ਕੌਮਾਂਤਰੀ ਖਬਰਾਂ » ਖਾਸ ਖਬਰਾਂ » ਸਿਆਸੀ ਖਬਰਾਂ

ਪਾਕਿਸਤਾਨ ਵਿਚ ਪਾਰਲੀਮਾਨੀ ਚੋਣਾਂ ਅੱਜ; ਤਿੰਨ ਮੁਖ ਧਿਰਾਂ ਵਿਚ ਸੱਤਾ ਲਈ ਮੁਕਾਬਲਾ

July 25, 2018 | By

ਇਸਲਾਮਾਬਾਦ: ਪਾਕਿਸਤਾਨ ਵਿਚ ਪ੍ਰਧਾਨ ਮੰਤਰੀ ਦੀ ਚੋਣ ਲਈ ਅੱਜ 25 ਜੁਲਾਈ ਨੂੰ ਵੋਟਾਂ ਪੈ ਰਹੀਆਂ ਹਨ। ਮੁੱਖ ਮੁਕਾਬਲਾ 3 ਪ੍ਰਮੁੱਖ ਪਾਰਟੀਆਂ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐਮ.ਐਲ-ਐਨ), ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ) ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ) ਦਰਮਿਆਨ ਹੈ।

ਇਸ ਚੋਣ ਅਮਲ ਵਿਚ 30 ਤੋਂ ਵੱਧ ਰਾਜਨੀਤਕ ਪਾਰਟੀਆਂ ਅਤੇ 12,570 ਉਮੀਦਵਾਰ ਚੋਣ ਲੜ ਰਹੇ ਹਨ।

ਨਵਾਜ਼ ਸ਼ਰੀਫ ਤੇ ਸ਼ਾਹਬਾਜ਼ ਸ਼ਰੀਫ

ਪਾਕਿਸਤਾਨ ਮੁਸਲਿਮ ਲੀਗ ਦੀ ਅਗਵਾਈ ਇਸ ਵਾਰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਭਰਾ ਸ਼ਾਹਬਾਜ਼ ਸ਼ਰੀਫ ਵਲੋਂ ਕੀਤੀ ਜਾ ਰਹੀ ਹੈ ਕਿਉਂਕਿ ਨਵਾਜ਼ ਸ਼ਰੀਫ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਸਜ਼ਾ ਸੁਣਾਏ ਜਾਣ ਕਾਰਨ ਜੇਲ੍ਹ ਵਿਚ ਹੈ। 2013 ਦੀਆਂ ਚੋਣਾਂ ਵਿਚ ਪੀ.ਐਮ.ਐਲ-ਐਨ ਨੇ ਸਪਸ਼ਟ ਬਹੁਮਤ ਹਾਸਲ ਕੀਤਾ ਸੀ ਤੇ ਨਵਾਜ਼ ਸ਼ਰੀਫ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ ਸਨ। ਪਰ ਪਨਾਮਾ ਪੇਪਰ ਲੀਕ ਤੋਂ ਬਾਅਦ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੇ ਪਰਿਵਾਰ ਦੀ ਜ਼ਾਇਦਾਦ ਦੀ ਜਾਂਚ ਹੋਈ ਤੇ ਉਹ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ੀ ਪਾਏ ਗਏ। ਇਸ ਵਾਰ ਪੀ.ਐਮ.ਐਲ-ਐਨ ਵਲੋਂ ਨਵਾਜ਼ ਸ਼ਰੀਫ ਦੇ ਛੋਟੇ ਭਰਾ ਸ਼ਾਹਬਾਜ਼ ਸ਼ਰੀਫ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਹੈ। ਸ਼ਾਹਬਾਜ਼ ਸ਼ਰੀਫ ਪਾਕਿਸਤਾਨ ਦੇ ਸੀਟਾਂ ਦੇ ਪੱਖੋਂ ਸਭ ਤੋਂ ਵੱਡੇ ਸੂਬੇ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਹਨ। ਲਹਿੰਦੇ ਪੰਜਾਬ ਤੋਂ ਪਾਕਿਸਤਾਨ ਦੀ ਸੰਸਦ ਵਿਚ ਕੁਲ 141 ਸੀਟਾਂ ਹਨ।

ਇਮਰਾਨ ਖਾਨ

ਦੂਜੀ ਵੱਡੀ ਧਿਰ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ (ਪੀ.ਟੀ.ਆਈ) ਹੈ ਜਿਸ ਦੀ ਅਗਵਾਈ ਸਾਬਕਾ ਕ੍ਰਿਕਟ ਖਿਡਾਰੀ ਇਮਰਾਨ ਖਾਨ ਕਰ ਰਹੇ ਹਨ। ਮੁੱਖ ਵਿਰੋਧੀ ਧਿਰ ਪੀ.ਟੀ.ਆਈ ਦੇ ਇਮਰਾਨ ਖਾਨ ਨੇ 2014 ਵਿਚ ਪਾਕਿਸਤਾਨ ਖਿਲਾਫ ਇਕ ਵੱਡੇ ਪ੍ਰਦਰਸ਼ਨ ਦੀ ਅਗਵਾਈ ਕਰਦਿਆਂ ਚੋਣ ਪ੍ਰਭਾਵਿਤ ਕਰਨ ਦੇ ਦੋਸ਼ ਲਾ ਕੇ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਉਹ ਪੀ.ਐਮ.ਐਲ-ਐਨ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਉਂਦਿਆਂ ਲਗਾਤਾਰ ਵਿਰੋਧ ਕਰਦੇ ਰਹੇ ਹਨ। ਪੀ.ਟੀ.ਆਈ ਪਾਕਿਸਤਾਨ ਦੇ ਉਤਰ ਪੱਛਮੀ ਸੂਬੇ ਖੈਬਰ ਪਖਤੂਨਵਾ ਦੀ ਸੱਤਾ ‘ਤੇ ਪਿਛਲੇ 5 ਸਾਲਾਂ ਤੋਂ ਕਾਬਜ਼ ਹੈ। ਖੈਬਰ ਪਖਤੂਨਵਾ ਤੋਂ ਪਾਕਿਸਤਾਨ ਦੀ ਸੰਸਦ ਵਿਚ ਕੁਲ 39 ਸੀਟਾਂ ਹਨ। ਇਮਰਾਨ ਖਾਨ ਨੂੰ ਵੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਹੁਦੇ ਦਾ ਵੱਡਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ।

ਬਿਲਾਵਲ ਭੁੱਟੋ ਜ਼ਰਦਾਰੀ

ਪਾਕਿਸਤਾਨ ਚੋਣਾਂ ਵਿਚ ਤੀਜੀ ਵੱਡੀ ਧਿਰ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ) ਹੈ। ਪੀ.ਪੀ.ਪੀ ਦੀ ਆਗੂ ਬੇਨਜ਼ੀਰ ਭੁੱਟੋ ਪਾਕਿਸਤਾਨ ਅਤੇ ਦੁਨੀਆ ਦੇ ਕਿਸੇ ਮੁਸਲਿਮ ਬਹੁਗਿਣਤੀ ਵਾਲੇ ਮੁਲਕ ਦੀ ਪ੍ਰਧਾਨ ਮੰਤਰੀ ਬਣਨ ਵਾਲੀ ਪਹਿਲੀ ਬੀਬੀ ਸੀ। ਪੀ.ਪੀ.ਪੀ ਦਾ ਵੱਡਾ ਅਧਾਰ ਸਿੰਧ ਵਿਚ ਹੀ ਮੰਨਿਆ ਜਾਂਦਾ ਹੈ ਤੇ ਬਾਕੀ ਸੂਬਿਆਂ ਵਿਚ ਅਧਾਰ ਮਜ਼ਬੂਤ ਕਰਨ ਲਈ ਪੀ.ਪੀ.ਪੀ ਯਤਨ ਕਰ ਰਹੀ ਹੈ। 2008 ਵਿਚ ਪੀ.ਪੀ.ਪੀ 30ਫੀਸਦੀ ਵੋਟਾਂ ਹਾਸਿਲ ਕਰਨ ਵਿਚ ਕਾਮਯਾਬ ਹੋਈ ਸੀ, ਜੋ 2013 ਵਿਚ ਸੁੰਗੜ ਕੇ ਮਹਿਜ਼ 8 ਫੀਸਦੀ ਰਹਿ ਗਈਆਂ। ਪੀ.ਪੀ.ਪੀ ਦੀ ਅਗਵਾਈ ਬੇਨਜ਼ੀਰ ਭੁੱਟੋ ਦਾ ਮੁੰਡਾ ਬਿਲਾਵਲ ਭੁੱਟੋ ਜ਼ਰਦਾਰੀ ਕਰ ਰਿਹਾ ਹੈ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: