July 27, 2018 | By ਸਿੱਖ ਸਿਆਸਤ ਬਿਊਰੋ
ਇਸਲਾਮਾਬਾਦ: ਪਾਕਿਸਤਾਨ ਚੋਣਾਂ ਵਿਚ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਮੁਖੀ ਸਾਬਕਾ ਕ੍ਰਿਕਟ ਖਿਡਾਰੀ ਇਮਰਾਨ ਖਾਨ ਦਾ ਪਾਕਿਸਤਾਨ ਦਾ ਅਗਲਾ ਪ੍ਰਧਾਨ ਮੰਤਰੀ ਬਣਨਾ ਲਗਭਗ ਤੈਅ ਹੈ। ਜਿੱਤ ਦੇ ਯਕੀਨੀ ਹੋਣ ਤੋਂ ਬਾਅਦ ਲੋਕਾਂ ਨੂੰ ਸੰਬੋਧਨ ਕਰਦਿਆਂ ਇਮਰਾਨ ਖਾਨ ਨੇ ਇਕ ਟੈਲੀਵਜ਼ਨ ਭਾਸ਼ਣ ਰਾਹੀਂ “ਨਵਾਂ ਪਾਕਿਸਤਾਨ” ਬਣਾਉਣ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਉਹ ਚੀਨ ਨਾਲ ਮਜ਼ਬੂਤ ਸਬੰਧ ਕਾਇਮ ਰੱਖਣਗੇ ਅਤੇ ਨਾਲ ਹੀ ਆਪਸੀ ਫਾਇਦੇ ਦੇ ਅਧਾਰ ‘ਤੇ ਅਮਰੀਕਾ ਨਾਲ ਵੀ ਸਬੰਧ ਕਾਇਮ ਕੀਤੇ ਜਾਣਗੇ। ਇਮਰਾਨ ਖਾਨ ਨੇ ਕਿਹਾ ਕਿ ਇਰਾਨ ਅਤੇ ਸਾਊਦੀ ਅਰਬ ਨਾਲ ਉਨ੍ਹਾਂ ਦੀ ਪਾਰਟੀ ਮਜ਼ਬੂਤ ਰਿਸ਼ਤੇ ਚਾਹੁੰਦੀ ਹੈ। ਅਫ਼ਗਾਨਿਸਤਾਨ ਬਾਰੇ ਉਸ ਨੇ ਕਿਹਾ ਕਿ ਉਥੋਂ ਦੇ ਲੋਕਾਂ ਨੂੰ ਬਹੁਤ ਕੁਝ ਸਹਿਣਾ ਪਿਆ ਹੈ ਅਤੇ ਅਫ਼ਗਾਨਿਸਤਾਨ ’ਚ ਸ਼ਾਂਤੀ ਦਾ ਮਤਲਬ ਹੈ ਪਾਕਿਸਤਾਨ ’ਚ ਸ਼ਾਂਤੀ ਹੋਣਾ ਹੈ।
ਸੰਬੋਧਨ ਕਰਦੇ ਹੋਏ ਇਮਰਾਨ ਖਾਨ
ਭਾਰਤ ਨਾਲ ਰਿਸ਼ਤਿਆਂ ਪ੍ਰਤੀ ਟਿੱਪਣੀ ਕਰਦਿਆਂ ਇਮਰਾਨ ਖਾਨ ਨੇ ਕਿਹਾ, “ਜੇ ਅਸੀਂ ਗਰੀਬੀ ਖਿਲਾਫ ਲੜਨਾ ਚਾਹੁੰਦੇ ਹਾਂ ਤਾਂ ਸਾਨੂੰ ਅਤੇ ਭਾਰਤ ਨੂੰ ਵਪਾਰਕ ਸਬੰਧ ਬਣਾਉਣੇ ਪੈਣਗੇ।” ਉਨ੍ਹਾਂ ਕਿਹਾ ਕਿ ਉਹ ਅਜਿਹੇ ਪਾਕਿਸਤਾਨੀ ਹਨ ਜੋ ਭਾਰਤੀਆਂ ਨੂੰ ਕਿਸੇ ਹੋਰ ਨਾਲੋਂ ਵੱਧ ਜਾਣਦੇ ਹਨ।”
ਕਸ਼ਮੀਰ ਬਾਰੇ ਬੋਲਦਿਆਂ ਇਮਰਾਨ ਖਾਨ ਨੇ ਕਿਹਾ ਕਿ ਭਾਰਤ ਨਾਲ ਰਿਸ਼ਤੇ ਸੁਧਾਰਨ ਲਈ ਪਾਕਿਸਤਾਨ ਤਿਆਰ ਹੈ ਅਤੇ ਉਨ੍ਹਾਂ ਦੀ ਸਰਕਾਰ ਚਾਹੇਗੀ ਕਿ ਦੋਵੇਂ ਮੁਲਕਾਂ ਦੇ ਆਗੂ ਕਸ਼ਮੀਰ ਦੇ ਅਹਿਮ ਮੁੱਦੇ ਸਮੇਤ ਹੋਰ ਵਿਵਾਦਤ ਮਸਲਿਆਂ ਨੂੰ ਗੱਲਬਾਤ ਰਾਹੀਂ ਸੁਲਝਾਉਣ। ਉਨ੍ਹਾਂ ਕਿਹਾ ਕਿ ਦੋਵੇਂ ਗੁਆਂਢੀ ਮੁਲਕਾਂ ਵੱਲੋਂ ਇਕ-ਦੂਜੇ ’ਤੇ ਦੋਸ਼ ਲਾਉਣ ਦੀ ਖੇਡ ਰੁਕਣੀ ਚਾਹੀਦੀ ਹੈ ਜੋ ਉਪ ਮਹਾਂਦੀਪ ਲਈ ਨੁਕਸਾਨਦੇਹ ਹੈ।
ਇਮਰਾਨ ਖਾਨ ਨੇ ਮੁਸਲਮਾਨਾਂ ਦੇ ਰਹਿਬਰ ਮੋਹਮਦ ਸਾਹਿਬ ਨੂੰ ਆਪਣਾ ਪ੍ਰੇਰਣਾਸਰੋਤ ਦਸਦਿਆਂ ਕਿਹਾ ਕਿ ਪਾਕਿਸਤਾਨ ਨੂੰ ਮੋਹਮਦ ਮਦੀਨਾ ਦੀ ਤਰਜ਼ ‘ਤੇ ਇਸਲਾਮਿਕ ਰਾਜ ਵਿਚ ਤਬਦੀਲ ਕਰਨਗੇ।
ਦੂਜੇ ਪਾਸੇ ਬਾਕੀ ਦੀਆਂ ਸਾਰੀਆਂ ਪ੍ਰਮੁੱਖ ਪਾਰਟੀਆਂ ਨੇ ਚੋਣ ਨਤੀਜਿਆਂ ਵਿਚ ਵੱਡੀ ਧੋਖਾਧੜੀ ਦਾ ਦੋਸ਼ ਲਾਉਂਦਿਆਂ ਚੋਣ ਨਤੀਜਿਆਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।
ਜੇਲ੍ਹ ਵਿਚ ਨਜ਼ਰਬੰਦ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਆਗੂ ਅਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਕਿਹਾ ਕਿ ਲੋਕਾਂ ਦੇ ਫੈਂਸਲੇ ਨੂੰ ਚੋਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ, “ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਹੁਣ ਫੈਂਸਲਾ ਕਰਨਾ ਚਾਹੀਦਾ ਹੈ ਕਿ ਉਹ ਕੀ ਰਸਤਾ ਚੁਣਨਗੇ।”
ਜਦਕਿ ਇਮਰਾਨ ਖਾਨ ਨੇ ਆਪਣੇ ਭਾਸ਼ਣ ਵਿਚ ਇਨ੍ਹਾਂ ਚੋਣਾਂ ਨੂੰ ਪਾਕਿਸਤਾਨ ਦੇ ਇਤਿਹਾਸ ਦੀਆਂ ਸਭ ਤੋਂ ਸਾਫ ਚੋਣਾਂ ਦੱਸਿਆ ਹੈ।
ਚੋਣ ਕਮਿਸ਼ਨ ਦੇ ਮੁਖੀ ਨੇ ਚੋਣਾਂ ਵਿਚ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਵੋਟਾਂ ਦੀ ਗਿਣਤੀ ਵਿਚ ਹੋ ਰਹੀ ਦੇਰੀ ਦਾ ਕਾਰਨ ਬਿਜਲਈ ਮਸ਼ੀਨਾਂ ਵਿਚ ਆਈ ਖਰਾਬੀ ਹੈ।
ਇਮਰਾਨ ਖਾਨ ਨੇ ਕਿਹਾ ਕਿ ਜੇ ਵਿਰੋਧੀ ਪਾਰਟੀਆਂ ਨੂੰ ਚੋਣ ਨਤੀਜਿਆਂ ਵਿਚ ਕਿਸੇ ਧੋਖਾਧੜੀ ਦਾ ਸ਼ੱਕ ਹੈ ਤਾਂ ਉਹ ਜਾਂਚ ਕਰਾਉਣ ਲਈ ਤਿਆਰ ਹਨ।
ਆਪਣੇ ਭਾਸ਼ਣ ਵਿਚ ਨਵੇਂ ਪਾਕਿਸਤਾਨ ਦਾ ਜ਼ਿਕਰ ਕਰਦਿਆਂ ਇਮਰਾਨ ਖਾਨ ਨੇ ਰਿਸ਼ਵਤਖੋਰੀ ਖਤਮ ਕਰਕੇ ਲੋਕਾਂ ਦੇ ਕਰ ਨੂੰ ਲੋਕਾਂ ‘ਤੇ ਲਾਉਣ ਦੀ ਗੱਲ ਕੀਤੀ ਅਤੇ ਇਕ ਅਜਿਹੀ ਪ੍ਰਣਾਲੀ ਬਣਾਉਣ ਦੀ ਸੋਂਹ ਖਾਧੀ ਜੋ ਲੋਕਾਂ ਦੀ ਬਿਹਤਰੀ ਲਈ ਹੋਵੇ।
ਇਮਰਾਨ ਖਾਨ ਨੇ ਐਲਾਨ ਕੀਤਾ ਕਿ ਉਹ ਪ੍ਰਧਾਨ ਮੰਤਰੀ ਨੂੰ ਮਿਲਦੀ ਸਰਕਾਰੀ ਰਿਹਾਇਸ਼ ਦੀ ਵਰਤੋਂ ਨਹੀਂ ਕਰਨਗੇ ਤੇ ਉਸ ਇਮਾਰਤ ਨੂੰ ਕਿਸੇ ਵਿਦਿਅਕ ਸੰਸਥਾ ਜਾ ਹੋਰ ਕਿਸੇ ਕੰਮ ਲਈ ਵਰਤਿਆ ਜਾਵੇਗਾ। ਉਨ੍ਹਾਂ ਕਿਹਾ, “ਮੈਨੂੰ ਐਨੇ ਵੱਡੇ ਘਰ ਵਿਚ ਰਹਿੰਦਿਆਂ ਸ਼ਰਮ ਆਵੇਗੀ।”
Related Topics: Imran Khan, Pakistan General Elections 2018, Pakistan Tehreek-i-Insaf (PTI)