ਸਿੱਖ ਖਬਰਾਂ

ਸ਼੍ਰੋ.ਗੁ.ਪ੍ਰ.ਕ. ਦੇ ਸੱਦੇ ਤੇ ਨਾ ਪਹੁੰਚੀਆਂ ਮੁੱਖ ਸਿੱਖ ਧਿਰਾਂ; 550ਵੇਂ ਗੁਰਪੁਰਬ ਸਮਾਗਮਾਂ ਬਾਰੇ ਵਿਚਾਰਾਂ ਹੋਈਆਂ

October 10, 2018 | By

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਗੁਰੂ ਨਾਨਕ ਪਾਤਸ਼ਾਹ ਦਾ ਸਾਲ 2019 ਵਿੱਚ ਆ ਰਹੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਵੱਡੀ ਪੱਧਰ ਤੇ ਮਨਾਉਣ ਲਈ ਸ਼੍ਰੋਮਣੀ ਕਮੇਟੀ ਵਲੋਂ ਵੱਖ ਵੱਖ ਸਿੱਖ ਸੰਸਥਾਵਾਂ ਤੇ ਸੰਪਰਦਾਵਾਂ ਪਾਸੋਂ ਸਲਾਹ ਲੈਣ ਲਈ ਬੁਲਾਈ ਗਈ ਪਲੇਠੀ ਇਕਤਰਤਾ ਵਿੱਚ ਮੀਡੀਆ ਦੇ ਦਾਖਲੇ ਤੇ ਹੀ ਪਾਬੰਦੀ ਲਗਾ ਦਿੱਤੀ ਗਈ। ਜਿਸ ਲਈ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੇ ਬਕਾਇਦਾ ਪੱਤਰਕਾਰਾਂ ਪਾਸੋਂ ਮੁਆਫੀ ਵੀ ਮੰਗੀ।

ਇਕਤਰਤਾ ਵਿੱਚ ਨਾ ਤਾਂ ਪ੍ਰਮੁਖ ਸਿੱਖ ਜਥੇਬੰਦੀਆਂ- ਦਮਦਮੀ ਟਕਸਾਲ, ਅਖੰਡ ਕੀਰਤਨੀ ਜਥਾ, ਨਿਹੰਗ ਸਿੰਘ ਜਥੇਬੰਦੀ ਬੁੱਢਾ ਦਲ 96 ਵੇਂ ਕਰੋੜੀ ਅਤੇ ਨਾਨਕਸਰ ਸੰਪਰਦਾ ਵਾਲੇ ਸ਼ਾਮਿਲ ਹੋਏ ਤੇ ਨਾ ਹੀ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ, ਬੀਬੀ ਜਗੀਰ ਕੌਰ ਤੇ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸਾਬਕਾ ਕਾਰਜਕਾਰੀ ਪ੍ਰਧਾਨ ਅਲਵਿੰਦਰ ਪਾਲ ਸਿੰਘ ਪਖੋਕੇ, ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ, ਬੀਬੀ ਕਿਰਨਜੋਤ ਕੌਰ ਤੇ ਸ਼੍ਰੋ.ਅ.ਦ. (ਬਾਦਲ) ਤੋਂ ਵੱਖਰੀਆਂ ਸਿੱਖ ਧਿਰਾਂ ਜਾਂ ਜਥੇਬੰਦੀ ਦਾ ਕੋਈ ਵੀ ਨੁਮਾਇੰਦਾ ਜਾਂ ਸਿੱਖ ਵਿਦਵਾਨ ਸ਼ਾਮਿਲ ਹੋਇਆ।

ਸ਼੍ਰੋ. ਗੁ. ਪ੍ਰ. ਕ. ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਹੋਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ | ਤਸਵੀਰ: ਨਰਿੰਦਰਪਾਲ ਸਿੰਘ/ਸਿੱਖ ਸਿਆਸਤ ਖਬਰਾਂ

ਇਕਤਰਤਾ ਵਿੱਚ ਸ਼ਮੂਲੀਅਤ ਲਈ ਸ਼੍ਰੋ.ਗੁ.ਪ੍ਰ.ਕ. ਵੱਲੋਂ ਲਗਾਏ ਗਏ ਤਖਤ ਸਾਹਿਬਾਨ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਗਿਆਨੀ ਹਰਪ੍ਰੀਤ ਸਿੰਘ, ਗਿਆਨੀ ਰਘਬੀਰ ਸਿੰਘ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਪੁਜੇ ਹੋਏ ਸਨ। ਤਖਤ ਸ੍ਰੀ ਪਟਨਾ ਸਾਹਿਬ ਅਤੇ ਤਖਤ ਸ੍ਰੀ ਹਜੂਰ ਸਾਹਿਬ ਵਲੋਂ ਕੋਈ ਵੀ ਨੁਮਾਇੰਦਾ ਨਹੀਂ ਪੁਜਾ।

ਸ਼੍ਰੋਮਣੀ ਕਮੇਟੀ ਦੇ ਮਂੈਬਰ ਗੁਰਮੀਤ ਸਿੰਘ ਬੂਹ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਜਿਆਦਾਤਾਰ ਬੁਲਾਰਿਆਂ ਨੇ ਇਹੀ ਸਲਾਹ ਦਿੱਤੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਵਲੋਂ ਦਿੱਤੇ ‘ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ’ ਦੇ ਸਿਧਾਂਤ ਨੂੰ ਵੱਡੀ ਪੱਧਰ ਤੇ ਪ੍ਰਚਾਰਿਆ ਤੇ ਪ੍ਰਸਾਰਿਆ ਜਾਏ ਤੇ ਇਨ੍ਹਾਂ ਸਮਾਗਮਾਂ ਨੂੰ ਪੂਰੀ ਤਰ੍ਹਾਂ ਹਰ ਕਿਸਮ ਦੀ ਸਿਆਸਤ ਜਾਂ ਸਿਆਸੀ ਦਖਲ ਅੰਦਾਜੀ ਤੋਂ ਦੂਰ ਰੱਖਿਆ ਜਾਏ।

ਬਾਬਾ ਮਨਮੋਹਨ ਸਿੰਘ ਬਾਰਨ ਨੇ ਸੁਝਾਅ ਦਿੱਤਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਫਲਸਫੇ ਨੂੰ ਪ੍ਰਚਾਰਨ ਲਈ ਸ਼੍ਰੋਮਣੀ ਕਮੇਟੀ ਮੈਂਬਰਾਨ ਦੀ ਜਵਾਬਦੇਹੀ ਯਕੀਨੀ ਬਣਾਈ ਜਾਵੇ। ਉਨ੍ਹਾਂ ਦਾ ਕਹਿਣਾ ਸੀ ਜੇਕਰ ਕਿਸੇ ਕਮੇਟੀ ਮੈਂਬਰ ਨੂੰ ਇਹ ਜਾਣਕਾਰੀ ਹੈ ਕਿ ਪਿੰਡ ਦੇ ਕਿਸ ਘਰ ਵਿੱਚ ਕਿਤਨੀਆਂ ਸਿੱਖ ਵੋਟਾਂ ਹਨ ਤਾਂ ਉਹ ਇਹ ਵੀ ਜਾਣਕਾਰੀ ਰੱਖਣ ਕਿ ਕਿਸ ਸਿੱਖ ਪਰਵਾਰ ਦੇ ਕਿੰਨੇ ਬੱਚੇ ਸਿੱਖੀ ਨਾਲ ਜੁੜੇ ਹੋਏ ਹਨ ਤੇ ਕਿੰਨੇ ਸਿੱਖੀ ਤੋਂ ਦੂਰ, ਉਨ੍ਹਾਂ ਸਿੱਖਾਂ ਦੀ ਆਰਥਿਕਤਾ ਤੇ ਸਿਹਤ ਦਾ ਕੀ ਮਿਆਰ ਹੈ।

ਉਧਰ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੇ ਦੱਸਿਆ ਕਿ ਇਸ ਇਕਤਰਤਾ ਲਈ ਹਰ ਸਿੱਖ ਜਥੇਬੰਦੀ ਨੂੰ ਸੱਦਾ ਭੇਜਿਆ ਗਿਆ ਸੀ। ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਲਾਹ ਮਸ਼ਵਰੇ ਲਈ ਕਮੇਟੀ ਵਫਦ ਭੇਜਿਆ ਜਾ ਰਿਹਾ ਹੈ ਤੇ ਬਾਕੀ ਮੁਲਕਾਂ ਵਿਚਲੀਆਂ ਸਮੁਚੀਆਂ ਸਿੱਖ ਸੰਸਥਾਵਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨਾਲ ਚਿੱਠੀ ਪੱਤਰ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਸਾਫ ਕੀਤਾ ਕਿ ਅਜੇ ਤੀਕ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਨੇ ਉਨ੍ਹਾਂ ਨਾਲ ਰਾਬਤਾ ਨਹੀਂ ਕੀਤਾ ਪਰ ਸ਼੍ਰੋ.ਗੁ.ਪ੍ਰ.ਕ. ਸਾਰੇ ਹੀ ਸੂਬਿਆਂ ਦੇ ਮੁੱਖ ਮੰਤਰੀਆਂ ਤੇ ਪ੍ਰਧਾਨ ਮੰਤਰੀ ਨੂੰ ਪਰਕਾਸ਼ ਗੁਰਪੁਰਬ ਸਮਾਗਮਾਂ ਵਿੱਚ ਸ਼ਮੂਲੀਅਤ ਲਈ ਸੱਦਾ ਭੇਜੇਗੀ। 550 ਸਾਲਾ ਪ੍ਰਕਾਸ਼ ਦਿਹਾੜੇ ਦੇ ਸਮਾਗਮਾਂ ਲਈ ਕਮੇਟੀ ਬਜਟ ਵਿੱਚ ਰੱਖੀ ਗਈ ਰਾਸ਼ੀ ਬਾਰੇ ਪੁਛੇ ਜਾਣ ਤੇ ਸ੍ਰ:ਲੋਂਗੋਵਾਲ ਨੇ ਦੱਸਿਆ ਕਿ ਫਿਲਹਾਲ ਤਾਂ ਸ਼ਾਰਮਿਕ ਫੰਡਾਂ ਵਿੱਚੋਂ ਹੀ ਖਰਚ ਕੀਤੇ ਜਾ ਰਹੇ ਹਨ ਅਗਾਮੀ ਸਾਲ 2019-20 ਦੇ ਬਜਟ ਵਿੱਚ ਰਾਸ਼ੀ ਨਿਸ਼ਚਿਤ ਜਰੂਰ ਕੀਤੀ ਜਾਵੇਗੀ।

ਮੀਡੀਆ ਦੇ ਦਾਖਤੇ ਤੇ ਪਾਬੰਦੀ ਬਾਰੇ ਗੋਬਿੰਦ ਸਿੰਘ ਲੌਂਗੋਵਾਲ ਨੇ ਮਾਫੀ ਮੰਗੀ

ਇਸਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਵਲੋਂ ਬੁਲਾਈ ਅੱਜ ਦੀ ਇਕਤਰਤਾ ਵਿੱਚ ਮੀਡੀਆ ਦੇ ਦਾਖਲੇ ਤੇ ਲਗਾਈ ਪਾਬੰਦੀ ਬਾਰੇ ਪੁਛੇ ਜਾਣ ਤੇ ਲੋਂਗੋਵਾਲ ਕੋਈ ਵੀ ਜਵਾਬ ਨਾ ਦੇ ਸਕੇ। ਪੱਤਰਕਾਰਾਂ ਵਲੋਂ ਕਮੇਟੀ ਦੇ ਮੀਡੀਆ ਵਿਭਾਗ ਵਲੋਂ ਅਪਣਾਈ ਨਿਵੇਕਲੀ ਨੀਤੀ ਤੇ ਨਿਸ਼ਾਨਾ ਸਾਧੇ ਜਾਣ ‘ਤੇ ਕਮੇਟੀ ਪ੍ਰਧਾਨ ਨੇ ਖੁੱਦ ਮੀਡੀਆ ਪਾਸੋਂ ਮੁਆਫੀ ਮੰਗੀ। ਇਸ ਮੌਕੇ ਗੋਬਿੰਦ ਸਿੰਘ ਲੋਂਗੋਵਾਲ ਦੇ ਨਾਲ ਅਮਰਜੀਤ ਸਿੰਘ ਚਾਵਲਾ, ਗੁਰਚਰਨ ਸਿੰਘ ਗਰੇਵਾਲ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਗੁਰਮੀਤ ਸਿੰਘ ਬੂਹ ਵੀ ਹਾਜਰ ਸਨ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: