ਖਾਸ ਖਬਰਾਂ » ਮਨੁੱਖੀ ਅਧਿਕਾਰ

ਮਨੁੱਖੀ ਹੱਕਾਂ ਦੇ ਰਾਖਿਆਂ ਲਈ ਭਾਰਤ ਇਕ ਖਤਰਨਾਕ ਖਿੱਤਾ ਬਣਦਾ ਜਾ ਰਿਹਾ ਹੈ: ਅਮਨੈਸਟੀ

November 8, 2018 | By

ਚੰਡੀਗੜ੍ਹ: ਮਨੁੱਖੀ ਹੱਕਾਂ ਦੀ ਕੌਮਾਂਤਰੀ ਜਥੇਬੰਦੀ ਅਮਨੈਸਟੀ ਦੀ ਭਾਰਤ ਵਿਚਲੀ ਇਕਾਈ ਅਮਨੈਸਟੀ ਇੰਡੀਆ ਨੇ ਅੱਜ ਇਕ ਲਿਖਤੀ ਬਿਆਨ (ਜਿਸ ਦੀ ਨਕਲ ਸਿੱਖ ਸਿਆਸਤ ਕੋਲ ਮੌਜੂਦ ਹੈ) ਵਿੱਚ ਕਿਹਾ ਹੈ ਕਿ ਭਾਰਤੀ ਉਪਮਹਾਂਦੀਪ ਮਨੁੱਖੀ ਹੱਕਾਂ ਦੇ ਰਾਖਿਆਂ ਲਈ ਇੱਕ ਖਤਰਨਾਕ ਖਿੱਤਾ ਬਣਦਾ ਜਾ ਰਿਹਾ ਹੈ। ਇਹ ਬਿਆਨ ਅਮਨੈਸਟੀ ਇੰਡੀਆ ਨੇ ਮਨੁੱਖੀ ਹੱਕਾਂ ਦੇ ਕਾਰਕੁੰਨ ਅਰੁਨ ਫਰੇਰਾ ਉੱਤੇ ਮਹਾਂਰਾਸ਼ਟਰ ਪੁਲਿਸ ਵੱਲੋਂ ਹਿਰਾਸਤ ਵਿੱਚ ਤਸ਼ੱਦਦ ਕੀਤੇ ਜਾਣ ਦੇ ਮੱਦੇਨਜ਼ਰ ਦਿੱਤਾ ਹੈ।

ਅਰੁਨ ਫਰੇਰਾ ਨੇ ਬੀਤੇ ਦਿਨੀਂ ਪੂਨੇ ਦੀ ਇਕ ਅਦਾਲਤ ਨੂੰ ਦੱਸਿਆ ਸੀ ਕਿ ਮਹਾਂਰਾਸ਼ਟਰ ਪੁਲਿਸ ਦੇ ਏ.ਸੀ.ਪੀ. ਸ਼ਿਵਾਜੀ ਪਵਾਰ ਨੇ ਹਿਰਾਸਤ ਵਿੱਚ ਉਸ ਨੂੰ ਕੁੱਟਿਆ ਹੈ।

ਮਨੁੱਖੀ ਹੱਕਾਂ ਦੇ ਰਾਖਿਆਂ ਲਈ ਭਾਰਤ ਇਕ ਖਤਰਨਾਕ ਖਿੱਤਾ ਬਣਦਾ ਜਾ ਰਿਹਾ ਹੈ: ਅਮਨੈਸਟੀ ਇੰਡੀਆ (ਇਹ ਪੁਰਾਣੀ ਤਸਵੀਰ ਸਿਰਫ ਪ੍ਰਤੀਕ ਦੇ ਤੌਰ ਉੱਤੇ ਲਈ ਗਈ ਹੈ)

ਅਮਨੈਸਟੀ ਇੰਡੀਆ ਨੇ ਆਪਣੇ ਬਿਆਨ ਵਿੱਚ ਦੱਸਿਆ ਹੈ ਕਿ ਅਰੁਨ ਫਰੇਰਾ ਦੇ ਵਕੀਲ ਸਿਧਾਰਥ ਪਟੇਲ ਨੇ ਅਮਨੈਸਟੀ ਨੂੰ ਜਾਣਕਾਰੀ ਦਿੱਤੀ ਕਿ ਅਰੁਨ ਫੇਰਰਾ ਦੀ ਡਾਕਟਰੀ ਜਾਂਚ ਵਿੱਚ ਕੁੱਟ ਦੀਆਂ ਸੱਟਾਂ ਦੀ ਤਸਦੀਕ ਹੋਈ ਹੈ ਅਤੇ ਇਸ ਜਾਂਚ ਦੇ ਨਤੀਜੇ ਅਦਾਲਤ ਤੱਕ ਪਹੁੰਚਾ ਦਿੱਤੇ ਗਏ ਹਨ। ਅਮਨੈਸਟੀ ਇੰਡੀਆ ਨੇ ਮਹਾਂਰਾਸ਼ਟਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਰੁਨ ਫਰੇਰਾ ਦੀ ਹਿਰਾਸਤ ਵਿੱਚ ਹੋਈ ਕੁੱਟਮਾਰ ਦੀ ਨਿਰਪੱਖ ਕਾਨੂੰਨੀ ਜਾਂਚ ਕਰਵਾਈ ਜਾਵੇ।

ਇਸ ਖਬਰ ਨੂੰ ਹੋਰ ਵਧੇਰੇ ਵਿਸਤਾਰਵਿੱਚ (ਅੰਗਰੇਜ਼ੀ ਚ) ਪੜ੍ਹੋ – INDIA BECOMING A DANGEROUS PLACE FOR HUMAN RIGHTS DEFENDERS: AMNESTY INDIA

ਜੂਨ ਅਤੇ ਅਗਸਤ ਮਹੀਨੇ ਵਿੱਚ ਮਨੁੱਖੀ ਹੱਕਾਂ ਦੇ ਕਾਰਕੁੰਨਾਂ ਦੀਆਂ ਹੋਈਆਂ ਗ੍ਰਿਫਤਾਰੀਆਂ ਅਤੇ ਹੁਣ ਇਹਨਾਂ ਕਾਰਕੁੰਨਾਂ ਉੱਤੇ ਤਸ਼ੱਦਦ ਹੋਣ ਦੀਆਂ ਖਬਰਾਂ ਦਾ ਹਵਾਲਾ ਦੇਂਦਿਆਂ ਅਮਨੈਸਟੀ ਨੇ ਕਿਹਾ ਹੈ ਕਿ ਹੁਣ ਦੇ ਹਾਲਾਤ ਵਿੱਚ ਭਾਰਤ ਮਨੁੱਖੀ ਹੱਕਾਂ ਦੇ ਰਾਖਿਆਂ ਲਈ ਇਕ ਖਤਰਨਾਕ ਖਿੱਤਾ ਬਣਦਾ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਭਾਰਤੀ ਕਬਜ਼ੇ ਹੇਠਲੇ ਪੰਜਾਬ ਵਿੱਚ ਇਹ ਹਾਲਾਤ ਬਹੁਤ ਪਹਿਲਾਂ ਤੋਂ ਚੱਲੇ ਆ ਰਹੇ ਹਨ ਜਿੱਥੇ ਕਿ ਕੁਲਵੰਤ ਸਿੰਘ ਵਕੀਲ, ਸਤਨਾਮ ਸਿੰਘ ਜੰਮੂ ਵਕੀਲ ਤੇ ਜਸਵੰਤ ਸਿੰਘ ਖਾਲੜਾ ਸਮੇਤ ਕਈ ਮਨੁੱਖਾਂ ਹੱਕਾਂ ਦੇ ਰਾਖੇ ਪੁਲਿਸ ਵਾਲ਼ਿਆਂ ਵੱਲੋਂ ਜ਼ਬਰੀ ਲਾਪਤਾ ਕਰਕੇ ਖਤਮ ਕਰ ਦਿੱਤੇ ਗਏ ਸਨ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: