ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ » ਸਿੱਖ ਖਬਰਾਂ

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ‘ਤੇ ਭਾਰਤ ਬੰਦੀ ਸਿੰਘਾਂ ਨੂੰ ਰਿਹਾਅ ਕਰੇ: ਦਮਦਮੀ ਟਕਸਾਲ

September 14, 2018 | By

ਅੰਮ੍ਰਿਤਸਰ: ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਦੇ ਖੁਸ਼ੀ ਦੇ ਮੌਕੇ ਭਾਰਤ ਦੇ ਰਾਸ਼ਟਰਪਤੀ ਨੂੰ ਸਜਾਵਾਂ ਪੂਰੀਆਂ ਕਰ ਚੁਕੇ 20 ਸਿਖ ਕੈਦੀਆਂ ਨੂੰ ਭਾਰਤੀ ਸੰਵਿਧਾਨ ਦੇ ਅਨੁਛੇਦ 72 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਰਿਹਾਅ ਕਰਨ ਲਈ ਅਪੀਲ ਕੀਤੀ ਹੈ। ਨਾਲ ਹੀ ਉਹਨਾਂ ਬੁੜੈਲ ਜੇਲ ਵਿਚ ਕੈਦ ਭਾਈ ਪ੍ਰਮਜੀਤ ਸਿੰਘ ਭਿਓਰਾ ਨੂੰ ਉਨ੍ਹਾਂ ਦੀ ਨਾਜੁਕ ਹਾਲਤ ‘ਚ ਵਿਚਰ ਰਹੀ ਬਿਰਧ ਮਾਤਾ ਦੀ ਮਿਲਣ ਦੀ ਇਛਾ ਪੂਰੀ ਕਰਨ ਲਈ ਤੁਰਤ ਕਸਟਡੀ ਪੈਰੋਲ ਦੇਣ ਦੀ ਵੀ ਮੰਗ ਕੀਤੀ ਹੈ।

ਦਮਦਮੀ ਟਕਸਾਲ ਦੇ ਮੁਖੀ ਨੇ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਲਿਖੇ ਗਏ ਮੰਗ ਪਤਰ ਵਿਚ ਕਿਹਾ ਕਿ ਸਿਖ ਕੌਮ ਨੇ ਭਾਰਤ ਦੀ ਅਜਾਦੀ ਲਈ ਅਹਿਮ ਕੁਰਬਾਨੀਆਂ ਕੀਤੀਆਂ ਹਨ, ਇਹ ਕੌਮ ਗੁਰੂ ਸਾਹਿਬਾਨ ਵਲੋਂ ਦਰਸਾਏ ਗਏ ਸਰਬਤ ਦੇ ਭਲੇ ਵਾਲੇ ਰਾਹ ‘ਤੇ ਚਲ ਕੇ ਮਨੁਖਤਾ ਦੀ ਸੇਵਾ ਨੂੰ ਸਮਰਪਿਤ ਹੈ। ਸਮੁਚੀ ਸਿਖ ਕੌਮ ਹੀ ਨਹੀਂ ਸਗੋਂ ਪੂਰੀ ਦੁਨੀਆ ‘ਚ ਉਹ ਮਨੁਖ ਜੋ ਮਨੁਖਤਾ ਨੂੰ ਪਿਆਰ ਕਰਦੇ ਹਨ, ਗੁਰੂ ਨਾਨਕ ਸਾਹਿਬ ਦਾ 550ਵੀਂ ਪ੍ਰਕਾਸ਼ ਗੁਰਪੁਰਬ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਣ ਲਈ ਤਤਪਰ ਹੋ ਕੇ ਤਿਆਰੀਆਂ ‘ਚ ਲੱਗੇ ਹੋਏ ਹਨ। ਅਜਿਹੀ ਖੁਸ਼ੀ ਦੇ ਮੌਕੇ ਵੱਖ-ਵੱਖ ਮਾਮਲਿਆਂ ‘ਚ ਆਪਣੀਆਂ ਸਜਾਵਾਂ ਪੂਰੀਆਂ ਕਰ ਚੁਕੇ ਪਰ ਭਾਰਤ ਦੇ ਵੱਖ-ਵੱਖ ਕੈਦਖਾਨਿਆਂ ‘ਚ ਕੈਦ 20 ਸਿਖ ਕੈਦੀਆਂ ਜਿਨਾਂ ‘ਚ 12 ਤਾਂ 20 – 20 ਸਾਲ ਤੋਂ ਵੱਧ ਕੈਦ ਕੱਟ ਚੁਕੇ ਹਨ, ਜਿਨ੍ਹਾਂ ਦਾ ਜੇਲ ਵਿਚ ਚੰਗਾ ਆਚਰਨ ਹੈ, ਉਹਨਾਂ ਨੂੰ ਭਾਰਤੀ ਸੰਵਿਧਾਨ ਦੇ ਅਨੁਛੇਦ 72 ਤਹਿਤ ਮਿਲੇ ਅਧਿਕਾਰਾਂ, ਜਿਸ ਵਿਚ ਰਾਸ਼ਟਰਪਤੀ ਨੂੰ ਕਿਸੇ ਦੋਸ਼ੀ ਦੀ ਸਜਾ ਰੱਦ ਕਰਨ, ਘਟਾਉਣ ਜਾਂ ਰਿਹਾਅ ਕਰਨ ਦਾ ਹੱਕ ਸ਼ਾਮਿਲ ਹੈ ਦੀ ਵਰਤੋਂ ਕਰਦਿਆਂ ਰਿਹਾਅ ਕੀਤਾ ਜਾਵੇ, ਤਾਂ ਕਿ ਉਹ ਗੁਰਪੁਰਬ ਸਮਾਗਮਾਂ ‘ਚ ਸ਼ਾਮਿਲ ਹੋ ਸਕਣ। ਉਨ੍ਹਾਂ ਕਿਹਾ ਕਿ ਅਜਿਹਾ ਕਦਮ ਨਿਸ਼ਚੇ ਹੀ ਸਿਖ ਕੌਮ ਦਾ ਭਾਰਤ ਪ੍ਰਤੀ ਵਿਸ਼ਵਾਸ ਬਹਾਲ ਕਰਨ ਵਿਚ ਸਹਾਈ ਸਿੱਧ ਹੋਵੇਗਾ।

ਭੇਜੀ ਗਈ ਸਿੱਖ ਕੈਦੀਆਂ ਦੀ ਸੂਚੀ ਵਿਚ ਭਾਈ ਲਾਲ ਸਿੰਘ ਵਾਸੀ ਅਕਾਲਗੜ, ਭਾਈ ਦਿਲਬਾਗ ਸਿੰਘ ਵਾਸੀ ਅਟਲਾਨ, ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ, ਭਾਈ ਗੁਰਦੀਪ ਸਿੰਘ ਖਹਿਰਾ, ਭਾਈ ਦਿਆ ਸਿੰਘ ਲਾਹੌਰੀਆ, ਲਖਵਿੰਦਰ ਸਿੰਘ ਲੱਖਾ ਵਾਸੀ ਕਨਸਾਲ, ਭਾਈ ਗੁਰਮੀਤ ਸਿੰਘ ਮੀਤਾ, ਭਾਈ ਸ਼ਮਸ਼ੇਰ ਸਿੰਘ ਉਕਾਸੀ ਜਟਾਂ,ਭਾਈ ਪ੍ਰਮਜੀਤ ਸਿੰਘ ਭਿਓਰਾ, ਭਾਈ ਸੁਬੇਗ ਸਿੰਘ ਸਰੂਨ, ਭਾਈ ਨੰਦ ਸਿੰਘ ਸਰੂਨ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਹਰਨੇਕ ਸਿੰਘ ਭੱਪ, ਭਾਈ ਜਗਤਾਰ ਸਿੰਘ ਤਾਰਾ, ਭਾਈ ਸੁਰਿੰਦਰ ਸਿੰਘ ਛਿੰਦਾ, ਭਾਈ ਸਤਨਾਮ ਸਿੰਘ ਅਰਕਪੁਰ ਖਾਲਸਾ, ਭਾਈ ਦਿਆਲ ਸਿੰਘ ਰਸੂਲਪੁਰ, ਭਾਈ ਸੁੱਚਾ ਸਿੰਘ ਰਸੂਲਪੁਰ ਅਤੇ ਭਾਈ ਬਲਬੀਰ ਸਿੰਘ ਬੀਰਾ ਸ਼ਾਮਿਲ ਹਨ।

ਉਹਨਾਂ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਭਾਰਤ ਸਿਖਾਂ ਨਾਲ ਦੂਜੇ ਦਰਜੇ ਦੇ ਸ਼ਹਿਰੀਆਂ ਵਾਲਾ ਵਿਵਹਾਰ ਕਰ ਰਿਹਾ ਹੈ। ਜਿਸ ਦੀ ਮਿਸਾਲ ਬੁੜੈਲ ਜੇਲ ਵਿਚ ਕੈਦ ਕਟ ਰਹੇ ਭਾਈ ਪਰਮਜੀਤ ਸਿੰਘ ਭਿਓਰਾ ਨੂੰ ਉਸ ਦੀ ਨਾਜੁਕ ਹਾਲਤ ‘ਚ ਵਿਚਰ ਰਹੀ ਬਿਰਧ ਮਾਤਾ ਦੀ ਮਿਲਣ ਦੀ ਇਛਾ ਪੂਰੀ ਕਰਨ ਦੀ ਮੰਗ ਨੂੰ ਠੁਕਰਾ ਦੇਣ ਤੋਂ ਮਿਲਦੀ ਹੈ। ਉਕਤ ਕੇਸ ‘ਚ ਨਾਗਰਿਕ, ਮਨੁਖੀ ਅਤੇ ਬੁਨਿਆਦੀ ਹੱਕਾਂ ਦੀ ਪ੍ਰਵਾਹ ਨਾ ਕਰਦਿਆਂ ਪ੍ਰਸ਼ਾਸਨ ਅਤੇ ਪੰਜਾਬ ਹਰਿਆਣਾ ਉਚ ਅਦਾਲਤ ਵਲੋਂ ਨਾ ਪਖੀ ਵਤੀਰਾ ਅਪਣਾਇਆ ਗਿਆ। ਬਿਰਧ ਮਾਂ ਨੂੰ ਪੁਤਰ ਨਾਲ ਨਾ ਮਿਲਣ ਦੇਣਾ ਭਾਰਤੀ ਨਿਆਇਕ ਪ੍ਰਣਾਲੀ ‘ਤੇ ਹੀ ਸਵਾਲੀਆ ਨਿਸ਼ਾਨ ਹੈ। ਇਸ ਕੇਸ ਵਿਚ ਹਾਈ ਕੋਰਟ ਵਲੋਂ ਪੀ ਜੀ ਆਈ ਦੇ ਡਾਕਟਰਾਂ ਦੀ ਬਣਾਈ ਗਈ ਟੀਮ ਨੇ ਰਿਪੋਰਟ ਦਿਤੀ ਹੈ ਕਿ ਭਾਈ ਭਿਓਰਾ ਦੇ ਬਿਰਧ ਮਾਤਾ ਬੀਬੀ ਪ੍ਰੀਤਮ ਕੌਰ ਦੀ ਹਾਲਤ ਬਹੁਤ ਨਾਜੁਕ ਹੈ ਅਤੇ ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਵੀ ਕਿਤੇ ਲਿਜਾਇਆ ਨਹੀ ਜਾ ਸਕਦਾ, ਇਸ ਦੇ ਬਾਵਜੂਦ ਕੇਸ ਰੱਦ ਕਰ ਦਿਤਾ ਗਿਆ, ਸਵਾਲ ਉੱਠਦਾ ਹੈ ਕਿ ਕੀ ਪੁਲੀਸ ਪ੍ਰਸ਼ਾਸਨ ਇਨਾ ਨਿਪੁੰਸਕ ਹੈ ਕਿ ਉਹ ਕਸਟਡੀ ਪੈਰੋਲ ‘ਤੇ ਇਕ ਮਾਂ ਨੂੰ ਪੁਤਰ ਨਾਲ ਮਿਲਾ ਸਕੇ ਜਾਂ ਫਿਰ ਇਹੀ ਮੰਨਲਿਆ ਜਾਵੇ ਕਿ ਭਾਰਤ ਵਿਚ ਘਟ ਗਿਣਤੀਆਂ ਪ੍ਰਤੀ ਕਾਨੂੰਨ ਦੇ ਵਖਰੇ ਮਾਪਦੰਡ ਹਨ? ਉਹਨਾਂ ਰਾਸ਼ਟਰਪਤੀ ਨੂੰ ਮਾਨਵਤਾ ਦੇ ਅਧਾਰ ‘ਤੇ ਭਾਈ ਭਿਓਰਾ ਨੂੰ ਆਪਣੀ ਮਾਤਾ ਨਾਲ ਮਿਲਾਉਣ ਲਈ ਜਰੂਰੀ ਕਦਮ ਤੁਰੰਤ ਚੁਕੇ ਜਾਣ ਲਈ ਅਧਿਕਾਰੀਆਂ ਨੂੰ ਹਦਾਇਤ ਦੇਣ ਦੀ ਅਪੀਲ ਕੀਤੀ ਹੈ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: