ਲੇਖ

ਅੱਗ ਦੇ ਪਰਛਾਵੇ ( ਲੇਖਕ: ਡਾ. ਸੇਵਕ ਸਿੰਘ )

August 25, 2018 | By

ਸਾਲ 2005 ਵਿਚ ਜਦੋਂ ‘ਸਾਹਿਬਜ਼ਾਦੇ’ ਨਾਂ ਦੀ ਕਾਰਟੂਨ ਫਿਲਮ ਆਈ ਸੀ ਤਾਂ ਉਸ ਵੇਲੇ ਹੀ ਕਈ ਸਿੱਖ ਹਲਕਿਆਂ ਵੱਲੋਂ ਪੰਥ ਨੂੰ ਇਸ ਰੁਝਾਨ ਨੂੰ ਨਕਾਰਨ ਦਾ ਸੱਦਾ ਦਿੱਤਾ ਸੀ ਤੇ ਇਸ ਰਾਹ ਨੂੰ ਰੂਹਾਨੀ ਖ਼ੁਦਕੁਸ਼ੀ ਦਾ ਰਾਹ ਦੱਸਿਆ ਸੀ। ਪਰ ਇਹ ਰੁਝਾਨ ਕਿਸੇ ਨਾ ਕਿਸੇ ਹੱਦ ਤਕ ਸਹਿਣ ਕੀਤਾ ਜਾਂਦਾ ਰਿਹਾ ਤੇ ਇਸ ਪਿੱਛੇ ਇਕ ਕਾਰਨ ਇਹ ਸੀ ਕਿ ਕਾਰਟੂਨ ਵਿਧੀ ਨੂੰ ਨਕਲਾਂ ਲਾਹੁਣ ਦੇ ਹੋਰਨਾਂ ਢੰਗਾਂ ਤੋਂ ਵੱਖਰੇ ਤੌਰ ਤੇ ਵੇਖਿਆ ਜਾ ਰਿਹਾ ਸੀ। ਦੂਜਾ ਇਸ ਨੂੰ ਅਜੋਕੇ ਸਮੇਂ ਵਿੱਚ ਪਰਚਾਰ ਦੀ ਲੋੜ ਦੱਸਿਆ ਜਾ ਰਿਹਾ ਸੀ ਤੇ ਕੁਝ ਹਿੱਸੇ ਇਸ ਨੂੰ ਸਿੱਖ ਕਲਾ ਦੇ ਵਿਸਤਾਰ ਵਜੋਂ ਵੇਖ ਰਹੇ ਸਨ। ਇਸ ਰੁਝਾਨ ਨੂੰ 2014 ਵਿਚ ਆਈ ‘ਚਾਰ ਸਾਹਿਬਜ਼ਾਦੇ’ ਫਿਲਮ ਮੌਕੇ ਸਭ ਤੋਂ ਵੱਧ ਮਾਨਤਾ ਮਿਲੀ ਪਰ ਨਾਲ ਇਸ ਛੇਤੀ ਇਸ ਦੀ ਸਾਰਥਿਕਤਾ ਬਾਰੇ ਗੰਭੀਰ ਸਵਾਲ ਵੀ ਉੱਠੇ। 2015 ਤੇ 2018 ਵਿਚ ਨਾਨਕ ਸ਼ਾਹ ਫ਼ਕੀਰ ਫਿਲਮ ਦਾ ਵਿਰੋਧ ਮੌਕੇ ਸਿੱਖ ਜਗਤ ਨੇ ਇਸ ਰੁਝਾਨ ਨੂੰ ਕਾਫੀ ਹੱਦ ਤਕ ਰੱਦ ਕਰ ਦਿੱਤਾ ਹੈ। ਇਸ ਸਾਰੇ ਵਰਤਾਰੇ ਦੀ ਡੂੰਘੀ ਪੜਤਾਲ ਕਰਦਿਆਂ ਡਾ. ਸੇਵਕ ਸਿੰਘ ਨੇ ਇਕ ਲੰਮੀ ਲਿਖਤ ਸਿੱਖ ਸਿਆਸਤ ਨਾਲ ਸਾਂਝੀ ਕੀਤੀ ਹੈ। ਇਸ ਲਿਖਤ ਲੜੀ ਦੇ ਦੋ ਹਿੱਸੇ ਅਸੀਂ ਪਹਿਲਾਂ ਸਿੱਖ ਸਿਆਸਤ ਉੱਤੇ ਸਾਂਝੇ ਕਰ ਚੁੱਕੇ ਹਾਂ (ਉਹਨਾਂ ਲੇਖਾਂ ਦੀਆਂ ਤੰਦਾਂ ਇਸ ਲਿਖਤ ਦੇ ਅਖੀਰ ਵਿੱਚ ਹਨ ਜਿਨਹਾਂ ਨੂੰ ਛੂਹ ਕੇ ਉਹ ਪਹਿਲਾਂ ਵਾਲੇ ਲੇਖ ਵੀ ਪੜ੍ਹੇ ਜਾ ਸਕਦੇ ਹਨ) ਅਤੇ ਅੱਜ ਲੜੀ ਦਾ ਤੀਜਾ ਲੇਖ ਸਾਂਝਾ ਕਰ ਰਹੇ ਹਾਂ। ਆਉਂਦੇ ਦਿਨਾਂ ਵਿਚ ਇਸ ਲਿਖਤ ਲੜੀ ਤਹਿਤ ਹੋਰ ਲਿਖਤਾਂ ਵੀ ਸਾਂਝੀਆਂ ਕੀਤੀਆਂ ਜਾਣਗੀਆਂ: ਸੰਪਾਦਕ।

– ਡਾ. ਸੇਵਕ ਸਿੰਘ

ਮਨੋਰੰਜਨ ਦੇ ਰਾਹ ਤਰੀਕੇ ਤਾਂ ਸਦੀਆਂ ਤੋਂ ਚਲਦੇ ਆ ਰਹੇ ਹਨ ਪਰ ਬਿਜਲੀ ਦੇ ਰੰਗੀਲ ਰੌਸ਼ਨ ਪਰਛਾਵਿਆਂ ਨੇ ਮਨੁੱਖ ਨੂੰ ਹਜਾਰਾਂ ਸਾਲਾਂ ਮਗਰੋਂ ਫਿਰ ਤੋਂ ਕੁਦਰਤੀ ਅੱਗ ਦੀ ਖੋਜ ਵਾਂਗ ਅਚੰਭਤ ਕਰ ਦਿੱਤਾ ਹੈ।ਪਿਛਲੀ ਸਦੀ ਤੋਂ ਲੋਕਾਂ ਲਈ ਇਹ ਅਚੰਭਾ ਵੱਡਾ ਹੀ ਹੋ ਰਿਹਾ ਹੈ। ਪੁਰਾਣੇ ਗਰੰਥਾਂ ਵਿਚ ਚਾਰ ਭਾਂਤ ਦੀ ਅੱਗ ਦਾ ਜਿਕਰ ਸੀ ਪਰ ਇਹ ਅੱਗ ਓਹਨਾ ਅੱਗਾਂ ਤੋਂ ਵੱਖਰੀ ਹੈ। ਅਸਲ ਵਿਚ ਇਹ ਅੱਗ ਉਹ ਜਾਦੂ ਹੈ ਜਿਸਦੀ ਬੰਦੇ ਨੂੰ ਸਦੀਆਂ ਤੋਂ ਭਾਲ ਸੀ। ਇਹ ਅੱਗ ਚਾਨਣਾ ਵੀ ਕਰਦੀ ਹੈ ਪਰ ਅਲਾਦੀਨ ਦੇ ਚਿਰਾਗ ਵਿਚੋਂ ਨਿਕਲਣ ਵਾਲਾ ਸੁਪਨ ਸੰਸਾਰ ਵੀ ਸਿਰਜਦੀ ਹੈ। ਪਰਦੇ ਜਾਂ ਸ਼ੀਸ਼ੇ ਉਤੇ ਤੈਰਦੇ ਰੰਗੀਲ ਰੌਸ਼ਨੀ ਦੇ ਪਰਛਾਵਿਆਂ ਪਿਛੇ ਮਨੁੱਖ ਕਿਸ ਹੱਦ ਤੱਕ ਉਲਾਰ ਹੋ ਜਾਂਦਾ ਹੈ ਇਹਦੇ ਤੋਂ ਪਰਛਾਵਿਆਂ ਦੇ ਅਸਰ ਦਾ ਪਤਾ ਵੀ ਲਗਦਾ ਹੈ ਅਤੇ ਬੰਦੇ ਦੀ ਹਸਤੀ ਦਾ ਅੰਦਾਜਾ ਵੀ ਲਗਦਾ ਹੈ। ਪੁਰਾਣੇ ਵੇਲਿਆਂ ਵਿਚ ਇਹ ਅੰਦਾਜਾ ਨਹੀਂ ਲੱਗ ਸਕਦਾ ਸੀ ਕਿ ਬੰਦਾ ਪਰਛਾਵੇ ਦੇ ਅਸਰ ਹੇਠ ਵੀ ਏਨਾ ਜਿਆਦਾ ਆ ਸਕਦਾ ਹੈ। ਇਹ ਅੱਗ ਦੇ ਅਸਰ ਤੋਂ ਅੰਦਾਜਾ ਲੱਗ ਸਕਦਾ ਹੈ ਕਿ ਜਦੋਂ ਵੀ ਮਨੁੱਖ ਨੇ ਅੱਗ ਦੇ ਕਿਸੇ ਨਵੇਂ ਰੂਪ ਨੂੰ ਵੇਖਿਆ ਜਾਂ ਚਿਤਵਿਆ ਹੈ ਤਾਂ ਉਹ ਚਿਰਾਂ ਤੱਕ ਹੈਰਾਨੀ ਦੇ ਆਲਮ ਵਿਚ ਡੁੱਬਿਆ ਰਿਹਾ ਹੈ।

ਇਹ ਅੱਗ ਏਨੀ ਕਮਾਲ ਦੀ ਸ਼ੈਅ ਹੈ ਕਿ ਬੰਦਾ ਹਰ ਰੋਜ ਇਹਦੀ ਧੂਣੀ ਬਾਲ ਕੇ ਪਲਾਂ ਵਿਚ ਹੀ ਭੂਤ/ਭਵਿੱਖ ਲਈ ਅਲੋਪ ਹੋ ਜਾਂਦਾ ਹੈ। ਇਹ ਸਿਕੰਦਰੀ ਸ਼ੀਸ਼ਿਆਂ ਦੀ ਅੱਗ ਨੇ ਬੰਦੇ ਤੇ ਏਨਾ ਜਾਦੂ ਕਰ ਦਿੱਤਾ ਹੈ ਕਿ ਬੰਦੇ ਨੂੰ ਅਸਲੀ ਜਿੰਦਗੀ ਭੂਤ-ਪਰੇਤਾਂ ਦੀ ਹੋਂਦ ਵਾਂਗਰਾਂ ਵਹਿਮ ਜਾਪਣ ਲੱਗੀ ਹੈ। ਇਕ ਦਿਹਾੜੀ ਵਿਚ ਹੀ ਬੰਦਾ ਬਿਜਲ ਪਰਛਾਵਿਆਂ ਰਾਹੀਂ ਕਈ ਵਾਰ ਨਰਕ ਸੁਰਗ ਜਾ ਜਾ ਕੇ ਮੁੜਦਾ ਹੈ।

ਬਿਜਲੀ ਨਾਲ ਜੁੜੀ ਹਰ ਭਾਂਤ ਦੀ ਤਕਨੀਕੀ ਤਰੱਕੀ ਨੇ ਬੇਸ਼ੱਕ ਲੋਕਾਂ ਦੇ ਜੀਵਨ ਨੂੰ ਬਹੁਤ ਜਿਆਦਾ ਸੌਖਾ ਕਰ ਦਿੱਤਾ ਹੈ ਪਰ ਇਹ ਸੌਖ ਦਾ ਮੁੱਲ ਬਹੁਤ ਜਿਆਦਾ ਹੈ। ਤਕਨੀਕ ਦੀ ਪਕੜ ਵਿਚ ਆਉਣ ਨਾਲ ਬੰਦੇ ਦਾ ਸਵੈ ਖੁੱਸ ਗਿਆ ਹੈ। ਬੰਦੇ ਨੂੰ ਆਪਣੇ ਡਾਢੇ ਰੰਗ ਵਿਚ ਰੰਗ ਲੈਣ ਵਾਲੇ ਇਹ ਬਿਜਲ ਪਰਛਾਵੇ ਮਨਪਰਚਾਵਾ ਨਹੀਂ ਹਨ ਅਤੇ ਨਾ ਹੀ ਕਦੇ ਪਹਿਲਾਂ ਸਨ। ਤਕਨੀਕ ਨੇ ਬੰਦੇ ਉਤੇ ਏਨਾ ਕਾਬੂ ਪਾ ਲਿਆ ਹੈ ਕਿ ਬੰਦੇ ਦੀ ਦਰਿਆ ਵਰਗੀ ਚੇਤਨਾ ਤਕਨੀਕ ਦੀ ਪਕੜ ਵਿਚ ਆਉਣ ਨਾਲ ਨਹਿਰਾਂ ਸੂਏ ਤੇ ਕਸੀਆਂ ਵਿਚ ਲੰਘ ਕੇ ਮਿਥੇ ਵਾਹਣਾਂ ਵਿਚ ਮਿਥੇ ਸਮੇਂ ਤੇ ਪੈਂਦੇ ਪਾਣੀ ਵਾਂਗ ਵਗਣ ਲੱਗੀ ਹੈ। ਇਹ ਤਕਨੀਕ ਕੋਈ ਆਪ ਮੁਹਾਰਾ ਵਹਿਣ ਨਹੀਂ ਹੈ ਇਹ ਸਰਕਾਰਾਂ ਦੇ ਕਾਬੂ ਵਿਚ ਹੈ।

ਬਿਜਲ ਪਰਛਾਵੇਂ ਮਨੋਰੰਜਨ ਦੀ ਥਾਂ ਪੂਰੀ ਜਗਤ-ਜਿੰਦਗੀ ਨੂੰ ਸੇਧਣ ਸਿਧਾਉਣ ਦਾ ਰਾਹ ਬਣ ਗਏ ਹਨ। ਮਨੁੱਖ ਦੀ ਖੋਜ, ਵਿਚਾਰ ਅਤੇ ਕਲਪਨਾ ਬਿਜਲ ਪਰਛਾਵਿਆਂ ਦੀ ਰੰਗੀਲ ਰੌਸ਼ਨੀ ਵਿਚ ਵਿਚ ਸਮਾ ਰਹੀ ਹੈ। ਜਦੋਂ ਤੋਂ ਬਿਜਲ ਪਰਛਾਵਿਆਂ ਦੀ ਆਮਦ ਹੋਈ ਹੈ ਓਦੋਂ ਤੋਂ ਹੀ ਮਨੋਰੰਜਨ ਦੇ ਨਾਂ ਦਾ ਖਿਲਾਰਾ ਵਧਿਆ ਹੈ। ਇਹ ਕੋਈ ਇਤਫਾਕ ਜਾਂ ਅਚਾਨਕ ਵਾਪਰੀ ਘਟਨਾ ਨਹੀਂ ਹੈ ਕਿ ਸਾਰੀ ਧਰਤੀ ਰੰਗੀਲ ਰੌਸਨੀ ਵਾਲੇ ਪੁਤਲੀਘਰਾਂ ਨਾਲ ਭਰਦੀ ਜਾ ਰਹੀ ਹੈ। ਜਿਥੇ ਲੋਕ (ਜੁਆਕਾਂ ਜਨਾਨੀਆਂ ਸਮੇਤ) ਦਿਹਾੜੀ ਵਿਚ ਚਾਰ ਚਾਰ ਵਾਰ ਅੱਧੇ-ਪੌਣੇ ਪਹਿਰ ਦੀ ਚੌਂਕੀ ਭਰਦੇ ਹਨ। ਸ਼ੀਸ਼ੇ ਤੇ ਬਣਦੇ ਵਿਸਰਦੇ ਪਰਛਾਵੇਂ ਗੂੰਜ ਦੇ ਧੜੱਕੇ ਨਾਲ ਬੰਦੇ ਦੀ ਦੇਹੀ ਅਤੇ ਮਨ ਨੂੰ ਆਪਣੇ ਰੰਗ ਵਿਚ ਰੰਗ ਰਹੇ ਹਨ। ਰੰਗੀਲ ਰੌਸ਼ਨੀ ਵਾਲੇ ਬਿਜਲ ਪਰਛਾਵਿਆਂ ਨਾਲ ਬੰਦੇ ਦੇ ਤਨ ਮਨ ਤੇ ਅਜਿਹਾ ਇੰਦਰਲੋਕੀ ਰੰਗ ਚੜ੍ਹ ਜਾਂਦਾ ਹੈ ਕਿ ਉਹ ਆਮ ਬੰਦਾ ਨਾ ਹੋਕੇ ਕਿਸੇ ਸੁਪਨਲੋਕ ਦਾ ਵਾਸੀ ਬਣ ਜਾਂਦਾ ਹੈ। ਧਰਤੀ ਉਹਨੂੰ ਕੋਈ ਨਰਕ ਦਾ ਨਮੂਨਾ ਲਗਦੀ ਹੈ। ਸਾਡੇ ਲੋਕ ਕਨੇਡੇ ਅਮਰੀਕੇ ਵੱਲ ਭੱਜ ਰਹੇ ਹਨ ਜਾਂ ਜਿੰਦਗੀ ਨੂੰ ਓਹਨਾਂ ਦੇ ਗਜ ਨਾਲ ਮਾਪ ਰਹੇ ਹਨ, ਇਹ ਸਭ ਇੰਦਰਲੋਕੀ ਰੰਗ ਦਾ ਅਸਰ ਹੈ। ਜੋ ਅਸਰ ਗੋਰਿਆਂ ਦੇ ਗੁਲਾਮ ਹੁੰਦਿਆਂ  ਸਿੱਧੇ ਰੂਪ ਵਿਚ ਪਿਆ ਸੀ ਹੁਣ ਬਿਜਲ ਪਰਛਾਵਿਆਂ ਰਾਹੀਂ ਪੈ ਰਿਹਾ ਹੈ।

ਬਿਜਲ ਪਰਛਾਵਿਆਂ ਦੀ ਧੂਣੀ ਹੁਣ ਅਖਾੜਿਆਂ ਵਾਂਗ ਪਿੰਡੋਂ ਬਾਹਰ ਜਾਂ ਸੱਥ ਵਿਚ ਨਹੀਂ ਲੱਗਦੀ ਸਗੋਂ ਘਰ ਘਰ ਲਗਦੀ ਹੈ। ਘਰਾਂ ਦੇ ਅੰਦਰ ਵੀ ਇਕੱਲੇ ਇਕੱਲੇ ਬੰਦੇ ਦੀ ਬੁਕਲ ਵਿਚ ਵੀ ਬਲ਼ਣ ਲੱਗੀ ਹੈ। ਇਹ ਅੱਗ ਸੇਕੀ ਵੀ ਜਾ ਰਹੀ ਹੈ ਅਤੇ ਪੂਜੀ ਵੀ ਜਾ ਰਹੀ ਹੈ। ਇਹ ਅੱਗ ਆਪਣੇ ਅਸਰ ਕਰਕੇ ਹੀ ਵੱਡੀ ਨਹੀਂ ਹੈ ਸਗੋਂ ਇਹਨੂੰ ਵਿਗਿਆਨਕ ਖੋਜ ਹੋਣ ਦਾ ਰੁਤਬਾ ਵੀ ਹਾਸਲ ਹੈ। ਇਹ ਵਿਗਿਆਨਕ ਹੋਣ ਕਰਕੇ ਪਿਛਾਂਹਖਿਚੂ ਵੀ ਨਹੀਂ ਹੈ। ਇਸ ਕਰਕੇ ਕਿਤੇ ਵੀ ਇਹਦੇ ਤੇ ਕਾਨੂੰਨੀ ਮਨਾਹੀ ਨਹੀਂ ਹੈ। ਦੁਨੀਆ ਭਰ ਵਿਚ ਜੋ ਸਰਕਾਰਾਂ ਲੋਕਾਂ ਦੀ ਸਿਹਤ ਅਤੇ ਸਿਖਿਆ ਦਾ ਖਰਚਾ ਘਟਾ ਰਹੀਆਂ ਹਨ ਓਹੀ ਸਰਕਾਰਾਂ ਰੰਗੀਲ ਰੌਸ਼ਨੀ ਵਾਲੇ ਬਿਜਲ ਪਰਛਾਵਿਆਂ ਨੂੰ ਉਤਸ਼ਾਹ ਦੇ ਰਹੀਆਂ ਹਨ। ਜੇ ਕੋਈ ਥੋੜਾ ਮੋਟਾ ਵੀ ਸੋਚੇ ਤਾਂ ਉਹ ਤਰਸ ਜਾਂ ਹੈਰਾਨੀ ਨਾਲ ਭਰ ਜਾਏਗਾ ਕਿ ਆਖਰ ਸਰਕਾਰਾਂ ਇਹ ਅੱਗ ਦੇ ਪਰਛਾਵਿਆਂ ਨੂੰ ਮਨੋਰੰਜਨ ਦੇ ਨਾਂ ਹੇਠ ਕਰ-ਚੁੰਗੀ ਦੀਆਂ ਛੋਟਾਂ ਕਿਉਂ ਦਿੰਦੀਆਂ ਹਨ। ਜਿਥੇ ਬੰਦੇ ਦੀ ਮੁਢਲੀ ਲੋੜ ਦੀਆਂ ਵਸਤਾਂ (ਦਾਣੇ ਦਾਲਾਂ ਸਬਜੀਆਂ ਆਦਿ) ਥਾਂ ਥਾਂ ਮੰਡੀ ਵਿਚ ਰੁਲਦੀਆਂ ਅਤੇ ਝੂੰਗੇ ਭਾਅ ਵਿਕਦੀਆਂ ਹਨ ਓਥੇ ਹੀ ਬਿਜਲ ਪਰਛਾਵੇਂ ਹਰ ਸਾਲ ਕਰੋੜਾਂ ਅਰਬਾਂ ਵਿਚ ਵਿਕਣ ਦੀ ਹੋਰ ਉਚੀ ਝੰਡੀ ਗਡ ਰਹੇ ਹਨ। ਭਾਰਤੀ ਢਾਂਚੇ ਅਧੀਨ ਬਹੁਤੀਆਂ ਦਾਣਾ ਮੰਡੀਆਂ ਵਿਚ ਵਾਹੀਕਾਰਾਂ ਲਈ ਸਿਰ ਢੱਕਣ ਦੇ ਅੜਤਲੇ ਅਤੇ ਪੀਣ ਵਾਲੇ ਪਾਣੀ ਦਾ ਪਰਬੰਧ ਨਹੀਂ ਹੈ ਪਰ ਓਨਾ ਹੀ ਸ਼ਹਿਰਾਂ ਦੇ ਮਹਿੰਗੇ ਇਲਾਕਿਆਂ ਵਿਚ ਬਿਜਲ ਪਰਛਾਵਿਆਂ ਵਾਲੇ ਮਨੋਰੰਜਨ ਲਈ ਆਲੀਸ਼ਾਨ ਪੁਤਲੀਘਰ ਬਣੇ ਹੋਏ ਹਨ। ਇਹ ਵਰਤਾਰੇ ਤੋਂ ਅੰਦਾਜਾ ਤਾਂ ਲਗਦਾ ਹੀ ਹੈ ਕਿ ਸਰਕਾਰਾਂ ਲਈ ਬੰਦੇ ਦੀਆਂ ਲੋੜਾਂ ਨਾਲੋਂ ਇਛਾਵਾਂ ਦਾ ਮਾਮਲਾ ਕਿੰਨਾ ਜਿਆਦਾ ਅਹਿਮ ਹੈ। ਹਕੂਮਤ ਅਤੇ ਵਪਾਰ ਦੀ ਸਫਲਤਾ ਓਨੀ ਵਧੇਰੇ ਪੱਕੀ ਹੋਏਗੀ ਜਿੰਨਾ ਵਧੇਰੇ ਲੋਕਾਂ ਦੀਆਂ ਇਛਾਵਾਂ ਬੋਹੜ ਵਾਂਗ ਵਧਣਗੀਆਂ। ਜੋ ਮੁਢਲੀਆਂ ਲੋੜਾਂ ਨੂੰ ਅਸਲੀ ਜੜ੍ਹ ਵਾਂਗ ਭੁੱਲ ਕੇ ਇਛਾਵਾਂ ਦੀਆਂ ਦਾਹੜੀਆਂ ਨੂੰ ਹੀ ਜਿੰਦਗੀ ਦੀਆਂ ਜੜ੍ਹਾਂ ਬਣਾ ਲੈਣਗੇ।

ਲੋਕ ਬਿਜਲ ਪਰਛਾਵੇਂ ਦੇ ਅਸਰ ਹੇਠ ਏਨਾ ਜਿਆਦਾ ਆ ਗਏ ਹਨ ਕਿ ਓਹ ਪਰਛਾਵੇਂ ਬਣਨ ਵਾਲੇ ਬੰਦਿਆਂ ਨੂੰ ਦੇਵਤਿਆਂ ਜਾਂ ਰਾਜਿਆਂ ਵਾਂਗ ਵੇਖਦੇ ਹਨ। ਬਿਜਲ ਪਰਛਾਵਿਆਂ ਦੀ ਬਦੌਲਤ ਨਕਲਾਂ ਕਰਨ ਵਾਲੇ ਏਡੇ ਵੱਡੇ ਕਲਾਕਾਰ ਹੋ ਗਏ ਹਨ ਕਿ ਬਾਕੀ ਕਲਾਕਾਰ ਏਹਨਾ ਸਾਹਮਣੇ ਗਰੀਬਾਂ ਵਰਗੀ ਹਾਲਤ ਵਿਚ ਹਨ। ਜਿਸ ਨਿਜਾਮ ਵਿਚ ਕਈ ਕਰੋੜ ਲੋਕ, ਕੁਲ ਮਿਹਨਤ ਮਜਦੂਰੀ ਦੇ ਬਾਵਜੂਦ ਚੱਜ ਨਾਲ ਦੋ ਡੰਗ ਦੀ ਰੋਟੀ ਨਹੀਂ ਖਾ ਸਕਦੇ ਉਸ ਨਿਜਾਮ ਵਿਚ ਹੀ ਨਕਲਚੀਏ ਇਕ ਨਕਲੀ ਪਾਤਰ ਬਣਨ ਦੇ ਅੱਧਾ-ਅੱਧਾ ਅਰਬ ਰੁਪਏ ਲੈ ਰਹੇ ਹਨ। ਏਹਨਾ ਨਕਲਚੀਆਂ ਦੀ ਮਹਿਮਾ ਦੇਵਤਿਆਂ ਵਰਗੀ ਹੈ ਕਿਉਂਕਿ ਰਾਜ ਦਰਬਾਰ ਵੀ ਓਹਨਾਂ ਤੋਂ ਓਨਾ ਹੀ ਖੁਸ਼ ਹੈ ਜਿੰਨਾ ਕੁ ਗਰੀਬ ਯਤੀਮ ਲੋਕ। ਨਕਲਚੀਆਂ ਦੇ ਬਿਜਲ ਪਰਛਾਵਿਆਂ ਦਾ ਬਜਾਰ ਏਡਾ ਅਹਿਮ ਹੈ ਕਿ ਹਰ ਹਕੂਮਤ ਚਾਹੁੰਦੀ ਹੈ ਕਿ ਨਕਲਾਂ ਦਾ ਬਾਜਾਰ ਹਰ ਹਾਲ ਸਜਿਆ ਰਹੇ।

ਦੁਨੀਆ ਵਿਚ ਨਵੇਂ ਜੁਗ ਦਾ ਮੁਢ ਕਿਥੋਂ ਬੱਝਾ ਇਹਦੇ ਬਾਰੇ ਕਈ ਰਾਵਾਂ ਅਤੇ ਹਵਾਲੇ ਹਨ ਪਰ ਪੰਜਾਬ ਲਈ ਇਹ 18ਵੀਂ ਸਦੀ ਮੰਨਿਆ ਜਾਂਦਾ ਹੈ ਜੋ ਅਸਲ ਵਿਚ ਗੁਲਾਮੀ ਦੀ ਸ਼ੁਰੂਆਤ ਦਾ ਸਮਾਂ ਹੈ। ਕਾਗਜ ਅਤੇ ਬਾਰੂਦ ਦੀ ਵਰਤੋਂ 14ਵੀਂ ਸਦੀ ਤੱਕ ਵਪਾਰਕ ਰੂਪ ਵਿਚ ਹੋਣ ਲੱਗੀ ਤਾਂ ਉਹ ਰਾਜ ਵਧਾਉਣ ਅਤੇ ਕਾਇਮ ਰੱਖਣ ਦੇ ਸਾਧਨ ਬਣ ਗਏ। ਬਾਰੂਦ ਦੀ ਵਰਤੋਂ ਨੂੰ ਤੋਪ ਅਤੇ ਬੰਦੂਕ ਨੇ ਅਗਲੇਰਾ ਰੂਪ ਦੇ ਦਿੱਤਾ ਜੋ ਤੀਰ ਤਲਵਾਰ ਦਾ ਬਦਲ ਬਣ ਗਏ। ਬਾਰੂਦ ਦੀ ਅੱਗ ਨਾਲ ਫੈਲਦੇ ਰਾਜਾਂ ਨੂੰ ਕਾਗਜ ਦੀ ਵਰਤੋਂ ਨੇ ਮਜਬੂਤ ਕੀਤਾ। ਛਾਪੇਖਾਨੇ ਨੇ ਗਿਆਨ ਨੂੰ ਅਜਿਹਾ ਰੂਪ ਦਿੱਤਾ ਜੋ ਹਕੂਮਤ ਦੀ ਪਕਿਆਈ ਦਾ ਸਾਧਨ ਬਣ ਗਿਆ। ਰਾਜਸੀ ਹੱਦਾਂ ਤਾਂ ਪਹਿਲਾ ਵੀ ਬਦਲਦੀਆਂ ਸਨ ਅਤੇ ਬਾਅਦ ਵਿਚ ਵੀ ਬਦਲਦੀਆਂ ਰਹੀਆਂ ਪਰ ਕਾਗਜ ਤੇ ਛਪਦੇ ਅਖਰਾਂ ਨੇ ਮਨੁਖੀ ਗਿਆਨ ਦੇ ਰਾਹ ਨੂੰ ਸਦਾ ਲਈ ਬਦਲ ਦਿੱਤਾ। ਮਨੁਖਤਾ ਦੇ ਇਤਿਹਾਸ ਵਿਚ ਤਲਵਾਰ ਤੋਂ ਬਾਅਦ ਬਾਰੂਦ ਨੇ ਸਭ ਤੋਂ ਵਧੇਰੇ ਲੋਕ ਜੰਗਾਂ ਵਿਚ ਮਾਰੇ ਸਨ ਪਰ ਮਨੁਖੀ ਇਤਿਹਾਸ ਦਾ ਗੁੰਮਨਾਮ ਸੱਚ ਇਹ ਹੈ ਕਿ ਅਜਾਦ ਜਿੰਦਗੀ ਜੀਣ ਵਾਲੇ ਸਭ ਤੋਂ ਵਧੇਰੇ ਕੌਮ ਕਬੀਲਿਆਂ ਦੀ ਮੌਤ ਛਾਪੇਖਾਨੇ ਨਾਲ ਹੋਈ। ਵਖਰਤਾਵਾਂ ਨੂੰ ਮੇਟਣਾ ਉਸ ਵੇਲੇ ਪਦਾਰਥਵਾਦੀ ਸਮਝ ਵਾਲਿਆਂ ਨੂੰ ਦੁਨੀਆ ਉਤੇ ਆਪਣੇ ਰਹਿਮ ਦਾ ਕਰਮ ਮਹਿਸੂਸ ਹੁੰਦਾ ਸੀ। ਇਸ ਕਰਕੇ ਦੁਨੀਆ ਦਾ ਵੱਡਾ ਹਿਸਾ ਅੱਜ ਤੱਕ ਵੀ ਬਸਤੀਵਾਦ ਨੂੰ ਆਰਥਿਕ ਲੁਟ ਅਤੇ ਰਾਜਸੀ ਜੁਲਮ ਤੱਕ ਹੀ ਪੜ੍ਹਦਾ ਹੈ। ਜਿਹੜੇ ਲੋਕ ਸਭਿਆਚਾਰਕ ਉਜਾੜੇ ਜਾਂ ਧੌਂਸ ਦੀ ਗੱਲ ਕਰਦੇ ਵੀ ਹਨ ਓਹਨਾਂ ਲਈ ਮੂਲ ਕਾਰਨ ਫਿਰ ਵੀ ਆਰਥਿਕ ਹੀ ਰਹਿੰਦਾ ਹੈ। ਇਹ ਗੱਲ ਨੂੰ ਬਹੁਤ ਘੱਟ ਮੁੱਲ ਦਿੱਤਾ ਜਾਂਦਾ ਹੈ ਕਿ ਉਸ ਸਮੇਂ ਸਮਰਾਜ ਬੋਲੀਆਂ ਦੇ ਵਾਧੇ ਦਾ ਸੀ। ਅਜੋਕੇ ਸਮੇਂ ਦੀਆਂ ਸਭ ਵੱਡੀਆਂ ਬੋਲੀਆਂ ਸਮਰਾਜੀ ਰੂਪ ਵਿਚ ਹੀ ਪੈਦਾ ਹੋਈਆਂ ਕਿਉਂਕਿ ਓਹਨਾ ਦੀਆਂ ਲਿਪੀਆਂ ਨੇ ਛਾਪੇਖਾਨੇ ਦੇ ਸਿਰ ਚੜ ਕੇ ਆਪਣੇ ਆਲੇ ਦੁਆਲੇ ਦੀਆਂ ਅਣਗਿਣਤ ਬੋਲੀਆਂ ਨੂੰ ਖਾ ਲਿਆ। ਹੋ ਸਕਦਾ ਹੈ ਇਹ ਗੱਲ ਬਹੁਤ ਲੋਕਾਂ ਨੂੰ ਹਾਸੋਹੀਣੀ ਲੱਗੇ ਪਰ ਵੱਡੀਆਂ ਤਾਕਤਾਂ ਨੇ ਦੁਨੀਆ ਤੇ ਫੌਜੀ ਕਬਜੇ ਓਦੋਂ ਹੀ ਛੱਡੇ ਜਦੋਂ ਬੇਤਾਰ ਸੁਨੇਹਿਆਂ ਨਾਲ ਸਾਰੀ ਦੁਨੀਆ ਦੀ ਸੂਚਨਾ ਲੈਣੀ ਸੰਭਵ ਹੋ ਗਈ ਅਤੇ ਜਦੋਂ ਅੱਗ ਦੇ ਪਰਛਾਵੇਂ ਹਕੂਮਤ ਦਾ ਸੁਨੇਹਾ ਬਣ ਕੇ ਹਰ ਥਾਂ ਜਾਣ ਲੱਗ ਪਏ। ਜਿਵੇਂ ਛਾਪੇਖਾਨੇ ਦੇ ਸਿਰ ਤੇ ਫੈਲੀਆਂ ਬੋਲੀਆਂ ਨੇ ਅਨੇਕਾਂ ਬੋਲੀਆਂ ਨੂੰ ਖਾਧਾ ਹੈ ਹੁਣ ਉਵੇਂ ਹੀ ਕੁਝ ਬੋਲੀਆਂ ਨੇ ਬਿਜਲਈ ਮਨੋਰੰਜਨ ਦੀਆਂ ਲੀਹਾਂ ਸਿਰਜ ਕੇ ਬਾਕੀ ਰਹਿੰਦੀਆਂ ਬੋਲੀਆਂ ਨੂੰ ਵੀ ਖਾ ਲੈਣਾ ਹੈ। ਖਾਸਕਰ ਜਿਹੜੀਆਂ ਬੋਲੀਆਂ ਦੇ ਲੋਕ  ਮਨੋਰੰਜਨ ਮੰਡੀ ਦੀ ਕੀਮਤ ਨੂੰ ਸਹੀ ਮੰਨ ਕੇ ਆਪਣਾ ਲੈਣਗੇ ਓਹ ਓਹਨਾਂ ਬੋਲੀਆਂ ਦੇ ਲੀਹੇ ਪੈ ਜਾਣਗੇ ਅਤੇ ਆਪਣੀ ਪਛਾਣ ਗੁਆ ਲੈਣਗੇ।ਬਿਜਲ ਮਨੋਰੰਜਨ ਦਾ ਲੀਹਾ ਏਨਾ ਡਾਢਾ ਹੈ ਕਿ ਜੇ ਇਹਦੇ ਉਲਟ ਕਿਸੇ ਕੋਲ ਆਪਣਾ ਠੋਸ ਬਦਲ ਨਹੀਂ ਹੈ ਉਹ ਇਕ ਵਾਰ ਇਹਦੇ ਵਿਚ ਡਿੱਗੇ ਮੁੜ ਨਿਕਲ ਨਹੀਂ ਸਕਦੇ ਬੇਸ਼ੱਕ ਓਹਨਾਂ ਨੂੰ ਕੋਈ ਰੋਸ ਜਾਂ ਦੁਖ ਵਰਗਾ ਅਹਿਸਾਸ ਵੀ ਦੋ ਚਾਰ ਪੀੜ੍ਹੀਆ ਤੱਕ ਰਹੇ।

ਡੇਢ ਸਦੀ ਪਹਿਲਾਂ ਜਦੋਂ ਕਾਰਖਾਨਿਆਂ ਵਿਚ ਨੌਕਰੀ ਕਰਨ ਵਾਲੇ ਲੋਕ ਨਿਤ ਦਿਨ ਗਰੀਬ ਹੋ ਰਹੇ ਸਨ ਤਾਂ ਵਿਗਿਆਨਕ ਰਾਜਨੀਤੀ ਸ਼ੁਰੂ ਹੋਈ। ਬੰਦੇ ਲਈ ਤਿੰਨ ਮੂਲ ਲੋੜਾਂ ਨੂੰ ਉਦੇਸ਼ ਬਣਾਇਆ ਗਿਆ ਸੀ। ਉਸ ਵੇਲੇ ਛਾਪਾਖਾਨਾ ਪਰਚਾਰ ਦਾ ਸਾਧਨ ਵੱਡਾ ਸਾਧਨ ਸੀ ਜੋ ਹਕੂਮਤਾਂ ਦਾ ਵਿਰੋਧ ਕਰਨ ਵਾਲੀਆਂ ਧਿਰਾਂ ਵੀ ਆਪਣੇ ਤੌਰ ਤੇ ਵਰਤ ਸਕਦੀਆਂ ਸਨ। 20ਵੀ ਸਦੀ ਦੇ ਪਹਿਲੇ ਅੱਧ ਤੱਕ ਬਿਜਲ ਤਰੰਗਾਂ ਨੇ ਛਾਪਾਖਾਨੇ ਨਾਲੋਂ ਵਧੇਰੇ ਮਹਤਤਾ ਧਾਰਨ ਕਰ ਲਈ। ਬਿਜਲ ਤਰੰਗਾਂ ਦਾ ਤਾਣਾ ਬਾਣਾ ਛਾਪੇਖਾਨੇ ਨਾਲੋਂ ਕਿਤੇ ਵਧੇਰੇ ਅਸਰਦਾਰ ਸੀ ਅਤੇ ਹਕੂਮਤਾਂ ਦਾ ਇਹਦੇ ਤੇ ਛਾਪਾਖਾਨੇ ਨਾਲੋਂ ਕਿਤੇ ਵਧੇਰੇ ਕਾਬੂ ਸੀ। ਇਹ ਬਿਜਲ ਤਰੰਗਾਂ ਦੇ ਕਬਜੇ ਦਾ ਅਸਰ ਸੀ ਕਿ ਦਿੱਲੀ ਬੈਠ ਕੇ ਕੁਝ ਬੰਦਿਆਂ ਦੇ ਕੀਤੇ ਫੈਸਲੇ ਨੂੰ ਲੋਕਾਂ ਨੇ ਇਕ ਸੰਦ ਵਿਚੋਂ ਨਿਕਲਦੀ ਅਵਾਜ ਰਾਹੀਂ ਸੁਣਿਆ। ਸਿੰਧ ਤੋਂ ਯਮਨਾ ਤੱਕ ਵਸਦੇ ਲੋਕਾਂ ਨੇ ਇਹ ਅਵਾਜ ਨੂੰ ਰੱਬ ਦੀ ਅਵਾਜ ਵਜੋਂ ਕਬੂਲ ਲਿਆ। ਉਹ ਲੋਕ ਜਿਹੜੇ ਸਦੀਆਂ ਤੋਂ ਡਾਂਗ ਤੇ ਡੇਰੇ ਕਰਕੇ ਜੀਂਦੇ ਆਏ ਸਨ। ਜਿਹੜੇ ਹਰ ਬਾਬਰ ਨਾਦਰ ਨਾਲ ਚੰਗਾ ਮਾੜਾ ਜਰੂਰ ਭਿੜੇ, ਜੇ ਉਜੜੇ ਵੀ ਤਾਂ ਵੀ ਮੁੜ ਓਥੇ ਆਣ ਵਸੇ। ਓਹੀ ਲੋਕ ਦੋ ਪੀੜ੍ਹੀਆਂ ਵਿਚ ਹੀ ਛਾਪੇਖਾਨੇ ਵਾਲੇ ਅਖਰਾਂ ਦੀ ਗਰਮੀ ਅੱਗੇ ਪਿਘਲ਼ ਗਏ। ਏਨੇ ਨਿਸੱਤੇ ਹੋ ਗਏ ਕਿ ਓਹਨਾਂ ਨੇ ਇਕ ਸੰਦ ਰਾਹੀਂ ਕਿਸੇ ਦਾ ਸੁਨੇਹਾ ਸੁਣ ਕੇ ਹੀ ਆਪਣੇ ਮੁਲਕ ਨੂੰ ਬਿਗਾਨਾ ਮੁਲਕ ਮੰਨ ਲਿਆ ਤੇ ਉਜੜ ਤੁਰੇ। ਇਹ ਅਜਾਦੀ ਦੇ ਨਾਂ ਹੇਠ ਗੁਲਾਮੀ ਦਾ ਸਿਖਰ ਸੀ। ਜਿਹੜੇ ਲੋਕ ਉਜੜਣਾ ਨਹੀਂ ਚਾਹੁੰਦੇ ਸਨ ਉਹ ਵੀ ਭਾਵੁਕ ਅਤੇ ਅਣਪੜ੍ਹ ਸਨ। ਪੜ੍ਹਿਆਂ ਹੋਇਆਂ ਨੇ ਤਾਂ ਛਾਪੇਖਾਨੇ ਅਤੇ ਬਿਜਲ ਤਰੰਗਾਂ ਦੇ ਸੱਚ ਨੂੰ ਆਪਣੇ ਅੰਦਰ ਏਨਾ ਡੂੰਘਾ ਖੁਣ ਲਿਆ ਸੀ ਕਿ ਉਹ ਆਪ ਮਰ ਗਏ ਪਰ ਓਹਨਾਂ ਦੇ ਅੰਦਰ ਲਿਖਿਆ ਸੱਚ ਅਗਲੀਆਂ ਪੀੜ੍ਹੀਆਂ ਦੇ ਲਹੂ ਵਿਚ ਹੋਰ ਡੂੰਘਾ ਉਤਰ ਗਿਆ। ਹੋਰ ਅੰਗਰੇਜਾਂ ਦੇ ਸਾਰੇ ਫੈਸਲੇ ਮੰਨਣ ਵੱਲ ਪੁੱਠ ਪੈਰੇ ਹੋ ਤੁਰੇ।

ਛਾਪੇਖਾਨੇ ਅਤੇ ਬਿਜਲ ਸੁਨੇਹਿਆਂ ਦੇ ਅਸਰ ਅਤੇ ਜੋਰ ਨੂੰ ਸਮਝਣਾ ਬਹੁਤ ਜਰੂਰੀ ਹੈ ਤਾਂਕਿ ਪਤਾ ਲੱਗੇ ਕਿ ਸਾਡੇ ਪੁਰਖਿਆਂ ਸਮੇਤ ਦੁਨੀਆ ਦੇ ਬਹੁਤ ਵੱਡੇ ਹਿੱਸੇ ਨੇ ਤਬਾਹੀ ਨੂੰ ਤਰੱਕੀ ਕਿਵੇਂ ਜਾਣਿਆ।

ਇਸ ਤੋਂ ਬਿਨਾ ਬਿਜਲ ਪਰਛਾਵਿਆਂ ਦੇ ਮਹਿਮਾ ਗਾਣ ਤੋਂ ਬਚਣਾ ਬਹੁਤ ਔਖਾ ਹੋ ਜਾਏਗਾ। ਰੇਡੀਓ ਦੇ ਬਰਾਬਰ ਤੇ ਬਿਜਲ ਪਰਛਾਵਿਆਂ ਦਾ ਚਲਣ ਵੀ ਹੋਇਆ। ਪਰਛਾਵੇਂ ਨਿਰੋਲ ਮਨੋਰੰਜਨ ਦੇ ਨਾਂ ਹੇਠ ਪਰਚਲਤ ਹੋਣ ਕਰਕੇ ਹਕੂਮਤਾਂ ਦੀ ਮਾਰ ਦਾ ਸਭ ਤੋਂ ਵੱਡਾ ਸੰਦ ਬਣੇ। ਇਹ ਸੰਦ ਅੱਜ ਤੱਕ ਵੀ ਸਭ ਤੋਂ ਵੱਧ ਮਾਰ ਰਖਦਾ ਹੈ। ਟੀ.ਵੀ. ਦੇ ਆਉਣ ਨਾਲ ਹਕੂਮਤਾਂ ਦਾ ਪਰਚਾਰ ਅਤੇ ਲੋਕਾਂ ਦੇ ਮਨ ਉਤੇ ਕਾਬੂ ਹੋਰ ਵਧ ਗਿਆ। ਅਜੋਕਾ ਭਾਰਤ ਜਗਦੇ ਸ਼ੀਸੇ (ਟੀ.ਵੀ.) ਉਤੇ ਦੀ ਰਮਾਇਣ ਮਹਾਂਭਾਰਤ ਦੇ ਲੰਘੇ ਪਰਛਾਵਿਆਂ ਦੇ ਅਸਰ ਨਾਲ ਤੁਰਨ ਲੱਗਾ ਏ। ਬਿਜਲ ਪਰਛਾਵੇਂ ਬੇਸ਼ੱਕ ਵਿਗਿਆਨ ਦੀ ਖੋਜ ਹਨ ਪਰ ਬੁੱਤਪੂਜਕਾਂ ਦੀ ਜਿੱਤ ਦਾ ਬ੍ਰਹਮ ਅਸਤਰ ਬਣ ਗਏ ਹਨ। ਏਹਨਾਂ ਪਰਛਾਵਿਆਂ ਦੀ ਅੱਗ ਇਸ ਵਾਰ ਬੁੱਤਪੂਜਾ ਦੇ ਵਿਰੋਧੀਆਂ ਨੂੰ ਸਾੜ ਦੇਵੇਗੀ ਜੇ ਓਹ ਇਹਦੇ ਘੇਰੇ ਵਿਚੋਂ ਬਾਹਰ ਨਾ ਨਿਕਲੇ। ਬੁੱਤਾਂ ਅਤੇ ਪੁਤਲੀਆਂ ਦਾ ਪੁਰਾਣਾ ਫਰਕ ਮਿਟ ਗਿਆ ਹੈ। ਮਨੋਰੰਜਨ ਦਾ ਹਿੱਸਾ ਪੂਜਾ ਨਾਲੋਂ ਕਿਤੇ ਵੱਡਾ ਹੋ ਗਿਆ ਹੈ। ਧਰਮ ਕਰਮ ਅਤੇ ਪੂਜਾ ਵੀ ਹੁਣ ਮਨੋਰੰਜਨ ਹੋ ਗਈ ਹੈ ਕਿਉਂਕਿ ਇਹ ਓਹਨਾਂ ਹੀ ਸ਼ੀਸ਼ੇ ਪਰਦਿਆਂ ਤੇ ਵਿਖਾਈ ਦੇ ਰਹੇ ਹਨ ਜਿਹੜੇ ਮਨੋਰੰਜਨ ਲਈ ਬਣੇ ਹਨ।

ਜੋ ਕੁਝ ਛਾਪੇਖਾਨੇ ਅਤੇ ਰੇਡੀਓ ਤੋਂ ਵਧ ਕੇ ਟੀ.ਵੀ. ਅਤੇ ਬਿਜਲ ਪਰਛਾਵਿਆਂ ਵਿਚ ਸ਼ਾਮਲ ਹੋਇਆ ਉਹ ਇਕ ਦੂਜੇ ਨਾਲੋਂ ਕੁਝ ਵੱਖਰਾ ਸੀ ਪਰ ਹੁਣ ਬਿਜਾਲ ਅਤੇ ਮੱਕੜਜਾਲ ਦੇ ਆਉਣ ਨਾਲ ਉਹ ਸਾਰਾ ਕੁਝ (ਛਾਪਾਖਾਨਾ, ਰੇਡਿਓ, ਟੀ.ਵੀ. ਅਤੇ ਪਰਛਾਵੇਂ) ਇਕੋ ਸੰਦ ਵਿਚ ਸਿਮਟ ਕੇ ਬੰਦੇ ਦੀ ਜੇਬ ਵਿਚ ਪੈ ਗਿਆ ਹੈ। ਇਹ ਤਰੱਕੀ ਨੇ ਸਿੱਧੇ ਧੱਕੇ ਨਾਲ ਹੀ ਬੰਦੇ ਦੀਆਂ ਇਛਾਵਾਂ ਅਤੇ ਕਲਪਨਾਵਾਂ ਨੂੰ ਲੋੜਾਂ ਤੋਂ ਉਤੇ ਦੀ ਕਰ ਦਿੱਤਾ ਹੈ। ਇਹਦੀ ਮਿਸਾਲ ਹੈ ਜੇਬਾਂ ਵਿਚ ਪਏ ਸੰਦ ਜਿਨ੍ਹਾਂ ਰਾਹੀਂ ਭਜਨ ਬੰਦਗੀ ਵਾਲੇ ਸਾਧੂ ਮਹਾਤਮਾ ਤੋਂ ਲੈ ਕੇ ਬੰਦੂਕ ਸਿਰਾਣੇ ਰੱਖ ਕੇ ਸੌਣ ਵਾਲੇ ਬਾਗੀਆਂ ਦੇ ਜੀਵਨ ਸਮੇਤ ਸਭ ਕੁਝ ਮਨੋਰੰਜਨ ਦੇ ਖਾਤੇ ਵਿਚ ਪੈ ਰਿਹਾ ਹੈ।

ਮਨੋਰੰਜਨ ਹੁਣ ਹਕੂਮਤਾਂ ਦੀ ਜਰਨੈਲੀ ਸੜਕ ਹੈ। ਬਾਗੀ ਲੋਕ ਤਾਂ ਜੰਗਲੀ ਜੀਵਾਂ ਵਾਂਗ ਤਕਨੀਕੀ ਸੰਦਾਂ ਦੀ ਰੌਸ਼ਨੀ ਵਿਚ ਇਹ ਸੜਕ ਤੇ ਆ ਨਿਕਲਦੇ ਹਨ। ਬਿਜਾਲ ਅਤੇ ਮੱਕੜ ਜਾਲ ਦਾ ਸਸਤੇ ਭਾਅ ਸਭ ਥਾਂ ਫੈਲਣਾ ਲੋਕਾਂ ਦੀ ਤਰੱਕੀ ਲਈ ਨਹੀਂ ਸਗੋਂ ਹਕੂਮਤਾਂ ਦੀ ਪਕੜ ਵਧਾਉਣ ਲਈ ਜਰੂਰੀ ਹੈ ਤਾਂਕਿ ਲੋਕ ਮੱਕੜੀ ਦੇ ਜਾਲ ਵਿਚ ਫਸੇ ਕੀੜਿਆਂ ਵਾਂਗ ਹਕੂਮਤਾਂ ਦੇ ਰਹਿਮੋ ਕਰਮ ਤੇ ਹੋ ਜਾਣ। ਇਹਦੀ ਮਿਸਾਲ ਇਸ ਗੱਲ ਤੋਂ ਮਿਲਦੀ ਹੈ ਕਿ ਕਈ ਸਾਲ ਪਹਿਲਾਂ ਨਕਸਲੀ ਬਾਗੀਆਂ ਨੂੰ ਮਿਲਣ ਗਈ ਮਸ਼ਹੂਰ ਲਿਖਾਰਣ ਅਰੁੰਧਤੀ ਰਾਏ ਨੂੰ ਇਕ ਪੁਲਸ ਵਾਲਾ ਆਦਿਵਾਸੀ ਕਬੀਲਿਆਂ ਖਿਲਾਫ ਲੜਣ ਦਾ ਰਾਹ ਦਸਦਿਆਂ ਕਹਿੰਦਾ ਹੈ ਕਿ ਸਭ ਘਰਾਂ ਵਿਚ ਟੀ.ਵੀ. ਪਹੁੰਚਦਾ ਹੋ ਜਾਵੇ ਤਾਂ ਸੰਘਰਸ਼ ਆਪਣੇ ਆਪ ਖਤਮ ਹੋ ਜਾਏਗਾ। ਕੁਝ ਸਮਾਂ ਪਹਿਲਾਂ ਮੌਜੂਦਾ ਕੇਂਦਰ ਸਰਕਾਰ ਵੱਲੋਂ ਉਸ ਇਲਾਕੇ ਵਿਚ ਵੱਡੀ ਗਿਣਤੀ ਵਿਚ ਟੀ.ਵੀ. ਵੰਡਣ ਦੀ ਖਬਰ ਆਈ ਹੈ। ਜੰਗਲ ਵਿਚ ਰਹਿੰਦਿਆਂ ਕੋਰੇ ਪਏ ਮਨਾਂ ਉਤੇ ਬਿਜਲ ਪਰਛਾਵਿਆਂ ਦੀ ਰੰਗੀਲ ਰੌਸ਼ਨ ਜਦੋਂ ਗੈਬੀ ਗੋਲ਼ੇ ਵਾਂਗ ਡਿੱਗੇਗੀ ਤਾਂ ਇਹਦੇ ਅਸਰ ਦਾ ਅੰਦਾਜਾ ਲਾਉਣਾ ਵੀ ਮੁਸ਼ਕਲ ਹੈ। ਮੋਟੇ ਰੂਪ ਵਿਚ ਇਹੋ ਅਸਰ ਵਿਖਾਈ ਦੇਵੇਗਾ ਕਿ ਇਨਕਲਾਬੀ ਮੁਹਿੰਮ ਦੇ ਅਗਵਾਨ ਲੜਾਕਿਆਂ ਦੇ ਆਲੇ ਦੁਆਲੇ ਲੋਕਾਂ ਦੀ ਚਟਾਨ ਵਰਗੀ ਹਿਮਾਇਤ ਘਟਣ ਲੱਗ ਜਾਏਗੀ। ਜਿਵੇਂ ਪੰਜਾਬ ਵਿਚ ਚਲਦੀ ਖਾੜਕੂ ਲਹਿਰ ਨੂੰ ਰਮਾਇਣ ਅਤੇ ਮਹਾਂਭਾਰਤ ਨੇ ਆਪਣੇ ਤਰੀਕੇ ਨਾਲ ਠੱਲ੍ਹ ਪਾਈ ਸੀ।

ਜਦੋਂ ਕੋਈ ਬਿਜਲ ਪਰਛਾਵਿਆਂ ਰਾਹੀਂ ਲੋਕਾਂ ਨੂੰ ਹਕੂਮਤ ਦੇ ਰਾਹ ਤੋਂ ਵੱਖਰਾ ਰਾਹ ਦੱਸਣ ਦੀ ਗੱਲ ਕਰਦਾ ਹੈ ਤਾਂ ਉਹ ਬੰਦਾ ਜਾਂ ਤਾਂ ਮੂਲ ਸਵਾਲ ਨੂੰ ਟਾਲ ਜਾਂਦਾ ਹੈ ਜਾਂ ਫਿਰ ਸਮਝ ਨਹੀਂ ਰਿਹਾ ਹੁੰਦਾ। ਲਿਖਣਾ ਬੋਲਣਾ ਨਿੱਜੀ ਕਿਸਮ ਦਾ ਕੰਮ ਹੈ ਜੋ ਮਨੁੱਖ ਸਦੀਆਂ ਤੋਂ ਕਰਦਾ ਆ ਰਿਹਾ ਹੈ। ਪਰਛਾਵੇਂਕਾਰੀ ਹਕੂਮਤਾਂ ਦੀ ਪਹਿਲਾਂ ਪਰਵਾਨਗੀ ਨਾਲ ਹੋਣ ਵਾਲਾ ਕਰਮ ਹੈ। ਲਿਖਣਾ ਬੋਲਣਾ ਹਰ ਸਮਾਜ ਵਿਚ ਇੱਕਲੇ ਇਕੱਲੇ ਲੋਕਾਂ ਨੇ ਸੇਵਾ ਵਜੋਂ ਜਿੰਦਗੀ ਭਰ ਕੀਤਾ ਹੈ ਪਰ ਪਰਛਾਵੇਂਕਾਰੀ ਕਦੇ ਇਕੱਲੇ ਬੰਦੇ ਦਾ ਕੰਮ ਨਹੀਂ ਰਿਹਾ। ਇਹਦੇ ਵਿਚ ਸੰਦਾਂ ਅਤੇ ਕਲਾਕਾਰਾਂ ਤੋਂ ਬਿਨਾ ਹੋਰ ਬੜਾ ਕੁਝ ਹੁੰਦਾ ਹੈ ਜੋ ਨਿਰੋਲ ਪੈਸੇ ਨਾਲ ਹੀ ਮਿਲਦਾ ਹੈ। ਪਰਛਾਵੇਂਕਾਰੀ ਲਈ ਹਕੂਮਤਾਂ ਨੇ ਬਜਾਰ ਸਿਰਜਿਆ ਹੈ ਇਹ ਤਾਂ ਹੀ ਸੰਭਵ ਹੋਇਆ ਜੇ ਇਸ ਵਿਚ ਸਰਕਾਰਾਂ ਦੇ ਹਿੱਤ ਪੂਰਨ ਦੀ ਸੰਭਾਵਨਾ ਸੀ ਅਤੇ ਵਿਰੋਧ ਦੀ ਥਾਂ ਨਹੀਂ ਸੀ।

ਕੁਝ ਦਹਾਕੇ ਪਹਿਲਾਂ ਬਿਜਲ ਪਰਛਾਵੇਂ ਮਨੋਰੰਜਨ ਦਾ ਇਕ ਛੋਟਾ ਅਤੇ ਅਹਿਮ ਹਿੱਸਾ ਸਨ ਜੋ ਹੁਣ ਵਧ ਕੇ ਸਮੁੱਚੇ ਮਨੋਰੰਜਨ ਦਾ ਸਭ ਤੋਂ ਵੱਡਾ ਹਿੱਸਾ ਬਣ ਗਏ ਹਨ। ਬਿਜਲ ਪਰਛਾਵਿਆਂ ਤੋਂ ਪਹਿਲਾਂ ਲਗਭਗ ਸਾਰਾ ਮਨੋਰੰਜਨ ਹੀ ਸਰੀਰਕ ਕਰਮ ਨਾਲ ਸਬੰਧਤ ਸੀ ਪਰ ਹੁਣ ਮਨੋਰੰਜਨ ਦਾ ਕੰਮ ਬਹੁਤ ਹੱਦ ਤੱਕ ਨਿਰੋਲ ਮਾਨਸਿਕ ਹੋ ਗਿਆ ਹੈ। ਹਕੂਮਤਾਂ ਨੇ ਬਿਜਲ ਪਰਛਾਵਿਆਂ ਨੂੰ ਤਾਂਹੀ ਏਨੀ ਜਿਆਦਾ ਮਹੱਤਤਾ ਦਿੱਤੀ ਹੈ ਕਿ ਲੋਕ ਆਪਣੇ ਦੁਖ ਭੁੱਲੇ ਰਹਿਣ ਅਤੇ ਅਮੀਰ ਆਪਣੇ ਸੁਖ ਨੂੰ ਭੁੱਲੇ ਰਹਿਣ ਅਤੇ ਇਹ ਪਰਛਾਵਿਆਂ ਦੀ ਦੁਨੀਆ ਓਹਨਾਂ ਦੇ ਮਨੋ ਜਗਤ ਵਿਚ ਵੜ ਕੇ ਅਸਲੀ ਦੁਨੀਆ ਨੂੰ ਏਨਾ ਢੱਕ ਲਵੇ ਕਿ ਜਦੋਂ ਨਕਲਾਂ ਦੀ ਕਲਾ ਮਰੋੜੀ ਜਾਏ ਤਾਂ ਲੋਕ ਆਪ ਮੁਹਾਰੇ ਓਧਰ ਨੂੰ ਮੁੜ ਜਾਣ। ਸੁੰਦਰਤਾ ਅਤੇ ਪਹਿਰਾਵੇ ਦੇ ਰਿਵਾਜ ਤੋਂ ਲੈ ਕੇ ਆਮ ਜਿੰਦਗੀ ਵਿਚ ਬੋਲੇ ਜਾਣ ਵਾਲਾ ਸ਼ਬਦ ਤੱਕ ਪਰਛਾਵਿਆਂ ਰਾਹੀਂ ਲੋਕਾਂ ਦੇ ਅੰਦਰ ਘਰ ਕਰਨ ਲੱਗ ਪਏ ਹਨ। ਲੋਕਾਂ ਦੇ ਬੱਚਿਆਂ ਦੇ ਨਾਮ ਵੀ ਪਰਛਾਵਿਆਂ ਦੇ ਪਾਤਰਾਂ ਦੇ ਅਧਾਰ ਤੇ ਹੋਣ ਲੱਗੇ ਹਨ। ਕਿਸੇ ਵੇਲੇ ਲੋਕ ਆਪਣੇ ਬੱਚਿਆਂ ਦੇ ਨਾਮ ਪਰੰਪਰਾ ਵਿਚੋਂ ਮਾਣਯੋਗ ਵਡੇਰਿਆਂ ਦੇ ਨਾਮ ਤੇ ਰਖਦੇ ਸਨ ਪਰ ਹੁਣ ਮਸ਼ਹੂਰ ਨਕਲਚੀਆਂ ਦੇ ਪਾਤਰ ਬਣਨ ਵਾਲੇ ਨਾਮ ਪਰਚਲਤ ਹੋ ਰਹੇ ਹਨ।

ਪਰਛਾਵਿਆਂ ਤੇ ਕਿਸੇ ਸਰਕਾਰ ਦੀ ਰੋਕ ਨਹੀਂ ਹੈ ਅਤੇ ਕੋਈ ਸਮਾਜ ਜਾਂ ਭਾਈਚਾਰਾ ਇਹਦੇ ਤੇ ਸਮੁੱਚੇ ਰੂਪ ਵਿਚ ਰੋਕ ਨਹੀਂ ਲਾ ਸਕਦਾ। ਧਰਮ ਦੇ ਅਰਥਾਂ ਵਿਚ ਜੋ ਲੜਾਈ ਬੰਦੇ ਨੂੰ ਆਪਣੇ ਅੰਦਰ ਲੜਣੀ ਔਖੀ ਸੀ ਉਹ ਹੁਣ ਬਾਹਰ ਲੜਣੀ ਵੀ ਔਖੀ ਹੈ। ਮਨੋਰੰਜਨ ਹੁਣ ਜਿੰਦਗੀ ਦਾ ਹਿੱਸਾ ਨਹੀਂ ਹੈ ਸਗੋਂ ਪੂਜਾ ਪੱਧਤੀ ਵਾਂਗ ਹੋ ਗਿਆ ਹੈ। ਮਨੋਰੰਜਨ ਸ਼ੀਸ਼ੇ ਜਾਂ ਪਰਦੇ ਤੇ ਬਹੁਤ ਵਾਪਰ ਰਿਹਾ ਹੈ ਪਰ ਜਿੰਦਗੀ ਵਿਚ ਨਹੀਂ ਵਾਪਰ ਰਿਹਾ ਇਸ ਕਰਕੇ ਲੋਕ ਹੋਰ ਵਧੇਰੇ ਉਹਦੇ ਵਲ ਭਜਦੇ ਹਨ ਕਿ ਸ਼ਾਇਦ ਪਰਛਾਵੇਂ ਅਸਲ ਜਿੰਦਗੀ ਵਿਚ ਸਮਾ ਜਾਣ। ਪਰ ਹੋ ਉਲਟ ਰਿਹਾ ਹੈ ਕਿ ਜਿੰਦਗੀ ਪਰਛਾਵਿਆਂ ਦੇ ਦੁਆਲੇ ਸੁੰਗੜ ਰਹੀ ਹੈ। ਜਿੰਦਗੀ ਦੇ ਅਨੇਕਾਂ ਕਾਰ ਵਿਹਾਰ ਮਨੋਰੰਜਨ ਦੇ ਨੁਕਤੇ ਤੋਂ ਤੈਅ ਹੋਣ ਲੱਗੇ ਹਨ। ਲੋਕ ਵਿਆਹ ਵਾਲੇ ਦਿਨ ਵੀ ਉਦੋਂ ਤੱਕ ਨਹਾਉਂਦੇ ਨਹੀਂ ਜਦ ਤੱਕ ਪਰਛਾਵੇਂ ਫੜਣ ਵਾਲਾ ਨਹੀਂ ਆਉਂਦਾ। ਇਹ ਰੰਗੀਲ ਰੌਸ਼ਨੀ ਵਾਲੀ ਪਰਛਾਵੇਕਾਰੀ ਮਾਨੋ ਮਨੁਖੀ ਜਿੰਦਗੀ ਦਾ ਮੁਖ ਮਨੋਰਥ ਹੈ ਅਤੇ ਬਾਕੀ ਸਾਰਾ ਕੁਝ ਇਹਦੇ ਲਈ ਸਹਾਇਕ ਹੈ।

ਬਿਜਲ ਸੱਥ ਵਿਚ ਬੰਦੇ ਦੀ ਕੁਦਰਤੀ ਅਤੇ ਕਰੂਰੀ ਵਾਲੀ ਮੌਤ ਦੇ ਪਰਛਾਵੇਂ ਵੀ ਮਨੋਰੰਜਨ ਰੂਪ ਵਿਚ ਆਮ ਚੀਜਾਂ ਨਾਲੋਂ ਵੱਧ ਵੇਖੇ ਜਾਂਦੇ ਹਨ। ਕਿਸ ਲਈ ਕਿਹੜੀ ਗੱਲ ਦੁਖ ਵਾਲੀ ਹੈ? ਇਹ ਗੱਲ ਹੁਣ ਵਿਰਾਸਤੀ ਮਾਨਤਾਵਾਂ ਨਾਲੋਂ ਮਨ ਤੇ ਪਏ ਅਗਨ ਰੰਗਾਂ ਦੇ ਪਰਛਾਵੇ ਜਿਆਦਾ ਤੈਅ ਕਰਦੇ ਹਨ। ਮਨੋਰੰਜਨੀ ਕਲਪਨਾ ਮਨੁਖ ਪਹਿਲਾਂ ਵੀ ਕਰਦਾ ਸੀ ਪਰ ਓਦੋਂ ਉਹਦੀ ਕਲਪਨਾ ਸ਼ਬਦਾਂ ਵਿਚ ਹੀ ਅਰੂਪ ਰਹਿੰਦੀ ਸੀ ਅਤੇ ਇਸ ਤਰ੍ਹਾਂ ਪਰਛਾਵਿਆਂ ਦੀ ਰੰਗੀਨ ਕੈਦ ਵਿਚ ਨਹੀਂ ਪੈਂਦੀ ਸੀ।

ਅੱਜ ਹਾਲੇ ਵਕਤ ਹੈ ਕਿ ਸਵਾਲ ਪੁਛਿਆ ਜਾ ਸਕਦਾ ਹੈ ਕਿ ਇਹ ਮਨੋਰੰਜਨ ਇਕ ਰੋਗੀ ਬੰਦੇ ਦਾ ਹੈ ਜਾਂ ਅਰੋਗ ਬੰਦੇ ਦਾ। ਬਿਜਲੀ ਨਾਲ ਪੈਦਾ ਹੋਈ ਰੰਗੀਲ ਰੌਸ਼ਨੀ ਨੇ ਵਿਗਿਆਨ ਦਾ ਚਾਨਣ ਕਰਕੇ ਧਰਮ ਭਰਮ ਦਾ ਹਨੇਰਾ ਤਾਂ ਦੂਰ ਨਹੀਂ ਕੀਤਾ ਪਰ ਇਕ ਡਰ ਹੋਰ ਪੈਦਾ ਕਰ ਦਿੱਤਾ ਜੋ ਡਰ ਇਸੇ ਅੱਗ ਦਾ ਹੈ ਕਿ ਬੰਦਾ ਧਰਤੀ ਤੇ ਜੀਣ ਨੂੰ ਅਸਲ ਸਮਝਣੋ ਹਟ ਸਕਦਾ ਹੈ। ਜਿਸ ਕਦਰ ਲੋਕਾਂ ਦਾ ਬਿਜਲ ਸੰਦਾਂ ਨਾਲ ਜੁੜਣ ਦੀ ਗਿਣਤੀ ਅਤੇ ਸਮਾਂ ਵੱਧ ਰਿਹਾ ਹੈ। ਉਸ ਹਿਸਾਬ ਨਾਲ ਇਕ ਪੀੜ੍ਹੀ ਦੇ ਸਮੇਂ ਵਿਚ ਹੀ ਲੋਕਾਂ ਨੂੰ ਕਾਨੂੰਨੀ ਮਜਬੂਰੀ ਤੌਰ ਤੇ ਆਪਣੇ ਸੰਦਾਂ ਨੂੰ ਕੁਝ ਸਮੇ ਲਈ ਬੰਦ ਕਰਨਾ ਪਿਆ ਕਰੇਗਾ ਅਤੇ ਆਪਣੇ ਨੇੜਲੇ ਰਿਸ਼ਤੇਦਾਰਾਂ ਨੂੰ ਮਜਬੂਰਨ ਮਿਲਣਾ ਪਿਆ ਕਰੇਗਾ।

ਜਿਹੜੇ ਲੋਕਾਂ ਲਈ ਇਹ ਸੰਸਾਰ ਆਪ ਮੁਹਾਰਾ ਹੈ ਓਹਨਾ ਲਈ ਜਿੰਦਗੀ ਦਾ ਮਕਸਦ ਖੁਸ਼ਨੁਮਾ ਜਿੰਦਗੀ ਜੀਣ ਤੋਂ ਵਧੇਰੇ ਨਹੀਂ ਹੋ ਸਕਦਾ।ਉਸ ਹਿਸਾਬ ਨਾਲ ਮਨੋਰੰਜਨ ਜਿੰਦਗੀ ਵਿਚ ਬਹੁਤ ਅਹਿਮ ਥਾਂ ਹਾਸਲ ਕਰ ਲੈਂਦਾ ਹੈ। ਮਨੁਖੀ ਦੇਹੀ ਮੁਢ ਤੋਂ ਹੀ ਮਨੋਰੰਜਨ ਦੇ ਪੱਖ ਤੋਂ ਵੀ ਅਹਿਮ ਰਹੀ ਹੈ। ਬੰਦੇ ਨੇ ਕੁਦਰਤ ਨੂੰ ਗੁਲਾਮ ਕਰਨ ਦਾ ਸੁਪਨਾ ਦੂਜਿਆਂ ਨੂੰ ਗੁਲਾਮ ਕਰਨ ਤੋਂ ਢੇਰ ਚਿਰ ਬਾਅਦ ਵੇਖਿਆ। ਧਰਮ ਦੀ ਬੋਲੀ ਵਿਚ ਬੰਦਾ ਮੁਢ ਤੋਂ ਆਪਣੀ ਦੇਹੀ ਦਾ ਗੁਲਾਮ ਹੈ ਭਾਵ ਦੇਹੀ ਦੇ ਰਸਾਂ ਦਾ ਗੁਲਾਮ ਹੈ।

ਲੇਖਕ: ਡਾ. ਸੇਵਕ ਸਿੰਘ

ਰੋਗੀ ਅਤੇ ਅਰੋਗ ਬੰਦੇ ਲਈ ਮਨੋਰੰਜਨ ਦਾ ਕਿੰਨਾ ਕੁ ਫਰਕ ਹੋ ਸਕਦਾ ਹੈ? ਜੇ ਆਮ ਬੰਦੇ ਲਈ ਮਨੋਰੰਜਨ ਖੁਰਾਕ ਸਮਾਨ ਹੈ ਤਾਂ ਕੀ ਇਹ ਬਿਮਾਰ ਬੰਦੇ ਲਈ ਦਵਾਈ ਸਮਾਨ ਮੰਨਿਆ ਜਾਵੇ ਜਾਂ ਜਹਿਰ ਸਮਾਨ? ਜਿਸ ਹਿਸਾਬ ਨਾਲ ਲੋਕ ਸਰੀਰਿਕ ਅਤੇ ਮਾਨਸਿਕ ਰੂਪ ਵਿਚ ਬਿਮਾਰ ਹੋ ਰਹੇ ਹਨ, ਉਹਦੇ ਵਿਚ ਮਨੋਰੰਜਨਾਂ ਸੰਦਾਂ ਨਾਲ ਜੁੜੇ ਰਹਿਣਾ ਵੀ ਇਕ ਸਿਰਕੱਢ ਬਿਮਾਰੀ ਬਣ ਗਿਆ ਹੈ, ਉਸ ਹਿਸਾਬ ਨਾਲ ਕੌਣ ਤੈਅ ਕਰੇਗਾ ਕਿ ਜੋ ਮਨੋਰੰਜਨ ਜਾਪ ਰਿਹਾ ਹੈ ਉਹ ਕਈ ਬਿਮਾਰੀਆਂ ਦਾ ਸਰੋਤ ਹੈ। ਮਨੁਖ ਦੇ ਆਪਣੇ ਆਪ ਤੋਂ, ਪਰਿਵਾਰ, ਸਮਾਜ ਅਤੇ ਧਰਤੀ ਤੱਕ ਤੋਂ ਟੁਟ ਜਾਣ ਦਾ ਸਾਧਨ ਬਣ ਰਿਹਾ ਹੈ। ਮਨੋਰੰਜਨ ਦੇ ਨਾਂ ਹੇਠ ਕਲਪਨਾ ਇਸ ਕਦਰ ਭਾਰੂ ਹੋ ਰਹੀ ਹੈ ਕਿ ਅਗਲ਼ੀ ਪੀੜ੍ਹੀ ਦੇ ਜੀਵਨ ਵਿਚ ਅਸਲੀ, ਸੱਚੀ, ਜਮੀਨੀ, ਹਕੀਕੀ -ਜਿੰਦਗੀ ਵਰਗੇ ਸ਼ਬਦ ਹੀ ਬੇਮਾਅਨਾ ਹੋ ਰਹੇ ਹਨ।

ਇਹ ਅੱਗ ਦੇ ਪਰਛਾਵਿਆਂ ਦੇ ਮਨੋਰੰਜਨ ਬਾਰੇ ਸਦਾ ਯਾਦ ਰੱਖਣਾ ਚਹੀਦਾ ਹੈ ਕਿ ਇਹਦੀਆਂ ਜੜ੍ਹ ਕਿਥੇ ਅਤੇ ਕਿੰਨੀਆਂ ਡੂੰਘੀਆਂ ਹਨ। ਜਿਹੜੀ ਕਲਪਨਾ ਨੂੰ ਛਾਪੇਖਾਨੇ ਨੇ ਜਾਨ ਬਖਸ਼ੀ ਸੀ। ਉਸੇ ਕਲਪਨਾ ਨੂੰ ਨਵੇਂ ਜਮਾਨੇ ਨੇ ਸਾਹਿਤ ਦਾ ਨਾਂ ਦਿੱਤਾ ਹੈ। ਸਾਹਿਤ ਦੇ ਨਾਂ ਹੇਠ ਪਿਛਲੀ ਇਕ ਸਦੀ ਵਿਚ ਹੀ ਮਨੁਖੀ ਮਨੋਰੰਜਨ ਲਈ ਲੱਖਾਂ ਕਰੋੜਾਂ ਕਲਪਤ ਲਿਖਤਾਂ ਲਿਖੀਆਂ ਗਈਆਂ। ਕਲਪਨਾ ਕਰਨਾ ਹੁਣ ਹੁਨਰ ਹੀ ਨਹੀਂ ਸਗੋਂ ਮਾਣ ਸਨਮਾਨ ਦਾ ਰਾਹ ਵੀ ਬਣ ਗਿਆ ਹੈ। ਦੁਨੀਆ ਭਰ ਵਿਚ ਸਾਹਿਤ ਰਚਨਾ ਦੇ ਨਾਂ ਤੇ ਵੱਡੇ ਵੱਡੇ ਇਨਾਮ ਅਤੇ ਸਨਮਾਨ ਮਿਲਦੇ ਹਨ। ਇਸੇ ਗੱਲ ਨੇ ਬਿਜਲ ਪਰਛਾਵਿਆਂ ਦੀ ਕਲਪਨਾ ਦਾ ਰਾਹ ਖੋਲ੍ਹਿਆ ਹੈ ਜੋ ਸਾਹਿਤ ਰਚਨਾ ਤੋਂ ਕਿਤੇ ਅੱਗੇ ਲੰਘ ਗਈ ਹੈ।

ਕਿਸੇ ਵੇਲੇ ਕਲਪਨਾ ਸਚਾਈ ਤੋਂ ਦੂਰ ਜਾਣ ਦਾ ਨਾਂ ਸੀ ਪਰ ਹੁਣ ਬਿਜਲ ਜਗਤ ਨੇ ਕਲਪਨਾ ਨੂੰ ਸੱਚੀ ਅਤੇ ਵੱਡੀ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਹਕੀਕੀ ਜਿੰਦਗੀ ਨੂੰ ਛੋਟਾ ਕਰਨਾ ਸ਼ੁਰੂ ਕਰ ਦਿੱਤਾ ਹੈ। ਮਨੋਰੰਜਨ ਦੀ ਅਜਿਹੀ ਮਾਨਤਾ ਜੇ ਏਵੇ ਹੀ ਵਧਦੀ ਰਹੀ ਤਾਂ ਧਰਤੀ ਉਤੇ ਹੀ ਨਹੀਂ ਸਗੋਂ ਪੂਰੇ ਬ੍ਰਹਿਮੰਡ ਵਿਚ ਹੀ ਜਿੰਦਗੀ ਦੇ ਅਰਥਾਂ ਨੂੰ ਬਦਲ ਦੇਵੇਗੀ। ਜਿਸ ਵਿਗਿਆਨਕ ਸੋਝੀ ਨੇ ਨਰਕ ਸੁਰਗ ਦਾ ਹਨੇਰਾ ਦੂਰ ਕਰਨ ਦਾ ਬੀੜਾ ਉਠਾਇਆ ਸੀ ਉਹਨੇ ਅਜਿਹਾ ਕਲਪਤ ਜਗਤ ਸਿਰਜ ਦਿੱਤਾ ਹੈ ਜੋ ਨਰਕ ਸੁਰਗ ਨਾਲੋਂ ਕਿਤੇ ਵੱਧ ਹਨੇਰਾ ਹੈ ਪਰ ਵਿਖਾਈ ਬਹੁਤ ਰੰਗੀਨ ਦਿੰਦਾ ਹੈ ਬਿਲਕੁਲ ਅੱਗ ਵਰਗਾ।

ਇਸ ਲੇਖ ਲੜੀ ਦਾ ਪਹਿਲਾ ਲੇਖ:  ਪਰਛਾਵੇਂ ਅੰਦਰ ਸਿੱਖ ਬਣਕੇ ਜੀਣ ਦੀ ਲੋਚਾ (ਲੇਖਕ: ਡਾ. ਸੇਵਕ ਸਿੰਘ)

ਇਸ ਲੇਖ ਲੜੀ ਦਾ ਦੂਜਾ ਲੇਖ: ਧਰਮ ਅਤੇ ਇਤਿਹਾਸ ਦੇ ਸਨਮੁੱਖ ਮਨੋਰੰਜਨ

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,