ਲੇਖ » ਸਿੱਖ ਖਬਰਾਂ

ਅਜੋਕੇ ਹਾਲਾਤ ਵਿੱਚ ਸਿੱਖ ਪੰਥ ਨੂੰ ਗਿਆਨੀ ਦਿੱਤ ਸਿੰਘ ਜਿਹੇ ਵਿਦਵਾਨ ਦੀ ਲੋੜ ਹੈ

September 7, 2018 | By

– ਡਾ. ਅਮਰਜੀਤ ਸਿੰਘ (ਵਾਸ਼ਿੰਗਟਨ)

6 ਸਤੰਬਰ, 2018 ਨੂੰ, ਭਾਈ ਦਿੱਤ ਸਿੰਘ ਜੀ ਨੂੰ ਇਸ ਫਾਨੀ ਸੰਸਾਰ ਤੋਂ ਕੂਚ ਕੀਤਿਆਂ 117 ਸਾਲ ਪੂਰੇ ਹੋ ਗਏ ਹਨ। ਸਿੱਖ ਕੌਮ ਦਾ ਇਹ ਮੁੱਢਲਾ ਸੁਭਾਅ ਬਣ ਗਿਆ ਹੈ ਕਿ ਅਸੀਂ ਆਪਣੇ ਵਿਦਵਾਨਾਂ, ਸੱਚੇ ਪੰਥ ਸੇਵਕਾਂ ਅਤੇ ਸਾਫ-ਗੋਅ ਕਾਰਜਕਰਤਾਵਾਂ ਨੂੰ ਬੇਇੱਜ਼ਤ ਜਾਂ ਅਣਗੌਲਿਆਂ ਕਰਦੇ ਹਾਂ ਅਤੇ ਫਿਰ ਸਮਾਂ ਲੰਘ ਜਾਣ ਤੋਂ ਬਾਅਦ, ਉਨ੍ਹਾਂ ਦੇ ਨਾਂ ਦੀ ਦੁਹਾਈ ਦੇ ਕੇ ਕਹਿੰਦੇ ਹਾਂ – ‘ਫਲਾਣਾ ਠੀਕ ਹੀ ਕਹਿੰਦਾ ਸੀ – ਅਸੀਂ ਉਦੋਂ ਉਹ ਦੀ ਗੱਲ ਨਹੀਂ ਸੁਣੀ।’ ਅੱਜ ਦੇ ਦੌਰ ਵਿੱਚ ਵੀ ਅਸੀਂ ਇਮਾਨਦਾਰ ਪੰਥਪ੍ਰਸਤਾਂ ਨੂੰ ਰੋਲਿਆ ਹੈ ਅਤੇ ਲਗਾਤਾਰ ਰੋਲ ਰਹੇ ਹਾਂ ਪਰ ਨਾਲ ਹੀ ਸ਼ਾਹ ਮੁਹੰਮਦ ਦੇ ਇਸ ਅਖਾਣ ਦਾ ਤੋਤਾ-ਰਟਨ ਵੀ ਜ਼ਰੂਰ ਕਰਦੇ ਹਾਂ –

‘ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ,
ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।’

19ਵੀਂ ਸਦੀ ਦੇ ਦੂਸਰੇ ਅੱਧ ਵਿੱਚ, ਸਿੱਖ ਕੌਮ ਨੂੰ ਈਸਾਈ ਮਿਸ਼ਨਰੀਆਂ, ਆਰੀਆ ਸਮਾਜੀਆਂ ਅਤੇ ਬ੍ਰਾਹਮਣਵਾਦੀ ਕਰਮ ਕਾਂਡਾਂ ਵਾਲੇ ਸਨਾਤਨੀ ਸਿੱਖਾਂ ਦੀ ਜਕੜ ਵਿੱਚੋਂ ਕੱਢ ਕੇ, ਇੱਕ ‘ਅਜ਼ਾਦ ਧਰਮ’ ਵਜੋਂ ਸਥਾਪਤ ਕਰਨ ਵਿੱਚ, ਜਿਸ ਸਿੰਘ ਸਭਾ ਲਹਿਰ ਨੇ ਕੇਂਦਰੀ ਰੋਲ ਅਦਾ ਕੀਤਾ, ਭਾਈ ਦਿੱਤ ਸਿੰਘ, ਪ੍ਰੋ. ਗੁਰਮੁਖ ਸਿੰਘ ਅਤੇ ਭਾਈ ਜਵਾਹਰ ਸਿੰਘ ਇਸ ਲਹਿਰ ਦੇ ਬਾਨੀਆਂ ਵਿੱਚੋਂ ਸਨ।

ਗਿਆਨੀ ਦਿੱਤ ਸਿੰਘ ਜੀ

ਭਾਈ ਦਿੱਤ ਸਿੰਘ ਦਾ ਜਨਮ 21 ਅਪ੍ਰੈਲ, 1850 ਨੂੰ, ਪਿੰਡ ਕਲੌੜ (ਨੰਦਪੁਰ), ਉਸ ਸਮੇਂ ਦੀ ਰਿਆਸਤ ਪਟਿਆਲਾ, ਹੁਣ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਮਾਤਾ ਰਾਮ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਭਾਈ ਦੀਵਾਨ ਸਿੰਘ ਸੀ। ਉਹ ਇੱਕ ਸਾਧੂ ਬਿਰਤੀ ਇਨਸਾਨ ਸਨ, ਗੁਲਾਬ ਦਾਸੀਏ ਪ੍ਰੰਪਰਾ ਨੂੰ ਮੰਨਣ ਵਾਲਿਆਂ ’ਚੋਂ ਸਨ। ਭਾਈ ਸਾਹਿਬ ਦਾ ਪਰਿਵਾਰ, ਇੱਕ ਗਰੀਬ ਕਿਰਤੀ (ਦਲਿਤ) ਪਰਿਵਾਰ ਸੀ ਅਤੇ ਪਿਤਾ-ਪੁਰਖੀ ਕਿੱਤਾ ਕੱਪੜਾ ਬੁਣਨਾ ਸੀ। ਭਾਈ ਦਿੱਤ ਸਿੰਘ ਹੋਰਾਂ ਨੇ ਮੁੱਢਲੀ ਵਿੱਦਿਆ, ਸਿੱਖਿਆ, ਦੀਖਿਆ, ਗੁਲਾਬ ਦਾਸੀਆਂ ਤੋਂ ਲਈ ਅਤੇ ਫਿਰ ਉਨ੍ਹਾਂ ਦੇ ‘ਪ੍ਰਚਾਰਕ’ ਬਣ ਕੇ ਵਿਚਰਨ ਲੱਗੇ। ਬਹੁਤ ਜਲਦੀ ਗੁਲਾਬ-ਦਾਸੀਆਂ ਦਾ ਪ੍ਰਭਾਵ ਲੱਥਾ ਅਤੇ ਫਿਰ ਸਵਾਮੀ ਦਿਆ ਨੰਦ (ਆਰੀਆ ਸਮਾਜ) ਤੋਂ ਪ੍ਰਭਾਵਿਤ ਹੋਏ। ਅੰਦਰੋਂ ਸੱਚ ਦੀ ਭਾਲ ਜਾਰੀ ਸੀ। ਗਿਆਨ ਲਈ ਵਿਆਕੁਲ ਬੁੱਧੀ ਅਤੇ ਸ਼ੁੱਧ ਆਤਮਾ, ਅਜੇ ਬੇਚੈਨੀ ਦਾ ਸ਼ਿਕਾਰ ਸਨ। ਪ੍ਰੋ. ਗੁਰਮੁਖ ਸਿੰਘ, ਓਰੀਐਂਟਲ ਕਾਲਜ ਲਾਹੌਰ ਦੀ ਸੰਗਤ ਨੇ, ਗੂੜ੍ਹਾ ਸਿੱਖੀ ਰੰਗ ਚਾੜਿਆ ਅਤੇ ਫਿਰ ਰੱਤੜੇ ਚੋਲੇ ਵਾਲੇ ਭਾਈ ਦਿੱਤ ਸਿੰਘ ਪੰਜ ਦਰਿਆਵਾਂ ਦੀ ਧਰਤੀ ’ਤੇ ਆਪਣੀ ਤਕਰੀਰ ਤੇ ਤਹਿਰੀਰ (ਭਾਸ਼ਣ ਤੇ ਲਿਖਤ) ਦਾ ਸਿੰਘ-ਨਾਦ ਵਜਾਉਣ ਲੱਗੇ। ਗੁਰੂ ਬਖਸ਼ਸ਼ ਦਾ ਐਸਾ ਸੋਮਾ ਭਾਈ ਸਾਹਿਬ ਦੇ ਅੰਤਹਕਰਣ ਵਿੱਚ ਫੁੱਟਿਆ, ਜਿਸ ਦੀ ਮਿਠਾਸ ਨਾਲ, ਉਨ੍ਹਾਂ ਨੇ ਸਮੁੱਚਾ ਜੀਵਨ ਬਿਨਾ ਵੈਰ-ਵਿਰੋਧ, ਸ਼ਿਕਾਇਤ-ਗਿਲੇ ਦੇ ਪੰਥ ਦੀ ਸੇਵਾ ਵਿੱਚ ਅਰਪਣ ਕਰ ਦਿੱਤਾ।

ਉਨ੍ਹਾਂ ਦੀ ਸਿੰਘ ਗਰਜਣ ਨੇ ਸਾਧੂ ਦਿਆਨੰਦ ਨੂੰ ਦੰਦਲਾਂ ਪਾਈਆਂ, ਈਸਾਈ ਮਿਸ਼ਨਰੀ ਆਪਣੀਆਂ ਬਾਈਬਲਾਂ ਕੱਛੇ ਮਾਰ ਰਾਹੇ ਪਏ ਅਤੇ ਹਰਿਮੰਦਰ ਸਾਹਿਬ ਅਕਾਲ ਤਖਤ ’ਤੇ ਕਾਬਜ਼ ਬੇਦੀ-ਸੋਢੀ ਬਾਬੇ ਅਤੇ ਮਹੰਤ, ਕੌਮ ਦੇ ਚੁਰਾਹੇ ਵਿੱਚ ਅਪਰਾਧੀਆਂ ਵਾਂਗ ਲਿਆ ਖੜ੍ਹੇ ਕੀਤੇ। ਸਿੰਘ ਸਭਾ ਲਹਿਰ ਨੇ, 1849 ਵਿੱਚ ਸਿੱਖ ਰਾਜ ਜਾਣ ਤੋਂ ਬਾਅਦ ਮੁਰਦੇਹਾਣੀ ਦਾ ਸ਼ਿਕਾਰ ਹੋਈ ਸਿੱਖ ਕੌਮ ਵਿੱਚ, ਇੱਕ ਨਵੀਂ ਰੂਹ ਫੂਕ ਦਿੱਤੀ। ਕਿੱਥੇ ਅੰਗਰੇਜ਼ ਚਿੰਤਕ ਤੇ ਮਰਦਮਸ਼ੁਮਾਰੀ ਦੇ ਅੰਕੜੇ, ਅਗਲੇ ਕੁਝ ਵਰ੍ਹਿਆਂ ਵਿੱਚ ਸਿੱਖ ਕੌਮ ਦੇ ‘ਖਤਮ’ ਹੋ ਕੇ, ਹਿੰਦੂਆਂ ਵਿੱਚ ਜਜ਼ਬ ਹੋਣ ਦੀਆਂ ਭਵਿੱਖਬਾਣੀਆਂ ਕਰ ਰਹੇ ਸਨ ਅਤੇ ਕਿੱਥੇ ਉਸ ਮੰਦਹਾਲੀ ਦੇ ਦੌਰ ’ਚੋਂ, ਗੁਰੂ-ਕਿਰਪਾ ਸਦਕਾ, ਸਿੱਖ ਕੌਮ ਪੂਰੀ ਤਰ੍ਹਾਂ ‘ਸੁਰਖਰੂ’ ਹੋ ਕੇ ਨਿਕਲੀ। ਪੰਜਾਬ ਭਰ ਵਿੱਚ ਵਿੱਦਿਅਕ ਸੰਸਥਾਵਾਂ (ਖਾਲਸਾ ਸਕੂਲਾਂ, ਸਿੱਖ ਕੰਨਿਆ ਪਾਠਸ਼ਾਲਾਵਾਂ) ਖੁੱਲ੍ਹੀਆਂ, ਥਾਂ-ਥਾਂ ਸਿੰਘ ਸਭਾਵਾਂ ਨੇ ਗੁਰਦੁਆਰੇ ਸਥਾਪਤ ਕੀਤੇ, ਧੜਾਧੜ ਗੁਰਮਤਿ ਲਿਟਰੇਚਰ ਲਿਖਿਆ ਤੇ ਪੜ੍ਹਿਆ ਜਾਣ ਲੱਗਿਆ, ਸਨਾਤਨੀ ਸਿੱਖਾਂ ਦੀਆਂ ‘ਮਨਮਤੀਆਂ’ ਹਰ ਥਾਂ ਚੈਲੰਜ ਹੋਣ ਲੱਗੀਆਂ, 1891-92 ਵਿੱਚ ਖਾਲਸਾ ਕਾਲਜ, ਅੰਮਿ੍ਰਤਸਰ ਦੀ ਸਥਾਪਨਾ ਇੱਕ ਬੜਾ ਰੌਸ਼ਨ ਮੀਲ-ਪੱਥਰ ਸਾਬਤ ਹੋਇਆ, ਥਾਂ-ਥਾਂ ਖਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਮਾਹੌਲ ਸਿਰਜਿਆ ਗਿਆ।

ਭਾਈ ਦਿੱਤ ਸਿੰਘ ਨੇ 17-18 ਸਾਲ ਦੀ ਉਮਰ ਦੇ ਵਿੱਚ ਹੀ ਆਪਣੀ ਵਿਦਵਤਾ ਦੇ ਝੰਡੇ ਗੱਡ ਦਿੱਤੇ ਸਨ। ਭਾਈ ਸਾਹਿਬ ਨੂੰ ਪੰਜਾਬੀ ਪੱਤਰਕਾਰੀ ਦਾ ‘ਪਿਤਾਮਾ’ ਕਿਹਾ ਜਾ ਸਕਦਾ ਹੈ। ਲਗਭਗ 51 ਸਾਲ ਦੀ ਉਮਰ ਵਿੱਚ ਇਸ ਸੰਸਾਰ ਨੂੰ ਅਲਵਿਦਾ ਕਹਿਣ ਵਾਲੇ ਭਾਈ ਸਾਹਿਬ ਨੇ ਲਗਭਗ 52 ਪੁਸਤਕਾਂ ਲਿਖੀਆਂ, ਜਿਹਨਾਂ ਦੀ ਮੌਲਿਕਤਾ ਤੇ ਤਾਜ਼ਗੀ ਨੂੰ ਅੱਜ ਵੀ ਮਹਿਸੂਸ ਕੀਤਾ ਜਾ ਸਕਦਾ ਹੈ। ਉਨ੍ਹਾਂ ਦੀ ਧਰਮ ਪਤਨੀ ਬੀਬੀ ਬਿਸ਼ਨ ਕੌਰ ਨੇ, ਉਹਨਾਂ ਦਾ ਹਰ ਕਦਮ ’ਤੇ ਸਾਥ ਦਿੱਤਾ। ਭਾਈ ਸਾਹਿਬ ਦੇ ਦੋਵੇਂ ਬੱਚੇ-ਬੇਟਾ ਡਾ. ਬਲਦੇਵ ਸਿੰਘ ਅਤੇ ਪੁੱਤਰੀ ਵਿਦਿਆਵੰਤ ਕੌਰ, ਉਹਨਾਂ ਦੀਆਂ ਅੱਖਾਂ ਸਾਹਮਣੇ ਚੜ੍ਹਾਈ ਕਰ ਗਏ ਪਰ ਉਨ੍ਹਾਂ ਨੇ ਨਿੱਜੀ ਸਦਮਿਆਂ ਦੇ ਬਾਵਜੂਦ, ਪੰਥਕ ਸੇਵਾ ਦੇ ਪਿੜ ਵਿੱਚ ਕੋਈ ਕਮਜ਼ੋਰੀ ਨਹੀਂ ਆਣ ਦਿੱਤੀ। ਭਾਈ ਸਾਹਿਬ ਆਰਥਿਕ ਤੰਗ ਦਸਤੀ ਨਾਲ ਸਾਰੀ ਉਮਰ ਜੂਝੇ, ਉਹਨਾਂ ਨਾਲ ਅਕਾਲ ਤਖਤ ’ਤੇ ਕਾਬਜ਼ ਪੁਜਾਰੀ ‘ਛੇਕਿਆਂ’ ਵਰਗਾ ਵਰਤਾਰਾ ਕਰਦੇ ਸਨ। ਉੱਚੀਆਂ ਜਾਤਾਂ ਦੇ ਜਾਤ-ਅਭਿਮਾਨੀ ਸਿੱਖ, ਉਹਨਾਂ ਨੂੰ ‘ਨੀਵੀਂ ਜਾਤ’ ਦਾ ਗਰਦਾਨਕੇ ਨਫਰਤ ਕਰਦੇ ਸਨ। ਸਿੱਖਾਂ ਵਿੱਚ ਬੜੇ ਮਕਬੂਲ ਬਾਬਾ ਖੇਮ ਸਿੰਘ ਬੇਦੀ (ਜੋ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗਦੇਲਾ ਲਾ ਕੇ ਬੈਠਦਾ ਸੀ ਅਤੇ ਆਪਣੇ ਆਪ ਨੂੰ 13ਵਾਂ ਗੁਰੂ ਅਖਵਾਉਂਦਾ ਸੀ) ਭਾਈ ਦਿੱਤ ਸਿੰਘ ਨੂੰ ਉਹਨਾਂ ਦੀ ਗੁਰੂਡੰਮ ਵਿਰੋਧੀ ਲਿਖਤ ਕਰਕੇ ਅਦਾਲਤ ਵਿੱਚ ਲੈ ਗਏ ਅਤੇ ਜੁਰਮਾਨਾ ਕਰਵਾਇਆ। ਇਨ੍ਹਾਂ ਸਭ ਔਕੜਾਂ ਦੇ ਬਾਵਜੂਦ, ਭਾਈ ਦਿੱਤ ਸਿੰਘ ਨੇ ਸਿੱਖੀ ਦਾ ਝੰਡਾ ਬੁਲੰਦ ਰੱਖਿਆ।

ਭਾਈ ਦਿੱਤ ਸਿੰਘ ਨੂੰ, ਪੰਥ-ਦਰਦੀ ਸਿੱਖ ਅੰਤਾਂ ਦਾ ਪਿਆਰ ਕਰਦੇ ਸਨ ਅਤੇ ਅੱਜ ਵੀ ਉਨ੍ਹਾਂ ਦੇ ਕਦਰਦਾਨ ਹਨ। ਰੋਪੜ ਨਿਵਾਸੀ ਸੱਚਖੰਡ ਵਾਸੀ ਕਵੀਰਾਜ ਗੁਰਬਖਸ਼ ਸਿੰਘ ਦੀਆਂ ਇਹ ਸਤਰਾਂ ਭਾਈ ਸਾਹਿਬ ਦੀ ਕੌਮ ਪ੍ਰਤੀ ਦੇਣ ਨੂੰ ਬਿਆਨਦੀਆਂ ਹਨ –

‘ਜਿਸ ਦਾ ਨਾਮ ਲੈਂਦਿਆਂ, ਦਿਲ ਵਿੱਚ ਜ਼ੋਸ਼ ਉੱਠੇ,
ਨਿਵ ਜਾਏ ਧੌਣ, ਵੱਡੇ-ਵੱਡੇ ਅਭਿਮਾਨੀ ਦੀ।
ਸੁੱਤੀ ਘੂਕ ਪਈ ਕੌਮ ਆਣ ਕੇ ਜਗਾਈ ਜਿਸ,
ਅੱਜ ਤੱਕ ਧੁੰਮ ਪਈ ਹੋਈ, ਜਿਸ ਦੀ ਕਾਨੀ ਦੀ।
ਕੌਣ ਐਸਾ ਬੀਰ, ਜਿਸ ਭਰਮ ਲੀਰੋ ਲੀਰ ਕੀਤੇ,
ਆਈ ਯਾਦ ਅੱਜ, ਉਸ ਸਿੰਘ ਸਭਾ ਦੇ ਬਾਨੀ ਦੀ।
ਭਾਵੇਂ ਪਾਈ ਨਾ ਕਦਰ, ਉਹਦੀ ਸਿੱਖ ਕੌਮ ਨੇ ਹੈ,
ਭਾਸੇ ਅੱਜ ਲੋੜ ਫੇਰ ਦਿੱਤ ਸਿੰਘ ਗਿਆਨੀ ਦੀ।’

ਭਾਈ ਦਿੱਤ ਸਿੰਘ ਔਰਾਂ ਦੀ ਲਿਖਣ-ਸ਼ੈਲੀ ਇਤਿਹਾਸਕ ਤੱਥਾਂ ਦੀ ਰੌਸ਼ਨੀ ਵਿੱਚ, ਸਧਾਰਣ ਸਮਝ ਗੋਚਰੇ ਆ ਸਕਣ ਵਾਲੀ, ਨਾਟਕੀ ਪਰ ਵਿਅੰਗਮਈ ਅੰਦਾਜ਼ ਦੀ ਸ਼ੈਲੀ ਸੀ, ਜਿਸ ਵਿੱਚ ਨਵੀਨਤਾ ਦੀ ਭਾਅ ਸੀ। ਉਹਨਾਂ ਦੀਆਂ ਲਿਖਤਾਂ ਲਗਾਤਾਰਤਾ ਨਾਲ ‘ਖਾਲਸਾ ਅਖਬਾਰ, ਲਾਹੌਰ’ ਵਿੱਚ ਛਪਦੀਆਂ ਸਨ, ਜਿਸ ਦੇ ਉਹ ਬਾਨੀ ਸੰਪਾਦਕ ਸਨ। ਉਹ ਕਵਿਤਾ ਤੇ ਲੇਖ ਇੱਕੋ ਜਿਹੀ ਯੋਗਤਾ ਨਾਲ ਲਿਖਦੇ ਸਨ। ਉਹਨਾਂ ਦੀਆਂ ਪ੍ਰਮੁੱਖ ਲਿਖਤਾਂ ਵਿੱਚ – ਗੁਰੂ ਨਾਨਕ ਪ੍ਰਬੋਧ, ਗੁਰੂ ਅਰਜਨ ਚਰਿੱਤਰ, ਦੰਭ ਬਿਦਾਰਨ, ਦੁਰਗਾ ਪ੍ਰਬੋਧ, ਪੰਧ ਪ੍ਰਬੋਧ, ਰਾਜ ਪ੍ਰਬੋਧ, ਮੇਰਾ ਅਤੇ ਸਾਧੂ ਦਿਆਨੰਦ ਦਾ ਸੰਵਾਦ ਆਦਿਕ ਸ਼ਾਮਲ ਹਨ। ਇਸ ਤੋਂ ਇਲਾਵਾ ਉਹਨਾਂ ਨੇ ਪ੍ਰਾਚੀਨ ਸਿੱਖ ਸ਼ਹੀਦਾਂ ਸਬੰਧੀ ਵੀ ਕਿਤਾਬਚੇ ਲਿਖੇ, ਜਿਹਨਾਂ ਵਿੱਚ ਸ਼ਹੀਦ ਭਾਈ ਤਾਰਾ ਸਿੰਘ ਵਾਂਅ, ਭਾਈ ਸੁਬੇਗ ਸਿੰਘ, ਭਾਈ ਮਤਾਬ ਸਿੰਘ ਮੀਰਾਂਕੋਟੀਆ, ਭਾਈ ਤਾਰੂ ਸਿੰਘ ਆਦਿ ਸ਼ਾਮਲ ਹਨ। ਭਾਈ ਸਾਹਿਬ ਦਾ ਭਾਸ਼ਣ ਸੁਣਨ ਲਈ, ਸਿੱਖ ਸੰਗਤਾਂ ਦੂਰੋਂ-ਦੂਰੋਂ ਆਉਂਦੀਆਂ ਸਨ। ਉਹ ਬੜੇ ਸੁਖੈਨ ਅੰਦਾਜ਼ ਅਤੇ ਹਾਸ ਰਸੀ ਭਾਵ ਵਿੱਚ, ਅਨਮਤੀਆਂ ਤੇ ਮਨਮਤੀਆਂ ਦੇ ਛੱਕੇ ਛੁਡਾਉਂਦੇ ਅਤੇ ਸਿੱਖੀ ਦੀ ਮਹਾਨਤਾ ਦਾ ਪ੍ਰਚਾਰ ਕਰਦੇ ਸਨ। ਪ੍ਰੋ. ਗੁਰਮੁਖ ਸਿੰਘ ਅਤੇ ਭਾਈ ਜਵਾਹਰ ਸਿੰਘ, ਮੁੱਢਲੇ ਦਿਨਾਂ ਤੋਂ ਉਨ੍ਹਾਂ ਦੇ ਸਹਾਇਕ, ਸਹਿਯੋਗੀ ਤੇ ਪ੍ਰੇਰਨਾ-ਸਰੂਪ ਸਨ। ਸਮੇਂ ਦੇ ਬੀਤਣ ਨਾਲ ਇਹ ਕਾਫਲਾ ਵੱਡਾ ਹੁੰਦਾ ਗਿਆ। ਇਸ ਕਾਫਲੇ ਵਿੱਚ ਭਾਈ ਸਾਹਿਬ ਭਾਈ ਵੀਰ ਸਿੰਘ, ਭਾਈ ਕਾਹਨ ਸਿੰਘ ਨਾਭਾ ਵਰਗੇ ਵਿਦਵਾਨ ਵੀ ਸ਼ਾਮਲ ਹੋਏ। ਜਦੋਂ ਪ੍ਰੋ. ਗੁਰਮੁਖ ਸਿੰਘ (1898 ਵਿੱਚ ਚੜ੍ਹਾਈ ਕੀਤੀ) ਅਤੇ ਭਾਈ ਦਿੱਤ ਸਿੰਘ (6 ਸਤੰਬਰ, 1901 ਨੂੰ ਚੜ੍ਹਾਈ ਕੀਤੀ) ਆਪਣੇ ਜੀਵਨ ਲੇਖੇ ਲਾ ਕੇ ਗੁਰਪੁਰੀ ਸਿਧਾਰੇ, ਉਦੋਂ ਤੱਕ, ਉਨ੍ਹਾਂ ਦੀ ਮਿਹਨਤ ਅਤੇ ਗੁਰੂ ਦੀ ਬਖਸ਼ਿਸ਼ ਸਦਕਾ, ਸਿੱਖ ਕੌਮ ਆਪਣੀ ‘ਗਫਲਤ’ ’ਚੋਂ ਜਾਗ ਚੁੱਕੀ ਸੀ ਅਤੇ ਸਿੱਖ ਨਵ-ਚੇਤਨਾ ਅੰਗੜਾਈਆਂ ਲੈ ਰਹੀ ਸੀ।

6 ਸਤੰਬਰ, 1901 ਨੂੰ ਭਾਈ ਦਿੱਤ ਸਿੰਘ ਦੇ ਚੜ੍ਹਾਈ ਕਰ ਜਾਣ ਨੂੰ, ਭਾਈ ਵੀਰ ਸਿੰਘ ਹੋਰਾਂ ਨੇ ਕਿਵੇਂ ਮਹਿਸੂਸ ਕੀਤਾ, ਇਸ ਦਾ ਪ੍ਰਗਟਾਵਾ ਉਨ੍ਹਾਂ ਨੇ ਆਪਣੀ ਅਖਬਾਰ ‘ਖਾਲਸਾ ਸਮਾਚਾਰ’ ਵਿੱਚ ਦਿੱਤੀ ਸ਼ਰਧਾਂਜਲੀ ਨਾਲ ਇਉਂ ਕੀਤਾ –

‘ਜਾਗੋ ਜਾਗੋ ਜੀ ਦਿੱਤ ਸਿੰਘ ਪਿਆਰੇ।
ਕੌਮ ਬੈਠੀ ਸਿਰਾਣੇ ਜਗਾਵੇ।
ਕਿਉਂ ਕੀਤੀ ਨੀਂਦ ਪਿਆਰੀ,
ਕਿਉਂ ਜਾਗ ਤੁਹਾਨੂੰ ਨਾ ਆਵੇ।
ਕਦੀ ਕੌਮ ਜਗਾਈ ਸੀ ਤੈਨੇ,
ਹਾਂ, ਲੰਮੇ ਕੱਢ ਕੱਢ ਵੈਣ ਤੇ ਹਾਵੇ।
ਜਗਾ ਕੇ ਕੌਮ ਭੁਲੱਕੜ
ਆਪ ਸੌਂ ਗਏ ਹੋ ਬੇਦਾਵੇ।’

ਅੱਜ ਜਦਕਿ ਸਿੱਖ ਕੌਮ ਮੁੜ ਉਹੋ ਜਿਹੇ ਹਾਲਾਤਾਂ ਨਾਲ ਦੋ-ਚਾਰ ਹੋ ਰਹੀ ਹੈ ਤਾਂ ਗਿਆਨੀ ਦਿੱਤ ਸਿੰਘ ਜਿਹੇ ਵਿਦਵਾਨ ਦੀ ਘਾਟ ਬੜੀ ਸ਼ਿੱਦਤ ਨਾਲ ਮਹਿਸੂਸ ਹੋ ਰਹੀ ਹੈ, ਜੋ ਮੌਜੂਦਾ ਸਿੱਖਾਂ ਨੂੰ ਜਾਤ-ਪਾਤ ਦੇ ਬੰਧਨਾਂ ਤੇ ਕਰਮਕਾਂਡਾਂ ’ਚੋਂ ਕੱਢ ਕੇ ਗੁਰਬਾਣੀ ਨਾਲ ਜੋੜ ਸਕੇ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: