ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ

ਮੋਦੀ ਦੇ ਜ਼ੁਮਲਿਆਂ ਦਰਮਿਆਨ ਦਸਤਾਰ ਅਤੇ ਲੰਗਰ ਦੀ ਬੇਅਦਬੀ ਕਰਦੀ ਸਮਾਪਤ ਹੋਈ ਬਾਦਲਾਂ ਦੀ ਮਲੋਟ ਰੈਲੀ

July 12, 2018 | By

ਮਲੋਟ: ਲੋਕ ਸਭਾ ਚੋਣਾਂ 2019 ਦੀਆਂ ਤਿਆਰੀਆਂ ਦੇ ਮਕਸਦ ਨਾਲ ਕਿਸਾਨੀ ਨੂੰ ਭਰਮਾਉਣ ਲਈ ਪੰਜਾਬ ਦੇ ਮਲੋਟ ਵਿਖੇ ਬੀਤੇ ਕਲ੍ਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਰੈਲੀ ਕੀਤੀ ਗਈ। ਇਸ ਰੈਲੀ ਦੌਰਾਨ ਮੋਦੀ ਨੇ ਆਪਣੇ ਭਾਸ਼ਣ ਵਿਚ ਕਿਸਾਨੀ ਮਸਲਿਆਂ ’ਤੇ ਕਾਂਗਰਸ ਨੂੰ ਨਿਸ਼ਾਨੇ ’ਤੇ ਰੱਖਿਆ ਅਤੇ ਜਿਣਸਾਂ ਦੇ ਸਰਕਾਰੀ ਭਾਅ ’ਚ ਵਾਧੇ ਨੂੰ ਲੈ ਕੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਭਾਵੇਂ ਮੋਦੀ ਨੇ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿਚ ਕੀਤੇ ਵਾਧੇ ਨੂੰ ਆਪਣੀ ਵੱਡੀ ਪ੍ਰਾਪਤੀ ਦਸਦਿਆਂ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਨੇ ਮੁਕੰਮਲ ਰੂਪ ਵਿਚ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਨ, ਕਿਸਾਨੀ ਕਰਜ਼ੇ ਅਤੇ ਖੁਦਕੁਸ਼ੀਆਂ ਦੇ ਮਾਮਲੇ ’ਤੇ ਚੁੱਪ ਹੀ ਰਹੇ। ਫਸਲਾਂ ਦੇ ਸਰਕਾਰੀ ਭਾਅ ਵਿਚ ਕੀਤੇ ਵਾਧੇ ਤੋਂ ਬਾਅਦ ਇਹ ਮੋਦੀ ਦੀ ਪਹਿਲੀ ਰੈਲੀ ਸੀ।

ਇਸ ਦੌਰਾਨ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਕਿ ਜਿੱਥੇ ਪੰਜਾਬ ਵਿਚ ਹਰ ਰੋਜ਼ ਨੌਜਵਾਨ ਨਸ਼ਿਆਂ ਕਾਰਨ ਮਰ ਰਹੇ ਹਨ ਉੱਥੇ ਮੋਦੀ ਨੇ ਇਸ ਰੈਲੀ ਦੌਰਾਨ ਨਸ਼ਿਆਂ ਬਾਰੇ ਇਕ ਵੀ ਸ਼ਬਦ ਨਹੀਂ ਬੋਲਿਆ ਤੇ ਨਾ ਹੀ ਪੰਜਾਬ ਲਈ ਕੋਈ ਐਲਾਨ ਕੀਤਾ।

ਇਸੇ ਦੌਰਾਨ ਭਾਜਪਾ ਦੇ ਆਗੂ ਅਤੇ ਸ਼੍ਰੋ. ਅ. ਦ. (ਬਾਦਲ) ਦੇ ਪਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਨਰਿੰਦਰ ਮੋਦੀ ਦੇ ਸਿਰ ‘ਤੇ ਬੱਜੀ ਬਝਾਈ ਪੱਗ ਰੱਖੀ ਗਈ ਪਰ ਮੋਦੀ ਨੇ ਤਸਵੀਰਾਂ ਲਹਾਉਣ ਤੋਂ ਫੌਰਨ ਬਾਅਦ ਹੀ ਬੜੀ ਬੇਕਿਕੀ ਨਾਲ ਪੱਗ ਲਾਹ ਕੇ ਪਿੱਛੇ ਖੜ੍ਹੇ ਸੁਰੱਖਿਆ ਕਰਮਚਾਰੀ ਨੂੰ ਫੜਾ ਦਿੱਤਾ ਤੇ ਮੌਜ ਨਾਲ ਬੋਦਿਆਂ ‘ਤੇ ਹੱਥ ਫੇਰਿਆ। ਅਖਬਾਰੀ ਖਬਰਾਂ ਅਨੁਸਾਰ ਇਸ ਮੌਕੇ ‘ਤੇ ਹਾਜ਼ਰ ਆਗੂ ਸਣੇਂ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਇਹ ਵਰਤਾਰ ਵੇਖ ਕੇ ਹੱਕੇ-ਬੱਕੇ ਰਹਿ ਗਏ। ਦਸਤਾਰ ਦੀ ਇਸ ਤਰ੍ਹਾਂ ਹੋਈ ਬੇਅਦਬੀ ਦਾ ਕਈ ਪੰਥਕ ਧਿਰਾਂ ਨੇ ਸਖਤ ਇਤਰਾਜ਼ ਕੀਤਾ ਹੈ। ਪਰ ਪੰਜਾਬ ਦੀ ਦਿੱਲੀ ਅੱਗੇ ਤਰਲੇ ਮਿੰਨਤਾਂ ਵਾਲੀ ਸਿਆਸਤ ਦੀ ਇਹ ਕਾਰਵਾਈ ਇਕ ਚਿੰਨ੍ਹ ਬਣ ਚੁੱਕੀ ਹੈ ਤੇ ਪੰਜਾਬ ਦੀ ਦਸਤਾਰ ਦੀ ਇਸ ਤਰ੍ਹਾਂ ਦੀ ਬੇਅਦਬੀ ਲਗਭਗ ਹਰ ਭਾਰਤ ਪੱਖੀ ਪਾਰਟੀ ਦੀ ਰੈਲੀ ਦੌਰਾਨ ਦੇਖਣ ਨੂੰ ਮਿਲਦੀ ਹੈ।

ਤਿੰਨ ਸੂਬਿਆਂ ਦੇ ਨਾਲ ਲਗਦੇ ਇਸ ਪੰਜਾਬ ਦੇ ਖਿੱਤੇ ਵਿਚ ਰੱਖੀ ਇਸ ਰੈਲੀ ਵਿਚ ਭਾਜਪਾ ਤਿੰਨ ਸੂਬਿਆਂ ਦੇ ਕਿਸਾਨਾਂ ਨੂੰ ਇਕੱਤਰ ਕਰਨਾ ਚਾਹੁੰਦੀ ਸੀ ਪਰ ਕਿਸਾਨ ਇਕੱਠ ’ਚੋਂ ਰਾਜਸਥਾਨ ਦੀ ਮੁੱਖ ਮੰਤਰੀ ਗ਼ੈਰਹਾਜ਼ਰ ਰਹੀ। ਚਾਰ ਦਿਨਾਂ ’ਚ ਹੀ ਅਕਾਲੀ ਦਲ ਨੇ ਇਸ ਰੈਲੀ ਦੇ ਪ੍ਰਬੰਧ ਕੀਤੇ ਪਰ ਰਾਜਸਥਾਨ ਦੇ ਕਿਸਾਨਾਂ ਨੇ ਇਸ ਰੈਲੀ ਵਿਚ ਕੋਈ ਦਿਲਚਸਪੀ ਨਾ ਦਿਖਾਈ। ਪ੍ਰਧਾਨ ਮੰਤਰੀ ਨੇ ਆਪਣੇ ਪੌਣੇ ਘੰਟੇ ਦੇ ਭਾਸ਼ਣ ’ਚ ਆਖਿਆ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਸਾਲ 2022 ਤੱਕ ਆਮਦਨ ਦੁੱਗਣੀ ਕਰਨ ਲਈ ਵਿਆਪਕ ਰਣਨੀਤੀ ਬਣਾਈ ਹੈ। ਉਨ੍ਹਾਂ ਆਖਿਆ ਕਿ ਜਿਣਸਾਂ ਦੇ ਸਰਕਾਰੀ ਭਾਅ ’ਚ ਵਾਧਾ ਹੋਣ ਮਗਰੋਂ ਕਿਸਾਨਾਂ ਦੀ ਚਿੰਤਾ ਦੂਰ ਹੋਈ ਹੈ ਜਦੋਂ ਕਿ ਕਾਂਗਰਸ ਦੀ ਨੀਂਦ ਉੱਡੀ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਨੇ 70 ਵਰ੍ਹਿਆਂ ਦੌਰਾਨ ਕਿਸਾਨੀ ਮਿਹਨਤ ਦਾ ਮੁੱਲ ਨਹੀਂ ਪਾਇਆ ਅਤੇ ਕਿਸਾਨਾਂ ਦੀ ਇੱਜ਼ਤ ਕਰਨ ਦੀ ਥਾਂ ਕਿਸਾਨਾਂ ਨੂੰ ਵੋਟ ਬੈਂਕ ਹੀ ਸਮਝਿਆ। ਕਾਂਗਰਸ ਨੇ ਕਿਸਾਨਾਂ ਨਾਲ ਧੋਖਾ ਕੀਤਾ ਜਦੋਂ ਕਿ ਐਨ.ਡੀ.ਏ ਸਰਕਾਰ ਨੇ ਵਾਅਦੇ ਪੂਰੇ ਕੀਤੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੇ ਵਿਰੋਧੀਆਂ ਦੀਆਂ ਰਾਤਾਂ ਖ਼ਰਾਬ ਕਰ ਦਿੱਤੀਆਂ ਹਨ। ਪ੍ਰਧਾਨ ਮੰਤਰੀ ਨੇ ਰੈਲੀ ਦੇ ਇਕੱਠ ਨੂੰ ’ਕਿਸਾਨਾਂ ਦਾ ਕੁੰਭ’ ਦੱਸਦੇ ਹੋਏ ਸਿੱਖ ਪਰੰਪਰਾ ਤੇ ਵੀਰਤਾ ਦੀ ਗੱਲ ਵੀ ਕੀਤੀ ਅਤੇ ਮਲੋਟ ਖ਼ਿੱਤੇ ਦੇ ਨਰਮੇ ਦੀ ਵਡਿਆਈ ਵੀ ਕੀਤੀ। ਉਨ੍ਹਾਂ ਦਾਅਵਾ ਕੀਤਾ ਫ਼ਸਲਾਂ ਦੇ ਸਰਕਾਰੀ ਭਾਅ ’ਚ 200 ਤੋਂ ਲੈ ਕੇ 1800 ਰੁਪਏ ਦਾ ਵਾਧਾ ਹੋਇਆ ਹੈ ਜਿਸ ਦਾ ਸਭ ਤੋਂ ਵੱਡਾ ਫ਼ਾਇਦਾ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਕਿਸਾਨਾਂ ਨੂੰ ਹੋਵੇਗਾ। ਉਨ੍ਹਾਂ ਆਖਿਆ ਕਿ ਕਿਸਾਨੀ ਦੇ ਸਾਰੇ ਖ਼ਰਚੇ ਲਾਗਤ ਵਿੱਚ ਜੋੜੇ ਗਏ ਹਨ ਜਿਸ ਨਾਲ ਠੇਕੇ ’ਤੇ ਜ਼ਮੀਨਾਂ ਲੈ ਕੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਵੀ ਲਾਭ ਮਿਲੇਗਾ। ਉਨ੍ਹਾਂ ਕੇਂਦਰੀ ਸਕੀਮਾਂ ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਲਾਉਣ ਦੀ ਥਾਂ ਖੇਤਾਂ ਵਿੱਚ ਹੀ ਮਿਲਾ ਕੇ ਖਾਦ ਦਾ ਖਰਚਾ ਘਟਾਉਣ। ਕੇਂਦਰ ਵਲੋਂ ਪੰਜਾਹ ਕਰੋੜ ਦਾ ਫ਼ੰਡ ਬਣਾਇਆ ਗਿਆ ਹੈ ਅਤੇ ਪਰਾਲੀ ਦੀ ਸਾਂਭ ਸੰਭਾਲ ਲਈ ਮਸ਼ੀਨਰੀ ਦੀ ਖ਼ਰੀਦ ਵਿੱਚ ਮਾਲੀ ਮਦਦ ਦਿੱਤੀ ਜਾਵੇਗੀ। ਉਨ੍ਹਾਂ ਮਾਲਵੇ ਵਿੱਚ ਕੈਂਸਰ ਦੀ ਬਿਮਾਰ ’ਤੇ ਫ਼ਿਕਰ ਜ਼ਾਹਿਰ ਕਰਦੇ ਹੋਏ ਪ੍ਰਦੂਸ਼ਣ ਘਟਾਉਣ ’ਚ ਸਹਿਯੋਗ ਮੰਗਿਆ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਬਠਿੰਡਾ ਵਿੱਚ ਬਣਨ ਵਾਲੇ ਏਮਜ਼ ਇੰਸਟੀਚਿਊਟ ਦੀ ਉਸਾਰੀ ਵਿੱਚ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਨੇ ਬਠਿੰਡਾ ਨੂੰ ਏਮਜ਼ ਇੰਸਟੀਚਿਊਟ ਦਿੱਤਾ। ਹੁਣ ਪੰਜਾਬ ਸਰਕਾਰ ਇਸ ਦੀ ਉਸਾਰੀ ਲਈ ਸਹਿਯੋਗ ਕਰੇ ਅਤੇ ਕੰਮਾਂ ਵਿਚ ਤੇਜ਼ੀ ਲਿਆਏ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਲਏ ਬਿਨਾਂ ਆਖਿਆ ਕਿ ਹੁਣ ਦੀ ਪੰਜਾਬ ਸਰਕਾਰ ਦੇ ਰਾਜ ਦੌਰਾਨ ਪੰਜਾਬ ਦਾ ਬੁਰਾ ਹਾਲ ਹੋ ਗਿਆ ਹੈ। ਉਨ੍ਹਾਂ ਆਖਿਆ ਕਿ ਪੰਜਾਬ ਵਿਚ ਗੱਠਜੋੜ ਸਰਕਾਰ ਦੇ ਜਾਣ ਮਗਰੋਂ ਸੂਬੇ ਦਾ ਪੱਧਰ ਤੇਜ਼ੀ ਨਾਲ ਹੇਠਾਂ ਡਿੱਗਿਆ ਹੈ।

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਦਾ ਸਵਾਗਤ ਤੇ ਧੰਨਵਾਦ ਕਰਦੇ ਹੋਏ ਜਿਣਸਾਂ ਦੇ ਭਾਅ ਵਿਚ ਹੋਏ ਵਾਧੇ ਨੂੰ ਕਿਸਾਨੀ ਕਿੱਤੇ ਨੂੰ ਮੁਨਾਫਾਬਖ਼ਸ਼ ਬਣਾਉਣ ਲਈ ਵੱਡਾ ਕਦਮ ਦੱਸਿਆ। ਬਾਦਲ ਨੇ ਆਖਿਆ ਕਿ ਇਸ ਕਦਮ ਮਗਰੋਂ ਹੁਣ ਕਿਸਾਨਾਂ ਦੀ ਨਵੀਂ ਪੀੜੀ ਮੁੜ ਖੇਤੀ ਵੱਲ ਮੁੜੇਗੀ।

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਆਪਣੇ ਭਾਸ਼ਣ ਵਿਚ ਹਰਿਆਣੇ ਦਾ ਵਿਕਾਸ ਕਾਰਡ ਦਿਖਾਇਆ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਜਨਮ ਦਿਹਾੜਾ ਵੱਡੇ ਪੱਧਰ ’ਤੇ ਮਨਾਏ ਜਾਣ ਦੀ ਮੰਗ ਰੱਖੀ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ।

ਰੈਲੀ ਦੌਰਾਨ ਦਸਤਾਰ ਦੇ ਨਾਲ-ਨਾਲ ਲੰਗਰ ਦੀ ਵੀ ਹੋਈ ਬੇਅਦਬੀ
ਰੈਲੀ ਦੌਰਾਨ ਜਿੱਥੇ ਦਸਤਾਰ ਦੀ ਬੇਅਦਬੀ ਕੀਤੀ ਗਈ ਉੱਥੇ ਹੀ ਲੰਗਰ ਦੀ ਵੀ ਬੇਅਦਬੀ ਕੀਤੀ ਗਈ। ਬਾਦਲ ਦਲ ਵੱਲੋਂ ਲੋਕਾਂ ਲਈ ਕੁਝ ਥਾਵਾਂ ’ਤੇ ਲੰਗਰਾਂ ਦਾ ਪ੍ਰਬੰਧ ਕੀਤਾ ਹੋਇਆ ਸੀ। ਰੈਲੀ ਦੀ ਸਮਾਪਤੀ ਤੋਂ ਕੁਝ ਸਮਾਂ ਬਾਅਦ ਲੰਗਰ ਪੈਰਾਂ ਵਿੱਚ ਰੁਲ ਰਿਹਾ ਸੀ ਅਤੇ ਉਥੇ ਕੋਈ ਵੀ ਬਾਦਲ ਦਲ ਦਾ ਆਗੂ ਮੌਜੂਦ ਨਹੀਂ ਸੀ। ਪੰਡਾਲ ‘ਸਵੱਛ ਭਾਰਤ ਮੁਹਿੰਮ’ ਦਾ ਮੂੰਹ ਚਿੜ੍ਹਾਅ ਰਿਹਾ ਸੀ।

ਬਾਦਲ ਦਲ ਦੀਆਂ ਆਮ ਰੈਲੀਆਂ ਵਾਂਗ ਇੱਥੇ ਵੀ ਲੰਗਰ ਸ਼੍ਰੋਮਣੀ ਕਮੇਟੀ ਅਤੇ ਸਥਾਨਕ ਗੁਰਦੁਆਰਾ ਸਾਹਿਬਾਨ ਤੋਂ ਆਇਆ ਦੱਸਿਆ ਜਾ ਰਿਹਾ ਹੈ, ਜੋ ਬਾਅਦ ਵਿਚ ਸੜਕਾਂ ‘ਤੇ ਰੁਲਦਾ ਰਿਹਾ। ਕੁਝ ਲੋੜਵੰਦ ਔਰਤਾਂ ਲੰਗਰ ਚੁੱਕ ਰਹੀਆਂ ਸਨ। ਲੰਗਰ ਉੱਪਰੋਂ ਦੀ ਵਾਹਨ ਲੰਘ ਰਹੇ ਸਨ ਅਤੇ ਲੋਕ ਵੀ ਲੰਗਰ ਨੂੰ ਲਤਾੜ ਕੇ ਜਾ ਰਹੇ ਸਨ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: