ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ » ਸਿੱਖ ਖਬਰਾਂ

ਬੇਅਦਬੀ ਤੇ ਗੋਲੀ ਕਾਂਡ ਦੀ ਜਾਂਚ ਸੀ.ਬੀ.ਆਈ. ਨੂੰ ਦਿੱਤੇ ਜਾਣ ਖਿਲਾਫ ਪੰਥਕ ਤਾਲਮੇਲ ਸੰਗਠਨ ਵਲੋਂ ਵਿਸ਼ਾਲ ਰੋਸ ਧਰਨਾ

August 8, 2018 | By

ਅੰਮ੍ਰਿਤਸਰ, (ਨਰਿੰਦਰ ਪਾਲ ਸਿੰਘ): ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਨੂੰ ਸੀ ਬੀ ਆਈ ਦੇ ਹਵਾਲੇ ਕਰਨ ਖਿਲਾਫ ਰੋਸ ਜਿਤਾਉਂਦਿਆਂ ਪੰਥਕ ਤਾਲਮੇਲ ਸੰਗਠਨ ਨੇ ਆਪਣੀਆਂ ਹਮ ਖਿਆਲੀ ਜਥੇਬੰਦੀਆਂ ਨਾਲ ਮਿਲ ਕੇ ਰੋਸ ਧਰਨਾ ਲਾਇਆ। ਬੁਲਾਰਿਆਂ ਨੇ ਜੋਰ ਦੇਕੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਕੋਟਕਪੂਰਾ-ਬਹਿਬਲ ਕਲਾਂ ਗੋਲੀ ਕਾਂਡ ਨੂੰ ਸੀ.ਬੀ.ਆਈ ਦੇ ਹਵਾਲੇ ਕਰਕੇ ਦੋਸ਼ੀ ਪੁਲਿਸ ਅਫਸਰਾਂ ਦੇ ਨਾਲ ਨਾਲ ਤਤਕਾਲੀਨ ਮੁਖ ਮੰਤਰੀ ਪਰਕਾਸ਼ ਸਿੰਘ ਬਾਦਲ ਤੇ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਬਚਾਉਣ ਦਾ ਪ੍ਰਪੰਚ ਰਚਿਆ ਹੈ। ਮੁੱਖ ਮੰਤਰੀ ਸਿੱਖਾਂ ਦੀਆ ਧਾਰਮਿਕ ਭਾਵਨਾਵਾਂ ਪ੍ਰਤੀ ਅਤਿਅੰਤ ਬੇਰੁਖ਼ੀ ਤੇ ਗ਼ੈਰ-ਸੰਵੇਦਨਸ਼ੀਲਤਾ ਦਿਖਾਉਂਦਿਆ, ਬੇਅਦਬੀ ਕਾਂਡ ਵਿੱਚ ਇਨਸਾਫ਼ ਦੇਣ ਤੋ ਭੱਜ ਰਹੇ ਹਨ।

ਸਥਾਨਕ ਭੰਡਾਰੀ ਪੁਲ ਵਿਖੇ ਕੋਈ ਦੋ ਘੰਟ ਦੇ ਕਰੀਬ ਚੱਲੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਪੰਥਕ ਤਲਾਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਜੇ ਮੁੱਖ ਮੰਤਰੀ ਦੀ ਨੀਅਤ ਸਾਫ ਹੁੰਦੀ ਤਾਂ ਜੱਜ ਰਣਜੀਤ ਸਿੰਘ ਕਮਿਸ਼ਨ ਵੱਲੋਂ ਜਿਨ੍ਹਾਂ ਉੱਚ ਪੁਲਿਸ ਅਫਸਰਾਂ ਦੀ ਬਹਿਬਲ ਕਲਾਂ ਗੋਲੀ ਕਾਂਡ ‘ਚ ਸ਼ਮੂਲੀਅਤ ਵਿਖਾਈ ਗਈ ਹੈ, ਉਨਾਂ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਸ਼ੁਰੂ ਕਰ ਦੇਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਕਮਿਸ਼ਨ ਨੇ ਇਹ ਵੀ ਸੰਕੇਤ ਦਿੱਤੇ ਹਨ ਕਿ ਪੁਲਿਸ ਗੋਲੀ ਚਲਾਉਣ ਤੋਂ ਪਹਿਲਾਂ ਸਾਬਕਾ ਡੀ.ਜੀ.ਪੀ ਸੁਮੇਧ ਸੈਣੀ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਸ ਵਿੱਚ ਤਾਲਮੇਲ ‘ਚ ਸਨ। ਬਹਿਬਲ ਕਲਾਂ ਵਿੱਚ, ਪੁਲਿਸ ਨੇ ਸ਼ਾਂਤਮਈ ਮੁਜ਼ਾਹਰਾ ਕਰ ਰਹੇ ਸਿੱਖਾਂ ਉੱਤੇ ਗੋਲੀ ਚਲਾਈ ਸੀ ਜਿਸ ਵਿੱਚ ਦੋ ਨੋਜਵਾਨਾਂ ਦੀ ਮੌਤ ਹੋ ਗਈ ਸੀ।

ਉਨ੍ਹਾਂ ਕਿਹਾ ਕਿ ਦੁਖ ਤਾਂ ਇਸ ਗਲ ਦਾ ਹੈ ਕਿ ਮੁਖ ਮੰਤਰੀ ਦੇ ਨਿਰਦੇਸ਼ਾਂ ਉੱਤੇ ਗ੍ਰਹਿ ਵਿਭਾਗ ਨੇ ਪੁਲਿਸ ਨੂੰ ਬਹਿਬਲ ਕਲਾਂ ਗੋਲੀ ਕਾਂਡ ਵਿੱਚ “ਇਰਾਦਾ ਕਤਲ” ਦੀ ਧਾਰਾਵਾਂ ਹੇਠ ਐਫ.ਆਈ.ਆਰ ਦਰਜ ਕਰਨ ਲਈ ਪੱਤਰ ਜਾਰੀ ਕੀਤਾ ਹੈ। ਜਦੋਂ ਕਿ ਦੋ ਨੌਜਵਾਨ ਦਿਨ ਦਿਹਾੜੇ ਪੁਲਿਸ ਦੀਆਂ ਗੋਲ਼ੀਆਂ ਦਾ ਸ਼ਿਕਾਰ ਹੋਏ ਹਨ। ਫਿਰ ਦੋਸ਼ੀ ਪੁਲਿਸ ਅਫਸਰਾਂ ਵਿਰੁੱਧ ਧਾਰਾ 302 ਤਹਿਤ ਕਤਲ ਦਾ ਮੁਕਦਮਾ ਕਿਉਂ ਦਰਜ ਨਹੀ ਕੀਤਾ ਜਾਂਦਾ?

ਪੰਥਕ ਤਾਲਮੇਲ ਸੰਗਠਨ ਨੇ ਸ਼ੰਕਾ ਪ੍ਰਗਟਾਈ ਹੈ ਕਿ ਮਾਰੇ ਗਏ ਨੌਜਵਾਨਾਂ ਦੇ ਪਰਿਵਾਰ ਲਈ ਮੁਆਵਜਾ ਵਧਾਕੇ ਇੱਕ ਕਰੋੜ ਤੱਕ ਕਰਨ ਦਾ ਐਲਾਨ ਕਰਕੇ , ਮੁੱਖ ਮੰਤਰੀ ਇਸਲਾਮੀ ਸ਼ਰਾ ਮੁਤਾਬਿਕ ‘ਕਤਲਾਂ ਦੀ ਬਲੱਡ ਮਨੀ’ ਦੇ ਕੇ ਮੁਲਜ਼ਮਾਂ ਨੂੰ ਕਤਲਾਂ ਦੇ ਦੋਸ਼ ਤੋ ਬਰੀ ਤਾਂ ਨਹੀਂ ਕਰਨਾ ਚਾਹੁੰਦੇ ਹਨ। ਸੰਸਥਾ ਅਕਾਲ ਪੁਰਖ ਕੀ ਫੌਜ ਦੇ ਡਾਇਰੈਕਟਰ ਐਡਵੋਕੇਟ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਨਕੂਐਰੀ ਕਮਿਸ਼ਨ ਐਕਟ 1952 ਤਹਿਤ ਇਹ ਜ਼ਰੂਰੀ ਹੈ ਕਿ ਕਮਿਸ਼ਨ ਦੀ ਰਿਪੋਰਟ ‘ਤੇ
ਅਮਲ ਕਰਕੇ ਇਸਨੂੰ ਵਿਧਾਨ ਸਭਾ ਵਿੱਚ ਰੱਖਿਆ ਜਾਵੇ ਭਾਵ ਕਿ ਜਨਤਕ ਕੀਤੀ ਜਾਵੇ, ਤਾਂ ਜੋ ਸੱਚ ਦੁਨੀਆਂ ਸਾਹਮਣੇ ਆ ਸਕੇ। ਉਨ੍ਹਾਂ ਕਿਹਾ ਇਉਂ ਲਗ ਰਿਹਾ ਹੈ ਕਿ ਬਾਦਲਾਂ ਦੀ ਤਰਜ਼ ‘ਤੇ ਕੈਪਟਨ ਅਮਰਿੰਦਰ ਸਿੰਘ ਵੀ ਬੇਅਦਬੀ ਦੇ ਕੇਸ ਵਿੱਚ ਇਨਸਾਫ਼ ਦੇਣ ਤੋ ਮੁਨਕਰ ਹੈ ਅਤੇ ਉਹ ਭੁੱਲ ਗਏ ਹਨ ਕਿ ਬਠਿੰਡਾ ਚੋਣ ਰੈਲੀ ਵਿੱਚ ਉਹਨਾਂ ਨੇ ਗੁਟਕੇ ਉੱਤੇ ਹੱਥ ਰੱਖਕੇ ਜਨਤਕ ਤੌਰ ਤੇ ਵਾਅਦਾ ਕੀਤਾ ਸੀ ਕਿ ਉਹ ਮੁੱਖ ਮੰਤਰੀ ਬਣਦਿਆ ਹੀ ਬੇਅਦਬੀ ਕੇਸ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿਤਾਰਾ ਕਰ ਦੇਵੇਗਾ। ਪ੍ਰਤੀਤ ਹੋ ਰਿਹਾ ਹੈ ਕਿ ਬਾਦਲਾਂ ਦੀ ਤਰ੍ਹਾਂ ਕੈਪਟਨ ਵੀ ਅਖੌਤੀ ਰਾਸ਼ਟਰਵਾਦੀ ਤਾਕਤਾਂ ਨੂੰ ਖੁਸ਼ ਰੱਖਣ ਲਈ ਬੇਅਦਬੀ ਦੇ ਕੇਸ ਵਿੱਚ ਸਿਆਸੀ ਗਿਣਤੀਆਂ ਮਿਣਤੀਆਂ ਦਾ ਸਹਾਰਾ ਲੈ ਰਿਹਾ ਹੈ।

ਆਗੂਆਂ ਨੇ ਮੰਗ ਕੀਤੀ ਹੈ ਕਿ ਸਿੱਖ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਬੇਅਦਬੀ ਤੇ ਗੋਲੀ ਕਾਂਡ ਦੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: