ਖਾਸ ਖਬਰਾਂ » ਮਨੁੱਖੀ ਅਧਿਕਾਰ » ਸਿੱਖ ਖਬਰਾਂ

ਸਿੱਖ ਕਤਲੇਆਮ ਸਬੰਧੀ ਕੇਂਦਰ ਵਲੋਂ ਬਣਾਈ ਸਿੱਟ ਨੇ ਬੰਦ ਕੀਤੇ 186 ਮਾਮਲਿਆਂ ਦੀ ਜਾਂਚ ਪੂਰੀ ਨਹੀਂ ਕੀਤੀ

July 13, 2018 | By

ਨਵੀਂ ਦਿੱਲੀ: ਨਵੰਬਰ 1984 ਦੇ ਸਿੱਖ ਕਤਲੇਆਮ ਨਾਲ ਸਬੰਧਤ ਮਾਮਲਿਆਂ ’ਤੇ ਬੀਤੇ ਕਲ੍ਹ ਸੁਪਰੀਮ ਕੋਰਟ, ਦਿੱਲੀ ਹਾਈ ਕੋਰਟ ਤੇ ਪਟਿਆਲਾ ਹਾਊਸ ਅਦਾਲਤ ਵਿਖੇ ਸੁਣਵਾਈਆਂ ਹੋਈਆਂ। ਸੁਪਰੀਮ ਕੋਰਟ ਵਿੱਚ ਸੁਣਵਾਈ ਦੌਰਾਨ ਚੀਫ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੇ ਬੈਂਚ ਨੂੰ ਪਟੀਸ਼ਨਰ ਦੇ ਵਕੀਲ ਨੇ ਅਹਿਮ ਜਾਣਕਾਰੀ ਦਿੰਦਿਆਂ ਕਿਹਾ ਕਿ ਬੀਤੇ ਜਨਵਰੀ ਮਹੀਨੇ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਸਿੱਟ) ਵੱਲੋਂ ਕਤਲੇਆਮ ਨਾਲ ਸਬੰਧਤ ਬੰਦ ਕੀਤੇ 186 ਮਾਮਲਿਆਂ ਦੀ ਜਾਂਚ ਪੂਰੀ ਨਹੀਂ ਕੀਤੀ ਗਈ ਤੇ ਹਾਲੇ ਟੀਮ ਦੇ ਤੀਜੇ ਮੈਂਬਰ ਦੀ ਨਿਯੁਕਤੀ ਹੋਣੀ ਵੀ ਬਾਕੀ ਹੈ।

ਗ਼ੌਰਤਲਬ ਹੈ ਕਿ ਸਿੱਟ ਨੇ 8 ਅਗਸਤ ਨੂੰ ਪਹਿਲੀ ਰਿਪੋਰਟ ਦੇਣੀ ਹੈ, ਪਰ ਅਜੇ ਇਸ ਵੱਲੋਂ ਕੰਮ ਵੀ ਪੂਰੀ ਤਰ੍ਹਾਂ ਸ਼ੁਰੂ ਨਹੀਂ ਕੀਤਾ ਗਿਆ। ਪਟੀਸ਼ਨਰ ਦੇ ਵਕੀਲ ਮੁਤਾਬਕ ਤਿੰਨ ਮੈਂਬਰੀ ਜਾਂਚ ਟੀਮ ਵਿੱਚ ਤੀਜਾ ਮੈਂਬਰ ਸ਼ਾਮਲ ਹੀ ਨਹੀਂ ਕੀਤਾ ਗਿਆ। ਜਸਟਿਸ (ਰਿਟਾ.) ਐਸ.ਐਨ. ਢੀਂਗਰਾ ਦੀ ਅਗਵਾਈ ਵਾਲੀ ਸਿੱਟ ਵਿੱਚ ਸਾਬਕਾ ਆਈਪੀਐਸ ਅਧਿਕਾਰੀਆਂ ਰਾਜਦੀਪ ਸਿੰਘ ਅਤੇ ਅਭਿਸ਼ੇਕ ਦੱਤ ਨੂੰ ਬਤੌਰ ਮੈਂਬਰ ਸ਼ਾਮਲ ਕੀਤਾ ਗਿਆ ਸੀ ਪਰ ਰਾਜਦੀਪ ਸਿੰਘ ਨੇ ਇਸ ਦਾ ਹਿੱਸਾ ਬਣਨ ਤੋਂ ਨਾਂਹ ਕਰ ਦਿੱਤੀ ਸੀ।

ਦਿੱਲੀ ਹਾਈ ਕੋਰਟ ਵਿੱਚ ਨਵੰਬਰ 1984 ਦੇ ਪੀੜਤਾਂ ਨਿਰਪ੍ਰੀਤ ਕੌਰ ਤੇ ਜਗਸ਼ੇਰ ਸਿੰਘ ਦੀ ਅਪੀਲ ਉਪਰ ਕਾਰਜਕਾਰੀ ਚੀਫ਼ ਜਸਟਿਸ ਗੀਤਾ ਮਿੱਤਲ ਦੀ ਅਦਾਲਤ ਵਿੱਚ ਸੁਣਵਾਈ ਜਾਰੀ ਰਹੀ। ਸੱਜਣ ਕੁਮਾਰ ਨੂੰ ਸਿੱਖ ਕਤਲੇਆਮ ਦੇ ਦੋਸ਼ਾਂ ਤੋਂ ਬਰੀ ਕੀਤੇ ਜਾਣ ਨੂੰ ਦਿੱਤੀ ਚੁਣੌਤੀ ਦੇ ਮੱਦੇਨਜ਼ਰ ਸੱਜਣ ਕੁਮਾਰ ਤੇ ਸਾਥੀਆਂ ਵੱਲੋਂ ਵਕੀਲ ਅਮਿਤ ਸਿੱਬਲ ਪੇਸ਼ ਹੋਏ ਤੇ ਬਹਿਸ ਕੀਤੀ।

ਪਟਿਆਲਾ ਹਾਊਸ ਅਦਾਲਤ ਵਿੱਚ ਸੁਲਤਾਨਪੁਰੀ ਕਤਲ ਮਾਮਲੇ ਵਿੱਚ ਸ਼ੀਲਾ ਕੌਰ ਵੱਲੋਂ ਦਿੱਤੀ ਹੋਈ ਗਵਾਹੀ ’ਤੇ ਬਚਾਓ ਧਿਰ ਦੇ ਵਕੀਲਾਂ ਨੇ ਬਹਿਸ ਕੀਤੀ। ਸ਼ੀਲਾ ਕੌਰ ਦੀ ਗਵਾਹੀ ਬਾਰੇ 7 ਅਗਸਤ ਨੂੰ ਬਹਿਸ ਕੀਤੀ ਜਾਵੇਗੀ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: