ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ » ਲੇਖ » ਸਿੱਖ ਖਬਰਾਂ

ਮਿਸਟਰ ਗੁਟਰੇਸ ਨੂੰ ਕਮੇਟੀ ਵਲੋਂ ਮੰਗ ਪੱਤਰ: ਨਾ ਸਿੱਖ ਰੈਫਰੈਂਸ ਲਾਇਬਰੇਰੀ ਦਾ ਜਿਕਰ ਨਾ ਸਿੱਖ ਨਸਲਕੁਸ਼ੀ ਦਾ ਸਬੂਤ

October 4, 2018 | By

ਨਰਿੰਦਰ ਪਾਲ ਸਿੰਘ
ਵਿਸ਼ਵ ਭਰ ਵਿੱਚ ਆਮ ਤੇ ਵਿਸ਼ੇਸ਼ ਕਰਕੇ ਸਮਾਜ ਦੇ ਦੱਬੇ ਕੁਚਲੇ ਤੇ ਘੱਟ ਗਿਣਤੀ ਲੋਕਾਂ ਦੇ ਮਨੁੱਖੀ ਹੱਕਾਂ ਦੀ ਹੋ ਰਹੀ ਉਲੰਘਣਾ ਦੀ ਸੁਣਵਾਈ ਕਰਨ ਵਾਲੇ ਸੰਯੁਕਤ ਰਾਸ਼ਟਰ ਸੰਘ ਦੇ ਸਕੱਤਰ ਜਨਰਲ ਮਿਸਟਰ ਐਨਟੋਨੀਓ ਗੁਟਰੇਸ ਦੀ ਬੀਤੇ ਕਲ੍ਹ ਦਰਬਾਰ ਸਾਹਿਬ ਫੇਰੀ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇੱਕ ਮੰਗ ਪੱਤਰ ਸੌਪਿਆ ਗਿਆ ਸੀ। ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂੋਗੋਵਾਲ ਵਲੋਂ ਸਕੱਤਰ ਜਨਰਲ ਨੂੰ ਇਹ ਮੰਗ ਪੱਤਰ ਸੌਪਦਿਆਂ ਵਰਣਨ ਕੀਤਾ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਇਹ ਮੰਗ ਪੱਤਰ ਸਮੁੱਚੇ ਸਿੱਖ ਜਗਤ ਵਲੋਂ ਸੌਂਪ ਰਹੀ ਹੈ। ਮੰਗ ਪੱਤਰ ਵਿਚ ਭਾਰਤੀ ਹਕੂਮਤ ਦੇ ਹੁਕਮ ਅਤੇ ਸ਼ਹਿ ਤੇ ਅੰਜ਼ਾਮ ਦਿੱਤੀ ਗਈ, ਜੂਨ 1984 ਦੇ ਫੌਜੀ ਹਮਲੇ ਦੌਰਾਨ ਅਤੇ ਨਵੰਬਰ 1984 ਵਿੱਚ ਦਿੱਲੀ ਤੇ ਹੋਰ ਸ਼ਹਿਰਾਂ ਵਿੱਚ ਸਿੱਖ ਨਸਲਕੁਸ਼ੀ, ਅਮਰੀਕਾ ਵਿੱਚ 9/11 ਦੇ ਹਮਲੇ ਬਾਅਦ ਸਿੱਖ ਪਹਿਚਾਣ ਬਾਰੇ ਪਾਏ ਜਾ ਰਹੇ ਭੁਲੇਖਿਆਂ ਕਾਰਣ ਹੋ ਰਹੇ ਨਸਲੀ ਹਮਲਿਆਂ ਬਾਰੇ ਜਾਣੂ ਕਰਵਾਇਆ ਗਿਆ ਹੈ। ਮੰਗ ਪੱਤਰ ਵਿੱਚ ਸਿੱਖ ਧਰਮ ਪੰਥ ਦੇ ਬਾਨੀ ਗੁਰੂ ਨਾਨਕ ਪਾਤਸ਼ਾਹ ਦੇ ਪਾਕਿਸਤਾਨ ਸਥਿਤ ਯਾਦਗਾਰੀ ਅਸਥਾਨ ਗੁ:ਕਰਤਾਰਪੁਰ ਦੇ ਲਈ ਸੁਰਖਿਅਤ ਵੀਜਾ ਮੁਕਤ ਲਾਂਘੇ ਦੀ ਮੰਗ ਕੀਤੀ ਗਈ ਹੈ ।

ਦਰਬਾਰ ਸਾਹਿਬ ਅੰਦਰ ਦਰਸ਼ਨ ਕਰਨ ਮੌਕੇ

ਕੇਂਦਰ ਦੀ ਤਤਕਾਲੀਨ ਕਾਂਗਰਸ ਸਰਕਾਰ ਦੇ ਹੁਕਮਾਂ ਤੇ ਜੂਨ 1984 ਵਿੱਚ ਭਾਰਤੀ ਫੌਜ ਦੁਆਰਾ ਅਤੇ ਨਵੰਬਰ 1984 ਵਿੱਚ ਦਿੱਲੀ ਸਮੇਤ ਦੇਸ਼ ਦੇ ਪ੍ਰਮੁਖ ਸ਼ਹਿਰਾਂ ਵਿੱਚ ਅੰਜ਼ਾਮ ਦਿੱਤੀ ਗਈ ਸਿੱਖ ਨਸਲਕੁਸ਼ੀ ਅਤੇ ਸਿੱਖਾਂ ਦੀਆਂ ਹੱਕੀ ਧਾਰਮਿਕ ਮੰਗਾਂ ਤੇ ਉਨ੍ਹਾਂ ਦੇ ਮਨੁਖੀ ਅਧਿਕਾਰਾਂ ’ਤੇ ਮਾਰੇ ਜਾ ਰਹੇ ਡਾਕੇ ਦੀ ਹੀ ਗਲ ਕੀਤੀ ਜਾਏ ਤਾਂ ਸ਼੍ਰੋਮਣੀ ਕਮੇਟੀ ਵਲੋਂ ਸੰਯੁਕਤ ਰਾਸ਼ਟਰ ਸੰਘ ਨੂੰ ਸਭ ਤੋਂ ਪਹਿਲਾ ਮੰਗ ਪੱਤਰ 29 ਅਪ੍ਰੈਲ 1992 ਵਿੱਚ ਸੌਪਿਆ ਗਿਆ ਸੀ। ਜਿਕਰ ਕਰਨਾ ਬਣਦਾ ਹੈ ਕਿ ਸੰਘ ਦੇ ਤਤਕਾਲੀਨ ਨਵ ਨਿਯੁਕਤ ਸਕੱਤਰ ਜਨਰਲ ਮਿਸਟਰ ਬੁਤਰਸ ਬੁਤਰਸ ਘਾਲੀ 22 ਅਪ੍ਰੈਲ 1992 ਤੋਂ ਭਾਰਤ ਦੇ ਵਿਸ਼ੇਸ਼ ਦੌਰੇ ਤੇ ਆਏ ਸਨ। ਉਨ੍ਹਾਂ ਨੂੰ ਸੌਪੇ ਗਏ ਮੰਗ ਪੱਤਰ ਉਪਰ ਦਸਤਖਤ ਕਰਨ ਵਾਲਿਆਂ ਵਿੱਚ ਸ੍ਰ:ਸਿਮਰਨਜੀਤ ਸਿੰਘ ਮਾਨ, ਪਰਕਾਸ਼ ਸਿੰਘ ਬਾਦਲ, ਤਤਕਾਲੀਨ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੋਹੜਾ, ਦਿੱਲੀ ਤੋਂ ਜਥੇਦਾਰ ਇੰਦਰਪਾਲ ਸਿੰਘ ਖਾਲਸਾ, ਹਰਚਰਨ ਸਿੰਘ ਦਿੱਲੀ, ਸੁਖਬੀਰ ਸਿੰਘ ਖਾਲਸਾ ਤੇ ਰਜਿੰਦਰ ਸਿੰਘ ਮੋਗਾ ਸ਼ਾਮਿਲ ਸਨ। ਮਿਸਟਰ ਬੁਤਰਸ ਬੁਤਰਸ ਘਾਲੀ ਵੀ ਪੰਜਾਬ ਜਾਂ ਅੰਮ੍ਰਿਤਸਰ ਨਹੀ ਸਨ ਆਏ ਬਲਕਿ ਸਿੱਖ ਆਗੂਆਂ ਵਲੋਂ ਇਹ ਮੰਗ ਪੱਤਰ ਬਕਾਇਦਾ ਦਿੱਲੀ ਜਾ ਕੇ ਦਿੱਤਾ ਗਿਆ ਸੀ।

ਜਿਕਰ ਕਰਨਾ ਬਣਦਾ ਹੈ ਕਿ ਉਸ ਵੇਲੇ ਪੰਜਾਬ ਵਿੱਚ ਸਿੱਖ ਨੌਜੁਆਨਾਂ ਨੂੰ ਝੂਠੇ ਪਲਿਸ ਮੁਕਾਬਲਿਆਂ ਵਿੱਚ ਮਾਰਨ ਦਾ ਮਾਹੌਲ ਸਿਖਰਾਂ ਤੇ ਸੀ। ਸਰਕਾਰੀ ਸ਼ਹਿ ’ਤੇ ਪੁਲਿਸ ਅਤੇ ਅਰਧ ਸਰਕਾਰੀ ਸੁਰਖਿਆ ਦਸਤਿਆਂ ਵਲੋਂ ਝੂਠੇ ਮੁਕਾਬਲਿਆਂ ਵਿੱਚ ਮਾਰਕੇ ਲਾਵਾਰਿਸ ਆਖ ਸਾੜ ਦਿੱਤੇ ਜਾਣ ਦਾ ਤਲਖ ਸੱਚ ਸਾਹਮਣੇ ਲਿਆਣ ਵਾਲੇ ਸ੍ਰ:ਜਸਵੰਤ ਸਿੰਘ ਖਾਲੜਾ ਵੀ ਸਤੰਬਰ 1995 ਵਿੱਚ ਖਤਮ ਕਰ ਦਿੱਤੇ ਗਏ ਸਨ। ਸ੍ਰ:ਪਰਕਾਸ਼ ਸਿੰਘ ਬਾਦਲ 1996 ਵਿੱਚ ਸ਼੍ਰੋਮਣੀ ਕਮੇਟੀ ਅਤੇ 1998 ਵਿੱਚ ਪੰਜਾਬ ਦੀ ਸੱਤਾ ’ਤੇ ਆਪਣੀ ਪਕੜ ਬਨਾਉਣ ਵਿੱਚ ਸਫਲ ਹੋ ਗਏ ਸਨ। ਇਨ੍ਹਾਂ ਦਿਨ੍ਹਾਂ ਵਿੱਚ ਹੀ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਅਤੇ ਸੁਪਰੀਮ ਕੋਰਟ ਦੇ ਹੁਕਮਾਂ ਸਦਕਾ ਲਾਵਾਰਿਸ ਲਾਸ਼ਾਂ ਅਤੇ ਜਬਰੀ ਗਾਇਬ ਕਰ ਦਿੱਤੇ ਗਏ ਨੌਜੁਆਨਾਂ ਦੇ ਮਾਮਲਿਆਂ ਦੀ ਜਾਂਚ ਸੀ.ਬੀ.ਆਈ. ਕਰ ਰਹੀ ਸੀ। ਅਜਿਹੇ ਮਾਮਲਿਆਂ ਵਿੱਚ ਉਂਗਲਾਂ ’ਤੇ ਗਿਣੇ ਜਾਣ ਵਾਲੇ ਕੁਝ ਪੀੜਤਾਂ ਨੂੰ ਹੀ ਇਨਸਾਫ ਮਿਲ ਸਕਿਆ ਹੈ, ਇਹ ਇੱਕ ਕੌੜਾ ਸੱਚ ਹੈ।

ਜਿਕਰ ਕਰਨਾ ਬਣਦਾ ਹੈ ਕਿ 1992 ਤੋਂ ਬਾਅਦ 26 ਸਾਲ ਬੀਤ ਜਾਣ ’ਤੇ ਵੀ ਕਦੇ ਸ੍ਰ:ਪਰਕਾਸ਼ ਸਿੰਘ ਬਾਦਲ ਜਾਂ ਉਨ੍ਹਾਂ ਦੇ ਕਬਜੇ ਹੇਠਲੀ ਸ਼੍ਰੋਮਣੀ ਕਮੇਟੀ ਨੇ ਕਦੇ ਵਿਸ਼ਵ ਦੀ ਸਰਵੋਤਮ ਸੰਸਥਾ ਸੰਯੁਕਤ ਰਾਸ਼ਟਰ ਸੰਘ ਪਾਸ ਸਿੱਖਾਂ ਨਾਲ ਹੋ ਰਹੇ ਵਿਤਕਰਿਆਂ ਦੀ ਅਵਾਜ ਪਹੁੰਚਾਣ ਦੀ ਕੋਸ਼ਿਸ਼ ਨਹੀ ਕੀਤੀ । ਬੀਤੇ ਕਲ੍ਹ ਸ਼੍ਰੋਮਣੀ ਕਮੇਟੀ ਨੇ ਸਕੱਤਰ ਜਨਰਲ ਨੂੰ ਸੌਪੇ ਮੰਗ ਪੱਤਰ ਵਿੱਚ ਜਿਕਰ ਕੀਤਾ ਹੈ ਕਿ ਅਮਰੀਕਾ ਵਿੱਚ ਵਾਪਰੀ 9/11 ਦੀ ਦਹਿਸ਼ਤ ਗਰਦੀ ਨਾਲ ਜੁੜੀ ਘਟਨਾ ਕਾਰਣ ਸਿੱਖਾਂ ਦੀ ਪਹਿਚਾਣ ਨੂੰ ਲੈਕੇ ਵਿਦੇਸ਼ਾਂ ਵਿੱਚ ਭਰਮ ਭੁਲੇਖੇ ਅਤੇ ਨਸਲ ਹਮਲੇ ਵਧੇ ਹਨ। ਜਿਕਰ ਕਰਨਾ ਬਣਦਾ ਹੈ ਕਿ ਮਿਸਟਰ ਬੁਤਰਸ ਘਾਲੀ ਦਸੰਬਰ 1996 ਤੀਕ ਤੇ ਉਨ੍ਹਾਂ ਤੋਂ ਬਾਅਦ ਜਨਵਰੀ 2006 ਤੀਕ ਮਿਸਟਰ ਕਾਫੀ ਅਨਾਨ ਤੇ 1 ਜਨਵਰੀ 2017 ਤੋਂ ਮਿਸਟਰ ਐਨਟੋਨੀਓ ਗੁਟਰੇਸ, ਸੰਯੁਕਤ ਰਾਸ਼ਟਰ ਸੰਘ ਦੇ ਸਕੱਤਰ ਜਨਰਲ ਚਲ ਰਹੇ ਹਨ। ਸੰਯੁਕਤ ਰਾਸ਼ਟਰ ਸੰਘ ਦਾ ਦਿੱਲੀ ਵਿੱਚ ਸਫਾਰਤ ਖਾਨਾ ਮੌਜੂਦ ਹੈ । ਸ਼੍ਰੋਮਣੀ ਕਮੇਟੀ ਪਿਛਲੇ 34 ਸਾਲਾਂ ਤੋਂ ਨਿਰੰਤਰ ਭਾਰਤ ਸਰਕਾਰ ਪਾਸੋਂ ਜੂਨ 84 ਤੇ ਨਵੰਬਰ 84 ਦੇ ਸਿੱਖ ਕਤਲੇਆਮ ਲਈ ਇਨਸਾਫ ਮੰਗਦੀ ਆ ਰਹੀ ਹੈ ਪਰ 29 ਅਪ੍ਰੈਲ 1992 ਤੋਂ ਬਾਅਦ ਸਾਢੇ 26 ਸਾਲ ਬੀਤ ਜਾਣ ਤੇ ਸੰਯੁਤਕ ਰਾਸ਼ਟਰ ਸੰਘ ਨੂੰ ਮੰਗ ਪੱਤਰ ਦਿੰਦੀ ਹੈ। ਉਹ ਵੀ ਉਦੋਂ, ਜਦੋਂ ਸੰਘ ਦਾ ਸਕੱਤਰ ਜਨਰਲ ਦਰਬਾਰ ਸਾਹਿਬ ਮੱਥਾ ਟੇਕਣ ਪੁਜਦਾ ਹੈ। ਕਮੇਟੀ ਪਾਸ ਜੂਨ 84 ਦੇ ਘਲੂਘਾਰੇ , ਫੌਜੀ ਵਧੀਕੀਆਂ ਜਾਂ ਨਵੰਬਰ 84 ਦੇ ਸਿੱਖ ਕਤਲੇਆਮ ਬਾਰੇ ਕੋਈ ਵੀ ਦਸਤਾਵੇਜ ਨਹੀ ਸੀ ਜੋ ਇੱਕ ਛੋਟੇ ਜਿਹੇ ਸਬੂਤ ਵਜੋਂ ਸਕੱਤਰ ਜਨਰਲ ਨੂੰ ਸੌਪ ਦਿੰਦੀ। ਦਰਬਾਰ ਸਾਹਿਬ ਮੱਥਾ ਟੇਕਣ ਲਈ ਪੁਜਣ ਵਾਲੇ ਹਰ ਭਾਰਤੀ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਗ੍ਰਹਿ ਮੰਤਰੀ ਜਾਂ ਭਾਰਤੀ ਫੌਜ ਦੇ ਮੁਖੀ ਨੂੰ ਜੂਨ 84 ਦੇ ਹਮਲੇ ਮੌਕੇ ਫੌਜ ਵਲੋਂ ਲੁਟੀ ਗਈ ਸਿੱਖ ਰੈਫਰੈਂਸ ਲਾਇਬਰੇਰੀ ਦੇ ਸਮਾਨ ਦੀ ਵਾਪਸੀ ਲਈ ਮੰਗ ਪੱਤਰ ਦੇਣ ਵਾਲੀ ਸ਼੍ਰੋਮਣੀ ਕਮੇਟੀ ਨੇ ਸੰਯੁਕਤ ਰਾਸ਼ਟਰ ਸੰਘ ਦੇ ਸਕੱਤਰ ਜਨਰਲ ਐਨਟੋਨੀਓ ਗੁਟਰੇਸ ਨੂੰ ਸੌਪੇ ਮੰਗ ਪੱਤਰ ਵਿੱਚ ਸਿੱਖ ਰੈਫਰੈਂਸ ਲਾਇਬਰੇਰੀ ਦਾ ਜਿਕਰ ਤੀਕ ਨਹੀ ਕੀਤਾ। ਮਿਸਟਰ ਗੁਟਰੇਸ ਨੂੰ ਦਿੱਤੇ ਗਏ ਕਿਤਾਬਾਂ ਦੇ ਸੈੱਟ ਵਿਚ, ‘ਐਸ.ਜੀ.ਪੀ.ਸੀ.ਵਾਈਟ ਪੇਪਰ’ ਅਤੇ ਸਾਲ 2018 ਵਿੱਚ ਛਪਵਾਈ ‘ਸਿੱਖ ਆਇਡੈਨਟਿਟੀ’, ਸ਼੍ਰੋਮਣੀ ਕਮੇਟੀ ਪ੍ਰਕਾਸ਼ਨਾਵਾਂ ਸ਼ਾਮਿਲ ਨਹੀ ਕੀਤੀਆਂ ਗਈਆਂ।

ਜਿਕਰ ਕਰਨਾ ਬਣਦਾ ਹੈ ਕਿ ਸਾਲ 2014 ਵਿੱਚ ਦਲ ਖਾਲਸਾ ਨੇ ਸੰਯੁਕਤ ਰਾਸ਼ਟਰ ਸੰਘ ਦੇ ਦਿੱਲੀ ਸਥਿਤ ਸਫਾਰਤਖਾਨੇ ਪਹੁੰਚ ਕਰਕੇ, ਭਾਰਤ ਅੰਦਰ ਸਿੱਖਾਂ ਤੇ ਘੱਟ ਗਿਣਤੀਆਂ ਦੇ ਮਨੁਖੀ ਅਧਿਕਾਰਾਂ ਦੇ ਕਤਲੇਆਮ ਤੇ ਹੱਕਾਂ ਦੀ ਅਣਦੇਖੀ ਬਾਰੇ ਮੰਗ ਪੱਤਰ ਸੌਪਿਆ ਸੀ। ਦਲ ਹਰ ਸਾਲ 10 ਦਸੰਬਰ ਨੂੰ ਬਕਾਇਦਾ ਸੈਮੀਨਾਰ ਜਾਂ ਰੋਸ ਮਾਰਚ ਕਰਦਿਆਂ, ਸਿੱਖ ਨਸਲਕੁਸ਼ੀ ਤੇ ਹੋਰ ਵਧੀਕੀਆਂ ਖਿਲਾਫ ਅਵਾਜ ਬੁਲੰਦ ਕਰਦਾ ਹੈ। ਮਿਸਟਰ ਗੁਟਰੇਸ ਦੀ ਅੰਮ੍ਰਿਤਸਰ ਫੇਰੀ ਦੇ ਇੱਕ ਦਿਨ ਪਹਿਲਾਂ ਹੀ ਦਲ ਖਾਲਸਾ, ਖਾਲੜਾ ਮਿਸ਼ਨ ਆੲਗੇਨਾਈਜੇਸ਼ਨ ਤੇ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਨੇ ਸਿੱਖਾਂ ਦੀਆਂ ਮੰਗਾਂ ਤੇ ਉਨ੍ਹਾਂ ਨਾਲ ਕੀਤੀਆਂ ਵਧੀਕੀਆਂ ਲਈ ਇਨਸਾਫ ਦੀ ਮੰਗ ਦੁਹਰਾਈ ਹੈ। ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਸ਼੍ਰੋਮਣੀ ਕਮੇਟੀ ਨੇ ਵਿਦੇਸ਼ੀ ਸਿੱਖਾਂ ਵਲੋਂ ਸਿੱਖ ਮੰਗਾਂ ਨੂੰ ਲੈਕੇ ਸਮੇਂ ਸਮੇਂ ਸੰਯੁਕਤ ਰਾਸ਼ਟਰ ਸੰਘ ਦੇ ਜਨੇਵਾ ਸਥਿਤ ਹੈਡ ਕੁਆਟਰ ਵਿਖੇ ਰੋਸ ਪ੍ਰਗਟਾਣ ਵਾਲੇ ਸਿੱਖਾਂ ਦੀ ਹਮਾਇਤ ਵੀ ਨਹੀ ਜਿਤਾਈ।

ਮਿਸਟਰ ਗੁਟਰੇਸ ਦੀ ਦਰਬਾਰ ਸਾਹਿਬ ਫੇਰੀ ਨੂੰ ਲੈਕੇ ਸ਼੍ਰੋਮਣੀ ਕਮੇਟੀ ਨੇ ਉਤਸ਼ਾਹ ਤਾਂ ਬਹੁਤ ਵਿਖਾਇਆ ਹੈ ਪਰ ਉਹ ਸੰਯੁਕਤ ਰਾਸ਼ਟਰ ਸੰਘ ਦੇ ਸਕੱਤਰ ਜਨਰਲ ਵਲੋਂ ਸਿੱਖ ਧਰਮ ਦੀ ਆਸਥਾ ਦੇ ਮਹਾਨ ਕੇਂਦਰ ਦੀ ਦਹਿਲੀਜ ਤੇ ਬੈਠ ਕੇ ਮੱਥਾ ਟੇਕਣਾ ਅਤੇ ਸਿੱਖ ਕੌਮ ਦੀ ਅਜਾਦ ਪ੍ਰਭੂਸੱਤਾ ਦੇ ਪ੍ਰਤੀਕ ਸ੍ਰੀ ਅਕਾਲ ਤਖਤ ਸਾਹਿਬ ਦਾ ਇਤਿਹਾਸ ਸੁਨਣ ਬਾਅਦ ਉਪਰ ਜਾਕੇ ਦਰਸ਼ਨ ਕਰਨ ਦੇ ਮਕਸਦ ਨੂੰ ਵੀ ਨਹੀ ਸਮਝ ਸਕੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,