ਲੇਖ » ਸਿੱਖ ਖਬਰਾਂ

ਮਨਮਰਜੀਆਂ: ਲੱਗਦਾ ਹੈ ਜਿਵੇਂ ਇਹ ਹਰਕਤਾਂ ਚੀਕ ਰਹੀਆਂ ਹੋਣ ਕਿ “ਅਸੀਂ ਦੱਸਦੇ ਹਾਂ ਤੁਸੀਂ ਕੌਣ ਹੋ”…

September 21, 2018 | By

ਪਰਦੇ ਤੇ ਬੋਲਦੀਆਂ ਤਸਵੀਰਾਂ ਨੂੰ ਆਏ ਬੇਸ਼ੱਕ ਬਹੁਤਾ ਜ਼ਿਆਦਾ ਸਮਾਂ ਨਹੀਂ ਹੋਇਆ ਪਰ ਇਸ ਵਿੱਚ ਆ ਰਹੇ ਬਦਲਾਅ ਜੇ ਵੇਖੇ ਜਾਣ ਤਾਂ ਉਹਨਾਂ ਦੀ ਰਫਤਾਰ ਬਹੁਤ ਜ਼ਿਆਦਾ ਹੈ। ਬਦਲਾਅ ਸਿਰਫ ਅੰਦਰੂਨੀ ਢਾਂਚੇ ਵਿੱਚ ਹੀ ਨਹੀਂ ਬਦਲਾਅ ਪੇਸ਼ਕਾਰੀ ਕਰਨ ਦੇ ਦਾਇਰੇ ਵਿੱਚ ਵੀ ਬਹੁਤ ਆ ਗਏ ਹਨ। ਵਕਤ ਦੇ ਗੇੜ ਚ ਆਪਣੇ ਆਪ ਤੋਂ ਸਿਆਣਪ ਦੀ ਮਾਨਤਾ ਪ੍ਰਾਪਤ ਮਨੁੱਖ ਜਿੱਥੇ ਤੱਕ ਜਾ ਸਕਦਾ ਹੈ, ਜਾਣ ਦੀ ਕੋੋਸ਼ਿਸ਼ ਕਰ ਰਿਹਾ ਹੈ ਜਾ ਕਹਿ ਸਕਦੇ ਹਾਂ ਕਿ ਜਿੱਥੇ ਤੱਕ ਡਿੱਗ ਸਕਦਾ ਹੈ ਡਿੱਗਦਾ ਹੈ। ਇਹਨੂੰ ਭਾਵੇਂ ਆਪ ਮੁਹਾਰੇ ਚੱਲ ਰਿਹਾ ਪਾਣੀ ਜਾਣ ਲਵੋ ਜਾ ਕਿਸੇ ਕਮਾਨ ਵਿੱਚੋਂ ਸੋਚ ਸਮਝ ਕੇ ਛੱਡਿਆ ਤੀਰ, ਕਰਨਾ ਦੋਵਾਂ ਨੇ ਨੁਕਸਾਨ ਹੀ ਹੈ।ਬੰਨ੍ਹ ਲਾਏ ਬਿਨਾਂ ਪਾਣੀ ਨੇ ਰੁਕਨਾ ਨਹੀਂ ਤੇ ਆਂਉਂਦੇ ਤੀਰ ਅੱਗੇ ਹਿੱਕ ਡਾਹੇ ਬਿਨਾਂ ਕਮਾਨ ਵਾਲੇ ਹੱਥਾਂ ਨੂੰ ਕਾਂਬਾ ਨਹੀਂ ਛਿਡ ਸਕਦਾ। ਸ਼ੌਹਰਤ ਤੇ ਕਾਹਲ ਦੀ ਅਮੀਰੀ ਬੰਦੇ ਦੇ ਸੋਚਣ ਸਮਝਣ ਵਿੱਚ ਸਿਰਫ ਇਨਾਂ ਕੁ ਫਰਕ ਜਰੂਰ ਪਾ ਦਿੰਦੀ ਹੈ ਕਿ ਅੱਤ ਦਰਜੇ ਦੀ ਘਟੀਆ ਹਰਕਤ ਕਰਦੇ ਸਮੇਂ ਵੀ ਬੰਦਾ ਆਪਣੇ ਆਪ ਨੂੰ ਇਮਾਨਦਾਰ ਅਤੇ ਇੱਜ਼ਤਦਾਰ ਹੋਣ ਦਾ ਦਾਅਵਾ ਕਰਦਾ ਹੈ।ਦਲੀਲਾਂ ਦੀ ਪੰਡ ਵਿੱਚੋਂ ਰੁੱਗ ਭਰ ਭਰ ਵੰਡਣ ਦੀ ਦਲੇਰੀ ਉਹਦੇ ਵਿੱਚ ਸਹਿਜੇ ਹੀ ਵੇਖੀ ਜਾ ਸਕਦੀ ਹੈ।ਸਮੇਂ ਨਾਲ ਬਦਲਦੇ ਢੰਗਾਂ ਨੂੰ ਬੰਦੇ ਆਪੋ ਅਪਣੀ ਸਮਝ ਮੁਤਾਬਕ ਅਪਣਾਉਂਦੇ ਜਾ ਠੁਕਰਾਉਂਦੇ ਹਨ।ਵਿਰਲੇ ਇਹਨਾਂ ਢੰਗਾਂ ਨੂੰ ਆਪਣੀ ਅਸਲ ਵਿਰਾਸਤ ਦੀ ਛਾਂ ਹੇਠ ਰੱਖ ਕੇ ਵੇਖਦੇ ਹਨ, ਜਿਸ ਕਰਕੇ ਹੀ ਸ਼ਾਇਦ ਵਪਾਰੀ ਅਤੇ ਮਨੱਖ ਵਿੱਚ ਟਕਰਾਅ ਹੈ।

ਜਿੱਥੇ ਵਪਾਰੀ ਲਈ ਮਨੁੱਖ ਤੋਂ ਵੱਧ ਜਰੂਰੀ ਵਪਾਰ ਬਣ ਜਾਵੇ ਉੱਥੇ ਉਹ ਮਹਿਜ ਕਹਿਣ ਲਈ ਮਨੁੱਖ ਹੋ ਸਕਦਾ ਹੈ ਪਰ ਅਮਲੋਂ ਨਹੀਂ।ਪਰਦੇ ਉੱਤੇ ਬੋਲਦੀਆਂ ਤਸਵੀਰਾਂ ਨੂੰ ਵੇਚਣ ਲਈ ਅਜਿਹੇ ਵਪਾਰੀ ਬਹੁਤ ਰਫਤਾਰ ਨਾਲ ਮਨੁੱਖ ਦੀਆਂ ਕਦਰਾਂ ਕੀਮਤਾਂ ਨਾਲ ਖੇਡ ਰਹੇ ਹਨ।ਭਾਵੇਂ ਕਿ ਅੱਜਕੱਲ੍ਹ ਜੋ ਵੀ ਵੇਖਣ ਨੂੰ ਮਿਲਦਾ ਹੈ ਉਹਦੇ ਵਿੱਚੋਂ ਬਹੁਤਾ ਰੱਦਣਯੋਗ ਹੀ ਹੈ ਕਿਉਂ ਜੋ ਉਸ ਵਿੱਚ ਦਿਨ ਪਰ ਦਿਨ ਗਿਰਾਵਟ ਆ ਰਹੀ ਹੈ ਜੋ ਕਿ ਸਾਡੇ ਜੀਵਨ ਜਿਉਣ ਦੀਆਂ ਪਰਿਭਾਸ਼ਵਾਂ ਵਿੱਚ ਦਖਲ ਦੇ ਰਹੀ ਹੈ।ਬਦਲ ਰਹੀ ਪਰਿਭਾਸ਼ਾ ਨੂੰ ਅਪਣਾਉਣ ਵਾਲੇ ਹੀ ਇਹਨਾਂ ਵਪਾਰੀਆਂ ਦੇ ਗਾਹਕ ਬਣਦੇ ਹਨ।ਪਹਿਲਾਂ ਇਹਨਾਂ ਹੀ ਵਪਾਰੀਆਂ ਨੇ ਹੌਲੀ ਹੌਲੀ ਕਰਕੇ ਪਰਦੇ ਉੱਤੋਂ ਪਰਦਾ ਚੱੁੁਕਿਆ, ਲੱਚਰਤਾ ਦੀ ਬਾਤ ਪਾਈ, ਲਗਾਤਾਰ ਪਾਉਂਦੇ ਗਏ ਅਤੇ ਲੁਕਵੇਂ ਹੁੰਗਾਰੇ ਹੌਲੀ ਹੌਲੀ ਸ਼ਰੇਆਮ ਹੋ ਗਏ।ਉਹਦੀਆਂ ਹੱਦਾਂ ਬੰਨੇ ਲੰਘਦੇ ਇਹ ਮਨ ਮਰਜੀ ਦੇ ਰੋਗ ਦੇ ਐਸੇ ਸ਼ਿਕਾਰ ਹੋ ਗਏ ਕਿ ਔਕਾਤ ਤੋਂ ਬਾਹਰ ਰਹਿਣਾ ਹੀ ਇਹਨਾਂ ਦਾ ਪੇਸ਼ਾ ਬਣ ਗਿਆ।ਫਿਰ ਇਸ ਪੇਸ਼ੇ ਵਿੱਚ ਇੱਕ ਨਵਾਂ ਰੋਗ ਪੈਦਾ ਹੋਇਆ ਜਿਸ ਵਿੱਚ ਕਿਰਦਾਰਾਂ ਦੀ ਢਾਹ ਭੰਨ ਹੋਣ ਲੱਗੀ।

ਪ੍ਰੀਤਕਾਤਮਕ ਤਸਵੀਰ

ਸਿੱਖਾਂ ਦੇ ਮਸਲੇ ਵਿੱਚ ਇਹ ਵਰਤਾਰਾ ਹੁਣ ਆਮ ਹੀ ਹੁੰਦਾ ਜਾ ਰਿਹਾ ਹੈ। ਹਰ ਦਿਨ ਕੋਈ ਛੇੜ ਛਾੜ ਵਾਲੀ ਹਰਕਤ ਦੀ ਖਬਰ ਆ ਰਹੀ ਹੈ।ਲੱਗਦਾ ਹੈ ਜਿਵੇਂ ਇਹ ਹਰਕਤਾਂ ਚੀਕ ਰਹੀਆਂ ਹੋਣ ਕਿ “ਅਸੀਂ ਦੱਸਦੇ ਹਾਂ ਤੁਸੀਂ ਕੌਣ ਹੋ”।ਪਹਿਲਾਂ ਕਾਬਜ ਜਮਾਤਾਂ ਨੇ ਸਿੱਧੇ ਰੂਪ ਵਿੱਚ ਨਸਲਕੁਸ਼ੀ ਦੇ ਪੈਂਤੜੇ ਅਪਣਾਏ ਜੋ ਹੁਣ ਤੀਕ ਵੀ ਵੱਖ ਵੱਖ ਢੰਗਾਂ ਰਾਹੀਂ ਅਪਣਾਏ ਜਾ ਰਹੇ ਹਨ। ਇਸ ਮਾਧਿਅਮ ਰਾਹੀਂ ਸਾਡੇ ਕਿਰਦਾਰ ਦੀ ਪੇਸ਼ਕਾਰੀ ਦਾ ਪੂਰਨ ਹੱਕ ਇਹਨਾਂ ਵਪਾਰੀਆਂ ਨੇ ਆਪਣੇ ਹੱਥ ਵਿੱਚ ਸਮਝ ਲਿਆ ਹੈ ਜਾ ਇਹਨਾਂ ਦੀ ਪਿੱਠ ਥਾਪੜਣ ਵਾਲੇ ਲੁਕਵੇਂ ਫਰੇਬੀ ਬੰਦਿਆਂ ਨੂੰ ਇਹ ਹਥਿਆਰ ਕੁਝ ਜ਼ਿਆਦਾ ਰਾਸ ਆ ਰਿਹਾ ਜਾਪਦਾ ਹੈ ਜਿਸ ਵਿੱਚੋਂ ਕਦੇ ‘ਨਾਨਕ ਨਾਮ ਜਹਾਜ ਹੈ’, ਕਦੇ ‘ਬੋਲੇ ਸੋ ਨਿਹਾਲ’, ਕਦੇ ‘ਨਾਨਕ ਸ਼ਾਹ ਫਕੀਰ’ ਵਰਗੀਆਂ ਫਿਲਮਾਂ ਅਤੇ ਹੁਣ ‘ਮਰਮਜੀਆਂ’ ਫਿਲਮ ਉਪਜੀ ਹੈ।ਸਿੱਖ ਦੇ ਕਿਰਦਾਰ ਨੂੰ ਪਰਦੇ ਤੇ ਕਿਵੇਂ ਵਿਖਾਉਣਾ ਇਸ ਗੱਲ ਦੀ ਸਮਝ ਤਾਂ ਦੂਰ ਦੀ ਗੱਲ ਹੈ ਭੈਅ ਵੀ ਤਕਰੀਬਨ ਖਤਮ ਹੋ ਗਿਆ ਹੈ।ਜਿਵੇਂ ਕਿਸੇ ਨੇ ਕਿਹਾ ਹੈ ਕਿ ਚੋਰੀ ਰਾਖੀ ਨਾਲ ਨਹੀਂ ਭੈਅ ਨਾਲ ਰੁਕਦੀ ਹੈ, ਇਹ ਵੀ ਇੱਕ ਤਰ੍ਹਾਂ ਦੀ ਚੋਰੀ ਹੀ ਹੈ। ਇਸ ਲਈ ਇੱਕਲਾ ਭੈਅ ਤਾਂ ਕੰਮ ਕਰ ਜਾਵੇਗਾ ਪਰ ਇੱਕਲੀ ਰਾਖੀ ਨਾਲ ਗੱਲ ਨਹੀਂ ਬਣਨੀ।ਫਿਲਮ ‘ਮਨਮਰਜੀਆਂ’ ਵਿੱਚ ਕਿਰਦਾਰ ਤੇ ਕੀਤੇ ਗਏ ਹਮਲੇ ਸੰਬੰਧੀ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਚਰਚਾ ਚੱਲ ਰਹੀ ਹੈ।ਇਸ ਸੰਬੰਧੀ ਆਪਣੀ ਦਲੀਲਾਂ ਦੀ ਪੰਡ ਚੋਂ ਕੁਝ ਰੁੱਗ ‘ਅਨੁਰਾਗ ਕਸ਼ਿਅਪ’ ਨੇ ਵੀ ਸ਼ਰਾਰਤੀ ਅਤੇ ਫਰੇਬੀ ਭਰੇ ਲਹਿਜੇ ਵਿੱਚ ਭੇਜੇ ਹਨ। ਜਿਸ ਹਰਕਤ ਲਈ ਮਹਿਜ ਮੁਆਫੀ ਹੀ ਬਹੁਤ ਨਹੀਂ ਸੀ, ਉਸ ਹਰਕਤ ਦਾ ਇਹ ਬੰਦਾ ਕਿੰਨੇ ਹੰਕਾਰ ਨਾਲ ਪੱਖ ਪੂਰ ਰਿਹਾ ਹੈ ਇਹ ਉਹਦੇ ਬਿਆਨ ਦੀ ਇੱਕ ਇੱਕ ਗੱਲ ਵਿੱਚੋਂ ਝਲਕ ਰਿਹਾ ਹੈ।ਕੌਮ ਨਾਲੋਂ ਵੱਖ ਕਰਕੇ ਅਜਿਹੀਆਂ ਗੱਲਾਂ ਨੂੰ ਨਿੱਜੀ ਬੰਦਿਆਂ ਦੀਆਂ ਦਿਲਚਸਪੀਆਂ ਦੇ ਘੇਰੇ ‘ਚ ਬੰਨਣਾ ਬੇਹੱਦ ਕੱਚੀ ਦਲੀਲ ਹੈ।ਜੇਕਰ ਨਾਮ ਮਨਮਰਜੀਆਂ ਰੱਖ ਲਿਆ ਤਾਂ ਇਹ ਪ੍ਰਮਾਣ ਪੱਤਰ ਨਹੀਂ ਮਿਲ ਜਾਂਦਾ ਕਿ ਮਨਮਰਜੀਆਂ ਕੀਤੀਆਂ ਜਾਣ, ਉਹ ਵੀ ਨੀਚ ਦਰਜੇ ਦੀਆਂ।

ਸਾਡੇ ਵਿਰਸੇ ਦੀ ਛਾਂ ਵਿੱਚ ਇਸ ਤਰ੍ਹਾਂ ਦੀਆਂ ਹਰਕਤਾਂ ਨੂੰ ਪ੍ਰਵਾਨਗੀ ਨਹੀਂ ਹੈ। ਇਹ ਗੱਲ ਭਲੀ ਭਾਂਤ ਇਹ ਵਪਾਰੀ ਜਗਤ ਵੀ ਸ਼ਾਇਦ ਜਾਣਦਾ ਹੋਵੇਗਾ ਕਿਉਂਕਿ ਇਹਨਾਂ ਦੀਆਂ ਗੱਲਾਂ ਵਿੱਚੋਂ ਉਹ ਅਨਜਾਣਪੁਣੇ ਦੀ ਝਲਕ ਕਿਤੇ ਵੀ ਨਹੀਂ ਹੈ ਪਰ ਜਿੱਦ ਕਰਨੇ ਦੀ ਝਲਕ ਵਾਰ ਵਾਰ ਪੈਂਦੀ ਰਹਿੰਦੀ ਹੈ।ਇਹ ਜਿੱਦ ਜਿਸ ਹੰਕਾਰ ਵਿੱਚੋਂ ਕੀਤੀ ਜਾ ਰਹੀ ਹੈ ਉਸ ਦੀਆਂ ਪਰਤਾਂ ਨੂੰ ਸਮਝਣ ਦੀ ਜਿੰਮੇਵਾਰੀ ਸਿੱਖ ਕੌਮ ਦੀ ਹੈ। ਨਾਲ ਹੀ ਸਾਡੀ ਇੱਕ ਵੱਡੀ ਜਿੰਮੇਵਾਰੀ ਸਾਡੇ ਅਮਲਾਂ ਤੇ ਝਾਤ ਪਾਉਣ ਦੀ ਵੀ ਹੈ, ਇਹ ਇਮਾਨਦਾਰੀ ਦੀ ਝਾਤ ਸਾਡੇ ਇਹ ਮਸਲੇ ਹੱਲ ਕਰ ਸਕਦੀ ਹੈ। ਸਾਡਾ ਅਸੀਂ ਹੋਣਾ ਬੇਹੱਦ ਜਰੂਰੀ ਹੈ ਜੇਕਰ ਇਸ ਲੜਾਈ ਦੀ ਸਮਝ ਬਣਾਉਣੀ ਹੈ ਅਤੇ ਮੈਦਾਨ ‘ਚ ਪੈਰ ਪਾਉਣੇ ਹਨ। ਜਿੰਨਾਂ ਸਮਾਂ ਅਸੀਂ ਅਸੀਂ ਨਹੀਂ ਹਾਂ ਉਨਾਂ ਸਮਾਂ ਭੁਲੇਖਿਆਂ ਅਤੇ ਖੱਜਲ ਖੁਆਰੀਆਂ ਤੋਂ ਬਿਨਾਂ ਕੁਝ ਨੀ ਖੱਟਿਆ ਜਾ ਸਕਦਾ।ਸਹੇ ਲੰਘ ਰਹੇ ਹਨ ਅਤੇ ਪਹੇ ਬਣਦੇ ਜਾ ਰਹੇ ਹਨ, ਇਹ ਜ਼ਿੰਮੇਵਾਰੀ ਹੁਣ ਸਾਡੀ ਹੈ ਕਿ ਕਿਵੇਂ ਸਹੇ ਅਤੇ ਪਹੇ ਦਾ ਹੱਲ ਲੱਭਣਾ ਹੈ।ਬੋਲਦੀਆਂ ਤਸਵੀਰਾਂ ਦੇ ਗਾਹਕ ਬਹੁਤ ਹਨ, ਅਤੇ ਬਹੁਤੇ ਇਹਨੂੰ ਜਿਸ ਪੱਖ ਤੋਂ ਵੇਖਦੇ ਹਨ ਉਹਨਾਂ ਕੋਲ ਇਹਦੀ ਗਹਿਰਾਈ ‘ਚ ਜਾਣ ਦਾ ਨਾ ਤੇ ਸਮਾਂ ਹੈ ਨਾ ਹੀ ਦਿਲਚਸਪੀ। ਇਹ ਵੱਡਾ ਫਾਇਦਾ ਇਸ ਕਿੱਤੇ ਦੇ ਵਪਾਰੀ ਨੂੰ ਹੈ ਜਿਸ ਦੀ ਮਿਹਰਬਾਨੀ ਨਾਲ ਉਹ ਦਿਨ ਪਰ ਦਿਨ ਆਪਣੀ ਰਫਤਾਰ ਤੇਜ ਕਰ ਰਿਹਾ ਹੈ। ਪਹਿਲਾਂ ਤੁਹਾਨੂੰ ਆਪਣੇ ਵਰਗਾ ਬਣਾ ਲਿਆ ਅਤੇ ਹੁਣ ਆਪਣੀ ਪੇਸ਼ਕਾਰੀ ਦੀ ਬੰਦੂਕ ਨੂੰ ਤੁਹਾਡੇ ਮੋਢੇ ਤੇ ਰੱਖ ਕੇ ਚਲਾ ਰਿਹਾ ਹੈ ਤੇ ਚਲਾ ਵੀ ਤੁਹਾਡੇ ਤੇ ਰਿਹਾ ਹੈ। ਜੇਕਰ ਇਸ ਵਰਤਾਰੇ ਦੀ ਸਹੀ ਸਮਝ ਬਣਾਉਣ ਵਿੱਚ ਅਸੀਂ ਕਾਮਯਾਬ ਨਾ ਹੋਏ ਅਤੇ ਸਾਡੇ ਹੁੰਗਾਰੇ ਲੈਣ ਵਿੱਚ ਇਹੋ ਜਿਹੀਆਂ ਬੋਲਦੀਆਂ ਤਸਵੀਰਾਂ ਕਾਮਯਾਬ ਹੋ ਗਈਆਂ ਤਾਂ ‘ਆਪੇ ਫਾਥੜੀਏ ਤੈਨੂੰ ਕੌਣ ਛਡਾਵੇ’ ਵਾਲੀ ਸਥਿਤੀ ਵਿੱਚ ਅਸੀਂ ਪੂਰਨ ਤੌਰ ਤੇ ਸ਼ਾਮਿਲ ਹੋ ਜਾਵਾਂਗੇ।

– ਮਲਕੀਤ ਸਿੰਘ ਭਵਾਨੀਗੜ੍ਹ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: