ਲੇਖ

ਸਿਰਦਾਰ ਕਪੂਰ ਸਿੰਘ ਦਾ ਭਾਸ਼ਣ: ਸਿੱਖਾਂ ਨਾਲ ਵਿਸਾਹਘਾਤ

August 16, 2018 | By

(ਭਾਸ਼ਣ ਜਿਹੜਾ ਕਿ ਸਿਰਦਾਰ ਕਪੂਰ ਸਿੰਘ,ਐਮ.ਪੀ. ਨੇ 6 ਸਤੰਬਰਾਂ 1966 ਨੂੰ ਪਾਰਲੀਮੈਂਟ ਦੀ ਲੋਕ ਸਭਾ ਵਿਚ ਦਿੱਤਾ, ਜਿਸ ਨਾਲ ਕਿ ‘ਪੰਜਾਬ ਪੁਨਰਗਠਨ ਬਿੱਲ’ ਉਤੇ ਬਹਿਸ ਆਰੰਭ ਹੋਈ।(ਅਸਲ ਅੰਗਰੇਜ਼ੀ
ਵਿਚ)

ਸ਼੍ਰੀਮਤੀ ਪ੍ਰਧਾਨ ਮੰਤਰੀ ਸਾਹਿਬਾ ਜੀਓ, ਮੈਂ ਇਸ ਬਿੱਲ ਨੂੰ ਬੜੇ ਗਹੁ ਨਾਲ ਵਾਚਿਆ ਹੈ ਅਤੇ ਗ੍ਰਹਿ ਮੰਤਰੀ ਨੰਦਾ ਜੀ ਨੇ ਜੋ ਭਾਸ਼ਣ ਹੁਣੇ ਹੁਣੇ ਦਿੱਤਾ ਹੈ, ਮੈਂ ਉਸ ਨੂੰ ਬੜੇ ਧਿਆਨ ਨਾਲ, ਇਕ ਮਨ ਹੈ ਕੇ, ਸੁਣਿਆ ਅਤੇ ਸਮਝਿਆ ਹੈ । ਗ੍ਰਹਿ ਮੰਤਰੀ ਜਿਸ ਮਸਲੇ ਨੂੰ ਲੋਕ ਸਭਾ ਵਿਚ ਪੇਸ਼ ਕਰਨ, ਉਸ ਨੂੰ ਗਹੁ ਨਾਲ ਸੁਣਨਾ ਹੀ ਯੋਗ ਹੈ । ਸ਼੍ਰੀਮਤੀ ਪ੍ਰਧਾਨ ਮੰਤਰੀ ਜੀਓ ! ਮੇਰੇ ਲਈ ਹੋਰ ਕੋਈ ਰਾਹ ਨਹੀਂ ਰਹਿ ਗਿਆ ਹੈ ਕਿ ਮੈਂ ਇਸ ਸਾਰੇ ਦੇ ਸਾਰੇ ਬਿੱਲ ਦਾ ਵਿਰੋਧ ਕਰਾਂ । ਇਹ ਬਿੱਲ ਗੰਦਾ ਆਂਡਾ ਹੈ ਜਿਸ ਦੇ ਕੁਝ ਭਾਗ, ਭਾਵੇਂ ਵੇਖਣ ਨੂੰ ਠੀਕ ਹੀ ਲੱਗਣ, ਓਹ ਭੋਜਨ ਕਰਨ ਦੇ ਯੋਗ ਨਹੀਂ ਹੁੰਦਾ । ਕੋਈ ਐਵੇਂ ਇਸ ਦੇ ਟੁਕੜਿਆਂ ਨੂੰ ਦੰਦ ਪਿਆ ਮਾਰੇ, ਪਰ ਇਹ ਨਾਂ-ਖਾਣ ਵਾਲੀ, ਅਭਕਸ਼ ਵਸਤੂ ਹੈ ਤੇ ਨਾਂ-ਪਚਣ ਵਾਲੀ ਭੀ । ਕੋਈ ਸੂਝਵਾਨ ਬੰਦਾ ਤਾਂ ਇਸ ਨੂੰ ਕਬੂਲ ਕਰ ਨਹੀਂ ਸਕਦਾ ।

ਸ਼੍ਰੀ ਮਹਾਂਵੀਰ ਤਿਆਗੀ : ਇਹ ਤਾਂ ਆਪੋ ਆਪਣੇ ਹਾਜ਼ਮੇ ਉੱਤੇ ਨਿਰਭਰ ਹੈ । ਸ. ਕਪੂਰ ਸਿੰਘ : ਮੇਰੇ ਮਨ ਵਿਚ ਕੋਈ ਸ਼ੰਕਾ ਨਹੀਂ ਕਿ ਭਾਵੇਂ ਸਿੱਖਾਂ ਦਾ ਹਾਜ਼ਮਾ ਤੇ ਉਨ੍ਹਾਂ ਦੀ ਪਾਚਨ ਸ਼ਕਤੀ ਕਿਤਨੀ ਵੀ ਪ੍ਰਬਲ ਕਿਉਂ ਨਾ ਹੋਵੇ, ਜਿਵੇਂ ਕਿ ਮੇਰੇ ਮਿੱਤਰ, ਤਿਆਗੀ ਜੀ ਨੇ ਸੰਕੇਤ ਕੀਤਾ ਹੈ, ਇਸ ਗੰਦੇ ਆਂਡੇ ਨੂੰ ਖਾਣ ਨਾਲ ਉਨ੍ਹਾਂ ਨੂੰ ਢਿੱਡ ਪੀੜ ਹੀ ਪਏਗੀ । ਮੈਂ ਆਪਣੇ ਵੋਟਰਾਂ ਦੇ ਨਾਂ ਉੱਤੇ, ਆਪਣੇ ਚੋਣ ਹਲਕੇ ਦੇ ਨਾਂ ਉੱਤੇ, ਸਮੂਹ ਸਿੱਖਾਂ ਦੇ ਨਾਂ ਉਤੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਉਤੇ, ਇਸ ਬਿੱਲ ਨੂੰ ਰੱਦ ਕਰਦਾ ਹਾਂ । ਤਿੰਨ ਕਾਰਨ ਇਸ ਨੂੰ ਨਾਂ-ਕਬੂਲਣ ਦੇ ਹਨ ।ਇਕ ਤਾਂ ਇਹ ਪਾਪ ਭਰੀ ਮਨਸ਼ਾ ਦੀ ਉਪਜ ਹੈ । ਦੂਜੇ, ਇਸ ਨੂੰ ਜਮਾਉਣ ਵਾਲੀ ਦਾਈ ਕੁਚੱਜੀ ਹੈ । ਤੀਜੇ, ਇਹ ਦੇਸ਼ ਦੇ ਸਮੁੱਚੇ ਲਾਭਾਂ ਲਈ ਹਾਨੀਕਾਰਕ ਹੈ ਅਤੇ ਇਸ ਨਾਲ ਦੇਸ਼ ਉਤੇ ਰਾਜ ਕਰਨ ਵਾਲੀ ਜਾਤੀ ਉੱਤੇ ਲੋਕਾਂ ਦਾ ਵਿਸ਼ਵਾਸ ਉਠ ਜਾਏਗਾ ਤੇ ਇੰਜ ਮੁਲਕ ਕਮਜ਼ੋਰ ਹੋਵੇਗਾ ।

ਸਿਰਦਾਰ ਕਪੂਰ ਸਿੰਘ

ਸ੍ਰੀ ਮਹਾਂਵੀਰ ਤਿਆਗੀ : ਇਹ ਬੱਚਾ ਹਰਾਮੀ ਤਾਂ ਨਹੀਂ ਹੈ । ਸ. ਕਪੂਰ ਸਿੰਘ ਹਰਾਮੀ ਨਾ ਵੀ ਹੋਵੇ, ਪਰ ਇਸ ਦੀ ਪੈਦਾਇਸ਼ ਪਾਪ-ਭਰੇ ਸੰਕਲਪ ਦਵਾਰਾ ਹੋਈ ਹੈ ਅਤੇ ਇਹ ਮੁੱਢੋਂ ਹੀ ਜਾਤ ਕੁਜਾਤ ਹੈ । ਮੈਂ ਇਸ ਨੂੰ ਪਾਪ ਦੀ ਉਪਜ ਇਸ ਲਈ ਕਹਿੰਦਾ ਹਾਂ ਕਿ ਸਿੱਖਾਂ ਨਾਲ ਜੋ ਵਿਸਾਹਘਾਤ, ਸੁਤੰਤਰ ਭਾਰਤ ਵਿਚ ਕੀਤਾ ਗਿਆ ਹੈ, ਇਹ ਉਸ ਦੀ ਆਖ਼ਰੀ ਕੜੀ ਹੈ । ਹਿੰਦੁਸਤਾਨ ਦੀ ਬਹੁਗਿਣਤੀ ਦੇ ਲੀਡਰਾਂ ਵੱਲੋਂ ਸਿੱਖਾਂ ਨੂੰ ਜੋ ਵਿਸ਼ਵਾਸ ਦਿਵਾਏ ਗਏ ਸੀ ਅਤੇ ਕਾਂਗਰਸ ਜਿਹੜੇ ਲਾਰੇ ਸਿੱਖਾਂ ਨਾਲ ਪਿਛਲੇ 30-35 ਸਾਲ ਤੋਂ ਲਾਉਂਦੀ ਰਹੀ, ਉਨ੍ਹਾਂ ਦਾ ਹੁਣ ਪਾਜ ਖੁੱਲ੍ਹ ਗਿਆ ਹੈ ।

ਇਹ ਗੱਲ ਇਸ ਲੋਕ ਸਭਾ ਲਈ, ਜਨਤਾ ਲਈ, ਸਾਰੇ ਹਿੰਦੁਸਤਾਨ ਦੇ ਵਾਸੀਆਂ ਲਈ ਅਤੇ ਸਾਰੀ ਦੁਨੀਆ ਦੇ ਸੱਜਣ ਪੁਰਸ਼ਾਂ ਲਈ ਸੁਣਨੀ ਤੇ ਸਮਝਣੀ ਗੁਣਕਾਰੀ ਹੋਵੇਗੀ ਜਿਹੜੀ ਕਥਾ ਕਿ ਸਿੱਖਾਂ ਨਾਲ ਕੀਤੇ ਗਏ ਵਿਸਾਹਘਾਤ ਦੀ ਮੈਂ ਅੱਜ ਸੁਣਾਨ ਲੱਗਾ ਹਾਂ । ਵਿਸਾਹਘਾਤ ਕਾਂਗਰਸੀ ਹਿੰਦੂ ਲੀਡਰਾਂ ਨੇ, ਜਾਣ-ਬੁਝ ਕੇ ਅਤੇ ਕ੍ਰਿਤਘਣਤਾ ਦਵਾਰਾ, ਉਸ ਸਿੱਖ ਕੌਮ ਨਾਲ ਕੀਤਾ ਹੈ, ਜਿਸ ਸਿੱਖ ਕੌਮ ਨੇ ਹਿੰਦੂ ਧਰਮ ਦੇ ਹਿੰਦੂ ਜਾਤੀ ਦੀ ਰੱਖਿਆ ਲਈ ਬੇਪਨਾਹ ਤੇ ਬੇਮਿਸਾਲ ਕੁਰਬਾਨੀਆਂ ਕੀਤੀਆਂ ਹਨ । ਇਹ ਵਿਸਾਹਘਾਤ ਉਨ੍ਹਾਂ ਸਿੱਖਾਂ ਨਾਲ ਕੀਤਾ ਗਿਆ ਹੈ, ਜਿਹੜੇ ਕਿ ਧਰਮ ਦੇ ਰੱਖਿਅਕ ਤੇ ਦੇਸ਼ ਦੇ ਵੈਰੀਆਂ ਦੇ ਸ਼ੱਤਰੁ ਹਨ । ਇਹ ਧੋਖਾ ਉਨ੍ਹਾਂ ਸਿੱਖਾਂ ਨਾਲ ਹੋਇਆ ਹੈ, ਜਿਨ੍ਹਾਂ ਦਾ ਹੌਸਲਾ, ਕੁਰਬਾਨੀ ਅਤੇ ਦੇਸ਼ ਭਗਤੀ ਸੰਸਾਰ-ਪ੍ਰਸਿੱਧ ਹੈ ।

ਉਸ ਸਿੱਖ ਜਾਤੀ ਨਾਲ ਹੋਏ ਵਿਸ਼ਵਾਸਘਾਤ ਦੀ ਕਹਾਣੀ, ਮੈਂ ਅੱਜ ਬਿਆਨ ਕਰਨ ਦੀ ਆਗਿਆ ਚਾਹੁੰਦਾ ਹਾਂ, ਜਿਨ੍ਹਾਂ ਨਾਲ ਕਿ ਵਿਸ਼ਵਾਸਘਾਤ ਬਿਗਾਨਿਆਂ ਨੇ ਨਹੀਂ, ਸਗੋਂ ਆਪਣਿਆਂ ਨੇ ਕੀਤਾ ਹੈ।ਇਹ ਉਹ ਸਿੱਖ ਹਨ ਜਿਹੜੇ ਸਵੇਰੇ ਸ਼ਾਮ ਅਰਦਾਸ ਵਿਚ ਕਹਿੰਦੇ ਹਨ: ‘ਸਿੱਖਾਂ ਨੂੰ ਵਿਸਾਹ ਦਾਨ, ਭਰੋਸਾ ਦਾਨ’। ਜੋ ਵਿਸ਼ਵਾਸ ਕਰਦੇ ਹਨ ਅਤੇ ਵਿਸ਼ਵਾਸਘਾਤ ਦੀ ਉਮੀਦ ਦੂਜਿਆਂ ਕੋਲੋਂ ਨਹੀਂ ਰੱਖਦੇ । ਅਸਾਡੇ ਬਜ਼ੁਰਗ ਅਤੇ ਰਿਸ਼ੀ, ਜੋ ਕਿ ਹਿੰਦੂਆਂ ਤੇ ਸਿੱਖਾਂ ਦੋਹਾਂ ਦੇ ਪੂਜਯ ਹਨ, ਵਿਸ਼ਵਾਸਘਾਤ ਨਾਲੋਂ ਵੱਡਾ ਮਹਾਨ ਪਾਪ ਹੋਰ ਕੋਈ ਨਹੀਂ ਗਿਣਦੇ ਸਨ । ਮਹਾਂਭਾਰਤ (ਆਦਿ ਪਰਵਮ, 74 .25) ਵਿਚ ਲਿਿਖਆ ਹੈ:

ਯੋ ਅਨਯਥਾਸੰਤਾਤਮਾਨਮ ਅਨਯਥਾ ਪ੍ਰਤਿਪਦਯਤੇ,

ਕਿੰਤੇਣ ਨ ਕ੍ਰਤਮ ਪਾਪਮ ਚੋਰੈਣਾਤਮਾਪਹਾਰਿਣਮ ॥

‘ਅਰਥਾਤ, ਜਿਸ ਦੇ ਮਨ ਵਿਚ ਹੋਰ ਹੈ, ਪਰ ਬਚਨਾਂ ਦਵਾਰਾ ਹੋਰ ਪ੍ਰਗਟ ਕਰਦਾ ਹੈ, ਉਸ ਕੋਲੋਂ ਕੋਈ ਪਾਪ ਵੀ ਅਸੰਭਵ ਨਹੀਂ ਹੈ । ਕਿਉਂ ਜੁ ਆਪਣੀ ਆਤਮਾ ਦਾ ਚੋਰ ਅਤੇ ਡਾਕੂ ਤਾਂ ਉਹ ਸਪੱਸ਼ਟ ਹੈ ਹੀ ।

ਮੈਂ ਇਹ ਸਦਨ ਦੇ ਮੈਂਬਰਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਪਣਾ ਧਿਆਨ 1929 ਦੀ ਹਿਮ ਰਿਤੂ ਵੱਲ ਲੈ ਜਾਣ ਜਦੋਂ ਕਿ, ਲਾਹੌਰ ਵਿਚ ਰਾਵੀ ਦੇ ਕੰਢੇ ਉਤੇ ਸਰਬ ਹਿੰਦ ਕਾਂਗਰਸ ਕਮੇਟੀ ਦਾ ਸਮਾਗਮ ਹੋਇਆ ਸੀ ਅਤੇ ਜਦੋਂ ਹਿੰਦੁਸਤਾਨ ਲਈ ਪੂਰਨ ਅਜ਼ਾਦੀ ਦਾ ਮਤਾ ਪਾਸ ਕੀਤਾ ਗਿਆ ਸੀ । ਮਾਘ ਦੀ ਉਸ ਠੰਡੀ ਰਾਤ ਮੈਂ ਇਕ ਵਿਿਦਆਰਥੀ-ਵਾਲੰਟੀਅਰ ਦੇ ਰੂਪ ਵਿਚ ਉਥੇ ਮੌਜੂਦ ਸਾਂ। ਉਸ ਤੋਂ ਪਹਿਲੇ ਦਿਨ ਸਿੱਖਾਂ ਨੇ ਆਪਣੇ ਲੀਡਰ ਬਾਬਾ ਖੜਕ ਸਿੰਘ ਦੀ ਸਰਕਰਦਗੀ ਵਿਚ, ਪੰਜ ਲੱਖ ਨਰ-ਨਾਰੀ ਦਾ ਸ਼ਾਨਦਾਰ ਜਲੂਸ ਕੱਢਿਆ ਸੀ, ਜਿਸ ਬਾਬਤ ਕਿ ਲੰਡਨ ਦੇ ਟਾਈਮਜ਼ ਅਖ਼ਬਾਰ ਨੇ ਲਿਿਖਆ ਸੀ ਕਿ: “ਇਸ ਜਲੂਸ ਦੀ ਸ਼ਾਨ ਦੇ ਸਾਹਮਣੇ ਕਾਂਗਰਸ ਦੀ ਜਲਸੀ ਤੇ ਜਲੂਸੀ ਫਿੱਕੀ ਪੈ ਗਈ ਅਤੇ ਕਾਂਗਰਸੀਆਂ ਨੇ ਆਪਣਾ ਸਿਰ ਸ਼ਰਮ ਨਾਲ ਝੁਕਾ ਲਿਆ।”

ਉਸ ਤੋਂ ਦੂਜੇ ਦਿਨ, ਮਹਾਤਮਾ ਗਾਂਧੀ, ਪੰਡਤ ਮੋਤੀ ਲਾਲ ਨਹਿਰੂ ਤੇ ਪੰਡਤ ਜਵਾਹਰ ਲਾਲ, ਬਾਬਾ ਖੜਕ ਸਿੰਘ ਜੀ ਦੇ ਨਿਵਾਸ ਅਸਥਾਨ, ਚਬੁਰਜੀ, ਵਿਖੇ ਪਹੁੰਚੇ ਤੇ ਇਹ ਵਿਸ਼ਵਾਸ ਦਿਵਾਇਆ ਕਿ ਜਿਸ ਵੇਲੇ ਹਿੰਦੁਸਤਾਨ ਅਜ਼ਾਦ ਹੋ ਜਾਏਗਾ, ਕੋਈ ਵਿਧਾਨ ਅਜਿਹਾ ਨਹੀਂ ਬਣਾਇਆ ਜਾਏਗਾ ਜਿਹੜਾ ਕਿ ਸਿੱਖਾਂ ਨੂੰ ਮਨਜ਼ੂਰ ਤੇ ਕਬੂਲ ਨਾ ਹੋਵੇ ਅਤੇ ਇਸੇ ਮਤਲਬ ਦਾ ਮਤਾ ਵੀ ਕਾਂਗਰਸ ਨੇ ਪਾਸ ਕਰ ਦਿੱਤਾ ।

ਉਸ ਤੇ ਪਿੱਛੋਂ ਸੰਨ 1947 ਤਕ ਇਸ ਮਤੇ ਦੀ ਪ੍ਰੋੜ੍ਹਤਾ ਕਈ ਵਾਰ ਕਾਂਗਰਸ ਨੇ ਕੀਤੀ ਅਤੇ ਸੰਨ 1950 ਤਕ ਇਸ ਮਤੇ ਨੂੰ ਕਾਂਗਰਸ ਨੇ ਅਮੰਨਾ ਨਹੀਂ ਕੀਤਾ । 1950 ਵਿਚ ਜਦੋਂ ਸੁਤੰਤਰ ਭਾਰਤ ਦਾ ਵਿਧਾਨ ਬਣਾਇਆ ਗਿਆ ਤਾਂ ਇਸ ਮਤ ਉਤੇ ਅਮਲ ਕਰਨ ਤੋਂ ਸਿੱਧਾ ਤੇ ਸਾਫ਼ ਇਨਕਾਰ ਕਰ ਦਿੱਤਾ ਗਿਆ।

ਸਿੱਖ, ਜਿਹੜੇ ਕਿ ਵਿਸਾਹ ਪਾਲਣ ਵਾਲੇ ਅਤੇ ਵਿਸ਼ਵਾਸ ਕਰਨ ਵਾਲੇ ਹਨ, ਉਨ੍ਹਾਂ ਨੇ ਪੂਰੇ 20 ਸਾਲ ਕਾਂਗਰਸ ਦੇ ਵਿਸ਼ਵਾਸ ਉਤੇ ਪੂਰਾ ਭਰੋਸਾ ਰੱਖਿਆ ਅਤੇ ਜਦੋਂ ਕਦੇ ਵੀ ਉਨ੍ਹਾਂ ਨੂੰ ਅੰਗਰੇਜ਼ਾਂ ਵੱਲੋਂ ਜਾਂ ਮੁਸਲਮਾਨਾਂ ਵੱਲੋਂ ਰਾਜਸੀ ਅਧਿਕਾਰਾਂ ਬਾਰੇ ਕੋਈ ਪੇਸ਼ਕਸ਼ ਵੀ ਹੋਈ, ਉਹ ਉਨ੍ਹਾਂ ਨੇ ਤੁਰੰਤ ਨਾ-ਮਨਜ਼ੂਰ ਕਰ ਦਿੱਤੀ। ਇਸ ਸਮੇਂ ਵਿਚ ਮੁਸਲਮਾਨਾਂ ਵੱਲੋਂ ਤੇ ਅੰਗਰੇਜ਼ਾਂ ਵੱਲੋਂ, ਇਕ ਤੋਂ ਵੱਧ ਵਾਰ ਸਿੱਖਾਂ ਨੂੰ ਸੁੰਤਤਰ ਰਾਜ। ਆਪਣਾ ਆਜ਼ਾਦ ਦੇਸ਼, ਦੇਣ ਤਕ ਦੇ ਯਤਨ ਹੋਏ ਜਿਹੜਾ ਦੇਸ਼ ਕਿ ਦਰਿਆ ਘੱਗਰ ਤੋਂ ਲੈ ਕੇ ਚਨਾਬ ਦੇ ਕੰਢਿਆਂ ਤਕ ਮਿੱਥਿਆ ਗਿਆ ਸੀ, ਪਰ ਸਿੱਖਾਂ ਨੇ ਇਸ ਨੂੰ ਕਬੂਲਣੋਂ ਨਾਂਹ ਕਰ ਦਿੱਤੀ ।

ਹੁਣ ਮੈਂ ਸੰਨ 1932 ਵੱਲ ਆਉਦਾ ਹਾਂ, ਜਦੋਂ ਲੰਦਨ ਵਿਚ ਦੂਜੀ ਗੋਲ-ਮੇਜ਼ ਕਾਨਫ਼ਰੰਸ ਹੈ ਰਹੀ ਸੀ ਅਤੇ ਸਿਆਲਕੋਟ ਵਾਲੇ ਸਰਦਾਰ ਬਹਾਦਰ ਸ਼ਿਵਦੇਵ ਸਿੰਘ ਜਿਸ ਵੇਲੇ ਕਿ “ਕੌਂਸਲ ਆਫ਼ ਇੰਡੀਆਂ ਦੇ ਮੈਂਬਰ ਸਨ, ਉਸ ਸਮੇਂ ਬਰਤਾਨਵੀ ਸਰਕਾਰ ਦੇ ਲੀਡਰਾਂ ਨੇ, ਸਰਦਾਰ ਬਹਾਦਰ ਸ਼ਿਵਦੇਵ ਸਿੰਘ ਦੁਆਰਾ, ਸਿੱਖਾਂ ਨੂੰ ਇਹ ਪੇਸ਼ਕਸ਼ ਕੀਤੀ ਕਿ ਜੇ ਉਹ ਕਾਂਗਰਸ ਨਾਲੋਂ ਆਪਣਾ ਸੰਬੰਧ ਪੱਕੇ ਤੌਰ ਤੇ ਤੋੜ ਲੈਣ ਤਾਂ ਅੰਗਰੇਜ਼, ਸਿੱਖਾਂ ਨੂੰ ਪੰਜਾਬ ਅਤੇ ਹਿੰਦੁਸਤਾਨ ਵਿਚ ਇਤਨੀ ਠੋਸ ਸ਼ਕਤੀ ਦੇ ਦੇਣਗੇ, ਜਿਸ ਦੁਆਰਾ ਕਿ, ਜਦੋਂ ਉਹ ਹਿੰਦੁਸਤਾਨ ਨੂੰ ਆਜ਼ਾਦ ਕਰਨ, ਸਿੱਖ ਹਿੰਦੁਸਤਾਨ ਦੇ ਤੀਜੇ ਭਾਈਵਾਲ ਬਣ ਸਕਣ ।

ਇਹ ਮਾਸਟਰ ਤਾਰਾ ਸਿੰਘ, ਜਿਸ ਦੇ ਔਗੁਣਾਂ ਨੂੰ ਦਿਨ ਰਾਤ ਗਿਿਣਆ ਜਾਂਦਾ ਹੈ, ਇਹ ਮਾਸਟਰ ਤਾਰਾ ਸਿੰਘ ਜਿਹੜਾ ਹੱਦ ਤੋਂ ਵੱਧ ਸਰਲ ਸੁਭਾਅ ਹੈ, ਉਸ ਨੇ ਇਹ ਭਾਰੀ ਪੇਸ਼ਕਸ਼ ਫ਼ੋਰਨ ਨਾ-ਮਨਜ਼ੂਰ ਕਰ ਦਿੱਤੀ । ਸ਼੍ਰੀਮਤੀ ਪ੍ਰਧਾਨ ਮੰਤਰੀ ਸਾਹਿਬਾ, ਮੈਂ ਉਸ ਵੇਲੇ ਕੈਂਬਰਿਜ ਦੀ ਯੂਨੀਵਰਸਿਟੀ ਵਿਚ ਵਿਿਦਆਰਥੀ ਸਾਂ ਅਤੇ ਇਹ ਸਾਰੀਆਂ ਗੱਲਾਂ ਮੇਰੇ ਸਾਹਮਣੇ ਤੇ ਹੱਥੀਂ ਹੋਈਆਂ ।

ਹੁਣ ਤੀਜੀ ਸਾਖੀ ਸੁਣੋ । ਸੰਨ 1946, ਜੁਲਾਈ ਦੇ ਮਹੀਨੇ, ਆਲ ਇੰਡੀਆ ਕਾਂਗਰਸ ਕਮੇਟੀ ਦਾ ਜਲਸਾ ਕਲਕੱਤੇ ਹੋਇਆ, ਜਿਸ ਵਿਚ ਕਿ ਸਿੱਖਾਂ ਨਾਲ ਕੀਤੇ ਗਏ ਰਾਜਸੀ ਪ੍ਰਣ ਦੁਹਰਾਏ ਗਏ। 6 ਜੁਲਾਈ,1946 ਨੂੰ ਕਾਂਗਰਸ ਦੇ ਪ੍ਰਧਾਨ, ਪੰਡਤ ਜਵਾਹਰ ਲਾਲ ਨਹਿਰੂ ਨੇ ਇਕ ਪ੍ਰੈਸ ਕਾਨਫਰੰਸ ਕਲਕੱਤੇ ਵਿਚ ਕੀਤੀ ਜਿਸ ਵਿਚ ਫਫੇ-ਕੁੱਟਣੀਆਂ ਵਾਲੇ ਇਹ ਸ਼ਬਦ ਕਹੇ ਗਏ-

“ਪੰਜਾਬ ਦੇ ਬਹਾਦੁਰ ਸਿੱਖ ਵਿਸ਼ੇਸ਼ ਸਲੂਕ ਦੇ ਅਧਿਕਾਰੀ ਹਨ । ਮੈਨੂੰ ਇਸ ਵਿਚ ਕੋਈ ਆਪੱਤੀ ਨਹੀਂ ਦਿੱਸਦੀ ਕਿ ਹਿੰਦੁਸਤਾਨ ਦੇ ਉੱਤਰ ਵਿਚ ਇਕ ਅਜਿਹਾ ਇਲਾਕਾ ਵੱਖਰਾ ਕਰ ਦਿੱਤਾ ਜਾਵੇ, ਜਿਥੇ ਕਿ ਸੁਤੰਤਰਤਾ ਦਾ ਨਿੱਘ ਸਿੱਖਾਂ ਦੇ ਲਹੂ ਨੂੰ ਵੀ ਗਰਮਾਵੇ ।” ਇਨ੍ਹਾਂ ਕਾਵਯਮਈ ਸ਼ਬਦਾਂ ਨਾਲ ਸਿੱਖਾਂ ਨੂੰ ਅਜ਼ਾਦ ਭਾਰਤ ਵਿਚ ਇਕ ਸੁਤੰਤਰ ਦੇਸ਼ ਦੇਣ ਦਾ ਬਚਨ ਦਿੱਤਾ ਗਿਆ ।

ਚੌਥੀ ਸਾਖੀ ਇਉਂ ਹੈ ਕਿ ਸੰਨ 1946 ਦੀਆਂ ਸਰਦੀਆਂ ਵਿਚ, ਜਦੋਂ ਕੈਬਨਿਟ ਮਿਸ਼ਨ ਦਿੱਲੀ ਆਇਆ ਤਾਂ ਉਨ੍ਹਾਂ ਨੇ ਸਰਦਾਰ ਬਲਦੇਵ ਸਿੰਘ ਨੂੰ ਬਰਤਾਨਵੀ ਸਰਕਾਰ ਵੱਲੋਂ ਇਹ ਸੁਨੇਹਾ ਦਿੱਤਾ ਕਿ ਜੇ ਸਿੱਖ ਕਾਂਗਰਸ ਨਾਲੋਂ ਕਿਵੇਂ ਵੀ ਵੱਖ ਹੋਣਾ ਨਹੀਂ ਲੋਚਦੇ ਅਤੇ ਹਿੰਦੂਆਂ ਦੇ ਨਾਲ ਰਲ ਕੇ ਹੀ ਰਹਿਣਾ ਚਾਹੁੰਦੇ ਹਨ ਤਾਂ, ਉਨ੍ਹਾਂ ਸ਼ੁਭ ਇੱਛਾ ਦੇ ਪ੍ਰਗਟਾਵੇ ਲਈ ਜੋ ਕਿ ਅੰਗਰੇਜ਼ ਜਾਤੀ ਦੇ ਹਿਰਦੇ ਵਿਚ ਸਿੱਖਾਂ ਲਈ ਹਨ, ਬਰਤਾਨਵੀ ਸਰਕਾਰ ਅਜਿਹਾ ਵਿਧਾਨ ਨਿਸ਼ਚਿਤ ਕਰਨ ਲਈ ਤਿਆਰ ਹੈ, ਜਿਸ ਵਿਚ ਕਿ ਉਹ, ਜਿਥੋਂ ਤਕ ਸਿੱਖ ਹੋਮਲੈਂਡ, ਸਿੱਖਾਂ ਦੀ ਪਿਤ੍ਰੀ ਭੂਮੀ, ਅਥਵਾ ਸਿੱਖਸਤਾਨ ਦਾ ਸੰਬੰਧ ਹੈ, ਅਰਥਾਤ ਘੱਗਰ ਤੇ ਚਨਾਬ ਵਿਚਲਾ ਇਲਾਕਾ, ਉਥੇ ਹਿੰਦੁਸਤਾਨ ਦੀ ਤਕਸੀਮ ਹੋਣ ਪਿੱਛੋਂ, ਨਾ ਭਾਰਤ ਤੇ ਨਾ ਪਾਕਿਸਤਾਨ ਕੋਈ ਅਜਿਹਾ ਕਾਨੂੰਨ ਲਾਗੂ ਕਰ ਸਕੇ ਜਿਹੜਾ ਕਿ ਸਿੱਖਾਂ ਨੂੰ ਕਬੂਲ ਨਾ ਹੋਵੇ । ਸ: ਬਲਦੇਵ ਸਿੰਘ ਨੇ ਝਟਪਟ ਇਹ ਸਾਰੀ ਗੱਲਬਾਤ ਨਹਿਰੂ ਜੀ ਨੂੰ ਆ ਦੱਸੀ ਤੇ ਉਨ੍ਹਾਂ ਦੀ ਸਲਾਹ ਨਾਲ, ਬਰਤਾਨਵੀ ਸਰਕਾਰ ਦੀ ਇਹ ਪੇਸ਼ਕਸ਼ ਰੱਦ ਕਰ ਦਿੱਤੀ । ਜੇ ਸਿੱਖ ਉਸ ਵੇਲੇ ਇਹ ਪੇਸ਼ਕਸ਼ ਮੰਨ ਲੈਂਦੇ, ਤਾਂ ਇਹ ਕਾਂਗਰਸ ਦੇ, ਪੰਡਤ ਜਵਾਹਰ ਲਾਲ ਨਹਿਰੂ ਦੁਆਰਾ ਸੰਨ 1946 ਦੀ ਕਲਕੱਤੇ ਵਿਚ ਕੀਤੀ ਪੇਸ਼ਕਸ਼ ਨਾਲੋਂ ਵੀ ਕਿਤੇ ਵਧੇਰੇ ਵੱਡੀ ਪੇਸ਼ਕਸ਼ ਸੀ ਅਤੇ ਇਸ ਦੁਆਰਾ ਸਿੱਖ ਪਾਕਿਸਤਾਨ ਅਤੇ ਭਾਰਤ ਦੋਹਾਂ ਦੇਸ਼ਾਂ ਵਿਚ ਸ਼ਕਤੀਸ਼ਾਲੀ, ਪ੍ਰਭਾਵਸ਼ਾਲੀ ਅਸਥਾਨ ਪ੍ਰਾਪਤ ਕਰ ਸਕਦੇ ਸਨ।

ਪੰਜਵੀਂ ਗੱਲ ਇਉਂ ਹੈ ਕਿ ਸੰਨ 1947, ਅਪ੍ਰੈਲ ਦੇ ਮਹੀਨੇ, ਵਿਚ ਮਿਸਟਰ ਜ਼ਿਨਾਹ ਨੇ, ਬਰਤਾਨਵੀ ਸਰਕਾਰ ਦੇ ਕੁਝ ਉੱਘੇ ਲੀਡਰਾਂ ਨਾਲ ਸਲਾਹ ਕਰ ਕੇ, ਸਿੱਖਾਂ ਨੂੰ ਇਕ ਪੇਸ਼ਕਸ਼ ਕੀਤੀ ।ਪਹਿਲਾਂ ਤਾਂ ਇਹ ਗੱਲ ਮਾਸਟਰ ਤਾਰਾ ਸਿੰਘ ਜੀ ਨਾਲ ਕੀਤੀ ਗਈ ਤੇ ਪਿੱਛੋਂ ਮਹਾਰਾਜਾ ਪਟਿਆਲਾ ਨਾਲ । ਪੇਸ਼ਕਸ਼ ਇਹ ਸੀ ਕਿ ਪਟਿਆਲੇ ਦੀ ਰਿਆਸਤ ਨੂੰ ਇਕ ਸੁਤੰਤਰ ਦੇਸ਼ ਸਥਾਪਤ ਕਰ ਕੇ, ਪਾਣੀਪਤ ਤੋਂ ਲੈ ਕੇ ਰਾਵੀ ਦਰਿਆ ਦੇ ਕੰਢਿਆਂ ਤਕ ਦੇ ਇਲਾਕੇ ਵਿਚ ਮਿਲਾ ਦਿੱਤੇ ਜਾਣ ।ਇਹੋ ਦੇਸ਼ ਸਿੱਖਸਤਾਨ ਬਣ ਜਾਵੇ ਅਤੇ ਫਿਰ ਇਹ ਸਿੱਖਸਤਾਨ ਪਾਕਿਸਤਾਨ ਨਾਲ ਸੰਧੀ ਕਰ ਕੇ ਆਪਣੀ ਰੱਖਿਆ ਆਦਿ ਦੇ ਸਾਂਝੇ ਪ੍ਰਬੰਧ ਕਰ ਲਵੇ । ਮਾਸਟਰ ਤਾਰਾ ਸਿੰਘ ਨੇ ਤਾਂ ਇਹ ਪੇਸ਼ਕਸ਼, ਬਿਨਾਂ ਕਿਸੇ ਨਾਲ ਸਲਾਹ ਕੀਤੇ ਦੇ ਹੀ, ਠੁਕਰਾ ਦਿੱਤੀ, ਪਰ ਮਹਾਰਾਜਾ ਪਟਿਆਲਾ ਨੇ ਸਰਦਾਰ ਪਟੇਲ ਤੇ ਸ੍ਰੀ ਜਵਾਹਰ ਲਾਲ ਨਹਿਰੂ ਨਾਲ ਸਲਾਹ ਕਰਕੇ ਇਸ ਨੂੰ ਰੱਦ ਕਰ ਦਿੱਤਾ ।

ਛੇਵੀਂ ਕੜੀ ਇਸ ਕਥਾ ਦੀ ਇਉਂ ਹੈ : 9 ਦਸੰਬਰ, ਸੰਨ 1946 ਨੂੰ ਜਦੋਂ ਕਿ ਹਿੰਦੁਸਤਾਨ ਦੀ ਕੰਸਟੀਚਿਉਐਂਟ ਅਸੈਂਬਲੀ ਦੀ ਪਹਿਲੀ ਬੈਠਕ ਦਿੱਲੀ ਵਿਚ ਹੋਈ ਤਾਂ ਉਸ ਸਮੇਂ, ਬਾਬੂ ਰਾਜਿੰਦਰ ਪ੍ਰਸ਼ਾਦ ਦੀ ਪ੍ਰਧਾਨਗੀ ਹੇਠ ਪੰਡਤ ਜਵਾਹਰ ਲਾਲ ਨਹਿਰੂ ਨੇ ਪਹਿਲਾਂ ਤੇ ਬੁਨਿਆਦੀ ਮਤਾ ਪੇਸ਼ ਕੀਤਾ, ਜਿਸ ਵਿਚ ਇਹ ਸ਼ਬਦ ਅੰਕਤ ਹਨ : “ਘੱਟ ਗਿਣਤੀਆਂ ਦੇ ਰਾਜਸੀ ਅਧਿਕਾਰਾਂ ਦੀ ਰੱਖਿਆ ਲਈ ਪੂਰਨ ਪ੍ਰਬੰਧ ਕੀਤੇ ਜਾਣਗੇ।ਇਹ ਸਾਡਾ ਐਲਾਨ ਹੈ ਤੇ ਇਹ ਸਾਡਾ ਪ੍ਰਣ ਹੈ ਤੇ ਇਹ ਅਸਾਡਾ ਬਚਨ ਹੈ ਜੋ ਅਸੀਂ ਸਾਰੇ ਸੰਸਾਰ ਦੇ ਰੂ-ਬ-ਰੂ ਹਿੰਦੁਸਤਾਨ ਦੇ ਕਰੋੜਾਂ ਸ਼ਹਿਰੀਆਂ ਨੂੰ ਦਿੰਦੇ ਹਾਂ। ਇਸ ਲਈ ਇਹ ਇਕ ਪਵਿੱਤਰ ਸੌਗੰਦ1 ਹੈ, ਜਿਸ ਦਾ ਪਾਲਣ ਕਰਨਾ ਸਾਡਾ ਪਰਮ ਧਰਮ ਹੈ , ਜੋ ਲੋਕ ਰੱਬ ਦੇ ਭਉ ਤੇ ਗੁਰੂ ਦੇ ਡਰ ਤੇ ਆਜ਼ਾਦ ਹੈ ਕੇ ਝੂਠੀਆਂ ਸਹੁੰਆਂ ਸੌਗੰਦਾਂ ਰਾਜਸੀ ਪੱਧਰ ਉੱਤੇ ਚੁੱਕਦੇ ਹਨ, ਉਨ੍ਹਾਂ ਦੀ ਅੰਤਮ ਗਤੀ ਦੀ ਬਾਬਤ ਮੈਂ ਕੀ ਆਖਾਂ ? ਜਿਨ੍ਹਾਂ ਦੇ ਮਨ ਵਿੱਚੋਂ ਸ਼ਰਮ ਉੱਡ ਚੁੱਕੀ ਹੈ, ਜਿਨ੍ਹਾਂ ਦੀ ਆਤਮਾ ਵਿਚ ਧਰਮ ਦਾ ਅਭਾਵ ਹੋ ਗਿਆ ਹੈ, ਜਿਨ੍ਹਾਂ ਨੂੰ ਕੋਈ ਉਨ੍ਹਾਂ ਦੇ ਪਾਪ ਕਰਮਾਂ ਦਾ ਦੰਡ ਦੇਣ ਵਾਲਾ ਦਿਖਾਈ ਨਹੀਂ ਦਿੰਦਾ, ਉਥੇ, ਜਿਨ੍ਹਾਂ ਵਿਚ ਵਿਸ਼ਵਾਸਘਾਤ ਹੋਇਆ ਹੈ, ਉਹ ਸਿਵਾਏ ਅਕਾਲ ਪੁਰਖ ਦੇ ਦਰਬਾਰ ਵਿਚ ਅਰਦਾਸ ਦੇ ਹੋਰ ਕਰ ਵੀ ਕੀ ਸਕਦੇ ਹਨ ? ਸਿੱਖ, ਇਸ ਸਮੇਂ, ਗੁਰੂ ਅਕਾਲ ਪੁਰਖ ਕੋਲ ਆਪਣੇ ਕਸ਼ਟਾਂ ਦਾ ਨਵਿਰਤੀ ਲਈ ਅਰਦਾਸ ਕਰ ਰਹੇ ਹਨ । ਪਰ ਜਿਨ੍ਹਾਂ ਲੋਕਾਂ ਦੇ ਹੱਥ ਰਾਜ ਦੀ ਸ਼ਕਤੀ ਆ ਜਾਂਦੀ ਹੈ, ਉਹ ਆਪਣੀ ਤਵਾਰੀਖ਼ ਵੀ ਆਪ ਹੀ ਘੜ ਲੈਂਦੇ ਹਨ।2 ਇਸ ਲਈ ਮੈਂ ਸਿੱਖਾਂ ਨਾਲ ਵਿਸ਼ਵਾਸਘਾਤ ਦੀ ਇਸ ਦੁਖਦਾਈ ਕਥਾ ਦਾ ਵਰਣਨ ਕਰ ਰਿਹਾ ਹਾਂ ਤਾਂ ਜੁ ਆਉਣ ਵਾਲੀਆਂ ਨਸਲਾਂ ਸਚਾਈ ਤੋਂ ਜਾਣੂ ਹੋ ਜਾਣ ।

ਹੁਣ ਮੈਂ ਸਤਵੀਂ ਸਾਖੀ ਵੱਲ ਆਉਦਾ ਹਾਂ। 12 ਮਈ, 1947 ਨੂੰ, ਹਿੰਦੁਸਤਾਨ ਦੇ ਗਵਰਨਰ ਜਨਰਲ ਲਾਰਡ ਮਾਊਂਟਬੈਟਨ, ਪੰਡਤ ਜਵਾਹਰ ਲਾਲ ਨਹਿਰੂ, ਨਵਾਬ ਲਿਆਕਤ ਅਲੀ ਖ਼ਾਂ ਅਤੇ ਸਰਦਾਰ ਬਲਦੇਵ ਸਿੰਘ, ਬਰਤਾਨਵੀ ਸਰਕਾਰ ਦੇ ਸੱਦੇ ਉੱਤੇ, ਲੰਡਨ ਨੂੰ ਹਵਾਈ ਜਹਾਜ਼ ਰਾਹੀਂ ਗਏ ਤਾਂ ਜੁ ਉਥੇ ਹਿੰਦੁਸਤਾਨ ਦੀ ਫ਼ਿਰਕੂ ਅੜਚਣ ਦੇ ਹੱਲ ਲੱਭਣ ਦਾ ਆਖ਼ਰੀ ਯਤਨ ਕੀਤਾ ਜਾਏ । ਜਦੋਂ ਮੁਸਲਿਮ ਲੀਗ ਤੇ ਕਾਂਗਰਸ ਵਿਚਕਾਰ ਕੋਈ ਗੱਲਬਾਤ ਨੇਪਰੇ ਨਾ ਚੜ੍ਹ ਸਕੀ ਅਤੇ ਪੰਡਤ ਜਵਾਹਰ ਲਾਲ ਨਹਿਰੂ ਨੇ ਹਿੰਦੁਸਤਾਨ ਨੂੰ ਵਾਪਸੀ ਰਵਾਨਗੀ ਮਿੱਥ ਲਈ ਤਾਂ ਬਰਤਾਨਵੀ ਸਰਕਾਰ ਦੇ ਇਕ ਪ੍ਰਮੁੱਖ ਨੇਤਾ ਨੇ ਸਰਦਾਰ ਬਲਦੇਵ ਸਿੰਘ ਨੂੰ ਸੁਨੇਹਾ ਭੇਜਿਆ ਕਿ ਜੇ ਉਹ ਇਕ ਦੋ ਦਿਨ ਪਿੱਛੇ ਠਹਿਰ ਜਾਣ ਤਦ : “ਅਜਿਹੇ ਪ੍ਰਬੰਧ ਸੰਭਵ ਹਨ ਜਿਨ੍ਹਾਂ ਦੁਆਰਾ ਕਿ ਸਿੱਖ ਆਪਣੇ ਪੈਰਾਂ ਉੱਤੇ ਖੜੇ ਹੋ ਕੇ ਸੰਸਾਰ ਦੀ ਤਵਾਰੀਖ਼ ਵਿਚ ਭਾਈਵਾਲੀ ਪਾ ਸਕਣ ।”

ਸਰਦਾਰ ਬਲਦੇਵ ਸਿੰਘ ਨੇ, ਬਿਨਾਂ ਬਿਲੰਬ ਦੇ ਅਤੇ ਸ੍ਰੇਸ਼ਟਾਚਾਰ ਦੇ ਵਿਰੁੱਧ, ਇਹ ਭੇਤ ਵਾਲੀ ਗੱਲ ਝਟ ਪੰਡਤ ਨਹਿਰੂ ਨੂੰ ਜਾ ਦੱਸੀ ਅਤੇ ਪੰਡਤ ਨਹਿਰੂ ਦੀ ਪ੍ਰੇਰਨਾ ਅਨੁਸਾਰ, ਹਿੰਦੁਸਤਾਨ ਵਾਪਸ ਆਉਣ ਲਈ, ਉਨ੍ਹਾਂ ਨਾਲ ਹੀ ਹਵਾਈ ਜਹਾਜ਼ ਵਿਚ ਆ ਸਵਾਰ ਹੋਏ । ਵਿਦਾਇਗੀ ਵੇਲੇ ਸਰਦਾਰ ਬਲਦੇਵ ਸਿੰਘ ਨੇ ਸੰਸਾਰ ਦੇ ਅਖ਼ਬਾਰੀ ਪੱਤਰਕਾਰਾਂ ਦੁਆਰਾ ਬਿਨਾਂ ਨੀਤੀ ਵਿਚਾਰਨ ਦੇ ਇਉਂ ਦਮਗਜਾ ਮਾਰਿਆ : “ਸਿੱਖ ਅੰਗਰੇਜ਼ਾਂ ਕੋਲੋਂ ਨਾ ਕੁਝ ਮੰਗਦੇ ਹਨ, ਨਾ ਕੁਝ ਲੋਚਦੇ ਹਨ, ਸਿਵਾਏ ਇਸ ਗੱਲ ਦੇ ਕਿ ਅੰਗਰੇਜ ਬਿਸਤਰਾ ਬੇਰੀਆ ਗੋਲ ਕਰ ਕੇ ਹਿੰਦੁਸਤਾਨ ਨੂੰ ਛੱਡ ਜਾਣ। ਸਿੱਖਾਂ ਨੇ ਜੋ ਕੁਝ ਵੀ ਰਾਜਸੀ ਅਧਿਕਾਰ ਲੈਣੇ ਜਾਂ ਮੰਗਣੇ ਹਨ, ਉਹ ਕਾਂਗਰਸ ਕੋਲੋਂ ਤੇ ਹਿੰਦੂਆਂ ਦੀ ਕ੍ਰਿਪਾਲਤਾ ਦੁਆਰਾ ਪ੍ਰਾਪਤ ਕਰਨਗੇ ।”

ਹੁਣ ਅੱਠਵੀਂ ਤੇ ਅੰਤਲੀ ਸਾਖੀ ਇਉਂ ਹੈ ਕਿ ਜੁਲਾਈ 1947 ਵਿਚ ਅਣਵੰਡੇ ਪੰਜਾਬ ਦੀ ਲੈਜਿਸਲੇਟਿਵ ਅਸੈਂਬਲੀ ਦੇ ਹਿੰਦੂ ਤੇ ਸਿੱਖ ਮੈਂਬਰਾਂ ਦੀ ਇਕ ਬੈਠਕ ਦਿੱਲੀ ਵਿਚ ਹੋਈ ਜਿਥੇ ਕਿ ਉਨ੍ਹਾਂ ਨੇ ਸਰਬੇ-ਸੰਮਤੀ ਨਾਲ ਹਿੰਦੁਸਤਾਨ ਦੀ ਵੰਡ ਦੀ ਯੋਜਨਾ ਦੀ ਪ੍ਰੋੜ੍ਹਤਾ ਕੀਤੀ। ਉਸ ਮਤੇ ਵਿਚ ਇਹ ਸ਼ਬਦ ਵੀ ਮੌਜੂਦ ਹਨ “ਹਿੰਦੁਸਤਾਨ ਦੀ ਵੰਡ ਤੋਂ ਪਿੱਛੇ ਪੰਜਾਬ ਦਾ ਜੋ ਭਾਗ ਭਾਰਤ ਵਿਚ ਰਹਿ ਜਾਵੇਗਾ, ਉਸ ਵਿਚ ਇਹ ਅਤੀ ਜ਼ਰੂਰੀ ਹੈ ਕਿ ਸਿੱਖਾਂ ਦੇ ਵਿਸ਼ੇਸ਼ ਰਾਜਸੀ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਦਾ ਬਾਨ੍ਹਣੂੰ ਬੰਨ੍ਹਿਆ ਜਾਏ।”

ਇਹ ਪੰਜਾਬ ਦੇ ਓਹੋ ਹਿੰਦੂ ਹਨ ਜਿਨ੍ਹਾਂ ਦੀ ਕਿ ਬੁੱਧੀ ਨਾਲੋਂ ਉਨ੍ਹਾਂ ਦੀ ਕੁਚੇਸ਼ਟਾ ਵਧੇਰੇ ਪ੍ਰਬਲ ਹੈ, ਜਿਨ੍ਹਾਂ ਨੇ ਭਾਰਤ ਸੁਤੰਤਰ ਹੋਣ ਪਿੱਛੋਂ ਕੋਈ ਢੰਗ-ਤਰੀਕਾ ਵਰਤਣੋਂ ਸੰਕੋਚ ਨਹੀਂ ਕੀਤਾ, ਜਿਸ ਦੁਆਰਾ ਕਿ ਸਿੱਖਾਂ ਨੂੰ ਹੀਣੇ ਬਣਾ ਕੇ ਆਪਣੇ ਅਧੀਨ ਰੱਖ ਸਕਣ । ਇਨ੍ਹਾਂ ਨੇ ਪਹਿਲਾਂ ਤਾਂ ਪੰਜਾਬੀ ਸੂਬੇ ਦੀ ਡੱਟ ਕੇ ਵਿਰੋਧਤਾ ਕੀਤੀ ਅਤੇ ਪਿੱਛੋਂ ਪੰਜਾਬੀ ਨੂੰ ਆਪਣੀ ਮਾਤ-ਭਾਸ਼ਾ ਮੰਨਣ ਤੋਂ ਇਨਕਾਰ ਕਰ ਦਿੱਤਾ।

ਅੱਜ ਜਿਹੜਾ ਬਿੱਲ ਅਸੀਂ ਵਿਚਾਰ ਰਹੇ ਹਾਂ, ਇਹ ਉਸ ਘਿਰਣਾ-ਭਰੀ ਕਥਾ ਦਾ ਹੀ ਅੰਤਮ ਅਧਿਆਇ ਹੈ, ਜਿਹੜੀ ਕਥਾ ਕਿ ਮੈਂ ਹੁਣੇ ਸੁਣਾ ਚੁੱਕਾ ਹਾਂ । ਜਦੋਂ ਸੰਨ 1950 ਵਿਚ ਸੁਤੰਤਰ ਹਿੰਦੁਸਤਾਨ ਦਾ ਨਵਾਂ ਵਿਧਾਨ ਨਿਰਮਤ ਕੀਤਾ ਗਿਆ ਤਾਂ ਸਿੱਖਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੇ ਅਥਵਾ ਅਕਾਲੀ ਮੈਂਬਰਾਂ ਨੇ ਗੱਜ-ਵੱਜ ਕੇ ਕਿਹਾ ਕਿ: “ਸਿੱਖ ਇਸ ਵਿਧਾਨ ਨੂੰ ਰੱਦ ਕਰਦੇ ਹਨ । ਸਿੱਖ ਇਸ ਵਿਧਾਨ ਨੂੰ ਕਬੂਲਣ ਤੋਂ ਇਨਕਾਰ ਕਰਦੇ ਹਨ।”

ਸਿੱਖਾਂ ਦੇ ਨੁਮਾਇੰਦਿਆਂ ਨੇ ਇਸ ਵਿਧਾਨ ਦੇ ਇਸ ਖਰੜੇ ਉੱਤੇ ਦਸਤਖ਼ਤ ਕਰਨ ਤੋਂ ਉਕਾ ਹੀ ਨਾਂਹ ਕਰ ਦਿੱਤੀ ਤਾਂ ਜੁ ਸਭ ਸੰਸਾਰ ਅਤੇ ਆਉਣ ਵਾਲੀਆਂ ਨਸਲਾਂ ਸਪੱਸ਼ਟ ਸਮਝ ਲੈਣ ਕਿ ਇਹ ਵਿਧਾਨ ਸਿੱਖਾਂ ਨਾਲ ਵਿਸਾਹਘਾਤ ਕਰ ਕੇ ਬਣਾਇਆ ਗਿਆ ਹੈ ਅਤੇ ਇਸ ਕਾਰਨ ਸਿੱਖਾਂ ਦੀ ਆਤਮਾ ਇਸ ਨੂੰ ਸਵੀਕਾਰ ਕਰਨ ਉਤੇ ਮਜਬੂਰ ਨਹੀਂ ਕੀਤੀ ਜਾ ਸਕਦੀ ।

ਸ੍ਰੀਮਤੀ ਪ੍ਰਧਾਨ ਜੀਓ, ਭਾਰਤ ਦੇ ਸੁਤੰਤਰ ਹੋਣ ਤੋਂ ਪਿੱਛੋਂ, ਬੀਤ ਚੁੱਕੇ ਅਠਾਰਾਂ ਸਾਲਾਂ ਵਿਚ ਸਿੱਖਾਂ ਦੀ ਜੋ ਦੁਰਗਤੀ ਹੋਈ ਹੈ ਅਤੇ ਸਿੱਖਾਂ ਨਾਲ ਜੋ ਧੱਕੇ ਇਨ੍ਹਾਂ ਰਾਜਸੀ ਤੇ ਫ਼ਰੰਗੀ ਹਿੰਦੂਆਂ ਨੇ ਕੀਤੇ ਹਨ, ਉਸ ਦੁਖ ਭਰੇ ਕਾਂਡ ਨੂੰ ਮੈਂ ਅੱਜ ਸਮੇਂ ਦੀ ਥੁੜ ਦੇ ਕਾਰਨ ਨਹੀਂ ਛੋਂਹਦਾ। ਕੇਵਲ ਇਤਨਾ ਦੱਸਾਂਗਾ ਕਿ ਜਦੋਂ ਸੰਨ 1954 ਵਿਚ ਮਾਸਟਰ ਤਾਰਾ ਸਿੰਘ ਨੇ ਜਵਾਹਰ ਲਾਲ ਨਹਿਰੂ ਨੂੰ ਯਾਦ ਕਰਵਾਇਆ ਕਿ ਕਾਂਗਰਸ ਤੇ ਹਿੰਦੂਆਂ ਵੱਲੋਂ ਸਿੱਖਾਂ ਨਾਲ ਕੀਤੇ ਬਚਨ ਪੂਰੇ ਨਹੀਂ ਹੋਏ, ਤਦ ਪੰਡਤ ਜਵਾਹਰ ਲਾਲ ਨਹਿਰੂ ਨੇ ਬਿਨਾਂ ਝਿਜਕ ਉਤਰ ਦਿੱਤਾ ਕਿ, “ਹੁਣ ਸਮਾਂ ਬਦਲ ਗਿਆ ਹੈ , ਸਿੱਖ ਭਲੀ ਪ੍ਰਕਾਰ ਜਾਣਦੇ ਹਨ ਕਿ ਹੁਣ ਸਮਾਂ ਬਦਲ ਗਿਆ ਹੈ।3

ਹੁਣ ਮੈਨੂੰ ਇਸ ਲਈ ਬਿੱਲ ਉਤੇ ਥੋੜੀ ਜਿਹੀ ਟੀਕਾ-ਟਿੱਪਣੀ ਕਰਨ ਦੀ ਆਗਿਆ ਦਿੱਤੀ ਜਾਵੇ। 21 ਮਾਰਚ, 1966 ਨੂੰ, ਗ੍ਰਹਿ ਮੰਤਰੀ ਨੇ ਸੁਪਰੀਮ ਕੋਰਟ ਦੇ ਇਕ ਜੱਜ ਦੀ ਪ੍ਰਧਾਨਗੀ ਹੇਠ ਕਮਿਸ਼ਨ ਨਿਯਤ ਕੀਤਾ ਕਿ ਪੰਜਾਬ ਦੇ ਪੰਜਾਬੀ ਤੇ ਹਿੰਦੀ ਭਾਗਾਂ ਨੂੰ ਵੱਖੋ-ਵੱਖਰੇ ਕਰ ਕੇ ਪੰਜਾਬ ਤੇ ਹਰਿਆਣਾ ਰਾਜ ਸਥਾਪਤ ਕੀਤੇ ਜਾਣ ਅਤੇ ਇਹ ਵੰਡ ਸੰਨ 1961 ਦੀ ਜਨ-ਸੰਖਿਆ ਦੇ ਆਧਾਰ ਉੱਤੇ ਹੋਵੇ ਅਤੇ ਇਹ ਵੰਡ ਕਰਨ ਵੇਲੇ ਤਹਿਸੀਲਾਂ ਦੀਆਂ ਹੱਦਾਂ ਨਾ ਤੋੜੀਆਂ ਜਾਣ । ਇਨ੍ਹਾਂ ਤਿੰਨਾਂ ਆਦੇਸ਼ਾਂ ਦੇ ਗੁਹਜ ਰਹੱਸ ਨੂੰ ਜੇ ਸਮਝਿਆ ਜਾਵੇ ਤਾਂ ਇਹ ਸਪੱਸ਼ਟ ਹੋ ਜਾਵੇਗਾ ਕਿ ਇਨ੍ਹਾਂ ਦਾ ਭਾਵ ਪੰਜਾਬ ਨੂੰ ਨਿਰਬਲ ਕਰਨਾ ਅਤੇ ਸਿੱਖ ਦਾ ਲੱਕ ਤੋੜਨਾ ਸੀ । ‘ਸ਼ਾਹ-ਕਮਿਸ਼ਨ ਨੇ ਇਸ ਗੁਹਜ-ਰਹੱਸ ਨੂੰ ਸਮਝਣ ਵਿਚ ਅਣਗਹਿਲੀ ਨਹੀਂ ਵਿਖਾਈ । ਜਿੰਨਾ ਛੋਟੇ ਤੋਂ ਛੋਟਾ ਪੰਜਾਬ ਹੋ ਸਕਿਆ, ਉਸ ਤੇ ਵੱਧ ਉਨ੍ਹਾਂ ਨਹੀਂ ਬਣਨ ਦਿੱਤਾ ਅਤੇ ਉਨ੍ਹਾਂ ਨੇ ਪੰਜਾਬ ਨੂੰ ਹੀਣਾ ਕਰਨ ਲਈ ਜੋ ਕੁਝ ਸਰ ਬਣ ਸਕਿਆ, ਕੀਤਾ ਹੈ ਤਾਂ ਜੁ ਪੰਜਾਬ ਦਾ ਇਲਾਕਾ ਤੇ ਹੱਕ ਖੋਹ-ਖਿੱਚ ਤੇ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਨੂੰ ਅਮੀਰ ਬਣਾਇਆ ਜਾ ਸਕੇ । ਡਲਹੌਜ਼ੀ ਪੰਜਾਬ ਕੋਲੋਂ ਖੋਹ ਲਈ ਹੈ ਕਿ ਇਹ ਪਹਾੜੀ ਇਲਾਕਾ ਹੈ ਅਤੇ ਮੋਰਨੀ ਜਿਹੜੀ ਕਿ ਡਲਹੌਜ਼ੀ ਨਾਲੋਂ ਵੀ ਉਚੇਰਾ ਹੈ, ਉਹ ਹਰਿਆਣੇ ਨੂੰ ਦੇ ਦਿੱਤਾ ਹੈ ਕਿ ਇਥੇ ਹਿੰਦੂ ਵੱਸਦੇ ਹਨ।ਇਹ ਦੁਖਦਾਈ ਕਥਾ ਇਉਂ ਜਾਰੀ ਹੈ ਅਤੇ ਨਵੀਆਂ ਕੜੀਆਂ ਘੜ ਕੇ ਪੰਜਾਬ ਨੂੰ ਪ੍ਰਾਧੀਨ ਤੇ ਨਿਰਬਲ ਕਰਨ ਦੇ ਭਰਪੂਰ ਜਤਨ ਕੀਤੇ ਗਏ ਹਨ । ਸਿੱਟੇ ਵਜੋਂ ਪੰਜਾਬ ਹੁਣ ਐਵੇਂ ਇਕ ਚੋਪੜਿਆਂ- ਲੇਪਿਆ ਜ਼ਿਲ੍ਹਾ ਪ੍ਰੀਸ਼ਦ ਰਹਿ ਗਿਆ ਹੈ ਅਤੇ ਇਹ ਸਿੱਖਾਂ ਲਈ ਇਕ ਕੁਰਾਟੀਨ ਬਣਾ ਦਿੱਤਾ ਗਿਆ ਹੈ । ਦੁੱਖ ਦੀ ਗੱਲ ਇਹ ਹੈ ਕਿ ਇਨ੍ਹਾਂ ਪਾਪੇ-ਕਰਮਾਂ ਦੀ ਪੂਰਤੀ ਲਈ ਦੇਸ਼ ਦੀ ਜੁਡੀਸ਼ਰੀ ਨੂੰ ਵਰਤਿਆ ਗਿਆ ਹੈ ।

ਸ਼੍ਰੀਮਤੀ ਪ੍ਰਧਾਨ ਜੀਓ, ਮੈਨੂੰ ਇਹ ਕਹਿਣ ਦੀ ਆਗਿਆ ਦਿਉ ਕਿ ਭਾਰਤ ਦੇ ਸੁਤੰਤਰ ਹੋਣ ਤੋਂ ਪਿੱਛੋਂ ਜੋ ਪਾਪ ਸਭ ਤੋਂ ਵੱਡਾ ਕਾਂਗਰਸੀ ਹਾਕਮਾਂ ਨੇ ਕੀਤਾ ਹੈ, ਉਹ ਇਹ ਹੈ ਕਿ ਉਨ੍ਹਾਂ ਨੇ ਨਿਯਾਲਯਾਂ ਦੇ ਉੱਚ-ਅਧਿਕਾਰੀਆਂ ਨੂੰ ਮਹਾਨ ਅਨਿਆਇ ਦੇ ਰਾਜਸੀ ਕੰਮਾਂ ਲਈ ਵਰਤਿਆ ਹੈ । ਇਸ ਦਾ ਸਿੱਟਾ ਇਹ ਨਿਕਲਿਆ ਹੈ ਕਿ ਲੋਕਾਂ ਦਾ ਭਰੋਸਾ ਅਦਾਲਤਾਂ ਤੋਂ ਉਠ ਗਿਆ ਹੈ ।ਤਦ ਹੀ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ 20 ਜੁਲਾਈ, 1966 ਨੂੰ ਇਹ ਮਤਾ ਪਾਸ ਕੀਤਾ: “ਸਿੱਖਾਂ ਨਾਲ ਸੰਬੰਧਿਤ ਮਾਮਲਿਆਂ ਬਾਰੇ ਜੋ ਅਦਾਲਤੀ ਜਾਂਚ ਪੜਤਾਲਾਂ ਤੇ ਰੀਪੋਰਟਾਂ ਸੁਤੰਤਰ ਭਾਰਤ ਵਿਚ ਹੋਈਆਂ ਹਨ, ਉਨ੍ਹਾਂ ਉੱਤੇ ਦੀਰਘ ਵਿਚਾਰ ਕਰਨ ਪਿੱਛੋਂ ਇਹ ਸਿੱਟਾ ਨਿਕਲਦਾ ਹੈ ਕਿ ਅਜ਼ਾਦ ਹਿੰਦੁਸਤਾਨ ਵਿਚ ਅਦਾਲਤਾਂ ਅਤੇ ਅਦਾਲਤੀ ਕਾਰਵਾਈਆਂ ਉੱਤੇ ਰਾਜਸੀ ਹਿੰਦੂਆਂ ਨੇ ਅਯੋਗ ਪ੍ਰਭਾਵ ਇਸ ਪ੍ਰਕਾਰ ਪਾਏ ਹੋਏ ਹਨ ਕਿ ਸਿੱਖਾਂ ਨੂੰ ਕਿਸੇ ਅਦਾਲਤੀ ਢੰਗ ਅਤੇ ਰਾਹ ਦੁਆਰਾ ਇਨਸਾਫ਼ ਦੀ ਉੇਮੀਦ ਨਹੀਂ ਰਹਿ ਗਈ ।”

ਮਾਨਯਵਰ ਮਹਿਲਾ ਪ੍ਰਧਾਨ ਸਾਹਿਬ, ਹੋ ਸਕਦਾ ਹੈ ਕਿ ਮੇਰੇ ਕੋਲੋਂ ਪੁੱਛਿਆ ਜਾਵੇ ਅਤੇ ਮੈਂ ਵੇਖ ਰਿਹਾ ਹਾਂ ਕਿ ਕਈ ਭਲੇ ਅਤੇ ਸੱਜਣ ਮੈਂਬਰ ਇਸ ਸਭਾ ਵਿਚ ਬੈਠੇ ਹਨ, ਜਿਨ੍ਹਾਂ ਦੇ ਮਨ ਵਿਚ ਕਈ ਇਸ ਪ੍ਰਕਾਰ ਦੇ ਪ੍ਰਸ਼ਨ ਉਠ ਰਹੇ ਹੋਣਗੇ: “ਇਹ ਸਿਰਦਾਰ ਕਪੂਰ ਸਿੰਘ, ਸਿਆਣਾਂ-ਬਿਆਣਾ ਹੋ ਕੇ ਸਿੱਖਾਂ ਦੀ ਗੱਲ ਲੋਕਾਂ-ਸਭਾ ਵਿਚ ਕਿਉਂ ਛੇੜ ਬੈਠਾ ਹੈ ? ਸਾਡੇ ਦੇਸ਼ ਵਿਚ ਅਫ਼ਿਰਕੂ ਰਾਜ ਸਥਾਪਤ ਹੋ ਚੁੱਕਾ ਹੈ ਅਤੇ ਸਾਂਝੀਆਂ ਵੋਟਾਂ ਨਾਲ ਰਾਜ ਕਰਨ ਦਾ ਵਿਧਾਨ ਬਣ ਗਿਆ ਹੈ । ਸਿੱਖਾਂ ਨਾਲ ਵਿਤਕਰਾ ਅਤੇ ਧੱਕਾ ਕਿਵੇਂ ਹੋ ਸਕਦਾ ਹੈ, ਸਾਡੇ ਵਿਧਾਨ ਵਿਚ ਤਾਂ ਸਿੱਖ ਹਿੰਦੂ ਦਾ ਵਿਤਕਰਾ ਮੰਨਿਆ ਹੀ ਨਹੀਂ ਗਿਆ, ਇਨ੍ਹਾਂ ਪ੍ਰਸ਼ਨਾਂ ਦਾ ਉੱਤਰ ਮੈਂ ਸਹਿਜੇ ਹੀ ਦੇ ਸਕਦਾ ਹਾਂ । ਵਿਧਾਨ ਅਤੇ ਕਾਨੂੰਨ ਤਾਂ ਕਿਤਾਬਾਂ ਵਿਚ ਲਿਖੇ ਹੁੰਦੇ ਹਨ, ਪਰ ਉਨ੍ਹਾਂ ਉਤੇ ਜਿਸ ਢੰਗ ਨਾਲ ਅਮਲ ਕੀਤਾ ਜਾਂਦਾ ਹੈ ਉਹ ਗੱਲ ਹੋਰ ਹੈ । ਗੱਲ ਕਹਿਣ ਦੀ ਹੋਰ ਹੁੰਦੀ ਹੈ ਤੇ ਕਰਨ ਦੀ ਹੋਰ, ਇਹੋ ਰਾਜਨੀਤੀ ਦਾ ਰਹੱਸਯ ਹੈ ।ਜਿਹੜੇ ਲੋਕ ਇਸ ਪ੍ਰਕਾਰ ਦੀਆਂ ਭੁੁੱਲ-ਭੁਲਾਣੀਆ ਵਿਚ ਸਿੱਖਾਂ ਨੂੰ ਪਾਉਣ ਦਾ ਯਤਨ ਕਰਦੇ ਹਨ ਉਹ ਜਾਂ ਤਾਂ ਸਿੱਖਾਂ ਵਾਂਗ ਹੀ ਸਿੱਧੜ ਹਨ ਅਤੇ ਜਾਂ ਲੋੜ ਤੇ ਵੱਧ ਚਲਾਕ । ਮੁੰਡੂਕੋਪਨਿਿਸ਼ਦ ਵਿਚ ਲਿਿਖਆ ਹੈ ਕਿ ਸੰਸਾਰ, ਆਤਮਾ ਦੀਆਂ ਚਾਰ ਗਤੀਆਂ ਤੋਂ ਉਤਪੰਨ ਹੁੰਦਾ ਹੈ । ਇਸ ਨੂੰ ‘ਚਤੁਰਪਾਦ ਕਿਹਾ ਹੈ । ਇਸੇ ਤਰ੍ਹਾਂ ਅੱਜਕੱਲ ਦੇ ਰਾਜੇ- ਪ੍ਰਪੰਚ ਦੇ ਵੀ ਚਾਰ ਪੈਰ ਹਨ- ਪਾਰਲੀਮੈਂਟ, ਨੌਕਰਸ਼ਾਹੀ, ਅਦਾਲਤਾਂ ਅਤੇ ਪ੍ਰੈਸ । ਜਿਤਨਾ ਚਿਰ ਰਾਜ ਦੇ ਇਨ੍ਹਾਂ ਚਹੁੰ ਅੰਗਾਂ ਦੀ ਰੂਪਾਂ ਰੇਖਾ ਨਾ ਪਛਾਣੀ ਜਾਵੇ, ਉਤਨਾ ਚਿਰ ਹਿੰਦੁਸਤਾਨ ਵਿਚ ਸਿੱਖਾਂ ਦੀ ਦੁੱਖ ਭਰੀ ਯੋਜਨਾ ਦੀ ਸੋਝੀ ਨਹੀਂ ਆ ਸਕਦੀ । ਅਦਾਲਤਾਂ ਤੇ ਨੌਕਰਸ਼ਾਹੀ ਬਾਬਤ ਮੈਂ ਖੁੱਲ੍ਹੇ ਸੰਕੇਤ ਕਰ ਚੁੱਕਾ ਹਾਂ । ਹੁਣ ਮੈਂ ਪਾਰਲੀਮੈਂਟ ਵੱਲ, ਇਸ ਲੋਕ-ਸਭਾ ਵੱਲ ਕੁਝ ਇਸ਼ਾਰੇ ਕਰਦਾ ਹਾਂ । ਇਹ ਲੋਕ-ਸਭਾ ਮਹਾਨ ਗੌਰਵਸ਼ਾਲੀ ਸੰਸਥਾ ਹੈ ਅਤੇ ਇਸ ਦੇ ਸਤਿਕਾਰ ਨੂੰ ਕੋਈ ਭੰਗ ਕਰਨ ਦਾ ਅਧਿਕਾਰੀ ਨਹੀਂ ਹੈ । ਪ੍ਰੰਤੂ ਸਿੱਖ ਭਲੀ ਪ੍ਰਕਾਰ ਜਾਣਦੇ ਹਨ ਕਿ ਸਾਂਝੇ ਵੋਟਾਂ ਦੀ ਚੋਣ ਰਾਹੀਂ ਉਹ ਦੇ-ਚਾਰ ਤੋਂ ਵੱਧ ਆਪਣੇ ਮੈਂਬਰ ਇਥੇ ਭੇਜ ਨਹੀਂ ਸਕਦੇ । ਇਹ ਦੋਂਹ-ਚਹੁੰ ਮੈਂਬਰਾਂ ਨੂੰ ਵੀ ਖੁੱਲ੍ਹੀ ਤੇ ਨਿਰਭੈ ਹੋ ਕੇ ਗੱਲ ਕਰਨ ਦੀ ਆਗਿਆ ਨਹੀਂ ਦਿੱਤੀ ਜਾਂਦੀ । ਪਿਛਲੇਰੇ ਮਹੀਨਿਆਂ ਵਿਚ ਹੀ ਇਹ ਵੇਖਣ ਵਿਚ ਆਇਆ ਹੈ ਕਿ ਘੱਟ-ਗਿਣਤੀ ਦੇ ਮੈਂਬਰਾਂ ਨੂੰ ਬਿਨਾਂ ਸੁਣੇ ਤੇ ਬਿਨਾਂ ਵਿਚਾਰੇ ਲੋਕ-ਸਭਾ ਵਿੱਚੋਂ ਖ਼ਾਰਜ ਕਰ ਦਿੱਤਾ ਜਾਂਦਾ ਹੈ ਅਤੇ ਪਿੱਛੋਂ ਵੀ ਆਪਣਾ ਦੁਖ ਰੋਣ ਦੀ ਆਗਿਆ ਨਹੀਂ ਦਿੱਤੀ ਜਾਂਦੀ । ਅਜਿਹੀ ਲੋਕ ਸਭਾ ਦੁਆਰਾ ਸਿੱਖ ਆਪਣੇ ਦੁੱਖਾਂ ਦੀ ਨਵਿਰਤੀ ਕਿਵੇਂ ਕਰਨ ?

ਹੁਣ ਮੈਂ ਪ੍ਰੈਸ ਦੀ ਗੱਲ ਕਰਦਾ ਹਾਂ । ਸਾਡੇ ਦੇਸ਼ ਦਾ ਪ੍ਰੈਸ ਅਜ਼ਾਦ ਹੈ ਅਤੇ ਬਹੁਤ ਹੱਕ ਤਕ ਨਿਰਪੱਖ ਵੀ । ਪਰ ਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਜਦੋਂ ਸਿੱਖਾਂ ਦਾ ਸਵਾਲ ਹੋਵੇ, ਉਸ ਵੇਲੇ ਉਨ੍ਹਾਂ ਦਾ ਰਵੱਈਆ ਕੀ ਹੁੰਦਾ ਹੈ । ਕੁਝ ਸਾਲ ਹੋਏ, ਇੰਗਲੈਂਡ ਵਿਚ ਕਈ ਅਖ਼ਬਾਰਾਂ ਦੇ ਮਾਲਕ ਲਾਰਡ ਬੀਵਰਬਰੁਕ, ਦੀ ਪ੍ਰਧਾਨ ਮੰਤਰੀ ਬਾਲਡਵਿਨ ਨਾਲ ਖੜਕ ਪਈ ਸੀ ਤਦ ਬਾਲਡਵਿਨ ਨੇ ਪ੍ਰੈਸ ਬਾਰੇ, ਇੰਗਲੈਂਡ ਦੀ ਪਾਰਲੀਮੈਂਟ ਵਿਚ ਕਿਹਾ ਸੀ: “ਪ੍ਰੈਸ ਕੋਲ ਸ਼ਕਤੀ ਹੈ, ਪਰ ਜ਼ਿੰਮੇਵਾਰੀ ਦਾ ਅਹਿਸਾਸ ਨਹੀਂ । ਇਨ੍ਹਾਂ ਕੋਲ ਕੰਜਰਾਂ ਤੇ ਕੰਜਰੀਆਂ ਵਾਲੇ ਸਭ ਅਧਿਕਾਰ ਹਨ ,

ਮੈਂ ਇਸ ਤੇ ਵੱਧ ਕੁਝ ਨਹੀਂ ਕਹਿੰਦਾ । ਮੈਂ ਬਹੁਤ ਕੁਝ ਕਹਿ ਚੁੱਕਾ ਹਾਂ ਜਿਸ ਨਾਲ ਕਿ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮਤੇ ਨੰ :2, ਜਿਹੜਾ ਕਿ 20 ਜੁਲਾਈ, 1966 ਨੂੰ ਪਾਸ ਕੀਤਾ ਗਿਆ, ਦੇ ਪਿਛੋਕੜ ਦੀ, ਜਿਥੋਂ ਤਕ ਕਿ ਇਸ ਦਾ ਸੰਬੰਧ ਇਸ ਬਿੱਲ ਨਾਲ ਹੈ, ਸਮਝ ਪੈ ਸਕਦੀ ਹੈ । ਉਹ ਮਤਾ ਇਉਂ ਹੈ : “ਸਿੱਖ ਨਿਸਚੈ ਕਰਦੇ ਹਨ ਅਤੇ ਐਲਾਨ ਕਰਦੇ ਹਨ ਕਿ ਉਹ ਆਪਣੀ ਪੂਰੀ ਸ਼ਕਤੀ ਨਾਲ, ਹਰ ਐਸੇ ਹਮਲੇ ਦਾ ਮੁਕਾਬਲਾ ਕਰਨਗੇ, ਜਿਸ ਦਾ ਭਾਵ ਕਿ ਸਿੱਖਾਂ ਨੂੰ ਅਜ਼ਾਦ ਹਿੰਦਸਤਾਨ ਵਿਚ, ਘਟੀਆ ਦਰਜੇ ਦੇ ਅਤੇ ਗੌਰਵ-ਰਹਿਤ ਸ਼ਹਿਰੀ ਬਣਾ ਦੇਣਾ ਹੋਵੇ ,

ਉਹ ਮੰਗ ਕਰਦੇ ਹਨ ਕਿ ਹੇਠ ਲਿਖੇ ਕਦਮ ਫ਼ੌਰਨ ਚੁੱਕੇ ਜਾਣ ਤਾਂ ਜੁ ਸਿੱਖ, ਹਿੰਦੁਸਤਾਨ ਵਿਚ, ਬਰਾਬਰ ਦੇ ਭਰਾ ਬਣ ਕੇ ਰਹਿ ਸਕਣ :

1 ਜਿਹੜੇ ਸਿੱਖ ਇਲਾਕੇ, ਜਾਣ- ਬੁਝ ਕੇ ਅਤੇ ਬਿਨਾਂ ਕਾਰਨ, ਨਵੇਂ ਪੰਜਾਬ ਵਿੱਚੋਂ ਕੱਢ ਦਿੱਤੇ ਗਏ ਹਨ ਅਤੇ ਜੋੜੇ ਨਹੀਂ ਗਏ, ਜਿਹਾ ਕਿ ਗੁਰਦਾਸਪੁਰ ਜ਼ਿਲ੍ਹੇ ਦਾ ਇਲਾਕਾ ਜਿਸ ਵਿਚ ਕਿ ਡਲਹੌਜ਼ੀ ਸ਼ਾਮਲ ਹੈ, ਅੰਬਾਲੇ ਦਾ ਜ਼ਿਲ੍ਹਾ, ਸਣੇ ਚੰਡੀਗੜ੍ਹ, ਪੰਜੌਰ, ਕਾਲਕਾ ਤੇ ਅੰਬਾਲਾ ਸਦਰ ਦੇ ਅਤੇ ਊਨੇ ਦੀ ਸਾਰੀ ਤਹਿਸੀਲ ਅਤੇ ਨਾਲਾਗੜ੍ਹ ਦਾ ਦੇਸ਼ ਨਾਮ ਦਾ ਇਲਾਕਾ, ਸਰਸੇ ਦੀ ਤਹਿਸੀਲ, ਗੂਹਲਾ ਸਬ-ਤਹਿਸੀਲ, ਸਣੇ ਟੌਹਾਣਾ ਅਤੇ ਰਤੀਆ ਬਲਾਕ ਜਿਹੜੇ ਕਿ ਹਿਸਾਰ ਦੇ ਜ਼ਿਲ੍ਹੇ ਵਿਚ ਹਨ ਅਤੇ ਕਰਨਾਲ ਦੇ ਜ਼ਿਲ੍ਹੇ ਦਾ ਸ਼ਾਹਬਾਦ ਬਲਾਕ ਅਤੇ ਰਾਜਸਥਾਨ ਵਿਚ ਗੰਗਾ ਨਗਰ ਦਾ ਜ਼ਿਲ੍ਹਾ, ਇਨ੍ਹਾਂ ਇਲਾਕਿਆਂ ਨੂੰ ਝਟਪਟ ਪੰਜਾਬ ਵਿਚ ਸ਼ਾਮਲ ਕੀਤਾ ਜਾਵੇ, ਤਾਕਿ ਸਾਰੇ ਨਾਲ ਲੱਗਦੇ ਸਿੱਖ ਵੱਸੋਂ ਦੇ ਇਲਾਕੇ ਇਕੱਠੇ ਹੋ ਕੇ, ਸੁਤੰਤਰ ਭਾਰਤ ਅੰਦਰ, ਸਿੱਖ ਹੋਮਲੈਂਡ ਅਥਵਾ ਸਿੱਖਸਤਾਨ ਦਾ ਰੂਪ ਧਾਰਨ ਕਰ ਲੈਣ, ਜਿਸ ਵਿਚ ਸਿੱਖਾਂ ਤੇ ਸਿੱਖੀ ਦੇ ਵਿਸ਼ੇਸ਼ ਹੱਕ ਰਾਖਵੇਂ ਹੋਣ ।

2 ਇਸ ਨਵੇਂ ਨਿਰਮਤ ਹੋਏ ਪੰਜਾਬ ਨੂੰ ਉਹੋ ਜਿਹੇ ਅਧਿਕਾਰ ਤੇ ਪਦਵੀ ਦਿੱਤੀ ਜਾਵੇ ਜਿਹੜੀ ਕਿ ਸੰਨ 1950 ਵਿਚ ਹਿੰਦੁਸਤਾਨ ਦੇ ਵਿਧਾਨ ਦੁਆਰਾ ਜੰਮੂ ਤੇ ਕਸ਼ਮੀਰ ਦੀ ਰਿਆਸਤ ਨੂੰ ਪ੍ਰਾਪਤ ਹੋਏ ਹਨ । ਸ੍ਰੀਮਤੀ ਜੀਉ, ਮੈਂ ਹੁਣ ਆਪਣਾ” ਭਾਸ਼ਣ ਸਮਾਪਤ ਕਰ ਚੁੱਕਾ ਹਾਂ । ਸਾਰੇ ਸਿੱਖਾਂ ਅਤੇ ਸਿੱਖ ਪੰਥ ਦੇ ਨਾਮ ਉੱਤੇ, ਜਿਨ੍ਹਾਂ ਦੀ ਜਥੇਬੰਦੀ ਕਿ ਸ਼੍ਰੋਮਣੀ ਅਕਾਲੀ ਦਲ ਹੈ, ਮੈਂ ਇਸ ਬਿੱਲ ਨੂੰ ਰੱਦ ਕਰਦਾ ਹਾਂ, ਇਸ ਦਾ ਵਿਰੋਧ ਕਰਦਾ ਹਾਂ, ਇਸ ਨੂੰ ਨਾਂ-ਮਨਜ਼ੂਰ ਕਰਦਾ ਹਾਂ ਅਤੇ ਇਸ ਬਿੱਲ ਦੇ ਪਿੱਛੇ ਜਿਹੜੀਆਂ ਭਾਵਨਾਵਾਂ ਹਨ ਉਨ੍ਹਾਂ ਨੂੰ ਧਿਰਕਾਰਦਾ ਹਾਂ । ਮੈਂ ਹਿੰਦ ਸਰਕਾਰ ਨੂੰ ਕਹਿੰਦਾ ਹਾਂ ਕਿ ਉਹ ਛੇਤੀ ਤੋਂ ਛੇਤੀ ਵਿਧਾਨਕ ਕਦਮ ਚੁੱਕੇ ਜਿਸ ਦਵਾਰਾ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਉਨ੍ਹਾਂ ਮੰਗਾਂ ਦੀ, ਜਿਨ੍ਹਾਂ ਦੀ ਵਿਆਖਿਆ ਕਿ ਮੈਂ ਹੁਣ ਕਰ ਚੁੱਕਾ ਹਾਂ, ਪੂਰਤੀ ਹੋਵੇ । ਮਾਨਯਵਰ ਪ੍ਰਧਾਨ ਦੇਵੀ ਜੀਓ, ਮੈਂ ਆਪ ਦਾ ਧੰਨਵਾਦ ਕਰਦਾ ਹਾਂ ।

ਹਵਾਲੇ

1. ਆਪਣੀ ਸ੍ਵਾਰਥ- ਸਿੱਧੀ ਲਈ ਅਤੇ ਵੇਲਾ ਟਪਾਉਣ ਲਈ ਝੂਠੀਆਂ ਸਹੁੰਆਂ ਸੌਗੰਦਾਂ ਖਾ ਲੈਣੀਆਂ ਕਾਂਗਰਸ ਲਈ ਕੋਈ ਨਵੀਂ ਗੱਲ ਨਹੀਂ ਜਾਪਦੀ 1 16 ਮਾਰਚ, ਸੰਨ 1931 ਨੂੰ ਮਹਾਤਮਾ ਗਾਂਧੀ, ਗੁਰਦੁਆਰਾ ਸੀਸ ਗੰਜ ਦੇ ਇਕ ਵਿਸ਼ੇਸ਼ ਦੀਵਾਨ ਵਿਚ ਗਏ ਜਿਥੇ ਕਿ ਉਨ੍ਹਾਂ ਨੂੰ ਮਾਣ-ਪੱਤਰ ਦਿੱਤਾ ਗਿਆ । ਉਨ੍ਹਾਂ ਕੋਲੋਂ ਪੁੱਛ ਕੀਤੀ ਗਈ ਕਿ ਜੇ ਕਾਂਗਰਸ ਸਿੱਖਾਂ ਨਾਲ ਕੀਤੇ ਕੋਲ-ਇਕਰਾਰਾਂ ਤੋਂ ਖਿਸਕ ਗਈ ਤਾਂ ਫੇਰ ਸਿੱਖ ਕੀ ਕਰਨਗੇ । ਮਹਾਤਮਾ ਗਾਂਧੀ ਨੇ ਜੋ ਉਤਰ ਦਿੱਤਾ, ਉਹ ਉਨ੍ਹਾਂ ਦੇ ਅਖ਼ਬਾਰ, ਯੰਗ/ਇੰਡੀਆ ਮਿਤੀ 19 ਮਾਰਚ,1931 ਵਿਚ ਛਪਿਆ ਹੋਇਆ ਹੈ ਅਤੇ ਉਸ ਵਿਚ ਇਹ ਸ਼ਬਦ ਹਨ: “ਸਰਦਾਰ ਮਧੁਸੂਦਨ ਸਿੰਘ ਜੀ ਨੇ ਮੈਨੂੰ ਇਹ ਭਰੋਸਾ ਦਿਵਾਉਣ ਲਈ ਕਿਹਾ ਹੈ ਕਿ ਕਾਂਗਰਸ ਸਿੱਖਾਂ ਨਾਲ ਕੀਤੇ ਕੌਲ-ਇਕਰਾਰਾਂ ਦਾ ਪਾਲਣ ਕਰੇਗੀ ਅਤੇ ਕਦੇ ਕੋਈ ਅਜਿਹਾ ਕਦਮ ਨਹੀਂ ਚੁੱਕੇਗੀ ਜਿਸ ਨਾਲ ਕਿ ਸਿੱਖਾਂ ਦੀ ਹਮਦਰਦੀ ਕਾਂਗਰਸ ਨਾਲੋਂ ਟੁੱਟ ਜਾਵੇ । ਭਰਾਵੋ, ਕਾਂਗਰਸ ਨੇ ਲਾਹੌਰ ਵਿਚ ਮਤਾ ਪਾਸ ਕਰ ਦਿੱਤਾ ਹੋਇਆ ਹੈ ਕਿ ਉਹ ਕੋਈ ਵਿਧਾਨ ਨਹੀਂ ਬਣਾਏਗੀ, ਜਿਸ ਨੂੰ ਸਿੱਖ ਆਪੂੰ ਪ੍ਰਵਾਨ ਨਾ ਕਰਨ। ਮੈਨੂੰ ਸਮਝ ਨਹੀਂ ਆਉਦੀ ਕਿ ਇਸ ਨਾਲੋਂ ਹੋਰ ਵੱਧ ਭਰੋਸਾ ਮੈਂ ਸਿੱਖਾਂ ਨੂੰ ਕੀ ਦੇਵਾਂ?… ਮੈਂ ਸਿੱਖਾਂ ਨੂੰ ਆਖਦਾ ਹਾਂ ਕਿ ਉਹ ਮੇਰੇ ਬਚਨਾਂ ਉਤੇ ਵਿਸ਼ਵਾਸ ਕਰਨ ਅਤੇ ਕਾਂਗਰਸ ਦੇ ਮਤੇ ਉਤੇ ਭਰੋਸਾ ਰੱਖਣ ਕਿ ਕਾਂਗਰਸ ਸਿੱਖ ਜਾਤੀ ਨਾਲ ਤਾਂ ਕੀ, ਕਿਸੇ ਇਕ ਵਿਅਕਤੀ ਨਾਲ ਵੀ ਵਿਸ਼ਵਾਸਘਾਤ ਨਹੀਂ ਕਰੇਗੀ । ਜੇ ਉਸ ਨੇ ਅਜਿਹਾ ਕੀਤਾ ਤਾਂ ਉਹ ਆਪਣੀ ਮੌਤ ਆਪ ਹੀ ਮਰ ਜਾਵੇਗੀ.. ਸਿੱਖੋ, ਭਾਈਓ ਤੇ ਭੈਣੋ, ਮੇਰੀ ਬੇਨਤੀ ਹੈ ਕਿ ਤੁਸੀਂ ਸਾਰੇ ਸ਼ੱਕ ਤੇ ਸੰਸੇ ਛੱਡ ਦਿਓ.. ਇਸ ਤੇ ਵੱਧ ਮੈਂ ਹੋਰ ਕੀ ਆਖਾਂ ? ਪਰਮਾਤਮਾ ਸਾਖੀ ਹੈ ਕਿ ਮੈਂ ਜੋ ਬਚਨ ਕਰ ਰਿਹਾ ਹਾਂ, ਉਨ੍ਹਾਂ ਤੋਂ ਮੈਂ ਅਤੇ ਕਾਂਗਰਸ ਕਦੇ ਨਹੀਂ ਫਿਰਾਂਗੇ ।” ਜਦੋਂ ਪੁੱਛਿਆ ਗਿਆ ਕਿ ਜੇ ਸਿੱਖਾਂ ਨਾਲ ਧੋਖਾ ਹੋਇਆ ਤਾਂ ਮੁਲਕ ਅਜ਼ਾਦ ਹੋਣ ਉੱਤੇ ਸਿੱਖ ਤਾਂ ਨਿਹੱਥਲ ਹੋ ਜਾਣਗੇ ਤੇ ਸਾਰੀ ਹਿੰਦੂਆਂ ਦੇ ਹੱਥ ਚਲੀ ਜਾਵੇਗੀ, ਤਾਂ ਮਹਾਤਮਾ ਗਾਂਧੀ ਨੇ ਉਤਰ ਦਿੱਤਾ, “ਕਿ, ਉਸ ਸਮੇਂ ਸਿੱਖਾਂ ਦਾ ਇਹ ਹੱਕ ਹੋਵੇਗਾ ਕਿ ਉਹ ਹੱਥ ਵਿਚ ਤਲਵਾਰ ਫੜ ਕੇ ਬਗ਼ਾਵਤ ਕਰਨ ਅਤੇ ਵਾਹਿਗੁਰੂ ਅਤੇ ਮਨੁੱਖ-ਜਾਤੀ ਦੀ ਆਤਮਾ ਉਨਾਂ ਦੀ ਸਹਾਇਤਾ ਕਰਨਗੇ।”

2. “He who controls the past controls the future”_ George Orwell, in his book: “1884”.

3. ਸੰਨ 1964 ਵਿਚ ਇਨ੍ਹਾਂ ਸਤਰਾਂ ਦਾ ਲਿਖਾਰੀ, ਦਿੱਲੀ ਪਾਰਲੀਮੈਂਟ ਵਿਚ, ਪਾਰਲੀਮੈਂਟ ਸੁਤੰਤਰ ਪਾਰਟੀ ਦਾ ਸੈਕ੍ਰੇਟਰੀ ਸੀ ਅਤੇ ਇਸ ਹੈਸੀਅਤ ਵਿਚ ਉਹ ਮਦਰਾਸ, ਸੁਤੰਤਰ ਪਾਰਟੀ ਦੇ ਨੇਤਾ ਤੇ ਨਿਰਮਾਤਾ, ਸ਼੍ਰੀ ਰਾਜਗੋਪਾਲਚਾਗੰ ਨੂੰ ਮਿਲਣ ਗਿਆ, ਤਦ ਰਾਜਾ ਜੀ ਨੇ ਦੱਸਿਆ ਕਿ ਸੰਨ 1946 ਵਿਚ ਉਨ੍ਹਾਂ ਨੇ ਮਾਸਟਰ ਤਾਰਾ ਸਿੰਘ (ਧੲੳਰ 6 ਲਦ ਅਭਠ ਝਿ) ਨੂੰ ਖ਼ਬਰਦਾਰ ਕਰ ਦਿੱਤਾ ਸੀ ਕਿ ਹੁਣੇ ਜੋ ਕੁਝ ਸਿੱਖ ਪ੍ਰਾਪਤ ਕਰ ਸਕਦੇ ਹਨ, ਅੰਗਰੇਜ਼ਾਂ ਤੇ ਮੁਸਲਮਾਨਾਂ ਨਾਲ ਸੁਲਹ-ਸਫ਼ਾਈ ਕਰ ਕੇ ਲੈ ਲੈਣ, ਪਿੱਛੋਂ ਹਿੰਦੂਆਂ ਨੇ ਕੁਝ ਵੀ ਨਹੀਂ ਦੇਣਾ ਦਵਾਣਾ । ਮੈਂ ਮੁੜਨ ਉਪਰੰਤ ਮਾਸਟਰ ਤਾਰਾ ਸਿੰਘ ਜੀ ਕੋਲੋਂ ਇਹੋ ਗੱਲ ਪੁੱਛੀ ਤਾਂ ਕਹਿਣ ਲੱਗੇ, ‘ਹਾਂ ਗੱਲ ਹੋਈ ਤਾਂ ਸੀ, ਪਰ ਅਸੀਂ ਸੋਚਿਆ ਕਿ ਇਉਂ ਹਿੰਦੂਆਂ ਉਤੇ ਅਸਾਡੀ ਬੇਭਰੋਸਗੀ ਪ੍ਰਗਟ ਹੋਵੇਗੀ ਅਤੇ ਅਸੀਂ ਚੁੱਪ ਵੱਟੀ ਰੱਖੀ ।’

ਤੂੰ ਸੁਣਿ ਹਰਣਾ ਕਾਲਿਆ ਕੀ ਵਾੜੀਐ ਰਾਤਾ ਰਾਮ ॥
ਬਿਖ ਫਲਿ ਮੀਠਾ ਚਾਰਿ ਦਿਨ ਫਿਿਰ ਹੋਵੈ ਤਾਤਾ ਰਾਮ॥ (ਗੁਰੂ ਗ੍ਰੰਥ ਆਸਾ ਮਹਲਾ੧)


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: