ਲੇਖ » ਸਿੱਖ ਖਬਰਾਂ

ਸੰਗੀਤ ਅਤੇ ਮਨੁੱਖੀ ਮਨ

September 6, 2018 | By

ਉਹ ਮਰਦ ਸਾਜਾਂ ਦੇ ਆਲ੍ਹਣੇ ਚੋ ਜੰਮੇ ਅਤੇ ਪੰਜਾਬ ਦੇ ਅਸਮਾਨਾਂ ਤੇ ਉੱਡਣ ਲੱਗੇ…

ਕਿਸੇ ਦਿਨ ਸਵੇਰੇ ਮੂੰਹ-ਹਨੇਰੇ ਉੱਠ ਕੇ ਧਿਆਨ ਨਾਲ ਸੁਣਨ ਦੀ ਕੋਸ਼ਿਸ਼ ਕਰੋ। ਜਦੋਂ ਲੋਕ ਸੁੱਤੇ ਹੋਣ, ਚਾਰੇ ਪਾਸੇ ਚੁੱਪ ਹੋਵੇ। ਜੇ ਤੁਸੀ ਖੁਸ਼ਕਿਸਮਤ ਹੋਏ ਤੁਹਾਡੇ ਘਰ ਦੇ ਨੇੜੇ ਪੰਛੀਆਂ ਦੀਆਂ ਅਵਾਜ਼ਾਂ ਤੁਹਾਨੂੰ ਸੁਣਨਗੀਆਂ। ਇਹਨਾਂ ਵਿੱਚ ਚਿੜੀਆਂ ਚਹਿਕਦੀਆਂ ਤੇ ਕੋਇਲਾਂ ਕੂਕਦੀਆਂ ਹੋਣਗੀਆਂ। ਕੋਇਲ ਦੀ ਆਵਾਜ਼ ਇਸ ਤਰਾਂ ਹੈ ਜਿਵੇਂ ਸਾਜ ਸੁਰ ਕੀਤਾ ਹੋਵੇ। ਮੋਰ ਦੀ ਆਵਾਜ਼ ਤਾਂ ਕਾਫ਼ੀ ਦੂਰ ਸੁਣੀ ਜਾ ਸਕਦੀ ਹੈ। ਜੋ ਸੋਹਣੀਆਂ ਤੇ ਮਿੱਠੀਆਂ ਅਵਾਜ਼ਾਂ ਕਿਸੇ ਲੈਅ ਵਿਚ ਵਾਰ ਵਾਰ ਪੈਦਾ ਹੋਣ ਤੇ ਦਿਲ ਨੂੰ ਚੰਗੀਆਂ ਲੱਗਣ, ਉਸਨੂੰ ਮਨੁੱਖ ਸੰਗੀਤ ਕਹਿੰਦਾ ਹੈ। ਜੋ ਅਵਾਜ਼ਾਂ ਮਾਹੌਲ ਨੂੰ ਤੰਦਰੁਸਤ ਬਣਾ ਦੇਣ ਤੇ ਸੁਣਨ ਵਾਲੇ ਦੀ ਆਤਮਾ ਜਗਾ ਦੇਣ, ਉਹੀ ਅਵਾਜ਼ਾਂ ਸੰਗੀਤ ਕਹੀਆਂ ਜਾ ਸਕਦੀਆਂ ਹਨ, ਨਹੀਂ ਤੇ ਬਾਕੀ ਰੌਲਾ ਗੌਲਾ ਹੀ ਹੁੰਦਾ ਹੈ।

ਇੱਕ ਸੰਗੀਤ ਜਦੋਂ ਵੱਜਦਾ ਹੋਵੇ ਤਾ ਹਵਾ ਵਿਚ ਇਸਦੀਆਂ ਤਰੰਗਾਂ ਘੁਲ ਜਾਂਦੀਆਂ ਹਨ। ਇਹ ਮਨੁੱਖ ਤੇ ਅਸਰ ਕਰਦੀਆਂ ਹਨ। ਇਹਨਾਂ ਕਰਕੇ ਲਾਲੀ ਅੱਖਾਂ ਵਿਚ ਉਤਰ ਆਉਂਦੀ ਹੈ। ਸਾਰਾ ਜੱਗ ਸੋਹਣਾ ਲਗਦਾ ਹੈ। ਰੁੱਖਾਂ ਦਾ ਰੰਗ ਹੋਰ ਗੂੜਾ ਦਿਖਦਾ ਹੈ। ਤੱਤੀਆਂ ਹਵਾਵਾਂ ਵੀ ਠੰਡੀਆਂ ਲੱਗਦੀਆਂ ਹਨ। ਇਹ ਸੱਚਮੁੱਚ ਵਾਪਰਦਾ ਹੈ। ਸੰਗੀਤ ਨੂੰ ਬੜੀ ਵੱਡੀ ਸ਼ਕਤੀ ਮੰਨਿਆ ਜਾਂਦਾ ਹੈ। ਕਹਿੰਦੇ ਨੇ ਸੰਗੀਤ ਬਹੁਤ ਤਰਾਂ ਦਾ ਹੁੰਦਾ ਹੈ ਤੇ ਹਰ ਪ੍ਰਕਾਰ ਆਪਣੇ ਸੁਭਾਅ ਪੱਖੋਂ ਮਨੁੱਖ ਤੇ ਅਸਰ ਪਾਉਂਦਾ ਹੈ। ਸੰਗੀਤ ਕੇਵਲ ਮਨੁੱਖ ਤੇ ਹੀ ਨਹੀਂ ਆਲੇ ਦੁਆਲੇ ਤੇ ਵੀ ਅਸਰ ਪਾਉਂਦਾ ਹੈ। ਸੰਗੀਤ ਦੇ ਸਿੱਧ ਪੁਰਸ਼ ਇਸੇ ਸੰਗੀਤ ਦੇ ਆਸਰੇ ਤੇ ਮੀਂਹ ਲਿਆ ਦੇਣਾ, ਦੀਵੇ ਜਗਾ ਬੁਝਾ ਦੇਣੇ, ਪੰਛੀ ਮਿਰਗ ਆਦਿਕ ਨਜ਼ਦੀਕ ਬੁਲਾ ਲੈਣੇ, ਮਨੁੱਖਾਂ ਨੂੰ ਕਾਇਲ ਕਰਨਾ ਆਦਿਕ ਸਿੱਧੀਆਂ ਵੀ ਕਰ ਲੈਂਦੇ ਸੀ। ਬੀਨ ਦੀ ਅਵਾਜ਼ ਤੇ ਸੱਪ ਦਾ ਮੇਲ੍ਹਣਾ ਅਸੀਂ ਅੱਖੀਂ ਵੇਖਦੇ ਹਾਂ। ਸੰਗੀਤ ਦੀਆਂ ਲੈਆਂ ਮਨ ਅੰਦਰ ਨੂੰ ਇਕਾਗਰ ਕਰ ਦਿੰਦੀਆਂ ਹਨ ਫਿਰ ਮਨੁੱਖ ਨੂੰ ਕਿਸੇ ਵੀ ਅਸਰ ਹੇਠ ਲਿਆਂਦਾ ਜਾ ਸਕਦਾ ਹੈ। ਸੰਗੀਤ ਦੀਆਂ ਧੁਨਾਂ ਮਨੁੱਖ ਨੂੰ ਰਵਾ, ਹਸਾ , ਬੀਰ ਰਸ, ਦਇਆ ਕਿਸੇ ਵੀ ਮਨੋਭਾਵ ਹੇਠ ਲਿਆਉਣ ਦੇ ਸਮਰੱਥ ਹੁੰਦੀਆਂ ਹਨ। ਇਹਨਾਂ ਵਿੱਚ ਪ੍ਰੇਮ, ਗੁੱਸਾ, ਘਿਰਣਾ, ਗਲਿਆਨੀ, ਹੰਕਾਰ, ਪਰਉਪਕਾਰ, ਮਾਰ ਧਾੜ ਆਦਿ ਕਰਨ ਦੇ ਭਾਵ ਹੋ ਸਕਦੇ ਹਨ। ਸੰਗੀਤ ਵਿੱਚ ਸਮਰੱਥਾ ਹੈ ਕਿ ਇਹ ਮਨੁੱਖ ਨੂੰ ਉਕਸਾ ਸਕਦਾ ਹੈ। ਮਨੁੱਖ ਦੇ ਚੇਤੇ ਵਿੱਚ ਹਰ ਵੇਲੇ ਕੋਈ ਨਾ ਕੋਈ ਸ਼ਬਦਾਂ ਦਾ ਦੁਹਰਾਓ ਚੱਲਦਾ ਰਹਿੰਦਾ ਹੈ ਜੇਕਰ ਇਹ ਦੁਹਰਾਓ ਸੰਗੀਤਕ ਧੁਨਾਂ ਸੰਗ ਹੈ ਤਾਂ ਇਹ ਹੋਰ ਵਧੇਰੇ ਅਸਰ ਕਰਦਾ ਹੈ। ਮਨੁੱਖ ਦਾ ਇੱਕ ਖਾਸ ਗੁਣ ਹੈ ਕਿ ਜਿਹੜੇ ਸ਼ਬਦ ਇਸਦੇ ਦੁਹਰਾਓ ਵਿੱਚ ਵਾਰ ਵਾਰ ਆਉਂਦੇ ਹਨ, ਉਹੀ ਮਨੁੱਖ ਨੂੰ ਖਾਸ ਮਨੁੱਖ ਬਣਾਉਂਦੇ ਜਾਂਦੇ ਹਨ ਪਰ ਜੇਕਰ ਇਹ ਸੰਗੀਤ ਦੇ ਸੰਗ ਹੈ ਤਾਂ ਇਸਦਾ ਅਸਰ ਤੇਜ਼ੀ ਨਾਲ ਹੁੰਦਾ ਹੈ। ਅਕਸਰ ਦੇਖਿਆ ਗਿਆ ਹੈ ਕਿ ਮਨੁੱਖ ਦੇ ਅੰਦਰ ਦੁਹਰਾਓ ਉਸ ਸੰਗੀਤ ਦਾ ਹੀ ਹੁੰਦਾ ਹੈ, ਜਿਸਨੂੰ ਉਹ ਚੁਣ ਲੈਂਦਾ ਹੈ ਭਾਵ ਜੋ ਉਹਨੂੰ ਪਸੰਦ ਆ ਜਾਂਦਾ ਹੈ। ਦੁਹਰਾਓ ਚੁਣਨ ਵਿੱਚ ਮਨੁੱਖ ਦੀ ਆਪਣੀ ਮਰਜ਼ੀ ਹੁੰਦੀ ਹੈ ਕਿ ਉਹ ਕੀ ਬਣਨਾ ਚਾਹੁੰਦਾ ਹੈ, ਫਿਰ ਦੁਹਰਾਓ ਮਨੁੱਖ ਦਾ ਬੋਲਣਾ, ਚੱਲਣਾ, ਸਲੀਕਾ ਆਪ ਨਿਰਧਾਰਤ ਕਰਦਾ ਹੈ। ਜੋ ਨਵਾਂ ਮਨੁੱਖ ਬਣਦਾ ਹੈ ਉਹ ਖੁਦ ਆਪ ਬਣਨਾ ਉਸਨੇ ਆਪ ਚੁਣਿਆ ਹੁੰਦਾ ਹੈ ਪਰ ਸੰਗੀਤ ਉਸਨੂੰ ਬੜੀ ਤੇਜ਼ ਗਤੀ ਨਾਲ ਬਣਾਉਂਦਾ ਹੈ। ਸੰਗੀਤ ਮਨੁੱਖ ਦੀ ਪਸੰਦ ਵਿੱਚ ਛੇਤੀ ਨਾਲ ਆ ਜਾਂਦਾ ਹੈ, ਇਹ ਗੁਣ ਖੁਦਾਈ ਬਖਸ਼ਿਸ਼ ਹੈ।

ਸਿੱਧ ਪੁਰਸ਼ ਆਖਦੇ ਨੇ ਕਿ ਸੰਗੀਤ ਮਨੁੱਖ ਦੇ ਮਨ ਮਸਤਿਕ ਵਿਚ ਵੀ ਵੱਜਦਾ ਰਹਿੰਦਾ ਹੈ। ਜਿਥੇ ਅਨੰਤ ( ਅਨੇਕਾਂ ) ਪ੍ਰਕਾਰ ਦੇ ਸੰਗੀਤ ਸੁਣੇ ਜਾ ਸਕਦੇ ਹਨ। ਆਵਾਜ਼, ਪੈਦਾ ਹੋਣ ਦੇ ਆਧਾਰ ਤੇ ਦੋ ਤਰ੍ਹਾਂ ਦੀ ਹੁੰਦੀ ਹੈ। ਜੋ ਆਵਾਜ਼ ਦੋ ਵਸਤਾਂ ਦੇ ਆਪਸੀ ਟੱਕਰ ਨਾਲ ਪੈਦਾ ਹੋਏ ਉਹ ਆਹਤ ਹੁੰਦੀ ਹੈ। ਇੱਕ ਆਵਾਜ਼ ਜੋ ਬਿਨਾਂ ਕਿਸੇ ਟਕਰਾ ਤੋਂ ਪੈਦਾ ਹੋਵੇ, ਉਹ ਆਵਾਜ਼ ਅਨਾਹਤ ਹੁੰਦੀ ਹੈ। ਜੋ ਅਵਾਜ਼ ਮਸਤਕ ਵਿੱਚ ਹੁੰਦੀ ਹੈ ਉਹ ਅਨਹਤ ਅਵਾਜ਼ ਹੁੰਦੀ ਹੈ। ਇਸ ਅਵਾਜ਼ ਵਿੱਚ ਸੰਗੀਤ ਵੀ ਵਿਸਮਾਦ ਸੁਣਾਈ ਦਿੰਦਾ ਹੈ। ਵੱਖ ਵੱਖ ਵਿਦਵਾਨਾਂ ਦੀ ਵੱਖੋ ਵੱਖਰੀ ਰਾਇ ਹੈ ਜਿਸ ਵਿੱਚ ਕਈ ਕਹਿੰਦੇ ਨੇ ਸ੍ਰੀ ਕ੍ਰਿਸ਼ਨ ਨੇ ਆਪਣੇ ਅੰਦਰ ਦੇ ਸੰਗੀਤ ਨੂੰ ਸੁਣਕੇ ਬੰਸਰੀ ਬਣਾਈ ਅਤੇ ਅੰਦਰ ਦੇ ਸੰਗੀਤ ਨੂੰ ਬਾਹਰ ਪ੍ਰਗਟ ਕੀਤਾ। ਇਸੇ ਤਰਾਂ ਸਾਰੰਗੀ ਸ੍ਰੀ ਰਾਵਣ ਨੇ ਬਣਾਈ ਮੰਨੀ ਜਾਂਦੀ ਹੈ। ਰਬਾਬ ਇਰਾਨ ਦੇ ਪੁਰਾਤਨ ਸੰਤਾਂ ਦੀ ਕਾਢ ਕਿਹਾ ਜਾਂਦਾ ਹੈ, ਜਿੰਨੇ ਵੀ ਪੁਰਾਤਨ ਸਾਜ਼ ਮਿਲਦੇ ਹਨ, ਸਾਰੇ ਸਾਧਾਂ ਸੰਤਾਂ ਦੀ ਬਦੌਲਤ ਆਏ। ਇਸੇ ਤਰਾਂ ਸਾਰੰਦਾ ਸ੍ਰੀ ਗੁਰੂ ਅਰਜਨ ਦੇਵ ਜੀ, ਤਾਊਸ ਸ੍ਰੀ ਗੁਰੂ ਹਰਗੋਬਿੰਦ ਜੀ ਅਤੇ ਦਿਲਰੂਬਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਈਜ਼ਾਦ ਕੀਤਾ ਮੰਨਿਆ ਗਿਆ ਹੈ। ਸੰਗੀਤ ਦੀ ਆਵਾਜ਼ ਆਹਤ ਨਾਲ ਪੈਦਾ ਹੁੰਦੀ ਹੈ। ਪਰ ਇਹ ਪ੍ਰੇਰਨਾ ਅਨਾਹਤ ਆਵਾਜ਼ ਦੀ ਹੁੰਦੀ ਹੈ।

ਸੰਗੀਤ ਦਾ ਮਨੁੱਖ ਅਤੇ ਆਲੇ ਦੁਆਲੇ ਤੇ ਅਸਰ ਬਹੁਤ ਗਹਿਰਾ ਹੁੰਦਾ ਹੈ। ਇਹ ਵਾਤਾਵਰਨ ਨੂੰ ਖੁਸ਼ਨੁਮਾ ਬਣਾਉਣ ਦੀ ਤਾਕਤ ਰੱਖਦਾ ਹੈ ਅਤੇ ਕਿਸੇ ਵੀ ਅਸਰ ਹੇਠ ਲੈ ਕੇ ਆਉਣ ਦੇ ਸਮਰੱਥ ਹੁੰਦਾ ਹੈ। ਸੰਗੀਤ ਵਿਚ ਮ੍ਰਿਦੰਗ ਅਤੇ ਨਗਾਰੇ ਦੀਆਂ ਅਵਾਜ਼ਾਂ ਮਨੁੱਖ ਨੂੰ ਜ਼ੰਗੀ ਬਿਰਤੀ ਲਈ ਪ੍ਰੇਰਦੀਆਂ ਹਨ ਅਤੇ ਬੇਝਿਜਕ ਜੰਗ ਲਈ ਪ੍ਰੇਰਦੀਆਂ ਹਨ। ਸਤਿਗੁਰੂ ਨਾਨਕ ਸਾਹਿਬ ਦਾ ਸੰਗੀਤ ਨਾਲ, ਰਬਾਬ ਨਾਲ ਏਨਾ ਪਿਆਰ ਅਤੇ ਗੁਰੂਘਰ ਵਿਚ ਕੀਰਤਨ ਨੂੰ ਸਭ ਤੋਂ ਵੱਧ ਮਹਾਨਤਾ ਦੇਣੀ ਸੰਗੀਤ ਦੀ ਸਮਰੱਥਾ ਨੂੰ ਚੰਗੇ ਪਾਸੇ ਲਾਉਣ ਦੀ ਜੁਗਤ ਹੈ। ਜਾਪਦਾ ਹੈ ਕਿ ਉਹ ਕੀਰਤਨ ਦੁਆਰਾ ਉਹ ਮਨੁਖਾਂ ਨੂੰ ਪ੍ਰਮਾਤਮਾ ਦੇ ਘਰ ਤੱਕ ਲੈ ਜਾਣਾ ਚਾਉਂਦੇ ਹਨ। ਗੁਰੂ ਨਾਨਕ ਸਾਹਿਬ ਨੇ ਰਬਾਬ ਦੀਆਂ ਤਾਰਾਂ ਛੇੜ ਕੇ ਫੇਰ ਉਸ ਨਾਲ ਅਗੰਮੀ ਬੋਲਾਂ ਨੂੰ ਗਾਇਆ ਤਾਂ ਕਿੰਨੇ ਮਨੁਖਾਂ ਦੇ ਪੱਥਰ ਦਿਲ ਪਿਘਲ ਗਏ, ਉਹਨਾਂ ਵਿੱਚ ਮਨੁੱਖਤਾ ਆ ਗਈ। ਉਹ ਮਨੁੱਖ ਬਣ ਗਏ ਅਤੇ ਅਗਲਾ ਸਫ਼ਰ ਆਰੰਭ ਦਿੱਤਾ। ਸਾਰੇ ਗੁਰੂ ਸਾਹਿਬਾਨ ਬਾਣੀ ਗਾਉਂਦੇ ਰਹੇ, ਸਾਜ ਵਜਾਉਂਦੇ ਰਹੇ। ਇਸ ਤਰਾਂ ਜੋ ਅਸਰ ਨਿਕਲਿਆ ਉਸ ਨਾਲ ਪੰਜਾਬ ਦੀ ਧਰਤੀ ਤੇ ਮਰਦ ਜੰਮੇ। ਜੋ ਅਣਖਾਂ ਨਾਲ ਲਬਾ ਲਬ ਸਨ, ਜਿਹਨਾਂ ਨੂੰ ਰੱਬੀ ਗਿਆਨ ਸੀ। ਲੋਹੜਿਆਂ ਦਾ ਜਿਗਰਾ ਸੀ। ਸਾਦਗੀ ਅਤੇ ਨਿਰਮਾਣਤਾ, ਨਿਰਮਲਤਾ ਅਤੇ ਬਹਾਦਰੀ ਨਾਲ ਭਰੇ ਹੋਏ। ਉਹ ਮਰਦ ਸਾਜਾਂ ਦੇ ਆਲ੍ਹਣੇ ਚੋ ਜੰਮੇ ਅਤੇ ਪੰਜਾਬ ਦੇ ਅਸਮਾਨਾਂ ਤੇ ਉੱਡਣ ਲੱਗੇ। ਉਹ ਮਰਦ ਸੰਗੀਤ, ਕੀਰਤਨ, ਰੱਬੀ ਬਾਣੀ ਦੀ ਉਪਜ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਸਰਸਾ ਨਦੀ ਦੇ ਕੰਡੇ ਤੇ ਬੈਠ ਕੇ ਤਾਊਸ, ਰਬਾਬ, ਮਿਰਦੰਗ ਨਾਲ ਕੀਰਤਨ ਕੀਤਾ ਤਾਂ ਇਹ ਵੇਹਲਿਆਂ ਦਾ ਕੰਮ ਨਹੀਂ ਸੀ ਇਹ ਚਮਕੌਰ ਦੇ ਜੰਗ ਦੀ ਤਿਆਰੀ ਸੀ। ਜੰਗ ਦੇ ਮੈਦਾਨਾਂ ਵਿੱਚ, ਜੰਗਲਾਂ ਬੀਆਬਾਨਾਂ ਵਿੱਚ ਸਿੱਖ ਸਦਾ ਪਿੱਠਾਂ ਤੇ ਸਾਜ਼ ਲੱਦ ਕੇ ਫਿਰਦੇ ਰਹੇ ਸਨ।

ਸੰਗੀਤ ਦੀ ਸਮਰੱਥਾ ਨੂੰ ਨਕਾਰਿਆ ਨਹੀਂ ਜਾ ਸਕਦਾ। ਇਹ ਅਵਾਜ਼ ਬੜੀ ਤਾਕਤ ਦੀ ਮਾਲਕ ਹੈ। ਖਾਲਸਾ ਪੰਥ ਨੂੰ ਇਸਦੀ ਸ਼ਕਤੀ ਨੂੰ ਪਹਿਚਾਨਣਾ ਚਾਹੀਦਾ ਹੈ। ਕੌਮ ਦੀ ਵਿਰਾਸਤ ਅਤੇ ਰਵਾਇਤਾਂ ਜੋ ਪੁਰਾਤਨ ਸਾਜਾਂ ਨਾਲ ਜੁੜੀਆਂ ਸੀ, ਉਹਨਾਂ ਰਵਾਇਤਾਂ ਨੂੰ ਪੰਥ ਦਾ ਵੱਡਾ ਹਿੱਸਾ ਭੁੱਲ ਚੁੱਕਾ ਹੈ।

ਸੰਗੀਤ ਦੁਹਰਾਓ ਨੂੰ ਜਨਮ ਦਿੰਦਾ ਹੈ ਜਿਸ ਨਾਲ ਸੁਣਨ ਵਾਲੇ ਦੇ ਅੰਦਰ ਇਹ ਘਰ ਕਰ ਜਾਂਦਾ ਹੈ, ਦੂਸਰਾ ਇਹ ਮਨੁੱਖ ਦੀ ਸੁਰਤ ਨੂੰ ਇੰਨਾ ਇਕਾਗਰ ਕਰ ਦਿੰਦਾ ਹੈ ਕਿ ਮਨੁੱਖ ਆਪਣੇ ਆਪ ਨੂੰ ਭੁੱਲ ਜਾਂਦਾ ਹੈ। ਸੰਗੀਤ ਦੀਆਂ ਧੁਨਾਂ ਵਿੱਚ ਸਰੋਤਾ ਆਪਣੇ ਆਪ ਨੂੰ ਉਸ ਕਲਾਕਾਰ ਯਾ ਗੀਤ ਦੇ ਨਾਇਕ ਵਜੋਂ ਪੇਸ਼ ਕਰਦਾ ਹੈ। ਉਸ ਲੈਅ ਵਿਚ ਸਰੋਤਾ ਖ਼ੁਦ ਹੀ ਉਹ ਨਾਇਕ ਜਾਂ ਕਲਾਕਾਰ ਬਣ ਕੇ ਸਭ ਬੋਲਾਂ ਨੂੰ ਦੁਹਰਾਉਂਦਾ ਹੈ। ਉਸਦੀ ਸੋਚਣੀ ਅਤੇ ਕਰਨੀ ਉਸ ਕਲਾਕਾਰ ਜਾਂ ਗੀਤ ਦੇ ਨਾਇਕ ਦੀ ਤਰਾਂ ਹੋ ਜਾਂਦੀ ਹੈ। ਗੀਤ ਦਾ ਨਾਇਕ ਜਾਂ ਕਲਾਕਾਰ ਫੇਰ ਸਰੋਤਿਆਂ ਨੂੰ ਆਪਣੇ ਅਧੀਨ ਕਰਕੇ ਉਸਦੀਆਂ ਮਾਨਸਿਕ ਵੇਦਨਾਵਾਂ ਨਾਲ ਖੇਡਦਾ ਹੈ। ਮਾਨਸਿਕ ਵੇਦਨਾਵਾਂ ਦੇ ਵੇਗ ਵਿਚ ਹੀ ਸਰੋਤਾ ਗੀਤ ਵਿਚ ਰੋਂਦਾ, ਹੱਸਦਾ, ਮੋਹ- ਮੁਹੱਬਤ ਅਤੇ ਗੁੱਸੇ ਆਦਿ ਦੀਆ ਮਾਨਸਿਕ ਅਵਸਥਾਵਾਂ ਵਿੱਚੋ ਗੁਜ਼ਰਦਾ ਹੈ। ਸਰੋਤਾ ਖੁਦ ਹੀ ਗਾਉਂਦਾ ਅਤੇ ਹਰਕਤਾਂ ਕਰਦਾ ਹੈ। ਸੰਗੀਤ ਦਾ ਮਾਹਰ ਹੀ ਮਨੁੱਖ ਦੀਆ ਇਹਨਾਂ ਅਵਸਥਾਵਾਂ ਨੂੰ ਛੋਹ ਸਕਦਾ ਹੈ। ਇਹਨਾਂ ਗੀਤਾਂ ਦੇ ਬੋਲ ਫਿਰ ਮਨੁੱਖ ਨੂੰ ਘੜਦੇ ਹਨ। ਉਸਦਾ ਵਰਤਮਾਨ ਅਤੇ ਭਵਿੱਖ ਤੈਅ ਕਰਦੇ ਅਤੇ ਬਣਾਉਂਦੇ ਹਨ।

ਇਸ ਸੰਗੀਤ ਦੀ ਤਾਕਤ ਤੋਂ ਸਿੱਖਾਂ ਦੀ ਦੁਸ਼ਮਣ ਜਮਾਤ ਅਣਜਾਣ ਨਹੀਂ। 1984 ਤੋਂ ਜਲਦੀ ਬਾਅਦ ਪੰਜਾਬ ਵਿੱਚ ਸੰਗੀਤ ਬਜ਼ਾਰ (Music Industry) ਵਿੱਚ ਬੜਾ ਵੱਡਾ ਉਛਾਲ ਆਇਆ। ਇਹ ਉਛਾਲ ਲਿਆਂਦਾ ਗਿਆ ਸੀ। ਪਿੰਡ ਪਿੰਡ ਅਤੇ ਸ਼ਹਿਰ ਸ਼ਹਿਰ ਕਲੱਬ ਬਣੇ ਅਤੇ ਜਰਜਰੀ ਜੀਵਨਸ਼ੈਲੀ ਨੂੰ ਪੰਜਾਬ ਦੇ ਸੱਭਿਆਚਾਰ ਦਾ ਜ਼ਬਰਦਸਤੀ ਅੰਗ ਬਣਾਇਆ ਗਿਆ। ਜਿਸ ਵਿੱਚ ਨਾਚ, ਗਾਣਾ, ਸ਼ਰਾਬ ਕਬਾਬ ਸ਼ਬਾਬ, ਔਰਤ ਅਤੇ ਨਸ਼ਿਆਂ ਦੇ ਵਡੱਪਣ ਦਾ ਰੌਲਾ ਪਾਇਆ ਗਿਆ। ਨਸ਼ੇੜੀ, ਜਨਾਨੀਬਾਜ਼ ਅਤੇ ਨਚਾਰਾਂ ਨੂੰ ਪਹਿਲਾਂ ਸਮਾਜ ਵਿੱਚ ਗਾਲ੍ਹ ਦਿੱਤੀ ਜਾਂਦੀ ਸੀ ਪਰ ਵਧੇਰੇ ਰੌਲਾ ਪਾ ਕੇ ਇਹਨਾਂ ਦੇ ਅਉਗਣਾਂ ਨੂੰ ਗੁਣਾ ਵਜੋਂ ਪੇਸ਼ ਕੀਤਾ ਗਿਆ। ਹੁਣ ਨਚਾਰਾਂ ਨੂੰ ਆਮ ਲੋਕਾਂ ਇੱਕ ਮਹਾਨ ਪੁਰਸ਼, ਬਾਬਾ ਗੁਰਦਾਸ ਕਹਿਣ ਵੇਖਣ ਲੱਗ ਪਏ ਹਨ। ਨਸ਼ੇੜੀ ਤੇ ਆਚਰਣਹੀਣ ਲੋਕ ਹੁਣ ਆਮ ਲੋਕਾਂ ਦੀ ਤਰਾਂ ਹੀ ਦੇਖੇ ਜਾਣ ਲੱਗ ਪਏ ਹਨ। ਇੱਕ ਵੇਰਾਂ ਕਿਸੇ ਤੋਂ ਚਾਰ ਚੋਰਾਂ ਨੇ ਬੱਕਰੀ, ਕੁੱਤੀ ਦਾ ਰੌਲਾ ਪਾ ਕੇ ਠੱਗ ਲਈ ਸੀ। ਇਸੇ ਤਰਾਂ ਰੌਲਾ ਪਾ ਕੇ ਨੀਚ ਲੋਕ ਅੱਜ ਸਮਾਜ ਵਿੱਚ ਉੱਚੀ ਥਾਂ ਤੇ ਬਿਠਾਏ ਗਏ ਹਨ। ਆਮ ਲੋਕ ਇਹਨਾਂ ਵਰਗਾ ਬਣਨ ਦੀ ਦਿਲ ਵਿੱਚ ਚਾਹਤ ਰੱਖਦੇ ਹਨ। ਪੰਜਾਬ ਵਿੱਚ ਪਹਿਲਾਂ ਕਦੀਂ ਇੰਨੀ ਤਾਦਾਦ ਵਿੱਚ ਨੌਜਵਾਨ ਕਲਾਕਾਰ ਬਣਨ ਲਈ ਨਹੀਂ ਉੱਠੇ। ’90ਵਿਆਂ ਤੋਂ ਕਲੱਬਾਂ ਨੂੰ ਸਰਕਾਰੀ ਸਹਾਇਤਾ ਦੇ ਕੇ ਹਰ ਇੱਕ ਪਿੰਡ, ਸ਼ਹਿਰ ਅਖਾੜੇ ਲਾਉਣੇ ਆਮ ਕੀਤਾ ਗਿਆ ਸੀ। ਇਸਦਾ ਨਤੀਜਾ ਘਟੀਆ ਲੋਕ, ਲੋਕਾਂ ਵਿੱਚ ਖਿੱਚ ਦਾ ਕੇਂਦਰ ਬਣੇ। ਜੋ ਹੁਣ ਤੱਕ ਜਾਰੀ ਹੈ। ਇਹਨਾਂ ਅਖਾੜਿਆਂ ਦੀ ਬਦੌਲਤ ਹੀ ਪੰਜਾਬੀ ਲੋਕ ਹੱਕਾਂ ਲਈ ਲੜਨਾ ਛੱਡ ਕੇ ਝੱਟ ਨਸ਼ਿਆਂ ਦੀ ਲੋਰ ਵਿੱਚ ਨੱਚਣ ਲੱਗ ਪਏ।

ਹਿੰਦੁਸਤਾਨ ਦੀ ਰਾਜ ਸੱਤਾ ਖੋਹਣ ਲਈ ਅੰਗਰੇਜ਼ਾਂ ਨੇ ਉਥੋਂ ਦੇ ਮੀਰਜ਼ਾਦਿਆਂ ਨੂੰ ਬੜੀ ਆਸਾਨੀ ਨਾਲ ਹਰਾ ਦਿੱਤਾ ਸੀ ਅਤੇ ਤਰਾਂ ਤਰਾਂ ਦੇ ਸਮਝੌਤਿਆਂ ਰਾਹੀਂ ਗੁਲਾਮ ਬਣਾ ਲਿਆ ਸੀ। ਉਹ ਰਾਜੇ ਨਾਚ, ਗਾਣੇ, ਸ਼ਰਾਬ ਅਤੇ ਔਰਤਾਂ ਦੇ ਸ਼ੌਕੀਨ ਸਨ ਅਤੇ ਇਹਨਾਂ ਦੇ ਨਤੀਜੇ ਵਜੋਂ ਸਿਰਫ਼ ਉਹ ਦਿਖਾਵੇ ਦੇ ਰਾਜੇ, ਅੰਗਰੇਜ਼ਾਂ ਦੇ ਪਿੱਠੂ ਬਣ ਕੇ ਰਹਿ ਗਏ ਸਨ। ਉਹ ਰਾਜੇ ਅੱਤ ਦੇ ਆਲਸੀ, ਵਿਲਾਸੀ ਅਤੇ ਯੁੱਧ ਤੋਂ ਡਰਦੇ ਸੀ। ਦਰਬਾਰਾਂ ਵਿੱਚ ਵਿਚਾਰਾਂ ਦੀ ਥਾਂ ਜਸ਼ਨਾਂ ਦੇ ਮਹੌਲਾਂ, ਨਾਚ ਅਤੇ ਔਰਤ ਪ੍ਰੇਮ ਦੇ ਗੀਤਾਂ ਨੇ ਲੈ ਲਈ ਸੀ। ਸੰਗੀਤ ਨੂੰ ਜੇਕਰ ਸਮਝਿਆ ਜਾਏ ਤਾਂ ਮਨੁੱਖ ਦਾ ਜੀਵਨ ਬਣ ਜਾਵੇ ਪਰ ਦੁਰਪਯੋਗ ਨਾਲ ਮਨੁੱਖ ਬਿਲਕੁਲ ਨੀਵੀਂ ਜਗ੍ਹਾ ਤੇ ਪੁੱਜ ਜਾਂਦਾ ਹੈ। ਅੱਜ ਸਾਡੀ ਨਿੱਤ ਦੀ ਜ਼ਿੰਦਗੀ ਵਿੱਚ ਨਾਚ, ਗਾਣੇ, ਔਰਤਾਂ, ਹੁਸਨ ਦੀਆਂ ਗੱਲਾਂ ਨੇ ਲੈ ਲਈ ਹੈ, ਇਹ ਕੰਮ ਬੜੀ ਛੇਤੀ ਸੰਗੀਤ ਦੀ ਮਦਦ ਨਾਲ ਹੋਇਆ ਹੈ। ਪੰਜਾਬੀ ਸਿੱਖ ਜਿਥੇ ਪਹਿਲਾਂ ਅਣਖਾਂ ਵਾਲੇ ਗਿਣੇ ਜਾਂਦੇ ਸੀ, ਅੱਜ ਪੂਰੇ ਹੀ ਬਦਲ ਚੁੱਕੇ ਹਨ। ਪੰਜਾਬ ਤੋਂ ਬਾਹਰ ਸਿੱਖਾਂ ਦੀ ਪਹਿਚਾਣ ਮਜ਼ਾਕ ਦੇ ਪਾਤਰ ਦੇ ਤੌਰ ਤੇ ਬਦਲ ਰਹੀ ਹੈ। ਦਸਤਾਰਾਂ ਵਾਲੇ ਸਿੱਖਾਂ ਨੂੰ ਸਿਰਫ਼ ‘ਬੱਲੇ ਬੱਲੇ’, ਭੰਗੜਾ ਆਦਿ ਤੋਂ ਹੀ ਲੋਕ ਜਾਣਦੇ ਹਨ। ਸਿੱਖ ਕੌਮ ਆਪਣਾ ਵਿਰਸਾ ਦੱਸਣ ਵਿੱਚ ਨਾਕਾਮ ਰਹੀ ਹੈ, ਪਰ ਭੰਗੜੇ, ਨੱਚ ਟੱਪ, ਗੀਤਾਂ ਰਾਹੀਂ ਆਪਣੀ ਵਿਰਾਸਤ ਦਾ ਜਲੂਸ ਕੱਢਿਆ ਹੈ। ਜੇਕਰ ਸਿੱਖਾਂ ਨੇ ਆਪਣੇ ਗੁਰਮਤਿ ਕੀਰਤਨ ਵਿਰਸੇ, ਢਾਡੀ ਵਾਰਾਂ, ਕਵੀ ਦਰਬਾਰਾਂ ਦੇ ਇਤਿਹਾਸ, ਪੁਰਾਤਨ ਸਾਜ਼ਾਂ, ਰਾਗ ਪੜਤਾਲਾਂ, ਸੰਗੀਤ ਸ਼ੈਲੀ ਨੂੰ ਯਾਦ ਤੇ ਜਿਉਂਦਾ ਰੱਖਿਆ ਹੁੰਦਾ ਤਾਂ ਕੋਈ ਦੂਸਰੀ ਸੰਗੀਤ ਸ਼ੈਲੀ ਸਿੱਖਾਂ ਦੀ ਰਵਾਇਤ ਵਿੱਚ ਘੁਸਪੈਠ ਨਾ ਕਰ ਸਕਦੀ। ਦੂਸਰੇ ਸੰਗੀਤ ਨਾਲ ਜੁੜ ਕੇ ਜੇਕਰ ਸਿੱਖ ਇੰਨੇ ਨਿੱਘਰ ਸਕਦੇ ਹਨ ਤਾਂ ਗੁਰਮਤਿ ਸੰਗੀਤ ਨਾਲ ਵਾਪਸ ਆਉਣਗੇ। ਬਿਨ੍ਹਾਂ ਸ਼ੱਕ ਸੰਗੀਤ ਇੰਨੀ ਸਮਰੱਥਾ ਰੱਖਦਾ ਹੈ।

ਸੰਗੀਤ ਅਗੰਮੀ ਤਾਕਤ ਹੈ। ਅਵਾਜ਼ ਦਾ ਰਹੱਸ ਵਚਿੱਤਰ ਹੈ। ਸੰਗੀਤ ਉਹ ਸੁਣਨਾ ਚਾਹੀਦਾ ਹੈ ਜੋ ਮਨੁੱਖ ਦੀ ਜ਼ਿੰਦਗੀ ਸਵਾਰ ਦੇਵੇ। ਗੁਰਮਤਿ ਸੰਗੀਤ ਅਤੇ ਲੋਕ ਗੀਤ ਜੋ ਲੋਕ ਸਿਆਣਪ ਨਾਲ ਭਰੇ ਹੋਣ ਸਮਾਜ ਨੂੰ ਸਹੀ ਲੀਹ ਤੇ ਪਾਉਂਦੇ ਹਨ। ਚੱਕ ਲੋ ਡਰਾਇਵਰੋ ਜਾਂ ਚੱਕ ਲੋ ਰੱਬ ਦਾ ਨਾਂ ਲੈ ਕੇ ਵਰਗੇ ਗੀਤ ਸਮਾਜ ਵਿੱਚ ਵਿਭਚਾਰ ਅਤੇ ਧੀਆਂ ਭੈਣਾਂ ਦੀ ਇੱਜ਼ਤ ਤਬਾਹ ਕਰਨ ਨੂੰ ਉਕਸਾਉਂਦੇ ਹਨ। ਸਾਨੂੰ ਇਸ ਮਸਲੇ ਤੇ ਇਕੱਠਾ ਹੋ ਕੇ ਸੋਚਣਾ ਪੈਣਾ ਹੈ। ਮਾੜੇ ਸੰਗੀਤ ਦਾ ਅਸਰ ਚੰਗੇ ਸੰਗੀਤ ਨਾਲ ਖ਼ਤਮ ਕੀਤਾ ਜਾ ਸਕਦਾ ਹੈ।

ਗੁਰੂ ਨਾਨਕ ਦੇਵ ਜੀ ਨੇ ਰਬਾਬ ਤੋਂ ਗੱਲ ਸ਼ੁਰੂ ਕੀਤੀ ਸੀ, ਰਬਾਬ ਨਾਲ ਮੇਲ ਕੇ ਬਾਣੀ ਗਾਈ ਸੀ। ਗੁਰੂਆਂ ਦੇ ਨੇੜੇ ਜਾਣ ਲਈ ਉਹਨਾਂ ਦੇ ਰਸਤਿਆਂ ਨੂੰ ਪਛਾਣ ਕੇ ਉੱਧਰ ਤੁਰਨਾ ਪੈਣਾ ਹੈ। ਤਦ ਹੀ ਖ਼ਾਲਸਾ ਮੁੜ ਤੋਂ ਸੁਰਜੀਤ ਹੋ ਸਕੇਗਾ।

– ਹਰਪ੍ਰੀਤ ਸਿੰਘ


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: