ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ

ਪਟਵਾਰੀ ਖਿਲਾਫ ਝੂਠਾ ਕੇਸ ਦਰਜ ਕਰਨ ਵਾਲੇ ਸਾਬਕਾ ਐਸਐਸਪੀ ਸ਼ਿਵ ਕੁਮਾਰ ਸ਼ਰਮਾ ਨੂੰ ਫੜ੍ਹਨ ਲਈ ਛਾਪੇਮਾਰੀ

July 14, 2018 | By

ਚੰਡੀਗੜ੍ਹ: ਇਕ ਪਟਵਾਰੀ ਨੂੰ ਰਿਸ਼ਵਤ ਦੇ ਝੂਠੇ ਕੇਸ ਵਿਚ ਫਸਾਉਣ ਦੇ ਮਾਮਲੇ ਵਿਚ ਪੰਜਾਬ ਵਿਜੀਲੈਂਸ ਬਿਊਰੋ ਦੇ ਉੱਚ ਅਫਸਰ ਖਿਲਾਫ ਜਾਂਚ ਲਈ ਬਣਾਈ ਗਈ ਪੰਜਾਬ ਪੁਲਿਸ ਦੀ ਖਾਸ ਜਾਂਚ ਟੀਮ (ਐਸਆਈਟੀ) ਵਲੋਂ ਬੀਤੇ ਕਲ੍ਹ ਐਸਐਸਪੀ ਵਿਜੀਲੈਂਸ ਸ਼ਿਵ ਕੁਮਾਰ ਸ਼ਰਮਾ ਦੀ ਰਹਾਇਸ਼ ਅਤੇ ਵਪਾਰਕ ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ।

ਪਟਵਾਰੀ ਮੋਹਣ ਸਿੰਘ ਜੋ ਕਿ ਬੀਤੇ ਅੱਠ ਸਾਲਾਂ ਤੋਂ ਇਸ ਮਾਮਲੇ ਵਿੱਚ ਕਾਨੂੰਨੀ ਲੜਾਈ ਲੜਦਾ ਆ ਰਿਹਾ ਹੈ ਨੇ ਦੱਸਿਆ ਕਿ ਉਸ ਨੇ 2009 ਦੌਰਾਨ ਐਸ. ਐਸ. ਪੀ. ਸ਼ਿਵ ਕੁਮਾਰ ਸ਼ਰਮਾ ਦੀ ਕਿਸੇ ਜਾਇਦਾਦ ਦੀ ਫਰਦ ਦੇਣ ਬਦਲੇ ਸਰਕਾਰੀ ਖਰਚ ਦੇ 20 ਰੁਪਏ ਵਸੂਲੇ ਸਨ ਜਿਸ ਤੋਂ ਬਾਅਦ ਸ਼ਿਵ ਕੁਮਾਰ ਸ਼ਰਮਾ ਨੇ ਉਸ ਨੂੰ ਬੁਲਾ ਕੇ ਧਮਕੀਆਂ ਦਿੱਤੀਆਂ ਸਨ ਕਿ ਫਰਦ ਬਦਲੇ ਵੀਹ ਰੁਪਏ ਲੈਣ ਦੀ ਉਹਦੀ (ਮੋਹਣ ਸਿੰਘ ਦੀ) ਹਿੰਮਤ ਕਿਵੇਂ ਹੋਈ?

ਪਟਵਾਰੀ ਮੋਹਣ ਸਿੰਘ ਨੇ ਕਿਹਾ ਸ਼ਿਵ ਕੁਮਾਰ ਸ਼ਰਮਾ ਨੇ ਕਈ ਸਾਲ ਉਸਨੂੰ ਖੱਜਲ ਖੁਆਰ ਕੀਤਾ ਤੇ ਉਸ ਦੇ ਇਸ਼ਾਰੇ ‘ਤੇ ਮੋਗਾ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਵੀ ਕੀਤਾ ਸੀ। ਮੋਗਾ ਪੁਲਿਸ ਨੇ ਹਿਰਾਸਤ ਦੌਰਾਨ ਪੁਲਿਸ ਮੁਲਾਜਮਾਂ ਕੋਲੋਂ ਮੋਹਣ ਸਿੰਘ ਨਾਲ ਬਦਫੈਲੀ ਵੀ ਕਰਵਾਈ ਸੀ।

ਐਸਆਈਟੀ ਵਲੋ ਸਾਬਕਾ ਐਸਐਸਪੀ ਨੂੰ ਗ੍ਰਿਫਤਾਰ ਕਰਨ ਲਈ ਲੁਧਿਆਣਾ ਵਿਚ ਹੰਬੜਾਂ ਸੜਕ ‘ਤੇ ਅਤੇ ਫਤਿਹਗੜ੍ਹ ਸਾਹਿਬ ਵਿਚ ਸਥਿਤ ਰਹਾਇਸ਼ਾਂ ‘ਤੇ ਛਾਪੇਮਾਰੀ ਕੀਤੀ ਗਈ, ਪਰ ਉਹ ਕਾਬੂ ਨਹੀਂ ਆਇਆ। ਫਤਹਿਗੜ੍ਹ ਸਾਹਿਬ ਵਿਖੇ ਇੰਸਪੈਕਟਰ ਅਜੀਤ ਪਾਲ ਸਿੰਘ ਨੇ ਦੱਸਿਆ ਕਿ ਸਰਹਿੰਦ-ਪਟਿਆਲਾ ਸੜਕ ‘ਤੇ ਸਥਿਤ ਸ਼ਰਮਾ ਦੇ ਮੈਰਿਜ ਪੈਲੇਸ ਅਤੇ ਰੁੜਕੀ ਪਿੰਡ ਵਿਚਲੀ ਰਹਾਇਸ਼ ‘ਤੇ ਛਾਪੇਮਾਰੀ ਕੀਤੀ ਗਈ, ਪਰ ਦੋਵੇਂ ਥਾਵਾਂ ‘ਤੇ ਜਿੰਦੇ ਲੱਗੇ ਮਿਲੇ। ਉਨ੍ਹਾਂ ਦੱਸਿਆ ਕਿ ਦੇਖਰੇਖ ਕਰਨ ਵਾਲੇ ਨੂੰ ਸੰਮਨ ਦੇ ਕੇ ਸ਼ਰਮਾ ਨੂੰ 16 ਜੁਲਾਈ ਨੂੰ ਫਿਰੋਜ਼ਪੁਰ ਪੁਲਿਸ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।

ਖਾਸ ਜਾਂਚ ਦਲ (ਸਪੈਸ਼ਲ ਇਨਵੈਸਟੀਗੇਟਿਵ ਟੀਮ – ਸਿੱਟ) ਨੇ ਇਸ ਮਾਮਲੇ ਵਿੱਚ ਫਿਰੋਜ਼ਪੁਰ ਵਿਖੇ ਪਹਿਲਾਂ ਤੋਂ ਦਰਜ਼ ਐਫ. ਆਈ. ਆਰ. ਵਿੱਚ ਭਾਰਤੀ ਸਜ਼ਾਵਲੀ ਦੀ ਧਾਰਾ 377 (ਬਦਫੈਲੀ), 193 (ਝੂਠੇ ਸਬੂਤ), 295-ਏ (ਧਾਰਮਿਕ ਜ਼ੁਰਮ), 120-ਬੀ (ਸਾਜਿਸ਼) ਦਾ ਵਾਧਾ ਕੀਤਾ ਹੈ। ਪਹਿਲਾਂ ਇਹ ਮਾਮਲਾ ਧਾਰਾ 167 (ਸਰਕਾਰੀ ਮੁਲਾਜ਼ਮ ਵੱਲੋਂ ਝੂਠੇ ਦਸਤਾਵੇਜ਼ ਬਣਾਉਣ), 211 (ਝੂਠਾ ਮੁਕਦਮਾ ਦਰਜ਼ ਕਰਨ), 355 (ਕਿਸੇ ਦੀ ਬੇਇੱਜਤੀ ਕਰਨ ਲਈ ਮਾਰਕੁੱਟ), 506 (ਧਮਕਾਉਣ) ਦੇ ਦੋਸ਼ਾਂ ਤਹਿਤ ਦਰਜ਼ ਕੀਤਾ ਗਿਆ ਸੀ।

ਪਟਵਾਰੀ ਮੋਹਣ ਸਿੰਘ ਨੇ ਗਲੋਬਲ ਪੰਜਾਬ ਟੀ. ਵੀ. ਨਾਲ ਇੱਕ ਗੱਲਬਾਤ ਦੌਰਾਨ ਦੱਸਿਆ ਕਿ ਸ਼ਿਵ ਕੁਮਾਰ ਸ਼ਰਮਾ ਨੇ ਉਸ ਨੂੰ ਧਮਕਾਉਂਦਿਆ ਕਿਹਾ ਸੀ ਕਿ ਉਸਨੇ ਪੰਜ ਸੌ ਸਿੱਖ ਮੁੰਡੇ ਮਾਰੇ ਹਨ ਤਾਂ ਉਹ (ਮੋਹਣ ਸਿੰਘ) ਕੀ ਚੀਜ ਹੈ?

ਪਟਵਾਰੀ ਮੁਤਾਬਕ ਇਸ ਪੁਲਿਸ ਵਾਲੇ ਦੀ ਉੱਪਰ ਤੱਕ ਪਹੁੰਚ ਹੈ। ਉਸਨੇ ਕਿਹਾ ਕਿ ਬਾਦਲ ਸਰਕਾਰ ਵੇਲੇ ਜਦੋਂ ਇਹ ਗੱਲ ਸਾਹਮਣੇ ਆਈ ਸੀ ਕਿ ਉਹ ਨੌਕਰੀ ਮੁੱਕਣ ਤੋਂ ਬਾਅਦ ਵੀ ਬਿਨਾ ਮਨਜੂਰੀ ਤੋਂ ਨੌਕਰੀ ਕਰ ਰਿਹਾ ਹੈ ਤਾਂ ਪੰਜਾਬ ਸਰਕਾਰ ਦੇ ਮੰਤਰੀ ਟੋਲੇ (ਕੈਬਨਟ) ਨੇ ਉਸ ਦੀ ਨੌਕਰੀ ਵਿੱਚ ਪਿਛਲੀਆਂ ਤਰੀਕਾਂ ਤੋਂ ਵਾਧਾ ਕਰ ਦਿੱਤਾ ਸੀ।

ਦਾ ਟ੍ਰਿਬਿਊਨ ਅਖਬਾਰ ਦੀ ਖ਼ਬਰ ਮੁਤਾਬਿਕ ਫਿਰੋਜ਼ਪੁਰ ਰੇਂਜ ਦੇ ਆਈ ਜੀ ਗੁਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਪੁਲਿਸ ਨੇ ਪਹਿਲਾਂ ਨਾ ਹੀ ਇਸ ਮਾਮਲੇ ਦੀ ਸਹੀ ਢੰਗ ਨਾਲ ਜਾਂਚ ਕੀਤੀ ਸੀ ਤੇ ਨਾ ਹੀ ਸਬੂਤ ਇਕੱਤਰ ਕੀਤੇ ਸੀ।

ਉਨ੍ਹਾਂ ਦੱਸਿਆ ਕਿ ਵਿਜੀਲੈਂਸ ਬਿਊਰੋ ਦੇ ਰੋਜ਼ਨਾਮਚੇ ਦੇ ਗੁਆਚੇ ਪੰਨਿਆਂ ਬਾਰੇ ਫੋਰੈਂਸਿਕ ਸਾਇੰਸ ਲੈਬ ਦੀ ਰਿਪੋਰਟ, ਜੋ ਸ਼ਰਮਾ ਦੀ ਸਿੱਧੀ ਸ਼ਮੂਲੀਅਤ ਵੱਲ ਇਸ਼ਾਰਾ ਕਰਦੀ ਸੀ, ਅਦਾਲਤ ਨੂੰ ਭੇਜੀ ਗਈ ਸੀ ਪਰ ਬਾਅਦ ਵਿਚ ਉਹ ਅਦਾਲਤ ਦੀਆਂ ਫਾਇਲਾਂ ਵਿਚੋਂ ਗੁਆਚ ਗਈ।

ਉਨ੍ਹਾਂ ਕਿਹਾ ਕਿ ਆਈਏਐਸ ਅਫਸਰ ਕਾਹਨ ਸਿੰਘ ਪਨੂੰ ਵਲੋਂ ਕੀਤੀ ਗਈ ਜਾਂਚ ਦੇ ਤੱਥਾਂ ‘ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਰੋਜ਼ਨਾਮਚੇ ਦੇ 233 ਪੰਨੇ ਗਾਇਬ ਕਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਇਹ ਸਾਰੇ ਤੱਥ ਅਦਾਲਤ ਸਾਹਮਣੇ ਰੱਖੇ ਗਏ ਹਨ।

ਪਟਵਾਰੀ ਮੋਹਣ ਸਿੰਘ ਨਾਲ ਗਲੋਬਲ ਪੰਜਾਬ ਵੱਲੋਂ ਕੀਤੀ ਗਈ ਗੱਲਬਾਤ ਸੁਣੋਂ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: