ਸਿੱਖ ਖਬਰਾਂ

ਸੱਚਖੰਡ ਦਰਬਾਰ ਸਾਹਿਬ ਜੀ ਦੀ ਦਰਸ਼ਨੀ ਡਿਉੜੀ ਵਿਖੇ ਨਵੇਂ ਦਰਵਾਜ਼ੇ ਲਾਏ

October 7, 2018 | By

ਅੰਮ੍ਰਿਤਸਰ (6 ਅਕਤੂਬਰ) ਨਰਿੰਦਰਪਾਲ ਸਿੰਘ: ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਉੜੀ ਦੇ ਨਵੇਂ ਤਿਆਰ ਕੀਤੇ ਗਏ ਦਰਵਾਜ਼ਿਆਂ ਦੀ ਅੱਜ ਜੈਕਾਰਿਆਂ ਦੀ ਗੂੰਜ ਦਰਮਿਆਨ ਸਥਾਪਨਾ ਕੀਤੀ ਗਈ। ਕਾਰ ਸੇਵਾ ਰਾਹੀਂ ਤਿਆਰ ਕਰਵਾਏ ਇਨ੍ਹਾਂ ਬੇਸ਼ਕੀਮਤੀ ਦਰਵਾਜਿਆਂ ਲਈ ਸਿੱਖ ਸੰਗਤਾਂ ਤੇ ਸ਼੍ਰੋਮਣੀ ਕਮੇਟੀ ਨੂੰ 8 ਸਾਲ ਦਾ ਇੰਤਜਾਰ ਕਰਨਾ ਪਿਆ ਜਦੋਂ ਕਿ ਕਮੇਟੀ ਦਾਅਵਿਆਂ ਅਨੁਸਾਰ ਇਹ ਦਰਵਾਜੇ ਇੱਕ ਸਾਲ ਵਿੱਚ ਤਿਆਰ ਹੋਣੇ ਸਨ। ਦਰਸ਼ਨੀ ਡਿਊੜੀ ਵਿਖੇ ਸਥਾਪਿਤ ਕਰਨ ਲਈ ਸ਼੍ਰੋਮਣੀ ਕਮੇਟੀ ਵਲੋਂ ਕਰਵਾਏ ਸਮਾਗਮ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਸਜੇ ਦੀਵਾਨ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ।

ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਭਿਖੀਵਿੰਡ ਨੇ ਅਰਦਾਸ ਕੀਤੀ। ਆਪਣੇ ਸੰਬੋਧਨ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਦਰਸ਼ਨੀ ਡਿਉੜੀ ਦੇ ਬੇਹੱਦ ਸੁੰਦਰ ਦਰਵਾਜ਼ੇ ਕਾਰਸੇਵਾ ਭੂਰੀਵਾਲਿਆਂ ਵੱਲੋਂ ਬਾਬਾ ਕਸ਼ਮੀਰ ਸਿੰਘ ਅਤੇ ਬਾਬਾ ਸੁਖਵਿੰਦਰ ਸਿੰਘ ਦੀ ਦੇਖ-ਰੇਖ ਹੇਠ ਪੁਰਾਤਨ ਦਰਵਾਜ਼ਿਆਂ ਦੀ ਤਰਜ ਤੇ ਹੀ ਤਿਆਰ ਕੀਤੇ ਗਏ ਹਨ।

ਸੱਚਖੰਡ ਦਰਬਾਰ ਸਾਹਿਬ ਦੀ ਦਰਸ਼ਨੀ ਡਿਉੜੀ ਵਿਖੇ ਨਵੇਂ ਦਰਵਾਜ਼ੇ ਲਾਏ | 6 ਅਕਤੂਬਰ, 2018

ਸ਼੍ਰੋਮਣੀ ਕਮੇਟੀ ਉਤਾਰੇ ਗਏ ਪੁਰਾਤਨ ਦਰਵਾਜ਼ਿਆਂ ਨੂੰ ਸੁਰੱਖਿਅਤ ਸੰਭਾਲ ਕੇ ਰੱਖੇਗੀ। ਦੱਸਿਆ ਗਿਆ ਹੈ ਕਿ ਦਰਬਾਰ ਸਾਹਿਬ ਦੀ ਦਰਸ਼ਨੀ ਡਿਉੜੀ ਦੇ ਨਵੇਂ ਲਗਾਏ ਗਏ ਦਰਵਾਜ਼ੇ ਪੁਰਾਤਨ ਦਰਵਾਜ਼ਿਆਂ ਦੀ ਤਰ੍ਹਾਂ ਹੂਬਹੂ ਬਣਾਏ ਗਏ ਹਨ। ਟਾਹਲੀ ਦੀ ਕਾਲੀ ਲੱਕੜ ਵਰਤੀ ਗਈ ਹੈ।ਇਸ ਦੇ ਇਕ ਪਾਸੇ ਚਾਂਦੀ ਦੀ ਪਰਤ ਅਤੇ ਦੂਸਰੇ ਪਾਸੇ ਸਮੁੰਦਰੀ ਸਿੱਪ ਨਾਲ ਸੁੰਦਰ ਮੀਨਾਕਾਰੀ ਕੀਤੀ ਗਈ ਹੈ। ਇਹ ਮੀਨਾਕਾਰੀ ਕੁਦਰਤ ਦਾ ਪ੍ਰਭਾਵ ਸਿਰਜਦੀ ਹੈ, ਜਿਸ ਵਿਚ ਖੂਬਸੂਰਤ ਦਰੱਖਤ, ਵੇਲਾਂ ਅਤੇ ਪੰਛੀ ਦਿਖਾਏ ਗਏ ਹਨ। ਮੀਨਾਕਾਰੀ ਕਰਨ ਲਈ ਆਗਰੇ ਅਤੇ ਅੰਮ੍ਰਿਤਸਰ ਦੇ ਕਾਰੀਗਰਾਂ ਵੱਲੋਂ ਸੇਵਾਵਾਂ ਨਿਭਾਈਆਂ ਗਈਆਂ ਹਨ ਅਤੇ ਲੱਕੜ ਦਾ ਕੰਮ ਕਾਰਸੇਵਾ ਭੂਰੀਵਾਲਿਆਂ ਦੇ ਕਾਰੀਗਰਾਂ ਨੇ ਕੀਤਾ ਹੈ। ਦਰਵਾਜ਼ਿਆਂ ਦੀ ਉਚਾਈ 118 ਇੰਚ, ਜਦਕਿ ਚੌੜਾਈ 110 ਇੰਚ ਹੈ। ਇਨ੍ਹਾਂ ਦੇ ਬਾਹਰਲੇ ਹਿੱਸੇ ’ਤੇ 60 ਕਿਲੋ ਚਾਂਦੀ ਲਗਾਈ ਗਈ ਹੈ।

ਦਰਸ਼ਨੀ ਡਿਊੜੀ ਵਿਖੇ ਦਰਵਾਜਿਆਂ ਦੀ ਨਵੀਂ ਜੋੜੀ ਸਥਾਪਿਤ ਹੋਣ ਨਾਲ ਕਮੇਟੀ ਪਾਸ ਦੋ ਵੱਖ ਵੱਲ਼ ਜੋੜੀਆਂ ਦਰਵਾਜੇ ਸੰਭਾਲਣ ਯੋਗ ਹੋ ਗਏ ਹਨ। ਇੱਕ ਜੋੜੀ ਦਰਵਾਜੇ ਤਾਂ ਉਹ ਜੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਮੌਕੇ ਤਿਆਰ ਕਰਵਾਕੇ ਲਗਾ ਗਏ ਸਨ ਤੇ ਸਾਲ 2010 ਵਿੱਚ ਇਨ੍ਹਾਂ ਦਰਵਾਜਿਆਂ ਦੀਆਂ ਹੇਠਲੀਆਂ ਚੂਲਾਂ ਗਲ੍ਹ ਜਾਣ ਤੇ ਬਾਹੀਆਂ ਵਿੱਚ ਢਿੱਲ ਆ ਜਾਣ ਕਾਰਣ ਉਤਾਰੇ ਗਏ ਸਨ। ਦੂਸਰੀ ਜੋੜੀ ਦਰਵਾਜੇ ਉਹ ਹਨ ਜੋ ਕਾਰਸੇਵਾ ਸ਼ੁਰੂ ਕਰਨ ਮੌਕੇ ਆਰਜੀ ਤੌਰ ਤੇ ਲਗਾਏ ਗਏ।ਜਿਕਰ ਤਾਂ ਇਹ ਵੀ ਕਰਨਾ ਬਣਦਾ ਹੈ ਕਿ ਕਾਰਸੇਵਾ ਸ਼ੁਰੂ ਕਰਦਿਆਂ ਸ਼੍ਰੋਮਣੀ ਕਮੇਟੀ ਤੇ ਕਾਰਸੇਵਾ ਵਾਲੇ ਸੇਵਾਦਾਰਾਂ ਨੇ ਦਾਅਵਾ ਕੀਤਾ ਸੀ ਕਿ ਪੁਰਾਤਨ ਦਰਵਾਜਿਆਂ ਵਾਂਗ ਨਵੀਂ ਜੋੜੀ ਤੇ ਵੀ ਹਾਥੀ ਦੰਦ ਦਾ ਕੰਮ ਜਰੂਰ ਹੋਵੇਗਾ। ਪ੍ਰੰਤੂ ਭਾਰਤ ਵਿੱਚ ਹਾਥੀ ਦੰਦ ਤੇ ਪਾਬੰਦੀ ਦੀ ਗਲ ਕਰਦਿਆਂ ਇਨ੍ਹਾਂ ਦਰਵਾਜਿਆਂ ਨੂੰ ਕੁਝ ਸਾਲ ਸੁਰਖਿਅਤ ਰੱਖ ਲਿਆ ਗਿਆ ਤੇ ਸੰਗਤਾਂ ਵਲੋਂ ਅਵਾਜ ਉਠਾਉਣ ਤੇ ਜੋ ਦਰਵਾਜੇ ਸਥਾਪਿਤ ਕੀਤੇ ਗਏ ਉਨ੍ਹਾਂ ਉਪਰ ਸਮੁੰਦਰੀ ਸਿੱਪ ਦਾ ਕੰਮ ਕਰਨ ਦਾ ਦਾਅਵਾ ਕੀਤਾ ਗਿਆ ਹੈ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: