ਖਾਸ ਖਬਰਾਂ » ਸਿਆਸੀ ਖਬਰਾਂ

ਕਸ਼ਮੀਰੀ ਖਾੜਕੂਆਂ ਵਲੋਂ ਬੰਦੀ ਬਣਾਏ ਗਏ ਪੁਲਿਸ ਸਿਪਾਹੀ ਨੂੰ ਮਾਂ ਦੀ ਅਪੀਲ ਮਗਰੋਂ ਕੀਤਾ ਬਰੀ

July 29, 2018 | By

ਸ਼੍ਰੀਨਗਰ: ਕਸ਼ਮੀਰ ਦੀ ਅਜ਼ਾਦੀ ਲਈ ਚੱਲ ਰਹੇ ਹਥਿਆਰਬੰਦ ਸੰਘਰਸ਼ ਵਿਚ ਕਸ਼ਮੀਰੀ ਖਾੜਕੂਆਂ ਵਲੋਂ ਹੁਣ ਭਾਰਤੀ ਸੁਰੱਖਿਆ ਦਸਤਿਆਂ ਵਿਚ ਕਸ਼ਮੀਰੀ ਨੌਜਵਾਨਾਂ ਦੀ ਸ਼ਮੂਲੀਅਤ ਨੂੰ ਰੋਕਣ ਲਈ ਪਹਿਲਾਂ ਭਰਤੀ ਹੋਏ ਕਸ਼ਮੀਰੀ ਨੌਜਵਾਨਾਂ ਨੂੰ ਨਿਸ਼ਾਨੇ ‘ਤੇ ਲਿਆ ਜਾ ਰਿਹਾ ਹੈ। ਸ਼ੁਕਰਵਾਰ ਨੂੰ ਕਸ਼ਮੀਰ ਦੇ ਤਰਾਲ ਖੇਤਰ ਵਿਚੋਂ ਕਸ਼ਮੀਰੀ ਖਾੜਕੂਆਂ ਨੇ ਇਕ ਪੁਲਿਸ ਸਿਪਾਹੀ ਨੂੰ ਅਗਵਾਹ ਕਰ ਲਿਆ ਸੀ, ਪਰ ਉਸਦੀ ਮਾਂ ਵਲੋਂ ਉਸਦੀ ਜਾਨ ਬਖਸ਼ੀ ਲਈ ਕੀਤੀ ਗਈ ਅਪੀਲ ਤੋਂ ਬਾਅਦ ਖਾੜਕੂਆਂ ਨੇ ਪੁਲਿਸ ਸਿਪਾਹੀ ਨੂੰ ਬੀਤੀ ਰਾਤ ਛੱਡ ਦਿੱਤਾ।

ਐਸਪੀਓ ਮੁਦੱਸਿਰ ਅਹਿਮਦ ਲੋਨ

ਜੰਮੂ ਕਸ਼ਮੀਰ ਪੁਲਿਸ ਵਿਚ ਐਸਪੀਓ ਮੁਦੱਸਿਰ ਅਹਿਮਦ ਲੋਨ ਦੀ ਮਾਂ ਨੇ ਇਕ ਵੀਡੀਓ ਰਾਹੀਂ ਅਪੀਲ ਸੁਨੇਹੇ ਵਿਚ ਬੇਨਤੀ ਕੀਤੀ ਸੀ ਕਿ ਉਸਦਾ ਸਿਰਫ ਇਕ ਪੁੱਤਰ ਹੈ ਤੇ ਉਹ ਪੁਲਿਸ ਦੀ ਨੌਕਰੀ ਛੱਡ ਦਵੇਗਾ, ਉਸਨੂੰ ਮੁਆਫ ਕਰ ਦਿੱਤਾ ਜਾਵੇ।

ਲੋਨ ਦੀ ਮਾਂ ਨੇ ਵੀਡੀਓ ਸੁਨੇਹੇ ਵਿਚ ਆਪਣੀਆਂ ਤਿੰਨ ਧੀਆਂ ਨਾਲ ਖੜ੍ਹਿਆਂ ਕਿਹਾ ਸੀ ਕਿ ਉਹ ਉਸਦੀਆਂ ਤਿੰਨ ਧੀਆਂ ਵਿਚ ਇਕੱਲਾ ਪੁੱਤ ਹੈ। ਉਹਨਾਂ ਕਿਹਾ ਕਿ ਲੋਨ ਆਪਣੀ ਨੌਕਰੀ ਛੱਡਣ ਦਾ ਫੈਂਸਲਾ ਕਰਕੇ ਹੀ ਘਰ ਆਇਆ ਸੀ ਜਿਸਦਾ ਐਲਾਨ ਉਸਨੇ ਸ਼ੁਕਰਵਾਰ ਨੂੰ ਮਸਜਿਦ ਵਿਚ ਕਰਨਾ ਸੀ। ਪਰ ਉਹ ਕਿਸੇ ਕੰਮ ਵਿਚ ਰੁਝਿਆ ਹੋਣ ਕਰਕੇ ਇਹ ਐਲਾਨ ਨਾ ਕਰ ਸਕਿਆ।

ਲੋਨ ਦੀ ਮਾਂ ਨੇ ਕਿਹਾ, “ਤੁਸੀਂ (ਖਾੜਕੂ) ਵੀ ਮੇਰੇ ਹੀ ਬੱਚੇ ਹੋ। ਮੈਂ ਤੁਹਾਨੂੰ ਅਪੀਲ ਕਰਦੀ ਹਾਂ ਕਿ ਉਸਨੂੰ ਛੱਡ ਦਵੋ ਅਤੇ ਉਹ ਨੌਕਰੀ ਛੱਡ ਦਵੇਗਾ ਤੇ ਆਪਣੀਆਂ ਗਲਤੀਆਂ ਲਈ ਮੁਆਫੀ ਮੰਗੇਗਾ।”

ਇਸ ਤੋਂ ਬਾਅਦ ਖਾੜਕੂਆਂ ਨੇ ਲੋਨ ਨੂੰ ਛੱਡ ਦਿੱਤਾ ਜਾਵੇ ਤੇ ਸੂਤਰਾਂ ਦੇ ਹਵਾਲੇ ਨਾਲ ਕਸ਼ਮੀਰੀ ਅਖਬਾਰਾਂ ਵਿਚ ਛਪੀਆਂ ਖਬਰਾਂ ਮੁਤਾਬਿਕ ਲੋਨ ਸ਼ਨੀਵਾਰ ਦੇਰ ਰਾਤ ਆਪਣੇ ਘਰ ਪਹੁੰਚ ਗਿਆ ਸੀ।

ਮੁਦੱਸਿਰ ਲੋਨ ਦੀ ਰਿਹਾਈ ਤੋਂ ਕੁਝ ਸਮਾਂ ਪਹਿਲਾਂ ਇਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਵਾਰਿਲ ਹੋਈ ਜਿਸ ਵਿਚ ਉਸਨੇ ਕਿਹਾ ਕਿ ਉਸਨੂੰ ਪੁਲਿਸ ਦੇ ਆਵਾਜਾਈ (ਟ੍ਰੈਫਿਕ) ਵਿਭਾਗ ਵਿਚ ਭਰਤੀ ਲਈ ਭਰਮਾਇਆ ਗਿਆ ਸੀ। ਉਸਨੇ ਖਾੜਕੂਆਂ ਬਾਰੇ ਜਾਣਕਾਰੀ ਇਕੱਠੀ ਕਰਕੇ ਭਾਰਤੀ ਸੁਰੱਖਿਆ ਬਲਾਂ ਨੂੰ ਦੇਣ ਲਈ ਮੁਆਫੀ ਵੀ ਮੰਗੀ। ਮੁਦੱਸਿਰ ਨੇ ਹੋਰ ਐਸਪੀਓ ਨੂੰ ਵੀ ਨੌਕਰੀਆਂ ਛੱਡ ਕੇ ਆਪਣੇ ਪਰਿਵਾਰਾਂ ਵਿਚ ਪਰਤਣ ਦੀ ਅਪੀਲ ਕੀਤੀ।

ਗੌਰਤਲਬ ਹੈ ਕਿ ਬੀਤੇ ਹਫਤੇ ਹੀ ਦੱਖਣੀ ਕਸ਼ਮੀਰ ਵਿਚ ਕਸ਼ਮੀਰੀ ਖਾੜਕੂਆਂ ਨੇ ਮੁਹੰਮਦ ਸਲੀਮ ਸ਼ਾਹ ਨਾਮੀਂ ਇਕ ਪੁਲਿਸ ਸਿਪਾਹੀ ਨੂੰ ਅਗਵਾ ਕਰਕੇ ਕਤਲ ਕਰ ਦਿੱਤਾ ਸੀ।

ਇਸ ਤੋਂ ਪਹਿਲਾਂ ਜੁਲਾਈ ਮਹੀਨੇ ਦੇ ਪਹਿਲੇ ਹਫਤੇ ਵਿਚ ਪੁਲਿਸ ਸਿਪਾਹੀ ਜਾਵੇਦ ਅਹਿਮਦ ਦਾਰ ਨੂੰ ਅਗਵਾ ਕਰਕੇ ਕਤਲ ਕਰ ਦਿੱਤਾ ਗਿਆ ਸੀ। ਪਿਛਲੇ ਮਹੀਨੇ ਫੌਜੀ ਔਰੰਗਜ਼ੇਬ ਨੂੰ ਅਗਵਾ ਕਰਕੇ ਕਤਲ ਕਰ ਦਿੱਤਾ ਗਿਆ ਸੀ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: