ਖਾਸ ਖਬਰਾਂ

ਮਸਲਾ ਇਤਿਹਾਸ ਦੀ ਕਿਤਾਬ ਦਾ:ਕੀ ਸ਼੍ਰੋਮਣੀ ਕਮੇਟੀ ਡਾ.ਕਿਰਪਾਲ ਸਿੰਘ ਖਿਲਾਫ ਪੁਲਿਸ ਕੇਸ ਦਰਜ ਕਰਵਾਏਗੀ ?

November 4, 2018 | By

ਨਰਿੰਦਰ ਪਾਲ ਸਿੰਘ

ਪੰਜਾਬ ਸਕੂਲ ਸਿਿਖਆ ਬੋਰਡ ਵਲੋਂ +1 ਤੇ +2 ਕਲਾਸਾਂ ਲਈ ਤਿਆਰ ਕਰਵਾਈਆਂ ਇਤਿਹਾਸ ਦੀਆਂ ਕਿਤਾਬਾਂ ਵਿੱਚ ਗੁਰੂ ਸਾਹਿਬਾਨ ਅਤੇ ਸਿੱਖ ਇਤਿਹਾਸ ਬਾਰੇ ਦਰਜ ਕੁਝ ਜਾਣਕਾਰੀਆਂ ਦਾ ਮੁੱਦਾ ਚੁੱਕਦਿਆਂ ਸੱਤਾਹੀਣ ਬਾਦਲ ਧਿਰ ਪਿਛਲੇ ਇੱਕ ਹਫਤੇ ਤੋਂ ਪੰਜਾਬ ਦੀ ਕੈਪਟਨ ਸਰਕਾਰ ਖਿਲਾਫ ਆਰ ਜਾਂ ਪਾਰ ਦੀ ਜੰਗ ਲੜਨ ਦੇ ਰੌਂਅ ਵਿੱਚ ਨਜਰ ਆ ਰਹੀ ਹੈ।ਵੈਸੇ ਤਾਂ ਇਹ ਮੁੱਦਾ ਮਈ 2018 ਦਾ ਹੈ ਜਦੋਂ ਇਹ ਅਵਾਜ ਉਠਾਈ ਗਈ ਸੀ ਕਿ ਸਰਕਾਰ ਨੇ ਉਪਰੋਕਤ ਕਲਾਸਾਂ ਦੇ ਸਿਲੇਬਸ ਵਿੱਚ ਸਿੱਖ ਇਤਿਹਾਸ ਦਾ ਚੈਪਟਰ ਹੀ ਖਤਮ ਕਰ ਦਿੱਤਾ ਹੈ ’ਤੇ ਫਿਰ ਕੈਪਟਨ ਸਰਕਾਰ ਦੇ ਆਦੇਸ਼ ਤੇ ਗਠਿਤ ਹੋਈ ਇੱਕ ਹਾਈ ਪਾਵਰ ਕਮੇਟੀ ਨੇ ਉਪਰੋਕਤ ਕਲਾਸਾਂ ਲਈ ਜੋ ਇਤਿਹਾਸ ਦੀ ਜਾਣਕਾਰੀ ਕਿਤਾਬਾਂ ਵਿੱਚ ਅੰਕਿਤ ਕੀਤੀ ਉਹ ਬਾਦਲ ਦਲ ਤੇ ਸ਼੍ਰੋਮਣੀ ਕਮੇਟੀ ਦੇ ਹਲਕ ਹੇਠ ਨਾ ਉਤਰੀ।ਹਾਲਾਂਕਿ ਕੈਪਟਨ ਸਰਕਾਰ ਵਲੋਂ ਗਠਿਤ ਕਮੇਟੀ ਦੀ ਤਲਖ ਹਕੀਕਤ ਇਹ ਸੀ ਕਿ ਇਸਦਾ ਚੇਅਰਮੈਨ ਡਾ:ਕਿਰਪਾਲ ਸਿੰਘ ਚੰਡੀਗੜ੍ਹ, ਉਹ ਸ਼ਖਸ਼ ਹੈ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਕਲਗੀਧਰ ਨਿਵਾਸ ਚੰਡੀਗੜ੍ਹ ਵਿਖੇ ਸਥਾਪਿਤ ‘ਸਿੱਖ ਸਰੋਤ ਇਤਿਹਾਸਕ ਗ੍ਰੰਥ ਸੰਪਾਦਨਾ ਪ੍ਰਾਜੈਕਟ’ ਦਾ ਪ੍ਰਾਜੈਕਟ ਡਾਇਰੈਕਟਰ ਅਤੇ ਕਮੇਟੀ ਦੇ ਹੀ ਸਿੱਖ ਇਤਿਹਾਸ ਰੀਸਰਚ ਬੋਰਡ ਦਾ ਮੈਂਬਰ ਵੀ ਹੈ।ਸਕੂਲ ਸਿ ਖਿਆ ਬੋਰਡ ਵਲੋਂ ਤਿਆਰ ਕਰਵਾਈ ਇਤਿਹਾਸ ਦੀ ਜਿਸ ਕਿਤਾਬ ਵਿੱਚ ਸਿੱਖ ਧਰਮ ਇਤਿਹਾਸ ਤੇ ਵਿਸ਼ੇਸ਼ ਕਰਕੇ ਗੁਰੂ ਸਾਹਿਬਾਨ ਬਾਰੇ ਅਪਮਾਨ ਜਨਕ ਟਿੱਪਣੀਆਂ ਦਾ ਮੱਦਾ ਬਾਦਲ ਦਲ ਉਭਾਰ ਰਿਹਾ ਹੈ ਤੇ ਇਸ ਮਕਸਦ ਲਈ ਇੱਕ ਵਾਰ ਫੇਰ ਗੁਰੂ ਦੀ ਗੋਲਕ ਨੂੰ ਹੀ ਖੋਰਾ ਲਾਣ ਦਾ ਰਾਹ ਤੁਰਿਆ ਹੈ, ਉਸ ਕਿਤਾਬ ਦੀ ਤਿਆਰੀ ਵਿੱਚ ਸ਼ਾਮਿਲ ਸ਼੍ਰੋਮਣੀ ਕਮੇਟੀ ਦੇ ਦੋ ਮੈਂਬਰ ਡਾ:ਇੰਦਰਜੀਤ ਸਿੰਘ ਗੋਗੋਆਣੀ(ਪ੍ਰਿੰਸੀਪਲ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ) ਤੇ ਪ੍ਰੋ:ਬਲਵੰਤ ਸਿੰਘ ਢਿੱਲੋਂ(ਸਾਬਕਾ ਮੁਖੀ ਗੁਰੂ ਨਾਨਕ ਸਟੱਡੀਜ਼ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ) ਰੋਸ ਵਜੋਂ ਵੱਖ ਹੋ ਚੁੱਕੇੇ ਹਨ।

ਸਕੂਲ ਸਿਖਿਆ ਬੋਰਡ ਦੀ ਵਿਵਾਦਤ ਕਿਤਾਬ ਦਾ ਮੁੜ ਮੁੱਦਾ ਚੁਕੇ ਜਾਣ ਦਾ ਵਰਤਾਰਾ ਵੇਖਿਆ ਜਾਏ ਤਾਂ ਇਸਦੀ ਸ਼ੁਰੂਆਤ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ 22 ਅਕਤੂਬਰ 2018 ਨੂੰ ਅੰਮ੍ਰਿਤਸਰ ਵਿਖੇ ਕਰਦੇ ਹਨ।ਉਹ ਕਿਤਾਬ ਕਮੇਟੀ ਵਿੱਚ ਆਪਣੇ ਮੈਂਬਰ ਵਾਪਿਸ ਲਏ ਜਾਣ ਦੀ ਤਾੜਨਾ ਕਰਦੇ ਹਨ।ਪੰਜ ਦਿਨ ਬਾਅਦ ਹੀ ਪਾਰਟੀ ਵਰਕਰਾਂ ਤੇ ਸ੍ਰੋਮਣੀ ਕਮੇਟੀ ਮੈਂਬਰਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਨ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੰਮ੍ਰਿਤਸਰ ਪੁੱਜਦੇ ਹਨ ਜਿਥੇ ਇਸ ਵਿਵਾਦਤ ਕਿਤਾਬ ਦੀ ਚਰਚਾ ਖੁਦ ਪਾਰਟੀ ਦੇ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਕਰਦੇ ਹਨ ।ਅਕਾਲੀ ਵਿਧਾਇਕ ਤੇ ਬਾਦਲਾਂ ਦੇ ਕਰੀਬੀ ਰਿਸ਼ਤੇਦਾਰ ਤੁਰੰਤ ਹੀ ਇੱਕ ਲਿਿਖਆ ਹੋਇਆ ਮਤਾ ਪੇਸ਼ ਕਰਦੇ ਹਨ ਕਿ ਵਿਵਾਦਤ ਕਿਤਾਬ ਦੇ ਲੇਖਕਾਂ ਖਿਲਾਫ ਪੁਲਿਸ ਕੇਸ ਦਰਜ ਕਰਨ ਦੀ ਮੰਗ ਕੀਤੀ ਜਾਵੇ ।ਹਾਜਰ ਵਰਕਰ ਤੇ ਪਾਰਟੀ ਆਗੂ ਪੇਸ਼ ਇਸ ਤਜਵੀਜ ਨੂੰ ਜੈਕਾਰਿਆਂ ਨਾਲ ਸਹਿਤਮੀ ਦੇ ਦਿੰਦੇ ਹਨ, ਫਿਰ ਡਾ:ਚੀਮਾ ਆਪ ਹੀ ਕਹਿੰਦੇ ਹਨ ਕਿ ਇਹ ਤਜਵੀਜ ਕੋਰ ਕਮੇਟੀ ਪਾਸ ਵਿਚਾਰੀ ਜਾਏਗੀ ਤੇ ਕੋਰ ਕਮੇਟੀ ਦੀ ਮੀਟੰਗ ਦੀ ਤਾਰੀਖ 29 ਅਕਤੂਬਰ ਐਲਾਨ ਦਿੱਤੀ ਜਾਂਦੀ ਹੈ।
30 ਅਕਤੂਬਰ ਦੀਆਂ ਅਖਬਾਰਾਂ ਵਿੱਚ ਪੰਜਾਬ ਸਰਕਾਰ ਦੇ ਹਵਾਲੇ ਨਾਲ ਇਹ ਖਬਰ ਸਾਹਮਣੇ ਆ ਜਾਂਦੀ ਹੈ ਕਿ ਪੰਜਾਬ ਸਰਕਾਰ ਨਵੀਂ ਤਿਆਰ ਕਿਤਾਬ ਨੂੰ ਲਾਗੂ ਨਹੀ ਕਰ ਰਹੀ ।ਲਿਹਾਜਾ ਪਹਿਲਾਂ ਤੋਂ ਲਾਗੂ ਕਿਤਾਬ ਹੀ ਜਾਰੀ ਰਹੇਗੀ।ਮਤਲਬ ਸਾਫ ਹੈ ਕਿ ਸਰਕਾਰ ਵਿਵਾਦਤ ਕਿਤਾਬ ਵਾਪਿਸ ਲੈ ਲੈਂਦੀ ਹੈ। 30 ਤਾਰੀਖ ਦੀਆਂ ਅਖਬਾਰਾਂ ਵਿੱਚ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਦੇ ਦਸਤਖਤਾਂ ਹੇਠ ਵੱਖ ਵੱਖ ਅਖਬਾਰਾਂ ਵਿੱਚ ਵੱਡ ਅਕਾਰੀ ਇਸ਼ਤਿਹਾਰ ਛਪਣੇ ਸ਼ੁਰੂ ਹੋ ਜਾਂਦੇ ਹਨ ਜਿਨ੍ਹਾਂ ਵਿੱਚ ਸਬੰਧਤ ਕਿਤਾਬ ਦੇ ਅੰਕ ਅਨੁਸਾਰ ਵਿਵਾਦਤ ਹਿੱਸਿਆਂ ਦਾ ਜਿਕਰ ਹੈ ।ਪਹਿਲਾਂ ਤੋਂ ਤੈਅ ਸ਼ੁਦਾ ਪ੍ਰੌਗਰਾਮ ਅਨੁਸਾਰ ਦਲ ਵਲੋਂ ਤਿੰਨ ਤਖਤ ਸਾਹਿਬਾਨ ਵਿਖੇ 1 ਨਵੰਬਰ ਵਾਲੇ ਦਿਨ ਨਵੰਬਰ 1984 ਦੇ ਸਿਖ ਕਤਲੇਆਮ ਅਤੇ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜਾਵਾਂ ਲਈ ਅਰਦਾਸ ਕੀਤੀ ਜਾਂਦੀ ਹੈ।ਅਰਦਾਸ ਉਪਰੰਤ ਸਥਾਨਕ ਕੋਤਵਾਲੀ ਚੌਕ ਵਿੱਚ ਕਿਤਾਬ ਦੇ ਖਿਲਾਫ ਰੋਸ ਧਰਨਾ ਸ਼ੁਰੂ ਹੋ ਜਾਂਦਾ ਹੈ ।ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਦਿੱਤਾ ਜਾਣ ਵਾਲਾ ਮਹਿਜ ਦੋ ਘੰਟਿਆਂ ਦਾ ਧਰਨਾ 48 ਘੰਟਿਆਂ ਲਈ ਕਰ ਦਿੱਤਾ ਜਾਂਦਾ ਹੈ ਤੇ ਅਗਲੇ 24 ਘੰਟਿਆਂ ਲਈ ਸੁਖਬੀਰ ਬਾਦਲ ਧਰਨੇ ਤੇ ਬੈਠ ਜਾਂਦੇ ਹਨ।ਲੇਕਿਨ ਕਿਤਾਬ ਵਿੱਚਲੀਆਂ ਤਰੱੁਟੀਆਂ ਬਿਆਨਣ ਤੇ ਉਨ੍ਹਾਂ ਨਾਲ ਸਬੰਧਤ ਸਵਾਲਾਂ ਦੇ ਜਵਾਬ ਦੇਣ ਵਾਲਾ ਕੋਈ ਵੀ ਆਗੂ ਮੌਜੂਦ ਨਹੀ ਹੈ ।ਕਿਤਾਬ ਦੇ ਵਿਰੋਧ ਤੇ ਕਿਤਾਬ ਦੇ ਲੇਖਕਾਂ ਖਿਲਾਫ ਪੁਲਿਸ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਦਲ ਦਾ ਇਹ ਧਰਨਾ 2 ਨਵੰਬਰ ਤੋਂ ਸ਼੍ਰੋਮਣੀ ਕਮੇਟੀ ਸੰਭਾਲ ਲੈਂਦੀ ਹੈ । ਉਧਰ ਪੰਜਾਬ ਸਰਕਾਰ ਵਲੋਂ ਕਿਤਾਬ ਦੇ ਮਾਮਲੇ ਵਿੱਚ ਗਠਿਤ ਕਮੇਟੀ ਦੇ ਚੇਅਰਮੈਨ ਅਤੇ ਸ਼੍ਰਮਣੀ ਕਮੇਟੀ ਦੇ ‘ਸਿੱਖ ਸਰੋਤ ਇਤਿਹਾਸਕ ਗ੍ਰੰਥ ਸੰਪਾਦਨਾ ਪ੍ਰਾਜੈਕਟ’ ਦੇ ਪ੍ਰਾਜੈਕਟ ਡਾਇਰੈਕਟਰ,ਕਮੇਟੀ ਦੇ ਹੀ ਸਿੱਖ ਇਤਿਹਾਸ ਰੀਸਰਚ ਬੋਰਡ ਦੇ ਮੈਂਬਰ ਡਾ:ਕਿਰਪਾਲ ਸਿੰਘ ਚੰਡੀਗੜ੍ਹ,ਇੱਕ ਪੱਤਰਕਾਰ ਸੰਮੇਲਨ ਵਿੱਚ ਸਾਫ ਕਹਿੰਦੇ ਹਨ ਕਿ ਕਿਤਾਬਾ ਲਿਖਦਿਆਂ ਸਹਿਤਕ ਪਹਿਲੂ ਵੇਖਿਆ ਜਾਂਦਾ ਹੈ ਭਾਵਨਾਤਮਿਕ ਪਹਿਲੂ ਨਹੀ।ਡਾ.ਕਿਰਪਾਲ ਸਿੰਘ ਦਾ ਸਾਥ ਦੇਣ ਵਾਲਿਆਂ ਵਿੱਚ ਸ.ਪਿਰਥੀਪਾਲ ਸਿੰਘ ਕਪੂਰ ਸਾਬਕਾ ਪਰੋ ਵਾਈਸ ਚਾਂਸਲਰ ਗੁਰੂ ਨਾਨਕ ਯੂਨੀਵਰਸਿਟੀ ਤੇ ਡਾ.ਇੰਦੂ ਬਾਂਗਾ ਸ਼ਾਮਿਲ ਹਨ ਜੋ ਸਮੇਂ ਸਮੇਂ ਸ਼੍ਰੋਮਣੀ ਕਮੇਟੀ ਦੇ ਸਿੱਖ ਇਤਿਹਾਸ ਰੀਸਰਚ ਬੋਰਡ ਦੇ ਇੰਚਾਰਜ ਤੇ ਮੈਂਬਰ ਰਹਿ ਚੁੱਕੇ ਹਨ ।ਉਹ ਤਾਂ ਇਥੋਂ ਤੀਕ ਕਹਿ ਰਹੇ ਹਨ ਕਿ ਇਤਰਾਜ ਉਠਾਉਣ ਵਾਲਿਆਂ ਨੇ ਕਦੇ ਕਿਤਾਬਾਂ ਪੜ੍ਹੀਆਂ ਹੀ ਨਹੀ ਹਨ ।ਜੇ ਹਾਲਾਤ ਅਜਿਹੇ ਹਨ ਤਾਂ ਬਾਦਲ ਦਲ ਤੇ ਸ੍ਰੋਮਣੀ ਕਮੇਟੀ ਕਿਹੜੇ ਲੇਖਕਾਂ ਖਿਲਾਫ ਕੇਸ ਦਰਜ ਕਰਵਾਣ ਦੀ ਗਲ ਕਰ ਰਹੀ ਹੈ ।ਜਿਨ੍ਹਾਂ ਨੂੰ ਉਹ ਆਪਣੇ ‘ਸਿੱਖ ਸਰੋਤ ਇਤਿਹਾਸਕ ਗ੍ਰੰਥ ਸੰਪਾਦਨਾ ਪ੍ਰਾਜੈਕਟ’ ਦੀ ਜਿੰਮੇਵਾਰੀ ਸੌਪ ਚੁੱਕੀ ਹੈ ਜਾਂ ਜੋ ਕਮੇਟੀ ਦੇ ਸਿੱਖ ਇਤਿਹਾਸ ਖੋਜ ਕੇਂਦਰ ਦੇ ਮੈਂਬਰ ਰਹੇ ਹਨ ।ਅਹਿਮ ਸਵਾਲ ਤਾਂ ਫਿਰ ਇਹ ਵੀ ਹੈ ਕਿ ਸਬੰਧਤ ਖਿਤਾਬ ਦੀਆਂ ਤਰੱੁਟੀਆਂ ਸਾਹਮਣੇ ਲਿਆਣ ਲਈ ਸ਼੍ਰੋਮਣੀ ਕਮੇਟੀ ਗੁਰੂ ਦੀ ਗੋਲਕ ਵਿੱਚੋਂ ਲੱਖਾਂ ਰੁਪਏ ਕਿਉਂ ਖਰਚ ਕਰ ਰਹੀ ਹੈ ਜਦੋਂ ਉਸ ਪਾਸ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸਮਝਣ ਵਾਲੇ ਇਤਿਹਾਸਕਾਰ ਅਤੇ ਲੇਖਕ ਹੀ ਨਹੀ ਹਨ। ਕੀ ਸ਼੍ਰੋਮਣੀ ਕਮੇਟੀ ਡਾ:ਕਿਰਪਾਲ ਸਿੰਘ,ਡਾ:ਇੰਦੂ ਬਾਂਗਾ ਤੇ ਪਿਰਥੀਪਾਲ ਸਿੰਘ ਕਪੂਰ ਖਿਲਾਫ ਵੀ ਪਰਚਾ ਦਰਜ ਕਰਵਾਏਗੀ ਜਾਂ ਬਾਦਲਾਂ ਵਲੋਂ ਕਿਤਾਬ ਦੇ ਖਿਲਾਫ ਵਿਰੋਧ ਦਾ ਡਰਾਮਾ, ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਕਾਰਣ ਸੂਬੇ ਵਿੱਚ ਪੈਰਾਂ ਹੇਠੋਂ ਖਿਸਕ ਚੁੱਕੀ ਜਮੀਨ ਹਾਸਿਲ ਕਰਨ ਲਈ ਹੀ ਹੈ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: