ਆਮ ਖਬਰਾਂ

ਡੇਰਾ ਸਿਰਸਾ ਦੇ ਨਾਮ ’ਤੇ ਬੇਨਾਮੀ ਲੈਣ ਦੇਣ ਹੋਇਆ: ਐਨਫੋਰਸਮੈਂਟ ਡਾਇਰੈਕਟੋਰੇਟ(ਈਡੀ)

August 11, 2018 | By

ਚੰਡੀਗੜ੍ਹ: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਰਿਪੋਰਟ ਦੇ ਕੇ ਖ਼ਦਸ਼ਾ ਜ਼ਾਹਿਰ ਕੀਤਾ ਹੈ ਕਿ ਡੇਰਾ ਸਿਰਸਾ ਦੇ ਨਾਮ ’ਤੇ ਬੇਨਾਮੀ ਟ੍ਰਾਂਜ਼ੈਕਸ਼ਨ ਹੋਈ ਹੈ। ਆਮਦਨ ਕਰ ਵਿਭਾਗ ਵੱਲੋਂ ਵੀ ਡੇਰਾ ਸਿਰਸਾ ਦੀ ਆਮਦਨ ਤੇ ਪ੍ਰਾਪਰਟੀ ਛਾਣੀ ਜਾ ਰਹੀ ਹੈ। ਈਡੀ ਨੇ ਡੇਰਾ ਨੂੰ ਤੋਹਫ਼ੇ ‘ਚ ਮਿਲੀ ਜ਼ਮੀਨ ਦੀ ਰਿਪੋਰਟ ਤਿਆਰ ਕਰ ਲਈ ਹੈ।

ਪੰਜਾਬੀ ਟ੍ਰਿਿਬਊਨ ਅਖਬਾਰ ਵਿਚ ਨਸ਼ਰ ਹੋਏ ਵੇਰਵਿਆਂ ਅਨੁਸਾਰ ਡੇਰਾ ਪ੍ਰੇਮੀਆਂ ਵੱਲੋਂ ਡੇਰਾ ਸਿਰਸਾ ਨੂੰ ਤੋਹਫ਼ੇ ਵਿਚ ਕਰੀਬ 293 ਏਕੜ ਜ਼ਮੀਨ ਦਿੱਤੀ ਗਈ ਸੀ ਜਿਸ ਦੀ ਕੀਮਤ ਲਗਭਗ 80 ਕਰੋੜ ਦੱਸੀ ਜਾ ਰਹੀ ਹੈ। ਮਾਲਵੇ ‘ਚੋਂ ਬਠਿੰਡਾ, ਮਾਨਸਾ, ਸੰਗਰੂਰ, ਫ਼ਰੀਦਕੋਟ ਅਤੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ 200 ਡੇਰਾ ਪ੍ਰੇਮੀਆਂ ਨੇ ਜ਼ਮੀਨ ਤੋਹਫ਼ੇ ਵਿੱਚ ਡੇਰੇ ਨੂੰ ਦਿੱਤੀ ਸੀ।

ਬਠਿੰਡਾ ਜ਼ਿਲ੍ਹੇ ਦੇ 67 ਡੇਰਾ ਪ੍ਰੇਮੀਆਂ ਨੇ ਕਰੀਬ 58 ਏਕੜ ਜ਼ਮੀਨ, ਸਬ ਡਵੀਜ਼ਨ ਬਠਿੰਡਾ ਦੇ 27 ਡੇਰਾ ਪ੍ਰੇਮੀਆਂ ਨੇ 206 ਕਨਾਲ਼ ਜ਼ਮੀਨ ਅਤੇ ਇਸੇ ਤਰ੍ਹਾਂ ਸਬ ਡਵੀਜ਼ਨ ਮੌੜ ਦੇ 34 ਡੇਰਾ ਪ੍ਰੇਮੀਆਂ ਨੇ 230 ਕਨਾਲ ਜ਼ਮੀਨ ਡੇਰਾ ਸਿਰਸਾ ਨੂੰ ਦਾਨ ਦਿੱਤੀ ਸੀ।ਨਸੀਬਪੁਰਾ ਦੇ ਦਰਜਨ ਡੇਰਾ ਪੈਰੋਕਾਰਾਂ ਨੇ ਜ਼ਮੀਨਾਂ ਤੇ ਘਰ ਦਾਨ ਵਜੋਂ ਦਿੱਤੇ ਸਨ। ਰਾਤੋ ਰਾਤ ਡੇਰਾ ਪ੍ਰੇਮੀਆਂ ਨੇ ‘ਸ਼ਾਹ ਸਤਨਾਮ ਜੀ ਗਰੀਨ ਐਸ ਵੈੱਲਫੇਅਰ ਫੋਰਸ’ ਦੇ ਨਾਮ ‘ਤੇ ਵੀ ਜ਼ਮੀਨਾਂ ਦੀਆਂ ਰਜਿਸਟਰੀਆਂ ਕਰਵਾਈਆਂ ਸਨ।

ਪਿੰਡ ਜੈ ਸਿੰਘ ਵਾਲਾ, ਬਠਿੰਡਾ, ਚੁੱਘੇ ਕਲਾਂ, ਜੈ ਸਿੰਘ ਵਾਲਾ, ਭਾਗੂ, ਮਹਿਤਾ, ਬਾਂਡੀ, ਕੋਟਗੁਰੂ, ਤਰਖਾਣਵਾਲਾ, ਮੱਲਵਾਲਾ, ਚੱਕ ਹੀਰਾ ਸਿੰਘ ਵਾਲਾ ਆਦਿ ਦੇ ਡੇਰਾ ਪ੍ਰੇਮੀਆਂ ਨੇ ਜ਼ਮੀਨ ਦਾਨ ਵਜੋਂ ਦਿੱਤੀ ਸੀ। ਸਬ ਡਵੀਜ਼ਨ ਬਠਿੰਡਾ ਦੀ ਕਲੈੱਕਟਰ ਰੇਟ ਮੁਤਾਬਿਕ ਕੀਮਤ 4.26 ਕਰੋੜ ਬਣਦੀ ਹੈ ਜਦੋਂ ਕਿ ਬਾਜ਼ਾਰੂ ਕੀਮਤ ਕਈ ਗੁਣਾ ਜ਼ਿਆਦਾ ਹੈ।

ਅਖਬਾਰ ਵਿਚ ਨਸ਼ਰ ਹੋਈ ਖ਼ਬਰ ਅਨੁਸਾਰ ਬੇਨਾਮੀ ਜਾਇਦਾਦ ਵਿਰੋਧੀ ਬਣੇ ਕਾਨੂੰਨ ਤਹਿਤ ਡੇਰਾ ਸਿਰਸਾ ਦੇ ਆਗੂਆਂ ਤੋਂ ਇਲਾਵਾ ਜ਼ਮੀਨਾਂ ਦਾਨ ਕਰਨ ਵਾਲੇ ਡੇਰਾ ਪ੍ਰੇਮੀਆਂ ਤੋਂ ਵੀ ਪੁੱਛਗਿੱਛ ਹੋ ਸਕਦੀ ਹੈ ਜਿਸ ਦੀ ਰਣਨੀਤੀ ਘੜੀ ਜਾ ਰਹੀ ਹੈ।

ਪੰਜਾਬ ਵਿੱਚ ਡੇਰਾ ਸਿਰਸਾ ਦੇ ਡੇਰਿਆਂ ਅਤੇ ਨਾਮ ਚਰਚਾ ਘਰਾਂ ਦੀ ਕਰੀਬ 300 ਕਰੋੜ ਦੀ ਪ੍ਰਾਪਰਟੀ ਹੈ ਅਤੇ ਬਠਿੰਡਾ ਜ਼ਿਲ੍ਹੇ ਵਿਚ ਜੋ ਮੁੱਖ ਸਲਾਬਤਪੁਰਾ ਡੇਰਾ ਹੈ, ਉਸ ਦੀ 135 ਏਕੜ ਜ਼ਮੀਨ ਹੈ।

ਪੰਜਾਬ ਸਰਕਾਰ ਵੱਲੋਂ ਹਰ ਜ਼ਿਲ੍ਹੇ ਵਿੱਚ ਡੇਰਾ ਪ੍ਰੇਮੀਆਂ ਵੱਲੋਂ ਦਾਨ ਕੀਤੀ ਜ਼ਮੀਨ ਦੀ ਪਹਿਲਾਂ ਹੀ ਸੂਚੀ ਤਿਆਰ ਕੀਤੀ ਗਈ ਹੈ। ਅਧਿਕਾਰੀ ਆਖਦੇ ਹਨ ਕਿ ਜੇ ਕੋਈ ਤਫ਼ਤੀਸ਼ੀ ਸੰਸਥਾ ਵੇਰਵਿਆਂ ਦੀ ਮੰਗ ਕਰੇਗੀ ਤਾਂ ਉਹ ਸੌਂਪ ਦੇਣਗੇ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: