ਆਮ ਖਬਰਾਂ » ਕੌਮਾਂਤਰੀ ਖਬਰਾਂ » ਸਿੱਖ ਖਬਰਾਂ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 8ਵਾਂ ਮਹਾਨ ਨਗਰ ਕੀਰਤਨ ਰਿਚਮੰਡ ਹਿੱਲ, ਨਿਊਯਾਰਕ ਵਿਖੇ ਸਜਾਇਆ ਗਿਆ

September 12, 2018 | By

ਚੰਡੀਗੜ੍ਹ: ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਜੋ ਈਸਟ ਕੋਸਟ ਦੇ ਸਮੂਹ ਗੁਰਦੁਆਰਾ ਸਾਹਿਬਾਨ ਦੀ ਅਗਵਾਈ ਕਰਦਾ ਹੈ, ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 8ਵਾਂ ਮਹਾਨ ਨਗਰ ਕੀਰਤਨ ਸਤੰਬਰ 9, 2018 ਦਿਨ ਐਤਵਾਰ ਨੂੰ ਸਜਾਇਆ ਗਿਆ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਜ ਨਿਸ਼ਾਨਚੀ ਸਾਹਿਬਾਨ ਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਵਿੱਚ ਠੀਕ 12.30 ਵਜੇ ਹੈੱਡ ਗ੍ਰੰਥੀ ਗਿਆਨੀ ਭੁਪਿੰਦਰ ਸਿੰਘ ਜੀ ਦੇ ਅਰਦਾਸ ਕਰਨ ਉਪਰੰਤ ਨਗਰ ਕੀਰਤਨ ਦੀ ਆਰੰਭਤਾ ਹੋਈ। ਨਗਰ ਕੀਰਤਨ ਵਿਚ ਸਭ ਤੋਂ ਅੱਗੇ ਗੁਰਦੁਆਰਾ ਸਾਹਿਬ ਦੇ ਬੱਚਿਆਂ ਦਾ ਬਾਬਾ ਜੁਝਾਰ ਸਿੰਘ ਮਾਰਚਿੰਗ ਬੈਂਡ, ਉਸ ਤੋਂ ਬਾਅਦ ਦਸਮੇਸ਼ ਨਗਾਰਾ ਜਥੇ ਦੇ ਸਿੰਘ ਵੀ ਨਗਾਰੇ ਵਜਾਉਂਦੇ ਹੋਏ ਜੈਕਾਰਿਆਂ ਦੀ ਗੂੰਜ ਨਾਲ ਇਸ ਨਗਰ ਕੀਰਤਨ ਨੂੰ ਹੋਰ ਵੀ ਅਲੌਕਿਕ ਬਣਾ ਰਹੇ ਸਨ। ਉਨ੍ਹਾਂ ਤੋਂ ਬਾਅਦ ਸਿੱਖ ਸੰਗਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਰਸਤੇ ਨੂੰ ਝਾੜੂਆਂ ਨਾਲ ਸਫ਼ਾਈ ਕਰ ਰਹੀਆਂ ਸਨ। ਉਨ੍ਹਾਂ ਤੋਂ ਬਾਅਦ ਦੋ ਸਿੰਘ ਕੇਸਰੀ ਨਿਸ਼ਾਨ ਸਾਹਿਬ ਤੇ ਅਮਰੀਕਨ ਫਲੈਗ ਫੜ ਕੇ ਚੱਲ ਰਹੇ ਸਨ। ਉਨ੍ਹਾਂ ਤੋਂ ਬਾਅਦ ਪੰਜ ਨਿਸ਼ਾਨਚੀ ਸਾਹਿਬਾਨ ਦੇ ਅੱਗੇ ਅੱਗੇ ਸੰਗਤਾਂ ਜਲ ਛਿੜਕਾ ਰਹੀਆਂ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਾਲ ਸੰਗਤਾਂ ਸਤਿਨਾਮ ਵਾਹਿਗੁਰੂ ਦਾ ਸਿਮਰਨ ਕਰਦੀਆਂ ਚੱਲ ਰਹੀਆਂ ਸਨ। ਮੌਸਮ ਖ਼ਰਾਬ ਹੋਣ ਤੇ ਬਾਵਜੂਦ ਵੀ ਸੰਗਤਾਂ ਨੇ ਵੱਧ ਚੜ੍ਹ ਕੇ ਇਸ ਨਗਰ ਕੀਰਤਨ ਵਿਚ ਸ਼ਮੂਲੀਅਤ ਕੀਤੀ।

ਸੱਚਖੰਡ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਸਾਹਿਬ ਦੇ ਸਾਬਕਾ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ ਅਤੇ ਸਾਬਕਾ ਹਜ਼ੂਰੀ ਅਰਦਾਸੀ ਸਿੰਘ ਭਾਈ ਧਰਮ ਸਿੰਘ ਜੀ ਨੇ ਨਗਰ ਕੀਰਤਨ ਵਿਚ ਵਿਸ਼ੇਸ਼ ਤੌਰ ਹਾਜ਼ਰੀ ਭਰੀ। ਨਗਰ ਕੀਰਤਨ ਵਿੱਚ Queens Borough President Ms. Melinda KATZ, Assemblyman David Veprin, 102 Precinct commanding officer captian coutney B NILAN, NYPD Queens South Assistant Chief- David Barrere ਨੇ ਵੀ ਹਾਜ਼ਰੀ ਭਰੀ ਅਤੇ ਸਮੂਹ ਸਿੱਖ ਜਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ।

ਨਗਰ ਕੀਰਤਨ ਦੌਰਾਨ ਸਿੱਖ ਪੰਥ ਦੇ ਨਾਮਵਰ ਕੀਰਤਨੀ ਜਥੇ ਭਾਈ ਗਗਨਦੀਪ ਸਿੰਘ ਅਲਵਰ ਵਾਲੇ, ਭਾਈ ਬਲਜਿੰਦਰ ਸਿੰਘ ਜੀ ਪਿਹੋਵੇ ਵਾਲਿਆਂ ਨੇ ਸੰਗਤਾਂ ਨੂੰ ਕੀਰਤਨ ਨਾਲ ਜੋੜਿਆ ਅਤੇ ਗੁਰੂਜਸ ਸਰਵਣ ਕਰਵਾਇਆ। ਇਸ ਤੋਂ ਅਗਲੇ ਫਲੋਟ ਤੇ ਢਾਡੀ ਜਥਾ ਭਾਈ ਲਖਵੀਰ ਸਿੰਘ ਕੋਮਲ ਅਤੇ ਕਵੀਸ਼ਰੀ ਜਥਾ ਭਾਈ ਸੁੱਚਾ ਸਿੰਘ ਡੇਰਾ ਪਠਾਣਾਂ, ਗੁਰਦਾਸਪੁਰ ਵਾਲੇ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕਰ ਰਹੇ ਸਨ।

ਇਸ ਤੋਂ ਅਗਲੇ ਫਲੋਟ ਤੇ ਸਿੱਖ ਫਾਰ ਜਸਟਿਸ, ਸਿੱਖ ਯੂਥ ਆਫ ਅਮਰੀਕਾ, ਸ਼ੋ੍ਰਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਬੁਲਾਰੇ ਸੰਗਤਾਂ ਨੂੰ ਸੰਬੋਧਨ ਕਰ ਰਹੇ ਸਨ। ਨਗਰ ਕੀਰਤਨ ਵਿਚ ਬੱਚਿਆਂ ਵਲੋਂ ਗਤਕੇ ਦੇ ਜੌਹਰ ਵੀ ਦਿਖਾਏ ਗਏ। ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ 101 ਐਵੀਨਿਊ ਤੇ ਸਥਿਤ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਵਿਖੇ ਪਹੁੰਚਿਆ, ਜਿੱਥੇ ਸਮੂਹ ਪ੍ਰਬੰਧਕ ਕਮੇਟੀ ਤੇ ਸੰਗਤਾਂ ਨੇ ਨਗਰ ਕੀਰਤਨ ਨੂੰ ਜੀ ਆਇਆਂ ਕੀਤਾ ਅਤੇ ਫੁੱਲਾਂ ਦੀ ਵਰਖਾ ਕਰਦਿਆਂ ਰੁਮਾਲਾ ਸਾਹਿਬ ਭੇਟਾ ਕੀਤਾ।

ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਵਲੋਂ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਦੀ ਪ੍ਰਬੰਧਕ ਕਮੇਟੀ ਤੋਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਪੂਰੇ ਰਸਤੇ ਵਿਚ ਸੰਗਤਾਂ ਲਈ ਥਾਂ ਥਾਂ ਤੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਸੀ। ਸੰਗਤਾਂ ਨੇ ਲੰਗਰਾਂ ਦਾ ਖੂਬ ਆਨੰਦ ਮਾਣਿਆ। ਨਗਰ ਕੀਰਤਨ ਦੇ ਪੂਰੇ ਰਸਤੇ ਵਿਚ ਜੈਕਾਰਿਆਂ ਦੀ ਗੂੰਜ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਇਹ ਇਕ ਬਹੁਤ ਹੀ ਅਲੌਕਿਕ ਨਜ਼ਾਰਾ ਸੀ। ਸੰਗਤਾਂ ਦੇ ਹੱਥ ਵਿਚ ਫੜੀਆਂ ਕੇਸਰੀ ਝੰਡੀਆਂ ਇਸ ਤਰ੍ਹਾਂ ਅਹਿਸਾਸ ਕਰਵਾ ਰਹੀਆਂ ਸਨ ਜਿਵੇਂ ਹਰ ਪਾਸੇ ਖਾਲਸੇ ਦਾ ਰਾਜ ਹੋ ਗਿਆ ਹੋਵੇ। ਗੁਰਦੁਆਰਾ ਸਾਹਿਬ ਵਲੋਂ ਸਮੂਹ ਸੇਵਾਦਾਰਾਂ ਦਾ ਧੰਨਵਾਦ ਕੀਤਾ ਗਿਆ। ਜਿਨ੍ਹਾਂ ਵਿਚੋਂ ਸ. ਕੁਲਵਿੰਦਰ ਸਿੰਘ ਸੁਖ ਆਸਣਾਂ ਤੇ ਬਿਰਾਜਮਾਨ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕ੍ਰਿਪਾ ਸਦਕਾ ਜੈਕਾਰਿਆਂ ਦੀ ਗੂੰਜ ਵਿਚ ਇਹ ਨਗਰ ਕੀਰਤਨ ਸੰਪੰਨ ਹੋਇਆ।

ਜਨਰਲ ਸੈਕਟਰੀ ਸ. ਭੁਪਿੰਦਰ ਸਿੰਘ ਅਟਵਾਲ, ਸ. ਕੁਲਦੀਪ ਸਿੰਘ ਵੜੈਚ ਨੇ ਨਗਰ ਕੀਰਤਨ ਦੌਰਾਨ ਸਟੇਜ ਦੀ ਕਾਰਵਾਈ ਬਹੁਤ ਸੁਚੱਜੇ ਢੰਗ ਨਾਲ ਨਿਭਾਈ। ਕੋਆਰਡੀਨੇਟਰ ਸ .ਗੁਰਦੇਵ ਸਿੰਘ ਕੰਗ, ਚੇਅਰਮੈਨ ਸ. ਸੁਰਜੀਤ ਸਿੰਘ ਮੂਧਲ ਨੇ ਇਸ ਨਗਰ ਕੀਰਤਨ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਵਿਚ ਪੂਰਾ ਯੋਗਦਾਨ ਪਾਇਆ। ਮੁੱਖ ਸੇਵਾਦਾਰ ਸ. ਕੁਲਦੀਪ ਸਿੰਘ ਢਿੱਲੋਂ ਨੇ ਸਾਰੀਆਂ ਸੰਗਤਾਂ ਤੇ ਪਤਵੰਤੇ ਸੱਜਣਾਂ ਦਾ ਨਗਰ ਕੀਰਤਨ ਤੇ ਪਹੁੰਚਣ ਤੇ ਧੰਨਵਾਦ ਕੀਤਾ ਅਤੇ ਸਮੂਹ ਜਗਤ ਨੂੰ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: