ਖਾਸ ਖਬਰਾਂ » ਵਿਦੇਸ਼ » ਸਿਆਸੀ ਖਬਰਾਂ » ਸਿੱਖ ਖਬਰਾਂ

ਮੈਲਬੌਰਨ ਦੇ ਪੱਛਮੀ ਹਲਕੇ ਮੈਲਟਨ ਤੋਂ ਉਮੀਦਵਾਰ ਹਰਕੀਰਤ ਸਿੰਘ ਵਲੋਂ ਚੋਣ ਮੁਹਿੰਮ ਦੀ ਸ਼ੁਰੂਆਤ

July 5, 2018 | By

ਮੈਲਬੌਰਨ: ਮੈਲਬੌਰਨ ਦੇ ਪੱਛਮੀ ਹਲਕੇ ਮੈਲਟਨ ਤੋਂ ਗ੍ਰੀਨਸ ਪਾਰਟੀ ਦੇ ਉਮੀਦਵਾਰ ਹਰਕੀਰਤ ਸਿੰਘ ਨੇ ਮੈਲਟਨ ਸੀਨੀਅਰ ਹਾਲ ਵਿੱਚ ਭਾਈਚਾਰੇ ਦੇ ਭਰਵੇਂ ਹੁੰਗਾਰੇ ਦੇ ਨਾਲ ਚੋਣ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਐਤਵਾਰ ਸ਼ਾਮ ਨੂੰ ਰੱਖੇ ਇਕੱਠ ਵਿੱਚ ਪਾਰਟੀ ਦੇ ਵੱਖ ਵੱਖ ਲੀਡਰਾਂ ਨੇ ਸ਼ਮੂਲੀਅਤ ਕੀਤੀ। ਮੈਲਬੌਰਨ ਦੀ ਪੱਛਮੀ ਇਲਾਕੇ ਦੀ ਸੰਸਦ ਮੈਂਬਰ ਹੁੰਗ ਟਰੂੰਗ ਨੇ ਹਰਕੀਰਤ ਸਿੰਘ ਦੀ ਹਿਮਾਇਤ ਵਿੱਚ ਬੋਲਦੇ ਕਿਹਾ ਕਿ ਆਸਟ੍ਰੇਲੀਆ ਦੇ ਬਹੁਸਭਿਆਚਾਰਕ ਭਾਈਚਾਰੇ ਵਿਚ ਪਹਿਚਾਣ ਬਣਾ ਚੁੱਕੇ ਹਰਕੀਰਤ ਸਿੰਘ ਵਰਗੇ ਆਗੂਆਂ ਦੀ ਲੋੜ ਹੈ। ਉਹਨਾਂ ਗ੍ਰੀਨਜ਼ ਪਾਰਟੀ ਦੇ ਵਲੋਂ ਕੀਤੇ ਕਾਰਜਾਂ ਬਾਰੇ ਵੀ ਚਾਨਣਾ ਪਾਇਆ। ਉਹਨਾਂ ਤੋਂ ਬਾਅਦ ਮੈਲਬੌਰਨ ਕੇਂਦਰੀ ਤੋਂ ਕੌਂਸਲ ਦੀ ਉਮੀਦਵਾਰ ਤੇ ਪਾਰਟੀ ਦੀ ਸਟੇਟ ਕੌਂਸਲਰ ਅਪਸਰਾ ਸਬਰਤਨਮ ਨੇ ਵੀ ਤੱਥ ਭਰਪੂਰ ਜਾਣਕਾਰੀ ਸਾਂਝੀ ਕੀਤੀ।

ਮੈਲਬੌਰਨ ਦੇ ਉੱਤਰ ਪੱਛਮੀ ਇਲਾਕੇ ਇਸੈਂਡਨ ਤੋਂ ਉਮੀਦਵਾਰ ਜੇਮਸ ਵਿਲੀਅਮਸ ਨੇ ਆਪਣੇ ਬਾਰੇ ਜਾਣਕਾਰੀ ਦਿੱਤੀ ਤੇ ਆਪਣੇ ਚੋਣ ਮਨੋਰਥ ਬਾਰੇ ਦੱਸਿਆ। ਫੂਟਸਕ੍ਰੇ ਹਲਕੇ ਦੇ ਉਮੀਦਵਾਰ ਐਂਗੁਸ ਮੇਕਲਪਾਇਨ ਨੇ ਪੱਛਮੀ ਇਲਾਕੇ ਦੀ ਉੱਨਤੀ ਦੀ ਗੱਲ ਕੀਤੀ ਅਤੇ ਕਿਹਾ ਕਿ ਗਰੀਨ ਪਾਰਟੀ ਲੋਕਾਂ ਦੇ ਮੁੱਦਿਆਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਦੀ ਗੱਲ ਕਰਦੀ ਹੈ ਅਤੇ ਹਮੇਸ਼ਾ ਉਪਰਾਲੇ ਵੀ ਕਰਦੀ ਹੈ। ਬੈਟਮੈਨ ਹਲਕੇ ਤੋਂ ਚੋਣ ਲੜ ਚੁੱਕੇ ਐਲੇਕਸ ਭੱਠਲ ਹੋਰਾਂ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਦਸਤਾਰਧਾਰੀ ਨੌਜਵਾਨ ਹਰਕੀਰਤ ਸਿੰਘ ਨੂੰ ਪਾਰਟੀ ਨੇ ਚੋਣ ਮੈਦਾਨ ਵਿੱਚ ਉਤਾਰਿਆ ਹੈ। ਉਹਨਾਂ ਕਿਹਾ ਕੇ ਹਰਕੀਰਤ ਸਿੰਘ ਨੇ ਮਨੁੱਖੀ ਹੱਕਾਂ ਦੀ ਅਵਾਜ਼ ਬੁਲੰਦ ਕੀਤੀ ਹੈ ਅਤੇ ਭਾਈਚਾਰੇ ਦੀ ਕਈ ਮੁੱਦਿਆਂ ਨੂੰ ਵੱਖ ਵੱਖ ਸੰਸਦ ਮੈਂਬਰਾਂ ਤੱਕ ਪਹੁੰਚਾਇਆ ਹੈ। ਉਹਨਾਂ ਕਿਹਾ ਕਿ ਹਰਕੀਰਤ ਮੈਲਟਨ ਇਲਾਕੇ ਦੇ ਵਸਨੀਕਾਂ ਲਈ ਇਕ ਨਿਧੜਕ ਆਵਾਜ਼ ਬਣੇਗਾ। ਉਹਨਾ ਕਿਹਾ ਕਿ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਕਿ ਆਸਟ੍ਰੇਲੀਆ ਵਿੱਚ ਕੋਈ ਸਿੱਖੀ ਸਰੂਪ ਵਿੱਚ ਸੰਸਦ ਮੈਂਬਰ ਬਣੇ। ਉਹਨਾ ਭਾਈਚਾਰੇ ਨੂੰ ਅਪੀਲ ਕੀਤੀ ਕਿ ਭਾਈਚਾਰੇ ਦੇ ਮੁਦਿਆਂ ਬਾਰੇ ਜਾਗਰੂਕ ਅਤੇ ਕੰਮ ਕਰਨ ਵਾਲੇ ਹਰਕੀਰਤ ਸਿੰਘ ਦੀ ਹਰ ਪੱਖੋਂ ਮਦਦ ਕੀਤੀ ਜਾਵੇ। ਇਸ ਮੌਕੇ ਰਾਜ ਸਭਾ ਦੇ ਉਮੀਦਵਾਰ ਲੋਏਡ ਡੇਵਿਸ ਨੇ ਵੀ ਸੰਬੋਧਨ ਕੀਤਾ।

ਹਰਕੀਰਤ ਸਿੰਘ ਨੇ ਸਾਰੇ ਪਹੁੰਚੇ ਭਾਈਚਾਰੇ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜਿੱਤਣ ਲਈ ਉਹਨਾਂ ਨੂੰ ਵਧੀਆ ਮੁਹਿੰਮ ਤੇ ਸਮੂਹ ਭਾਈਚਾਰੇ ਦੇ ਸਹਿਯੋਗ ਦੀ ਲੋੜ ਪਵੇਗੀ। ਉਨ੍ਹਾ ਕਿਹਾ ਕਿ ਮੈਲਟਨ ਦੇ ਵੱਖ ਵੱਖ ਭਾਈਚਾਰੇ ਉਹਨਾਂ ਨੂੰ ਸਹਿਯੋਗ ਦੇ ਰਹੇ ਹਨ। ਉਹਨਾਂ ਕਿਹਾ ਕਿ ਵਧੀਆ ਸਿਹਤ ਸੇਵਾਵਾਂ, ਆਵਾਜਾਈ ਸਾਧਨ, ਵਧੀਆ ਰਹਿਣ ਸਹਿਣ ਅਤੇ ਬਹੁ ਸੱਭਿਆਚਾਰਕ ਸੇਵਾਵਾਂ ਵਿੱਚ ਵਾਧਾ ਉਹਨਾਂ ਦੇ ਮੁਖ ਮੁੱਦੇ ਹਨ। ਉਹਨਾਂ ਕਿਹਾ ਕਿ ਮੈਲਟਨ ਦੀ ਆਬਾਦੀ ਇੱਕ ਲੱਖ ਤੋਂ ਉੱਪਰ ਹੈ ਤੇ ਮੈਲਟਨ ਦੇ ਸਾਰੇ ਵਸਨੀਕ ਸਨਸ਼ਾਈਨ ਜਾਂ ਬੈਕਸ ਮਾਰਸ਼ ਹਸਪਤਾਲ ਜਾਂਦੇ ਹਨ ਜਿੱਥੇ ਪਹਿਲਾਂ ਹੀ ਕਾਫੀ ਭੀੜ ਰਹਿੰਦੀ ਹੈ। ਇਹਨਾਂ ਦੋਵੇਂ ਹਸਪਤਾਲਾਂ ਨੂੰ ਹੋਰ ਵੱਡਾ ਕਰਨ ਦੀ ਲੋੜ ਹੈ ਤੇ ਮੈਲਟਨ ਵਿੱਚ ਹੋਰ ਐਬੂਲੈਂਸ ਤੇ ਡਾਕਟਰੀ ਸਹਾਇਤਾ ਵਧਾਉਣ ਦੀ ਲੋੜ ਹੈ।

ਆਵਾਜਾਈ ਦੇ ਸਾਧਨਾਂ ਬਾਰੇ ਬੋਲਦੇ ਉਹਨਾਂ ਕਿਹਾ ਕਿ ਹਲਕੇ ਵਿੱਚ ਬੱਸਾਂ ਵਿੱਚ ਵਾਧਾ ਹੋਣਾ ਬਹੁਤ ਜਰੂਰੀ ਹੈ ਅਤੇ ਉਹ ਮੈਲਟਨ ਦੀ ਰੇਲ ਲਾਈਨ ਨੂੰ ਮੈਟਰੋ ਵਿੱਚ ਤਬਦੀਲ ਕਰਨ ਲਈ ਯਤਨਸ਼ੀਲ ਹਨ। ਉਹਨਾ ਕਿਹਾ ਕਿ ਗਰੀਨਜ਼ ਪਹਿਲਾ ਤੋਂ ਹੀ ਆਵਾਜ਼ਾਈ ਦੇ ਸਾਧਨਾਂ ਦੀ ਬਿਹਤਰੀ ਦੀ ਗੱਲ ਕਰਦੇ ਆਏ ਹਨ। ਰਹਿਣ ਸਹਿਣ ਦੇ ਮੁੱਦੇ ਬਾਰੇ ਬੋਲਦੇ ਉਹਨਾ ਕਿਹਾ ਕਿ ਮੈਲਟਨ ਵਿੱਚ ਹੋਰ ਪਾਰਕਾਂ, ਪਾਰਕਾਂ ਵਿੱਚ ਪੀਣ ਵਾਲਾ ਪਾਣੀ, ਗੁਸਲਖਾਨੇ ਤੇ ਹੋਰ ਸਹੂਲਤਾਂ ਦੀ ਲੋੜ ਹੈ। ਮੈਲਟਨ ਵਿੱਚ ਸ਼ਰਾਬ ਤੇ ਹੋਰ ਨਸ਼ੇ ਕਰਨ ਵਾਲੇ ਵਿਅਕਤੀਆਂ ਦੇ ਸੁਧਾਰ ਲਈ ਉਹ ਆਵਾਜ਼ ਬੁਲੰਦ ਕਰਨਗੇ ਜਿਸ ਨਾਲ ਜੁਰਮ ਨੁੰ ਰੋਕਿਆ ਜਾ ਸਕੇ। ਉਹਨਾਂ ਕਿਹਾ ਕਿ ਪ੍ਰਵਾਸੀ ਭਾਈਚਾਰੇ ਦੇ ਹੱਕਾਂ ਵਿੱਚ ਗਰੀਨਸ ਪਾਰਟੀ ਖੜ੍ਹਦੀ ਹੈ ਅਤੇ ਉਹ ਪ੍ਰਵਾਸੀ ਭਾਈਚਾਰਿਆਂ ਦੇ ਮੁੱਦਿਆਂ ਨੁੰ ਅੱਗੇ ਲੈ ਕੇ ਜਾਣਗੇ। ਉਹਨਾਂ ਕਿਹਾ ਕਿ ਮੈਲਟਨ ਦੇ ਸੁਧਾਰ ਲਈ ਉਹ ਵਚਨਬੱਧ ਹਨ ਅਤੇ ਇੱਕ ਨਿਧੜਕ ਆਵਾਜ਼ ਬਣ ਕੇ ਭਾਈਚਾਰੇ ਲਈ ਕੰਮ ਕਰਨਗੇ। ਇਸ ਮੌਕੇ ਪੰਜਾਬੀ ਭਾਈਚਾਰੇ ਦੀਆ ਵੱਖ ਵੱਖ ਸੰਸਥਾਵਾਂ ਦੇ ਆਗੂਆਂ ਨੇ ਵਧਾਈ ਦਿੱਤੀ ਅਤੇ ਕਿਹਾ ਕਿ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: