ਸਿਆਸੀ ਖਬਰਾਂ

ਗੁਜਰਾਤ 2002 – ਫੌਜ ਨੂੰ ਗੱਡੀਆਂ ਦੇਣ ਚ ਦੇਰੀ ਕਾਰਨ ਵੱਧ ਨੁਕਸਾਨ ਹੋਇਆ: ‘ਸਰਕਾਰੀ ਮੁਸਲਮਾਨ’ ਦੀਆਂ ਯਾਦਾਂ

October 8, 2018 | By

ਚੰਡੀਗੜ੍ਹ: ਭਾਰਤੀ ਫੌਜ ਦੇ ਸਾਬਕਾ ਅਫਸਰ ਜ਼ਹੀਰ-ਉ-ਦੀਨ ਸ਼ਾਹ ਨੇ ‘ਦ ਸਰਕਾਰੀ ਮੁਸਲਮਾਨ’ ਸਿਰਲੇਖ ਹੇਠ ਲਿਖੀਆਂ ਆਪਣੀਆਂ ਯਾਦਾਂ ਵਿੱਚ ਖੁਲਾਸਾ ਕੀਤਾ ਹੈ ਕਿ ਸਾਲ 2002 ਵਿੱਚ ਗੁਜਰਾਤ ਵਿੱਚ ਹੋਏ ਕਤਲੇਆਮ ਮੌਕੇ ਬਹੁਤ ਹੀ ਅਹਿਮ ਪੜਾਅ ਤੇ ਗੁਜਰਾਤ ਸਰਕਾਰ ਵੱਲੋਂ ਫੌਜ ਨੂੰ ਗੱਡੀਆਂ ਦੇਣ ਵਿੱਚ ਕੀਤੀ ਗਈ ਦੇਰੀ ਕਰਕੇ ਵੱਧ ਨੁਕਸਾਨ ਹੋਇਆ।

‘ਦ ਸਰਕਾਰੀ ਮੁਸਲਮਾਨ’ ਕਿਤਾਬ ਜੋ ਕਿ ਆਉਂਦੇ ਦਿਨਾਂ ਵਿੱਚ ਜਾਰੀ ਹੋਣੀ ਹੈ ਵਿੱਚ ਭਾਰਤੀ ਫੌਜ ਵਿੱਚੋਂ ਲੈਫਟੀਨੈਂਟ ਜਨਰਲ ਵਜੋਂ ਸੇਵਾਮੁਕਤ ਹੋਏ ਜ਼ਹੀਰ-ਉ-ਦੀਨ ਸ਼ਾਹ ਨੇ ਕਿਹਾ ਹੈ ਕਿ 28 ਫਰਵਰੀ ਤੇ 1 ਮਾਰਚ ਦਮਿਆਨੀ ਰਾਤ ਨੂੰ ਉਸ ਨੂੰ ਤਤਕਾਲੀ ਫੌਜ ਮੁਖੀ ਐਸ. ਪਦਮਨਭਾਨ ਦਾ ਹੁਕਮ ਮਿਿਲਆ ਸੀ ਕਿ ਗੁਜਰਾਤ ਵਿੱਚ ਹੋ ਰਹੀ ਕਲਤੋਗਾਰਤ ਨੂੰ ਫੌਜ ਤਾਇਨਾਤ ਕਰਕੇ ਰੋਕਣਾ ਹੈ। ਜ਼ਹੀਰ-ਉ-ਦੀਨ ਸ਼ਾਹ ਨੇ ਕਿਹਾ ਉਸਨੇ ਫੌਜ ਮੁਖੀ ਨੂੰ ਕਿਹਾ ਸੀ ਕਿ ਸੜਕ ਰਸਤੇ ਜੋਧਪੁਰ ਤੋਂ ਗੁਜਰਾਤ ਪਹੁੰਚਣ ਵਿੱਚ ਉਹਨਾਂ ਨੂੰ ਘੱਟੋ-ਘੱਟ ਦੋ ਦਿਨ ਲੱਗ ਜਾਣਗੇ ਤਾਂ ਫੌਜ ਮੁਖੀ ਨੇ ਉਸਨੂੰ ਕਿਹਾ ਕਿ ਹਵਾਈ ਫੌਜ ਨਾਲ ਗੱਲਬਾਤ ਹੋ ਗਈ ਹੈ ਤੇ ਉਹਨਾਂ ਦੇ ਹਵਾਈ ਜਹਾਜ਼ ਫੌਜੀਆਂ ਨੂੰ ਗੁਜਰਾਤ ਪਹੁੰਚਾ ਦੇਣਗੇ।

ਖਬਰਾਂ ਮੁਤਾਬਕ ਜ਼ਹੀਰ-ਉ-ਦੀਨ ਸ਼ਾਹ ਨੇ ਆਪਣੀਆਂ ਯਾਦਾਂ ਦੀ ਇਸ ਕਿਤਾਬ ਵਿੱਚ ਲਿਿਖਆ ਹੈ ਕਿ 1 ਮਾਰਚ ਨੂੰ ਸਵੇਰੇ 7 ਵਜੇ 3000 ਫੌਜੀ ਅਹਿਮਦਾਬਾਦ ਦੀ ਹਵਾਈ ਪੱਟੀ ਉੱਤੇ ਪਹੁੰਚ ਗਏ ਸਨ ਪਰ ਓਥੇ ਜਾ ਕੇ ਜਦੋਂ ਉਸ ਨੇ ਪੁੱਛਿਆ ਕਿ ਫੌਜੀਆਂ ਨੂੰ ਅੱਗੇ ਲਿਜਾਣ ਵਾਲੀਆਂ ਗੱਡੀਆਂ ਤੇ ਹੋਰ ਸਾਜੋ-ਸਮਾਨ ਕਿੱਥੇ ਹੈ ਜਿਸਦਾ ਕਿ ਉਹਨਾਂ ਨਾਲ ਵਾਅਦਾ ਕੀਤਾ ਗਿਆ ਸੀ ਤਾਂ ਅੱਗੋਂ ਜਵਾਬ ਮਿਿਲਆ ਕਿ ਗੁਜਰਾਤ ਸਰਕਾਰ ਹਾਲੀ ਇਸ ਦਾ ਪ੍ਰਬੰਧ ਕਰ ਰਹੀ ਹੈ। ਸਾਬਕਾ ਫੌਜੀ ਅਫਸਰ ਨੇ ਕਿਹਾ ਕਿ ਫੌਜ ਨੂੰ ਪੂਰਾ ਇਕ ਦਿਨ ਇਸੇ ਹਵਾਈ ਪੱਟੀ ਤੇ ਉਡੀਕ ਕਰਨੀ ਪਈ ਤੇ ਦੂਜੇ ਬੰਨੇ ਇਸੇ ਦੌਰਾਨ ਹੀ ਸਭ ਤੋਂ ਵੱਧ ਕਤਲੇਆਮ ਹੋਇਆ।

ਗੁਜਰਾਤ ਕਤਲੇਆਮ 2002 ਵਿੱਚ ਫੌਜ ਨੂੰ ਗੱਡੀਆਂ ਦੇਣ ਚ ਦੇਰੀ ਕਾਰਨ ਵੱਧ ਨੁਕਸਾਨ ਹੋਇਆ: ‘ਸਰਕਾਰੀ ਮੁਸਲਮਾਨ’ ਦੀਆਂ ਯਾਦਾਂ (ਪ੍ਰੀਤਕਾਤਮਕ ਤਸਵੀਰ)

ਅੰਗਰੇਜ਼ੀ ਦੇ ਅਖਬਾਰ ‘ਨਿਊ ਇੰਡੀਅਨ ਐਕਸਪ੍ਰੈਸ’ ਵਿੱਚ ਖਬਰ ਏਜੰਸੀ ‘ਆਈ.ਏ.ਐਨ.ਐਸ’ ਦੇ ਹਵਾਲੇ ਨਾਲ ਛਪੀ ਖਬਰ ਵਿੱਚ ਕਿਹਾ ਗਿਆ ਹੈ ਕਿ ਜੇਕਰ ਫੌਜ ਨੂੰ ਪੂਰੀ ਆਜ਼ਾਦੀ ਅਤੇ ਜੋ ਚੀਜਾਂ ਉਸ ਨੇ ਖੁਦ ਮੋਦੀ ਕੋਲੋਂ ਮੰਗੀਆਂ ਸਨ, ਦੇ ਦਿੱਤੀਆਂ ਹੁੰਦੀਆਂ ਤਾਂ ਕੀ ਨੁਕਸਾਨ ਘੱਟ ਹੋਣਾ ਸੀ ਤਾਂ ਉਸਨੇ ਸਹਿਮਤ ਹੁੰਦਿਆਂ ਜਵਾਬ ਦਿੱਤਾ ਕਿ ਜੇਕਰ ਫੌਜ ਨੂੰ ਆਵਾਜਾਈ ਦੇ ਸਾਧਨ ਮੌਕੇ ਸਿਰ ਮਿਲ ਜਾਂਦੇ ਤਾਂ ਯਕੀਨੀ ਤੌਰ ਉੱਤੇ ਨੁਕਸਾਨ ਘੱਟ ਹੋਣਾ ਸੀ। ਉਸਨੇ ਕਿਹਾ ਕਿ ਜੋ ਕੰਮ ਪੁਲਿਸ ਛੇ ਦਿਨਾਂ ਵਿੱਚ ਨਹੀਂ ਸੀ ਕਰ ਸਕੀ ਉਹ ਫੌਜ ਨੇ 48 ਘੰਟਿਆਂ ਵਿੱਚ ਕਰ ਦਿੱਤਾ ਸੀ ਜਦਕਿ ਫੌਜ ਦੀ ਗਿਣਤੀ ਪੁਲਿਸ ਤੋਂ ਛੇ ਗੁਣਾ ਘੱਟ ਸੀ। ਉਸਨੇ ਕਿਹਾ ਕਿ ਫੌਜ ਨੇ 4 ਤਰੀਕ ਨੂੰ ਹਾਲਾਤ ਉੱਤੇ ਕਾਬੂ ਪਾ ਲਿਆ ਸੀ ਪਰ ਜੇਕਰ ਸਾਧਨ ਸਮੇਂ ਸਿਰ ਮਿਲੇ ਹੁੰਦੇ ਤਾਂ ਹਾਲਾਤ 2 ਮਾਰਚ ਤੱਕ ਹੀ ਬਦਲੇ ਜਾ ਸਕਦੇ ਹਨ।

ਜ਼ਹੀਰ-ਉ-ਦੀਨ ਸ਼ਾਹ ਨੇ ਕਿਹਾ ਕਿ ਉਹ ਕਿਸੇ ਖਾਸ ਵਿਅਕਤੀ ਨੂੰ ਦੋਸ਼ ਨਹੀਂ ਦੇਣਾ ਚਾਹੁੰਦਾ। ਉਸਨੇ ਕਿਹਾ: “ਆਵਾਜਾਈ ਦੇ ਸਾਧਨ ਇਕੱਠੇ ਕਰਨ ਨੂੰ ਸਮਾਂ ਲੱਗ ਸਕਦਾ ਹੈ ਪਰ ਅਜਿਹੀ ਹਾਲਾਤ ਵਿੱਚ ਇਹ ਕੰਮ ਤੇਜੀ ਨਾਲ ਕੀਤਾ ਜਾ ਸਕਦਾ ਸੀ”।

ਜ਼ਹੀਰ-ਉ-ਦੀਨ ਸ਼ਾਹ ਨੇ ਆਪਣੀ ਕਿਤਾਬ ਵਿੱਚ ਲਿਿਖਆ ਹੈ ਕਿ ਗੁਜਰਾਤ ਵਿੱਚ 2002 ਦੇ ਕਤਲੇਆਮ ਦੌਰਾਨ ਪੁਲਿਸ ਵਾਲੇ ਮੂਕ ਦਰਸ਼ਕ ਬਣੇ ਹੋਏ ਸਨ ਜਦਕਿ ਭੀੜ ਗਲੀਆਂ ਅਤੇ ਘਰਾਂ ਵਿੱਚ ਸਾੜ ਫੂਕ ਕਰ ਰਹੀ ਸੀ। ਪੁਲਿਸ ਵੱਲੋਂ ਇਸ ਤਬਾਹੀ ਨੂੰ ਰੋਕਣ ਲਈ ਕੁਝ ਵੀ ਨਹੀਂ ਸੀ ਕੀਤਾ ਜਾ ਰਿਹਾ।

ਉਸਨੇ ਕਿਹਾ ਕਿ ਠਾਣਿਆਂ ਵਿੱਚ ਬਹੁਗਿਣਤੀ ਦੇ ਵਿਧਾਇਕਾਂ ਨੇ ਡੇਰੇ ਲਾਏ ਹੋਏ ਸਨ ਜਦੋਂਕਿ ਠਾਣਿਆਂ ਵਿੱਚ ਉਹਨਾਂ ਦਾ ਕੋਈ ਕੰਮ ਨਹੀਂ ਸੀ ਬਣਦਾ। ਜਦੋਂ ਵੀ ਫੌਜ ਨੇ ਪੁਲਿਸ ਨੂੰ ਕਿਸੇ ਇਲਾਕੇ ਵਿੱਚ ਕਰਫਿਊ ਲਾਉਣ ਲਈ ਕਿਹਾ ਤਾਂ ਪੁਲਿਸ ਨੇ ਘੱਣਗਿਣਤੀ (ਮੁਸਲਿਮ) ਇਲਾਕਿਆਂ ਵਿੱਚ ਕਰਫਿਊ ਨਹੀਂ ਲਾਇਆ। ਇਸ ਲਈ ਘੱਣਗਿਣਤੀ ਦੁਆਲੇ ਹਮੇਸ਼ਾ ਭੀੜਾਂ ਦਾ ਘੇਰਾ ਰਿਹਾ। ਉਸਨੇ ਕਿਹਾ ਕਿ ਉਸ ਹਾਲਾਤ ਵਿੱਚ ਪੂਰਾ ਪੱਖਪਾਤ ਕੀਤਾ ਜਾ ਰਿਹਾ ਸੀ।

ਖਬਰਾਂ ਮੁਤਾਬਕ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਕੀ ਗੁਜਰਾਤ ਕਤਲੇਆਮ ਨਾਲ ਸਿਆਸਤ ਦੀ ਕੋਈ ਤੰਦ ਜੁੜੀ ਹੋਈ ਸੀ ਤਾਂ ਆਪਣੇ ਆਪ ਨੂੰ ‘ਸਰਕਾਰੀ ਮੁਸਲਮਾਨ’ ਦਾ ਸੰਬੋਧਨ ਦੇਣ ਵਾਲੇ ਜ਼ਹੀਰ-ਉ-ਦੀਨ ਸ਼ਾਹ ਨੇ ਕਿਹਾ ਕਿ ਉਹ ਪੁਰਾਣੇ ਜ਼ਖਮਾਂ ਨੂੰ ਨਹੀਂ ਛੇੜਨਾ ਚਾਹੁੰਦਾ ਅਤੇ ਉਸ ਵੱਲੋਂ ਯਾਦਾਂ ਲਿਖਣ ਦਾ ਮਤਲਬ ਸਿਰਫ ਏਨਾ ਹੈ ਕਿ ਉਹ ਉਸ ਵੇਲੇ ਦੇ ਤੱਥ ਸਾਂਝੇ ਕਰਨਾ ਚਾਹੁੰਦਾ ਸੀ।

ਉਸਨੇ ਕਿਹਾ: ‘ਅਜਿਹੇ ਕੁਝ ਨੂੰ ਭੁੱਲਣ ਵਿੱਚ ਤਿੰਨ ਪੀੜ੍ਹੀਆਂ ਲੱਗ ਜਾਂਦੀਆਂ ਹਨ। ਮੈਂ ਜ਼ਖਮਾਂ ਨੂੰ ਦੁਬਾਰਾ ਨਹੀਂ ਫਰੋਲਣਾ ਚਾਹੁੰਦਾ। ਮੈਂ ਪੁਲਿਸ ਬਾਰੇ ਸਭ ਸੱਚ ਕਿਹਾ ਹੈ ਤੇ ਜੋ ਮੈਂ ਕਿਹਾ ਹੈ ਮੈਂ ਉਸ ਦੇ ਇਕ-ਇਕ ਅੱਖਰ ਤੇ ਡਟ ਕੇ ਖੜ੍ਹਾ ਹਾਂ’।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: