ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ

ਏਡੀਸੀ ਮੋਗਾ ਨੂੰ ਧਮਕਾਉਣ ਵਾਲੇ ਕਾਂਗਰਸੀ ਵਿਧਾਇਕਾਂ ਵਿਰੁੱਧ ਦਰਜ਼ ਹੋਵੇ ਮੁਕੱਦਮਾ: ਆਪ

September 13, 2018 | By

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਆਗੂ ਐਡਵੋਕੇਟ ਹਰਪਾਲ ਸਿੰਘ ਚੀਮਾ ਅਤੇ ਸੂਬਾ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਨੇ ਮੋਗਾ ਜ਼ਿਲ੍ਹੇ ਦੇ ਏਡੀਸੀ ਨੂੰ ਧਮਕਾਉਣ ਵਾਲੇ ਕਾਂਗਰਸੀ ਵਿਧਾਇਕਾਂ ਅਤੇ ਆਗੂਆਂ ‘ਤੇ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ‘ਆਪ’ ਨੇ ਸਾਰੇ ਸੰਵੇਦਨਸ਼ੀਲ ਪੋਲੰਿਗ ਬੂਥਾਂ ‘ਤੇ ਕੇਂਦਰੀ ਸੁਰੱਖਿਆ ਬਲਾਂ ਅਤੇ ਪੂਰੇ ਸੂਬੇ ‘ਚ ਸਾਰੀ ਚੋਣ ਕਾਰਵਾਈ ਦੀ ਵੀਡੀਓਗ੍ਰਾਫੀ ਕਰਵਾਏ ਜਾਣ ਦੀ ਮੰਗ ਕੀਤੀ।

‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਅਤੇ ਡਾ. ਬਲਬੀਰ ਸਿੰਘ ਨੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰੀਸ਼ਦ ਚੋਣਾਂ ਲਈ ‘ਆਪ’ ਅਤੇ ਆਜ਼ਾਦ ਉਮੀਦਵਾਰਾਂ ਦੀਆਂ ਜ਼ੋਰ ਜ਼ਬਰਦਸਤੀ ਅਤੇ ਧੱਕੇਸ਼ਾਹੀ ਨਾਲ ਨਾਮਜ਼ਦਗੀਆਂ ਰੱਦ ਕਰਾਉਣ ਲਈ ਮੋਗਾ ਜ਼ਿਲ੍ਹੇ ਦੇ ਕਾਂਗਰਸੀ ਵਿਧਾਇਕ ਦਰਸ਼ਨ ਸਿੰਘ ਬਰਾੜ (ਬਾਘਾਪੁਰਾਣਾ), ਸੁਖਜੀਤ ਸਿੰਘ ਕਾਕਾ ਲੋਹਗੜ੍ਹ (ਧਰਮਕੋਟ), ਡਾ. ਹਰਕਮਲ (ਮੋਗਾ) ਅਤੇ ਹੋਰ ਕਾਂਗਰਸੀਆਂ ਵੱਲੋਂ ਡਰਾਉਣ ਅਤੇ ਧਮਕਾਉਣ ਵਾਲੀਆਂ ਹਰਕਤਾਂ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ।

ਚੀਮਾ ਨੇ ਕਿਹਾ ਕਿ ਕਾਂਗਰਸੀ ਵਿਧਾਇਕਾਂ ਵੱਲੋਂ ਆਪਣੇ ਸੈਂਕੜੇ ਸਮਰਥਕਾਂ ਨੂੰ ਨਾਲ ਲੈ ਕੇ ਆਪਣੇ ਵਿਰੋਧੀਆਂ ਦੇ ਬਿਨਾਂ ਕਾਰਨ ਧੱਕੇ ਨਾਲ ਕਾਗ਼ਜ਼ ਰੱਦ ਕਰਨ ਲਈ ਏਡੀਸੀ ਨੂੰ ਉਸ ਦੇ ਦਫ਼ਤਰ ‘ਚ ਹੀ ਧਮਕਾਉਣਾ ਸਿੱਧੀ ‘ਗੁੰਡਾਗਰਦੀ’ ਹੈ। ਉਨ੍ਹਾਂ ਕਿਹਾ ਕਿ ਮੀਡੀਆ ਰਿਪੋਰਟਾਂ ਮੁਤਾਬਿਕ ਏਡੀਸੀ ਨੂੰ ਭੱਜ ਕੇ ਜਾਨ ਬਚਾਉਣੀ ਪਈ।

ਹਰਪਾਲ ਸਿੰਘ ਚੀਮਾ ਅਤੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਜੇਕਰ ਸਰਕਾਰੀ ਅਫ਼ਸਰ ਹੀ ਸੁਰੱਖਿਅਤ ਨਹੀਂ ਹਨ ਅਤੇ ਸੱਤਾ ਦੇ ਨਸ਼ੇ ‘ਚ ਕਾਂਗਰਸੀ ਨੁਮਾਇੰਦੇ ਏਡੀਸੀ ਪੱਧਰ ਦੇ ਅਧਿਕਾਰੀ ਨੂੰ ਨਜਾਇਜ਼ ਕੰਮਾਂ ਲਈ ਧਮਕਾ ਰਹੇ ਹਨ ਤਾਂ ਆਮ ਮੁਲਾਜ਼ਮਾਂ-ਕਰਮਚਾਰੀਆਂ ਅਤੇ ਆਮ ਲੋਕਾਂ ‘ਤੇ ਕਿਸ ਪੱਧਰ ਦਾ ਦਬਾਅ ਹੈ, ਇਸ ਘਟਨਾ ਤੋਂ ਸਹਿਜੇ ਹੀ ਅੰਦਾਜ਼ਾ ਲੱਗ ਸਕਦਾ ਹੈ।

ਦੋਵਾਂ ਆਗੂਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਗੁੰਡਾਗਰਦੀ ‘ਚ ਬਾਦਲਾਂ ਦੀ ਮਾਫ਼ੀਆ ਸਰਕਾਰ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ। ਇਸ ਦੌਰਾਨ ਆਮ ਆਦਮੀ ਪਾਰਟੀ ਮੋਗਾ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਨਸੀਬ ਸਿੰਘ ਬਾਵਾ ਅਤੇ ਹਲਕਾ ਪ੍ਰਧਾਨ ਨਵਦੀਪ ਸਿੰਘ ਸੰਘਾ ਦੀ ਅਗਵਾਈ ਹੇਠ ‘ਆਪ’ ਵਫ਼ਦ ਨੇ ਡਿਪਟੀ ਕਮਿਸ਼ਨਰ ਮੋਗਾ ਨੂੰ ਮੰਗ ਪੱਤਰ ਦੇ ਕੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: