਟਿੰਗ ਵਿੱਚ ਕਿਸੇ ਪੁਲਿਸ ਅਫਸਰ ਨੂੰ ਨਾ ਸੱਦ ਕੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੂੰ ਸੱਦਾ ਦੇ ਕੇ ਮੁੱਖ ਮੰਤਰੀ ਨੇ ਖੁੱਲਾ ਸੰਕੇਤ ਦਿੱਤਾ ਕਿ ਉਹ ਨਸ਼ਾ ਵੇਚਣ ਵਾਲਿਆਂ ਨੂੰ ਫੜਨ ਦੀ ਬਜਾਇ ਨਸ਼ਾ ਛੁਡਾਉਣ ਦੇ ਏਜੰਡੇ ਨੂੰ ਮੂਹਰੇ ਰੱਖਣਾ ਚਾਹੁੰਦੇ ਹਨ।

ਗੁਟਕਾ ਸਾਹਿਬ ਦੀ ਸੰਹੁ ਖਾਣ ਵਾਲੇ ਸਵਾਲ ਦਾ ਕੋਈ ਸਿੱਧਾ ਜਵਾਬ ਦੇਣ ਦੀ ਬਜਾਇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਨਸ਼ਈਆਂ ਦਾ ਨਸ਼ਾ ਛੁਡਾਉਣ ਵਾਲੇ ਸਰਕਾਰੀ ਯਤਨਾ ਨੂੰ ਹੀ ਉਭਾਰਿਆ ਹੈ।

ਸ਼੍ਰੋ. ਅ. ਦ. (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹ ਰੁਖ ਲਿਆ ਹੈ ਕਿ ਇਸ ਮਾਮਲੇ ਚ ਕਿਸੇ ਸਿਆਸੀ ਧਿਰ ਤੇ ਦੋਸ਼ ਲਾਉਣ ਦੀ ਬਜਾਏ ਸਾਂਝੇ ਯਤਨਾਂ ਨਾਲ ਨਸ਼ਾ ਛੁਡਾਉਣ ਦੇ ਮੁੱਦੇ ਨੂੰ ਹੀ ਮੂਹਰੇ ਰੱਖਿਆ ਜਾਵੇ।

ਸੁਖਪਾਲ ਸਿੰਘ ਖਹਿਰਾ ਅਤੇ ਭਗਵੰਤ ਮਾਨ ਜਿੱਥੇ ਨਸ਼ਿਆਂ ਦੇ ਮੁੱਦੇ ‘ਤੇ ਸ਼੍ਰੋ. ਅ. ਦ. (ਬਾਦਲ) ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਇੱਕ ਦੂਜੇ ਨਾਲ ਰਲੇ ਹੋਏ ਕਰਾਰ ਦੇ ਰਹੇ ਹਨ। ਸੁਖਪਾਲ ਸਿੰਘ ਖਹਿਰਾ ਅਤੇ ਬੈਂਸ ਭਰਾਵਾਂ ਨੇ ਸਾਂਝੀ ਪੱਤਰਕਾਰ ਮਿਲਣੀ ਵਿੱਚ ਵੀ ਬਾਦਲ ਪਰਿਵਾਰ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਰਲੇ ਹੋਣ ਦਾ ਪੱਖ ਉਭਾਰਿਆ ਹੈ। ਪਰ ਸ੍ਰ. ਫੂਲਕਾ ਨਸ਼ਿਆਂ ਨੂੰ ਖਤਮ ਕਰਨ ਲਈ ਸਾਰੀਆਂ ਪਾਰਟੀਆਂ ਵੱਲੋਂ ਸਾਂਝੀ ਕੋਸ਼ਿਸ਼ ਦੀ ਲੋੜ ਤੇ ਵਧੇਰੇ ਜੋਰ ਦੇ ਰਹੇ ਹਨ। ਇਹੀ ਨਹੀਂ ਕਾਂਗਰਸੀਆਂ ਤੇ ਬਾਦਲਕਿਆਂ ਦੇ ਰਲੇ ਹੋਣ ਦਾ ਦੋਸ਼ ਲਾਉਣ ਵਾਲਿਆਂ ਦੀ ਨਿਖੇਧੀ ਵੀ ਕਰ ਰਹੇ ਹਨ। ਨਾਲ ਹੀ ਸ੍ਰ. ਫੂਲਕਾ ਨੇ ‘ਡੋਪ ਟੈਸਟ’ ਨੂੰ ਮੁੱਖ ਮੰਤਰੀ ਵੱਲੋਂ ਅਸਲ ਮੁੱਦੇ ਨੂੰ ਮੱਧਮ ਕਰਨ ਦਾ ਯਤਨ ਆਖਣੋ ਨਾਂਹ ਕਰ ਦਿੱਤੀ।

ਸ. ਹਰਵਿੰਦਰ ਸਿੰਘ ਫੂਲਕਾ ਦੇ ਵਿਧਾਨ ਸਭਾ ਹਲਕਾ ਦਾਖਾ ਵਿੱਚ ਸ਼੍ਰੋ. ਅ. ਦ. (ਬਾਦਲ) ਵੱਲੋਂ ਆਓ ਪਿੰਡ ਨੂੰ ਤੰਦਰੁਸਤ ਬਣਾਈਏ ਦੇ ਨਾਂ ਹੇਠ ਪਿੰਡਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਦੀ ਮੁਹਿੰਮ 8 ਜੁਲਾਈ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਇਸ ਮੁਹਿੰਮ ਦੇ ਮੋਹਰੀ ਤੇ ਬਾਦਲ ਦਲ ਦੇ ਹਲਕਾ ‘ਇੰਚਾਰਜ’ ਮਨਪ੍ਰੀਤ ਸਿੰਘ ਇਆਲੀ ਨੂੰ ਸ. ਫੂਲਕਾ ਨੇ ਵਧਾਈ ਦਿੰਦਿਆਂ ਇਸ ਵਿੱਚ ਪੂਰਾ ਸਹਿਯੋਗ ਕਰਨ ਦਾ ਭਰੋਸਾ ਦਿਵਾਇਆ ਹੈ। ਇਸ ਤੋਂ ਇਲਾਵਾ ਸ੍ਰ. ਫੂਲਕਾ ਨੇ ਹਲਕਾ ਦਾਖਾ ਦੇ ਕਾਂਗਰਸੀ ਇੰਚਾਰਜ ਮੇਜਰ ਸਿੰਘ ਭੈਣੀ ਨੂੰ ਇਸ ਮਾਮਲੇ ਵਿਚ ਕਿਸੇ ਸਿਆਸੀ ਧਿਰ ਤੇ ਇਲਜ਼ਾਮਬਾਜੀ ਨਾ ਕਰਨ ਦੀ ਨਸੀਹਤ ਦਿੰਦਿਆਂ ਆਖਿਆ ਹੈ ਕਿ ਘੱਟੋ ਘੱਟ ਚੋਣਾਂ ਤੱਕ ਇਸ ਮਾਮਲੇ ’ਚ ਚੁਪ ਰਹਿੰਦੀਆਂ ਇੱਕਠੇ ਹੋ ਕੇ ਲੜਾਈ ਲੜੀ ਜਾਵੇ।

ਦਾਖਾ ਵਿੱਚ ਆਪਦੇ ਦਫਤਰ ’ਚ ਕਾਲਾ ਰਿਬਨ ਬੰਨ ਕੇ ਬੈਠੇ ਸ੍ਰ. ਹਰਵਿੰਦਰ ਸਿੰਘ ਫੂਲਕਾ ਨੇ ਗੱਲਬਾਤ ਕਰਦਿਆਂ ਇਹ ਵੀ ਆਖਿਆ ਹੈ ਕਿ ਉਹ ‘ਡੋਪ ਟੈਸਟ’ ਦੀ ਇਸ ਕਰਕੇ ਹਿਮਾਇਤ ਕਰਦੇ ਹਨ ਕਿਉਂਕਿ ਜਿੰਨਾ ਚਿਰ ਕੋਈ ਬੰਦਾ ਖੁਦ ਨਸ਼ਾ ਰਹਿਤ ਨਹੀਂ ਹੁੰਦਾ ਉਹ ਨਸ਼ੇ ਨੂੰ ਬੰਦ ਨਹੀਂ ਕਰਾ ਸਕਦਾ।

ਗੱਲਬਾਤ ਦੌਰਾਨ ਸ੍ਰ. ਫੂਲਕਾ ਨੇ ਇਹ ਵੀ ਕਿਹਾ ਕਿ ‘ਡੋਪ ਟੈਸਟ’ ਦੀ ਮੁਹਿੰਮ ਮੁੱਖ ਮੰਤਰੀ ਵੱਲੋਂ ਸੰਹੁ ਖਾ ਕੇ ਆਪਦੇ ਵਾਅਦੇ ਤੋਂ ਮੁਕਰਨ ਵਾਲੇ ਮੁੱਦੇ ਨੂੰ ਪਿਛਾਂਹ ਸੁਟਣ ਵਾਲੀ ਕੂਟਨੀਤੀ ਨਹੀਂ ਹੈ।

ਦੂਜੇ ਬੰਨੇ ਵਿਧਾਨ ਸਭਾ ’ਚ ਆਪ ਦੇ ਆਗੂ ਸੁਖਪਾਲ ਸਿੰਘ ਖਹਿਰਾ ਅਤੇ ਲੋਕ ਸਭਾ ’ਚ ਪਾਰਟੀ ਦੇ ਆਗੂ ਭਗਵੰਤ ਮਾਨ ਨਸ਼ਾ-ਸੌਦਾਗਰਾਂ ਦੇ ਚੇਹਰੇ ਜਨਤਕ ਕਰਨ ਅਤੇ ਉਹਨਾਂ ਨੂੰ ਹੱਥ ਪਾਉਣ ਵਾਲੀ ਗੱਲ ਨੂੰ ਪਹਿਲੀ ਤਰਜੀਹ ਵਾਲਾ ਮੁੱਦਾ ਕਰਾਰ ਦੇ ਰਹੇ ਹਨ। ਨਸ਼ੇ ਛੁਡਾਉਣ ਨੂੰ ਉਹ ਦੂਜੀ ਤਰਜੀਹ ਵਾਲਾ ਵੱਖਰਾ ਮਾਮਲਾ ਮੰਨਦੇ ਹਨ। ਪਰ ਪਾਰਟੀ ਦੇ ਵੱਡੇ ਆਗੂ ਸ. ਹਰਵਿੰਦਰ ਸਿੰਘ ਫੂਲਕਾ ਵੱਲੋਂ ਉਨ੍ਹਾਂ ਤੋਂ ਬਿਲਕੁਲ ਪੁੱਠਾ ਪੱਖ ਲੈਣਾ ਇਹ ਦਰਸਾਉਂਦਾ ਹੈ ਕਿ ਇਸ ਮਾਮਲੇ ’ਤੇ ਆਪ ਆਗੂਆਂ ਦਰਮਿਆਨ ਸਾਂਝੀ ਰਣਨੀਤੀ ਦੀ ਘਾਟ ਹੈ ਜਿਸ ਨਾਲ ਪਾਰਟੀ ਵਿਚਲੀ ਦੁਫੇੜ ਵੀ ਉੱਭਰ ਕੇ ਸਾਹਮਣੇ ਆ ਰਹੀ ਹੈ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: