ਵਿਦੇਸ਼

ਆਕਲੈਂਡ ਚ ਬਣੇਗਾ ਪਹਿਲਾ ਪੰਜਾਬ ਵਿਰਾਸਤ ਭਵਨ ਤੇ ਨਾਲ ਹੀ ਸਥਾਂਪਿਤ ਹੋਵੇਗੀ ਪਹਿਲੀ ਪੰਜਾਬੀ ਲਾਇਬਰੇਰੀ

September 16, 2018 | By

ਆਕਲੈਂਡ,(ਜਸਪ੍ਰੀਤ ਸਿੰਘ ਰਾਜਪੁਰਾ): ਨਿਊਜ਼ੀਲੈਂਡ  ‘ਚ ਪੰਜਾਬੀ ਭਾਈਚਾਰੇ ਲਈ ਸੱਥ ਰੂਪੀ ਮਾਹੌਲ ਸਿਰਜਣ ਅਤੇ ਨਵੀਂ ਪੀੜ੍ਹੀ ਨੂੰ ਪੰਜਾਬੀ ਸਾਹਿਤ ਨਾਲ ਜੋੜਨ ਦੇ ਉਪਰਾਲੇ ਵਜੋਂ ਨਿਊਜ਼ੀਲੈਂਡ ਚ ਪੰਜਾਬ ਵਿਰਾਸਤ ਭਵਨ ਅਤੇ ਲਾਇਬਰੇਰੀ ਜਲਦ ਹੀ ਹੋਂਦ ਵਿੱਚ ਆ ਜਾਵੇਗੀ। ਇਸ ਸਬੰਧ ਚ ਕਾਰਵਾਈ ਵੀ ਸ਼ੁਰੂ ਕੀਤੀ ਗਈ ਹੈ।

ਨਿਊਜ਼ੀਲੈਂਡ ਚ ਪੰਜਾਬੀ ਭਾਸ਼ਾ  ਲਈ ਕੰਮ ਕਰਦੇ  ਅਦਾਰਾ ਐਨ ਜ਼ੈੱਡ ਪੰਜਾਬੀ  ਦੀ ਪਹਿਲਕਦਮੀ ਨਾਲ ਸ਼ੁਰੂਆਤੀ ਦੌਰ ‘ਚ ਅਦਾਰੇ ਦੇ ਦਫ਼ਤਰ ਵਿੱਚ ਪੰਜਾਬੀ ਪ੍ਰੇਮੀਆਂ ਨੇ ਖੁੱਲ੍ਹ ਕੇ ਵਿਚਾਰਾਂ ਕੀਤੀਆਂ। ਇਹ ਗੱਲ ਵੀ ਉੱਭਰ ਕੇ ਸਾਹਮਣੇ ਆਈ ਕਿ ਅਜੋਕੇ ਦੌਰ ‘ਚ ਸਿਰਫ ਕਿਤਾਬਾਂ ਹੀ ਨਹੀਂਂ ਸਗੋਂ ਪੀਡੀਐਫ ਫਾਈਲਾਂ ਦੇ ਰੂਪ ‘ਚ ਕਿਤਾਬਾਂ ਇਕੱਤਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਅਜੋਕੀ ਪੀੜ੍ਹੀ ਇਲੈਕਟਰੋਨਿਕ ਸਾਧਨਾਂ ਰਾਹੀਂ ਆਪਣੇ ਵਿਰਸੇ ਨਾਲ ਸਬੰਧਤ ਸਮੱਗਰੀ ਦਾ ਅਧਿਐਨ ਕਰ ਸਕੇ।

੧੦੦  ਤੋਂ ੨੦੦  ਸੀਟਾਂ ਦੀ ਸਮਰੱਥਾ ਵਾਲੇ ਇਸ ਭਵਨ  ‘ਚ ਸ਼ੁਰੂਆਤੀ ਦੌਰ ਵਿੱਚ ਪੰਜਾਬੀ ਅਖ਼ਬਾਰਾਂ, ਰਸਾਲਿਆਂ, ਡਾਕੂਮੈਂਟਰੀ ਫ਼ਿਲਮਾਂ ਵੇਖਣ, ਲੇਖਕਾਂ ਦੇ ਰੂ-ਬ-ਰੂ ਵਾਲੇ ਸਮਾਗਮ, ਸਿਆਸੀ-ਸਮਾਜਿਕ ਮਾਮਲਿਆਂ ‘ਤੇ ਵਿਚਾਰ-ਚਰਚਾ ਕਰਨ ਬਾਰੇ ਪ੍ਰਬੰਧ ਕੀਤਾ ਜਾਵੇਗਾ। ਇਹ ਸੁਝਾਅ ਵੀ ਆਇਆ ਕਿ ਪੰਜਾਬੀ ਸਾਹਿਤ ਤੋਂ ਇਲਾਵਾ ਹੋਰ ਭਾਸ਼ਾਵਾਂ ਦੇ ਸਾਹਿਤ ਨੂੰ ਵੀ ਤਵੱਜੋਂਂ ਦਿੱਤੀ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਲਾਇਬ੍ਰੇਰੀ ਨੂੰ ਸਿਰਫ਼ ਇੱਕ ਸ਼ਹਿਰ ਤੱਕ ਹੀ ਸੀਮਤ ਕਰਨ ਦੀ ਬਜਾਏ ਵੈੱਬਸਾਈਟ ਰਾਹੀਂ ਦੇਸ਼ ਦੇ ਹੋਰਨਾਂ ਸ਼ਹਿਰਾਂ ‘ਚ ਰਹਿਣ ਵਾਲੇ ਪੰਜਾਬੀ ਪਾਠਕਾਂ ਨੂੰ ਵੀ ਜੋੜਨ ‘ਤੇ ਜ਼ੋਰ ਦਿੱਤਾ ਗਿਆ।

ਇਸ ਤੋਂ ਇਲਾਵਾ ਸਰਕਾਰ ਦੀਆਂ ਆਮ ਲੋਕਾਂ ਨਾਲ ਸਬੰਧਤ ਸਕੀਮਾਂ ਬਾਰੇ ਪੰਜਾਬੀ ਵਿੱਚ ਜਾਣਕਾਰੀ ਮੁਹੱਈਆ ਕਰਵਾਉਣ ਬਾਰੇ ਲੋੜ ਮਹਿਸੂਸ ਕੀਤੀ ਗਈ। ਲਾਇਬ੍ਰੇਰੀ ਲਈ ਕਿਤਾਬਾਂ ਦੀ ਸੂਚੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਜੇ ਕੋਈ ਵੀ ਪਾਠਕ ਕਿਸੇ ਪੁਸਤਕ ਬਾਰੇ ਸੁਝਾਅ ਦੇਣਾ ਚਾਹੁੰਦਾ ਹੋਵੇ ਤਾਂ ਉਸਦੀ ਰਾਇ ਨੂੰ ਵੀ ਵਿਚਾਰਿਆ ਜਾਵੇਗਾ।

ਇਸ ਮੌਕੇ ਅਦਾਰੇ ਦੇ  ਪ੍ਰਬੰਧਕ ਮਨਜਿੰਦਰ ਸਿੰਘ ਬਾਸੀ  ਨੇ  ਦੱਸਿਆ ਕਿ ਇਸ ਪ੍ਰਾਜੈਕਟ ਨੂੰ ਨੇਪਰੇ ਚਾੜ੍ਹਨ ਲਈ ਉਪਰਾਲੇ ਆਰੰਭ  ਕਰ ਦਿੱਤੇ ਹਨ ਅਤੇ ਜਲਦ ਹੀ   ਨਵੰਬਰ ਚ ਆ ਰਹੇ  ਪੰਜਾਬੀ ਦਿਹਾੜੇ ਤੋਂ ਪਹਿਲਾ ਇਸ   ਨੂੰ ਮੁਕੱਮਲ ਕਰ ਦਿੱਤਾ ਜਾਵੇਗਾ। ਇਸ ਮੌਕੇ ਸੁਪਰੀਮ ਸਿੱਖ ਸੁਸਾਇਟੀ ਦੇ ਬੁਲਾਰੇ ਦਲਜੀਤ ਸਿੰਘ, ਜਨਰਲ ਸਕੱਤਰ ਰਾਜਿੰਦਰ ਸਿੰਘ ਜਿੰਦੀ, ਅਵਤਾਰ ਤਰਕਸ਼ੀਲ ਰੇਡੀਓ ਸਪਾਈਸ ਤੋਂ ਨਵਤੇਜ ਰੰਧਾਵਾ, ਰੇਡੀਓ ਸਾਡੇ ਆਲਾ ਤੋਂ ਹੈਰੀ, ਅਤੇ ਗੁਰਪ੍ਰੀਤ ਸਿੰਘ, ਜੁਗਰਾਜ ਮਾਨ, ਮੁਖਤਿਆਰ ਸਿੰਘ, ਬਿਕਰਮਜੀਤ ਸਿੰਘ ਮਟਰਾਂ, ਹਰਜੋਤ ਸਿੰਘ, ਗੁਰਿੰਦਰਜੀਤ ਸਿੰਘ,  ਅਤੇ ਐਨਜ਼ੈੱਡ ਪੰਜਾਬੀ ਦੀ ਟੀਮ ਦੇ ਮੈਂਬਰ ਅਵਤਾਰ ਸਿੰਘ ਟਹਿਣਾ,,ਤਰਨਦੀਪ ਸਿੰਘ ਬਿਲਾਸਪੁਰ , ਜਸਪ੍ਰੀਤ ਸਿੰਘ ਰਾਜਪੁਰਾ ਨੇ ਵੀ ਆਪੋ-ਆਪਣੇ ਵਿਚਾਰ ਰੱਖੇ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: