ਸਿੱਖ ਖਬਰਾਂ

ਹਾਅ ਦਾ ਨਾਅਰਾ ਬੁਲੰਦ ਕਰਨ ਦੀ ਸਿੱਖਾਂ ਦੀ ਵਾਰੀ: ਸਿੱਖ ਬੁੱਧੀਜੀਵੀ

July 26, 2018 | By

ਚੰਡੀਗੜ੍ਹ: ਕਈ ਨਾਮਵਰ ਸਿੱਖ ਬੁੱਧੀਜੀਵੀਆਂ ਅਤੇ ਸਮਾਜ-ਹਿਤੈਸ਼ੀ ਚਿੰਤਕਾਂ ਨੇ ਪਿਛਲੇ ਦਿਨੀਂ ਅਲਵਰ ਵਿੱਚ ਗਊ-ਤਸਕਰ ਗਰਦਾਨ ਕੇ ਜਨੂੰਨੀ ਭੀੜ ਵੱਲੋਂ ਇੱਕ ਮੁਸਲਮਾਨ ਨੌਜਵਾਨ ਰਕਬਰ ਖਾਨ ਨੂੰ ਕੁੱਟ-ਕੁੱਟ ਕੇ ਮਾਰਨ ਦੀ ਸਖ਼ਤ ਨਿੰਦਾ ਕਰਦਿਆਂ ਸਮੁੱਚੇ ਸਿੱਖ ਭਾਈਚਾਰੇ ਨੂੰ ਏਸ ਘਟਨਾ ਵਿਰੁੱਧ ਹਾਅ ਦਾ ਨਾਅਰਾ ਬੁਲੰਦ ਕਰਨ ਦਾ ਸੱਦਾ ਦਿੱਤਾ ਹੈ। ਰਾਜਸਥਾਨ ਦੇ ਵਜ਼ੀਰਾਂ ਅਤੇ ਹੋਰ ਜ਼ਿੰਮੇਵਾਰਾਂ ਦਾ ਆਖਣਾ ਹੈ ਕਿ ਉਹ ਗਊਬੱਧ ਵਾਸਤੇ ਗਊਆਂ ਲੈ ਕੇ ਜਾ ਰਿਹਾ ਸੀ। ਇਹ ਮਹਿਜ਼ ਕੁਪ੍ਰਚਾਰ ਹੈ। ਪਸ਼ੂ ਪਾਲਣ ਤੋਂ ਰਕਬਰ ਖਾਨ ਆਪਣੇ ਪਰਵਾਰ ਦਾ ਗੁਜ਼ਾਰਾ ਚਲਾਉਂਦਾ ਸੀ- ਇਹ ਸੱਚਾਈ ਹੈ। ਜਾਪਦਾ ਹੈ ਕਿ ਗਊ ਦੇ ਨੇੜੇ ਮੁਸਲਮਾਨ ਨੂੰ ਵੇਖ ਕੇ, ਵਜ਼ੀਰ ਦੀ ਬੋਲੀ ਵਿੱਚ ‘ਹਿੰਦੂ ਖੂਨ ਉਬਲਣ ਲੱਗ ਪਿਆ’ ਅਤੇ ਰਕਬਰ ਖਾਨ ਨੂੰ ਭੀੜ ਨੇ (ਸ਼ਾਇਦ ਪੁਲਸ ਦੇ ਯੋਗਦਾਨ ਨਾਲ) ਕੋਹ-ਕੋਹ ਕੇ ਮਾਰ ਦਿੱਤਾ।

ਉਹਨਾਂ ਕਿਹਾ ਕਿ ਇੱਕ ਇਕੱਲੇ-ਕਹਰੇ ਬੰਦੇ ਦਾ ਜਾਨਵਰ ਮਾਰਨ ਦੇ ਝੂਠੇ ਮਨਸੂਬੇ ਦਾ ਬਦਲਾ ਲੈਣ ਲਈ ਮਾਰਿਆ ਜਾਣਾ ਇੱਕ ਅਣਮਨੁੱਖੀ ਕਾਰਾ ਹੈ। ‘ਗੁੰਡਿਆਂ’ ਦੀ ਭੀੜ ਵੱਲੋਂ ਇੱਕ ਨਿਹੱਥੇ ਆਦਮੀ ਉੱਤੇ ਹਮਲਾ ਕਰਨ ਦਾ ਅਮਲ ਨਿਹਾਇਤ ਕਾਇਰਤਾ ਭਰਿਆ ਅਤੇ ਘਿਨਾਉਣਾ ਜੁਰਮ ਹੈ। ਭੀੜ ਵੱਲੋਂ ਕਾਨੂੰਨ ਨੂੰ ਇਉਂ ਹੱਥ ਵਿੱਚ ਲੈਣਾ ਲੋਕਰਾਜ ਦੀ ਤੌਹੀਨ ਤੇ ਮਨੁੱਖੀ ਅਧਿਕਾਰਾਂ ਦਾ ਘਾਣ ਹੈ। ਨਫ਼ਰਤਾਂ ਦੇ ਏਸ ਤਰ੍ਹਾਂ ਦੇ ਵਗਦੇ ਹੜ੍ਹ ਵਿੱਚ ਨਿਆਂਪਸੰਦ, ਮਨੁੱਖਤਾ ਦੇ ਕਦਰਦਾਨ ਲੋਕਾਂ ਦਾ ਹੁਣੇ ਜਾਗ ਕੇ ਵਿਰੋਧ ਕਰਨਾ ਨਿਹਾਇਤ ਜ਼ਰੂਰੀ ਹੋ ਗਿਆ ਹੈ। ਇਹ ਘਟਨਾਵਾਂ ਬਿਲਕੁਲ ਓਸੇ ਤਰਜ਼ ਉੱਤੇ ਵਾਪਰ ਰਹੀਆਂ ਹਨ ਜਿਵੇਂ 1984 ਵਿੱਚ ਹਿੰਦ ਦੇ ਕਈ ਸ਼ਹਿਰਾਂ ਵਿੱਚ ਸਿੱਖਾਂ ਵਿਰੁੱਧ ਵਾਪਰੀਆਂ ਸਨ। ਸਿੱਖਾਂ ਦੀ ਹਰ ਮਕਤੂਲ ਨਾਲ ਹਮਦਰਦੀ ਹੋਣਾ ਅਤੇ ਪਰਗਟ ਕਰਨਾ ਇਨਸਾਨੀਅਤ ਪੱਖੀ ਧਰਮ-ਕਰਮ ਹੈ।

ਪਰ ਸਿੱਖ ਪੰਥ ਲਈ ਵੱਡੀ ਨਮੋਸ਼ੀ ਦਾ ਕਾਰਣ ਇਹ ਹੈ ਕਿ ਏਸ ਕੁਕਰਮ ਨਾਲ ਇੱਕ ਸਿੱਖ ਨੂੰ ਵੀ ਸਬੰਧਤ ਦੱਸਿਆ ਜਾ ਰਿਹਾ ਹੈ। ਖ਼ਾਲਸਾ ਸਾਰੀ ਕਾਇਨਾਤ ਨੂੰ, ਹਰ ਮਨੁੱਖ ਨੂੰ ਪਿਆਰ ਕਰਨ ਲਈ ਸਾਜਿਆ ਗਿਆ ਸੀ। ਏਸ ਨੇ ਮਨੁੱਖੀ ਕਦਰਾਂ-ਕੀਮਤਾਂ ਅਤੇ ਭਰਾਤਰੀ ਭਾਵ ਦਾ ਸੁਨੇਹਾ ਸਾਰੇ ਸੰਸਾਰ ਨੂੰ ਦੇਣਾ ਹੈ। ਇੱਕ ਸਿੱਖ ਦਾ ਅਜਿਹੇ ਘਿਰਣਾਯੋਗ ਜੁਰਮ ਵਿੱਚ ਸ਼ਾਮਲ ਹੋਣਾ ਜਾਂ ਨਾਮਜ਼ਦ ਕੀਤੇ ਜਾਣਾ ਸੰਸਾਰ ਉੱਤੇ ਸਿੱਖ ਪੰਥ ਨੂੰ ਬਦਨਾਮ ਕਰਨ ਲਈ ਕਾਫ਼ੀ ਹੈ। ਅਸੀਂ ਅਰਦਾਸ ਕਰਦੇ ਹਾਂ ਕਿ ਅਜਿਹੀ ਮੰਦਭਾਗੀ ਘਟਨਾ ਮੁੜ ਕਦੇ ਨਾ ਵਾਪਰੇ ਅਤੇ ਕੋਈ ਸਿੱਖ ਕਿਸੇ ਦੇ ਸਿਆਸੀ ਮਨਸੂਬਿਆਂ ਨੂੰ ਸਿਰੇ ਚਾੜ੍ਹਨ ਦਾ ਹਿੱਸੇਦਾਰ ਨਾ ਬਣੇ।

ਅੱਜ ਦੇ ਮਾਹੌਲ ਵਿੱਚ ਇਹ ਕਹਿਣਾ ਵੀ ਜ਼ਰੂਰੀ ਹੈ ਕਿ ਸਿੱਖ ਗਊਬੱਧ ਦੇ ਹੱਕ ਵਿੱਚ ਨਹੀਂ ਅਤੇ ਹਰ ਕਿਸਮ ਦੀ ਨਿਰਦਇਤਾ, ਕਰੂਰਤਾ ਦੇ ਵਿਰੋਧੀ ਹਨ। ਇੱਕ ਹਜ਼ਾਰ ਸਾਲ ਬਾਅਦ ਖ਼ਾਲਸਾ ਰਾਜ ਨੇ ਮੁਸਲਮਾਨ ਬਹੁਗਿਣਤੀ ਦੇ ਖਿੱਤੇ ਵਿੱਚ ਸਭ ਤੋਂ ਪਹਿਲਾਂ ਗਊਬੱਧ ਕਾਨੂੰਨਨ ਬੰਦ ਕੀਤਾ ਸੀ ਅਤੇ ਸਭ ਦੀ ਸਹਿਮਤੀ ਨਾਲ, ਆਪਸੀ ਭਾਈਚਾਰੇ ਦਾ ਵਾਸਤਾ ਪਾ ਕੇ ਲਾਗੂ ਕੀਤਾ ਸੀ ਨਾ ਕਿ ਫ਼ੌਜ ਦੀ ਧੌਂਸ ਜਮਾ ਕੇ।

ਓਸ ਵੇਲੇ ਇੱਕ ਫ਼ਰਾਂਸੀਸੀ ਗਵਰਨਰ ਨੇ ਗਊਬੱਧ ਦੇ ਦੋਸ਼ ਵਿੱਚ ਤਿੰਨ-ਚਾਰ ਮੁਸਲਮਾਨਾਂ ਨੂੰ ਫ਼ਾਂਸੀ ਲਟਕਾ ਦਿੱਤਾ ਸੀ ਕਿਉਂਕਿ ਓਸ ਅਨੁਸਾਰ ਕਾਨੂੰਨ ਨੂੰ ਇੰਨ-ਬਿੰਨ ਲਾਗੂ ਕਰਨਾ ਜ਼ਰੂਰੀ ਸੀ। ਰਣਜੀਤ ਸਿੰਘ ਖ਼ੁਦ ਚੱਲ ਕੇ ਓਸ ਕੋਲ ਗਿਆ ਅਤੇ ਸਮਝਾਇਆ ਕਿ ਜਾਨਵਰਾਂ ਬਦਲੇ ਮਨੁੱਖਾਂ ਨੂੰ ਨਹੀਂ ਮਾਰਿਆ ਜਾ ਸਕਦਾ। ਅਗਾਂਹ ਲਈ ਹਦਾਇਤਾਂ ਕਰਦਿਆਂ ਓਸ ਨੇ ਤਾਕੀਦ ਕੀਤੀ ਸੀ: ‘ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰੋ, ਕਾਨੂੰਨ ਅਨੁਸਾਰ ਮੁਕੱਦਮਾ ਚਲਾ ਕੇ ਫ਼ਾਂਸੀ ਦੀ ਸਜ਼ਾ ਜ਼ਰੂਰ ਸੁਣਾਉ। ਆਖ਼ਰ ਉਹਨਾਂ ਨੂੰ ਫ਼ਾਂਸੀ ਵਾਲੇ ਦਿਨ ਤੋਂ ਪਹਿਲਾਂ ਅਣਗਹਿਲੀ ਨਾਲ ਬੰਦੀਖਾਨੇ ਵਿੱਚੋਂ ਭੱਜ ਜਾਣ ਦਿਉ।’ ਸਜ਼ਾ ਸੁਣ ਕੇ ਜੁਰਮ ਬੰਦ ਹੋ ਜਾਵੇਗਾ ਅਤੇ ਮਾਵਾਂ ਦੇ ਪੁੱਤ, ਬੱਚਿਆਂ ਦੇ ਬਾਪ ਮੁਲਜ਼ਮ ਵੀ ਜਾਣਨਗੇ ਕਿ ਖ਼ਾਲਸੇ ਦਾ ਰਹਿਮ ਗੁਰੂ ਦੀ ਬਖ਼ਸ਼ਿਸ਼ ਹੈ। ਰਾਜਸੀ ਰੋਅਬ ਦੀ ਹਉਮੈ ਨੂੰ ਪਾਲਣ ਲਈ ਖ਼ਾਲਸਾ ਕਿਸੇ ਨੂੰ ਅਣ-ਆਈ ਮੌਤ ਦੇ ਘਾਟ ਉਤਾਰਨ ਦਾ ਹੱਕਦਾਰ ਨਹੀਂ। ਰਣ-ਤੱਤੇ ਤੋਂ ਬਾਹਰ ਇੱਕ ਵੀ ਮਨੁੱਖ ਸਿੱਖ ਦੇ ਹੱਥੋਂ ਨਹੀਂ ਮਰਨਾ ਚਾਹੀਦਾ- ਇਹ ਗੁਰੂ-ਆਸ਼ਾ ਹੈ।

ਉਮੀਦ ਹੈ ਕਿ ਭੁੱਲੜ, ਲਾਲਚੀ, ਹਉਮੈ ਅਧੀਨ ਤੈਸ਼ ਵਿੱਚ ਆਏ ਸਿੱਖ ਅਗਾਂਹ ਤੋਂ ਗੁਰੂ-ਉਪਦੇਸ਼ ਨੂੰ ਯਾਦ ਰੱਖਣਗੇ। ਸਿੱਖਾਂ ਲਈ ਕੋਈ ਵੈਰੀ ਨਹੀਂ; ਕੋਈ ਬੇਗਾਨਾ ਨਹੀਂ।

ਬਿਆਨ ਜਾਰੀ ਕਰਨ ਵਾਲਿਆਂ ਵਿੱਚ ਪ੍ਰੋ. ਗੁਰਤੇਜ ਸਿੰਘ, ਡਾ. ਗੁਰਦਰਸ਼ਨ ਸਿੰਘ ਢਿੱਲੋਂ, ਸ੍ਰ. ਸੁਖਦੇਵ ਸਿੰਘ (ਸੀਨੀਅਰ ਜਰਨਲਿਸਟ), ਸ੍ਰ. ਜਸਪਾਲ ਸਿੰਘ (ਸੀਨੀਅਰ ਪੱਤਰਕਾਰ), ਡਾ. ਗੁਰਮੇਜ ਸਿੰਘ, ਡਾ. ਦੇਵਿੰਦਰ ਸਿੰਘ ਬਾਛਲ, ਪ੍ਰੋ. ਕੁਲਵਿੰਦਰ ਸਿੰਘ, ਪ੍ਰੋ. ਹਰਭਜਨ ਸਿੰਘ, ਪ੍ਰੋ. ਕੁਲਬੀਰ ਸਿੰਘ, ਪ੍ਰੋ. ਹਰਜੇਸ਼ਵਰਪਾਲ ਸਿੰਘ, ਪ੍ਰੋ. ਭੁਪਿੰਦਰ ਸਿੰਘ ਅਤੇ ਡਾ. ਜਗਦੀਪ ਸਿੰਘ ਸ਼ਾਮਲ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,