ਲੇਖ

“ਕਰਤਾਰਪੁਰ ਲਾਂਘਾ ਬਾਬੇ ਨਾਨਕ ਦਾ ਚਮਤਕਾਰ” -ਡਾ ਅਮਰਜੀਤ ਸਿੰਘ ਵਾਸ਼ਿੰਗਟਨ

November 30, 2018 | By

ਡਾ ਅਮਰਜੀਤ ਸਿੰਘ

ਮਜ਼ਹਬੀ ਦੁਨੀਆ ਦੇ ਲੋਕਾਂ ਵਿੱਚ ਅਕਸਰ ਕ਼੍ਰਿਸ਼ਮੇ ਜਾਂ ਚਮਤਕਾਰ ਨੂੰ ਲੈ ਕੇ ਬਹਿਸ ਹੁੰਦੀ ਹੈ ਕਿ ਕੀ ਇਹ ਰੱਬ ਦਾ ਸ਼ਰੀਕ ਬਣਨਾ ਹੈ ਜਾਂ ਰੱਬ ਨਾਲ ਜੁੜੇ ਲੋਕਾਂ ਦਾ ਸੁਤੇ-ਸਿੱਧ ਕ਼੍ਰਿਸ਼ਮਈ ਪ੍ਰਗਟਾਵਾ। ਈਸਾਈ ਮੱਤ ਵਿੱਚ, ਵੈਟੀਕਨ ਵਲੋਂ ਕਿਸੇ ਸ਼ਖਸ ਨੂੰ ‘ਸੰਤ ਦੀ ਪਦਵੀ’ ਦੇਣ ਦੀ ਸ਼ਰਤ ਹੀ ਇਹ ਹੁੰਦੀ ਹੈ ਕਿ ਉਸ ਦੇ ਜੀਵਨ-ਕਾਲ ਨਾਲ ਜੁੜੀਆਂ ਘੱਟੋ-ਘੱਟ ਦੋ ਕਰਾਮਾਤਾਂ ਜ਼ਰੂਰ ਹੋਣ। ਇਸਲਾਮ ਵਿੱਚ ਭਾਵੇਂ ਕਿਸੇ ਨੂੰ ਰੱਬ ਦਾ ਸ਼ਰੀਕ ਮੰਨਣ ਦੇ ਖਿਲਾਫ ਸਖਤ ਹਦਾਇਤਾਂ ਹਨ ਪਰ ਇਸ ਦੇ ਬਾਵਜੂਦ ਵਲੀ, ਔਲੀਆ ਉਹ ਹੀ ਮੰਨੇ ਜਾਂਦੇ ਹਨ, ਜੋ ਕੋਈ ਕ਼੍ਰਿਸ਼ਮਾ ਵਿਖਾਉਂਦੇ ਹਨ। ਸਿੱਖ ਧਰਮ ਵਿੱਚ ‘ਕਰਾਮਾਤ’ ਨੂੰ ‘ਕਹਿਰ’ ਮੰਨਿਆ ਜਾਂਦਾ ਹੈ ਪਰ ਗੁਰੂ ਸਾਹਿਬਾਨ ਦੇ ਜੀਵਨ ਕਾਲ ਨਾਲ ਜੁੜੀਆਂ ਬਹੁਤ ਸਾਰੀਆਂ ਘਟਨਾਵਾਂ ਅਤੇ ਇਤਿਹਾਸਕ ਸਥਾਨ ਕਰਾਮਾਤ ਦੀ ਹੋਂਦ ਦੀ ਪੁਸ਼ਟੀ ਕਰਦੀਆਂ ਹਨ। ਸ਼ਰਧਾਵਾਨਾਂ ਅਤੇ ਤਰਕਵਾਦੀਆਂ ਵਿੱਚ ਇਸ ਵਿਸ਼ੇ ’ਤੇ ਲਗਾਤਾਰ ਨੋਕ-ਝੋਕ ਰਹਿੰਦੀ ਹੈ।

‘ਜ਼ਾਹਰ ਪੀਰ, ਜਗਤ ਗੁਰ ਬਾਬਾ’ ਸਤਿਗੁਰੂ ਨਾਨਕ ਸਾਹਿਬ ਦੇ 549ਵੇਂ ਪ੍ਰਕਾਸ਼-ਪੁਰਬ ’ਤੇ, ਇਸ ਧਰਤੀ ’ਤੇ ਵਸਦੇ ਸੱਤ ਬਿਲੀਅਨ ਤੋਂ ਜ਼ਿਆਦਾ ਲੋਕਾਂ ਨੇ ਜ਼ਾਹਰ-ਕਰਾਮਾਤ ਵੇਖੀ। ਸਾਊਥ ਏਸ਼ੀਆ ਵਿਚਲੇ ਨਿਊਕਲੀਅਰ ਹਥਿਆਰਾਂ ਨਾਲ ਲੈਸ ਦੋ ਮੁਲਕਾਂ -ਭਾਰਤ ਤੇ ਪਾਕਿਸਤਾਨ ਵਿਚਕਾਰ, ਜਿਥੇ ਪਿਛਲੇ ਕਈ ਦਹਾਕਿਆਂ ਤੋਂ ਸਿਰਫ ਤੇ ਸਿਰਫ ਨਫਰਤ ਤੇ ਗਾਲੀ-ਗਲੋਚ ਦੀ ਤਜ਼ਾਰਤ ਹੁੰਦੀ ਹੈ, ਉਥੇ ਇਸ ਮੌਕੇ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਭਾਰਤੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਵਿਚਲੇ ਡੇਰਾ ਬਾਬਾ ਨਾਨਕ ਅਤੇ ਪਾਕਿਸਤਾਨੀ ਪੰਜਾਬ ਦੇ ਜ਼ਿਲ੍ਹਾ ਨਾਰੋਵਾਲ ਵਿਚਲੇ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਆਪਸ ਵਿੱਚ ਜੋੜਨ ਵਾਲੇ ‘ਲਾਂਘੇ’ (ਕੋਰੀਡੋਰ) ਨੂੰ ਬਣਾਉਣ ਲਈ ਸਹਿਮਤ ਹੋਈਆਂ। 26 ਨਵੰਬਰ ਨੂੰ, ਭਾਰਤ ਦੇ ਉੱਪ-ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਡੇਰਾ ਬਾਬਾ ਨਾਨਕ ਵਿਖੇ ਲਾਂਘੇ ਦਾ ਨੀਂਹ ਪੱਥਰ ਰੱਖਿਆ ਅਤੇ 28 ਨਵੰਬਰ ਨੂੰ ਕਰਤਾਰਪੁਰ ਸਾਹਿਬ ਵਿਖੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬੜੇ ਸ਼ਾਨੌ-ਸ਼ੌਕਤ ਵਾਲੇ ਇੱਕ ਸਮਾਗਮ ਦੌਰਾਨ ‘ਲਾਂਘੇ’ ਲਈ ਸੰਗ-ਏ-ਬੁਨਿਆਦ ਰੱਖਿਆ। ਇਹ ਸਭ ਏਨਾ ਅਚਾਨਕ ਹੋਇਆ ਕਿ ਸਾਊਥ ਏਸ਼ੀਆ ਦੇ ਮਸਲਿਆਂ ’ਤੇ ‘ਮਾਹਿਰਾਂ’ ਵਜੋਂ ਜਾਣੇ ਜਾਂਦੇ ਦਾਨਿਸ਼ਵਰਾਂ, ਬੁੱਧੀਜੀਵੀਆਂ ਨੂੰ ਸਮਝ ਨਹੀਂ ਆ ਰਹੀ ਕਿ ਇਹ ਸਭ ਅਚਾਨਕ ਕਿਵੇਂ ਸੰਭਵ ਹੋ ਗਿਆ?

ਐਨ. ਡੀ. ਟੀ. ਵੀ. ਦੇ ਬੜੇ ਮਸ਼ਹੂਰ ਐਂਕਰ ਰਵੀਸ਼ ਕੁਮਾਰ ਨੇ ਆਪਣੇ ਕਰਤਾਰਪੁਰ ਲਾਂਘੇ ਸਬੰਧੀ ਸ਼ੋਅ ਦੀ ਸ਼ੁਰੂਆਤ ਇਨ੍ਹਾ ਲਫਜ਼ਾਂ ਨਾਲ ਕੀਤੀ – ‘ਐਸਾ ਬਹੁਤ ਕਮ ਹੋਤਾ ਹੈ ਕਿ ਗਲੇ ਮਿਲਨੇ ਪਰ ਹੰਗਾਮਾ ਹੋ ਔਰ ਅੰਜ਼ਾਮ ਗਲਿਆਰਾ ਬਨਾਨੇ ਪਰ ਖਤਮ ਹੋ। ਯੇ ਕ਼੍ਰਿਸ਼ਮਾ ਗੁਰੂ ਨਾਨਕ ਕੇ ਨਾਮ ਪਰ ਹੀ ਹੋ ਸਕਦਾ ਹੈ। ਭਾਰਤ ਔਰ ਪਾਕਿਸਤਾਨ ਜੋ ਸੀਮਾ ਪਰ ਬੰਕਰ ਬਨਾਤੇ ਰਹਿਤੇ ਹੈਂ, ਪਹਿਲੀ ਵਾਰ ਗਲਿਆਰਾ ਭੀ ਬਨਾ ਰਹੇ ਹੈਂ। ਰਾਜਨੀਤੀ ਕੁਛ ਔਰ ਕਰਾਤੀ ਹੈ, ਨੀਯਤੀ (ਕੁਦਰਤ) ਕੁਛ ਔਰ…’

ਜਾਹਰ ਹੈ ਕਿ ਰਾਜਨੀਤੀ ਦੀ ਦੁਨੀਆ ਵਿੱਚ ਆਪਣਾ ਜਮਾ-ਨਫੀ ਚੱਲ ਰਿਹਾ ਹੁੰਦਾ ਹੈ ਪਰ ਅਕਾਲ ਪੁਰਖ ਦੇ ਦੇਸ਼ ਦਾ ਆਪਣਾ ਵਿਧੀ ਵਿਧਾਨ ਹੁੰਦਾ ਹੈ।ਯਾਦ ਰਹੇ ਕਿ 1499 ਈਸਵੀ ਵਿੱਚ ਵੇਂਈਂ ਦੇ ਕੰਢੇ, ਸੁਲਤਾਨਪੁਰ ਲੋਧੀ ਵਿੱਚ ਗੁਰੂ ਨਾਨਕ ਸਾਹਿਬ ਦਾ ਜੱਗ ਨੂੰ ਦਿੱਤਾ ਪਹਿਲਾ ਸੁਨੇਹਾ ਸੀ- ‘ਨਾ ਕੋ ਹਿੰਦੂ, ਨਾ ਮੁਸਲਮਾਨ।’ ਪਿਛਲੇ 71 ਵਰ੍ਹਿਆਂ ਤੋਂ ਵਾਘਾ-ਹੁਸੈਨੀਵਾਲਾ ਦੇ ਆਰ-ਪਾਰ ਦੇਸ਼ਾਂ ਭਾਰਤ ਤੇ ਪਾਕਿਸਤਾਨ ਵਿਚਲੀਆਂ ਦੋ ਕੌਮਾਂ ਹਿੰਦੂ ਤੇ ਮੁਸਲਮਾਨਾਂ ਦੇ ਚੱਲ ਰਹੇ ‘ਖੂਨੀ ਟਕਰਾਅ’ ਨੂੰ ਬਾਬੇ ਨਾਨਕ ਦੀ ਅਜ਼ਮਤ ਨਾਲ ਵਰੋਸਾਈ, ਗੁਰੂ ਨਾਨਕ ਦੀ ‘ਕੀਤੋਸ ਅਪਣਾ ਪੰਥ ਨਿਰਾਲਾ’ ਦੀ ਵੱਖਰੀ ਵਿਚਾਰਧਾਰਾ ਵਾਲੀ ਸਿੱਖ ਕੌਮ ਹੀ ਰੋਕਣ ਦੀ ਸਮਰੱਥਾ ਰੱਖਦੀ ਹੈ। ‘ਕਰਤਾਰਪੁਰ ਲਾਂਘਾ’ ਬਾਬੇ ਦੀ ਅਜ਼ਮਤ ਦਾ ਜ਼ਾਹਰਾ ਜ਼ਹੂਰ, ਹਾਜ਼ਰਾ-ਹਜ਼ੂਰ ਪ੍ਰਗਟਾਵਾ ਹੈ।

15 ਅਗਸਤ, 1947 ਦੀ ਦੇਸ਼ ਵੰਡ ਵੇਲੇ ਵਾਹੀ ‘ਰੈਡਕਲਿਫ ਲਾਈਨ’ ਨੇ ਸਾਡੇ ਮੱਕੇ ਤੇ ਮਦੀਨੇ ਯਾਨੀ ਕਿ ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਨੂੰ 170 ਤੋਂ ਜ਼ਿਆਦਾ ਇਤਿਹਾਸਕ ਗੁਰਦੁਆਰਿਆਂ ਸਮੇਤ ਪਾਕਿਸਤਾਨ ਦੀ ਹਦੂਦ ਵਿੱਚ ਲੈ ਆਂਦਾ। ਲਗਭੱਗ ਸਮੁੱਚੀ ਸਿੱਖ ਕੌਮ ਹਿਜ਼ਰਤ ਕਰਕੇ ਭਾਰਤ ਦੀਆਂ ਹੱਦਾਂ ਵਿੱਚ ਆ ਗਈ। ਵਿੱਛੜੇ ਗੁਰਧਾਮਾਂ ਦੀ ‘ਪੀੜ’ ਅਰਦਾਸ ਬਣ ਕੇ ਪਿਛਲੇ 71 ਸਾਲਾਂ ਤੋਂ ਹਰ ਗੁਰਸਿੱਖ ਦੇ ਅੰਦਰੋਂ ਨਿੱਕਲਦੀ ਰਹੀ – ‘ਖੁੱਲ੍ਹੇ’ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਬਖਸ਼ੋ।

1998 ਵਿੱਚ ‘ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ’ ਹੋਂਦ ਵਿੱਚ ਆਉਣ ਨਾਲ, ਗੁਰਦੁਆਰਿਆਂ ਦੀ ਸੇਵਾ ਸੰਭਾਲ ਵੱਲ ਸੁਚੱਜੀ ਪੇਸ਼ਕਦਮੀ ਹੋਈ। 1947 ਤੋਂ ਫੌਰਨ ਬਾਅਦ ਉਠਾਈ ਗਈ, ਸਿੱਖ ਕੌਮ ਵਲੋਂ ਕਰਤਾਰਪੁਰ ਸਾਹਿਬ ਤੱਕ ‘ਖੁੱਲੀ ਪਹੁੰਚ’ ਦੀ ਮੰਗ, 1999 ਵਿੱਚ ਬਕਾਇਦਾ ਤੌਰ ’ਤੇ ਲਾਹੌਰ ਵਿਚਲੀ ਵਾਜਪਾਈ- ਨਵਾਜ਼ ਸ਼ਰੀਫ ਮੀਟਿੰਗ ਦੇ ਏਜੰਡੇ ’ਤੇ ਰਹੀ।

ਪਾਕਿਸਤਾਨ ਵਲੋਂ ਇਸ ਸਬੰਧੀ ਪਹਿਲੇ ਦਿਨ ਤੋਂ ਹੀ ਹਾਂ-ਪੱਖੀ ਪਹੁੰਚ ਰਹੀ। ਭਾਰਤੀ ਕਬਜ਼ੇ ਵਾਲੇ ਪੰਜਾਬ ਦੀ ਵਿਧਾਨ ਸਭਾ ਵਲੋਂ ਕਰਤਾਰਪੁਰ ਲਾਂਘੇ ਲਈ ਦੋ ਵਾਰ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਗਿਆ। ਦੁਆਬੇ ਦੇ ਪ੍ਰਮੁੱਖ ਅਕਾਲੀ ਲੀਡਰ ਸ. ਕੁਲਦੀਪ ਸਿੰਘ ਵਡਾਲਾ ਨੇ 2001 ਤੋਂ ਹੀ ਡੇਰਾ ਬਾਬਾ ਨਾਨਕ ਵਿਖੇ ਸੰਗਤਾਂ ਦੀ ਮੌਜੂਦਗੀ ਵਿੱਚ, ਕਰਤਾਰਪੁਰ ਸਾਹਿਬ ਵੱਲ ਮੂੰਹ ਕਰਕੇ ਲਾਂਘੇ ਲਈ ਅਰਦਾਸ ਕਰਨ ਦਾ ਸਿਲਸਿਲਾ ਆਰੰਭਿਆ ਗਿਆ, ਜਿਹੜਾ ਕਿ ਅੱਜ ਤੱਕ ਵੀ ਜਾਰੀ ਹੈ। ਕੇਂਦਰ ਸਰਕਾਰਾਂ ਭਾਵੇਂ ਉਹ ਵਾਜਪਾਈ ਦੀ ਸੀ, ਮਨਮੋਹਣ ਸਿੰਘ ਦੀ ਜਾਂ ਨਰਿੰਦਰ ਮੋਦੀ ਦੀ, ‘ਲਾਂਘੇ’ ਨੂੰ ਰੋਕਣ ਵਿੱਚ ਲੱਗੀਆਂ ਰਹੀਆਂ। ‘ਦੂਰਬੀਨਾਂ’ ਲਾ ਦੇਣ ਨੂੰ ਹੀ ਉਹ ਸਿੱਖਾਂ ’ਤੇ ਕੀਤਾ ਬਹੁਤ ਵੱਡਾ ਅਹਿਸਾਨ ਦੱਸਦੀਆਂ ਰਹੀਆਂ। ‘ਰਾਸ਼ਟਰੀ ਸੁਰੱਖਿਆ ਨੂੰ ਖਤਰਾ’ ਦੱਸਦਿਆਂ, ਲਾਂਘੇ ਦੀ ਮੰਗ ਨੂੰ ਨਕਾਰ ਦਿੱਤਾ ਜਾਂਦਾ ਰਿਹਾ।

2016 ਵਿੱਚ ਸ਼ਸ਼ੀ ਥਰੂਰ ਦੀ ਅਗਵਾਈ ਵਿਚਲੀ ਪਾਰਲੀਮਾਨੀ ਕਮੇਟੀ ਨੇ ਇਸ ਮੰਗ ਨੂੰ ਪੱਕੇ ਤੌਰ ’ਤੇ ਰੱਦ ਕਰ ਦਿੱਤਾ। ਮੋਦੀ ਸਰਕਾਰ ਦੇ ਕਲਚਰ ਮਨਿਸਟਰ ਮਹੇਸ਼ ਸ਼ਰਮਾ ਨੇ 20 ਨਵੰਬਰ ਨੂੰ ਐਲਾਨ ਕੀਤਾ ਕਿ ਕਰਤਾਰਪੁਰ ਸਾਹਿਬ ਲਾਂਘੇ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਪਰ ਸਾਇੰਸ ਤੇ ਤਕਨਾਲੋਜੀ ਮਨਿਸਟਰੀ ਨੂੰ ਕਿਹਾ ਗਿਆ ਹੈ ਕਿ ‘ਉਹ ਡੇਰਾ ਬਾਬਾ ਨਾਨਕ ਵਿਖੇ ਇੱਕ ਵੱਡੀ ਸ਼ਕਤੀ ਵਾਲੀ ਦੂਰਬੀਨ ਲਾ ਦੇਣ ਅਤੇ ਨਾਲ ਹੀ ਇੱਕ ਵੱਡੀ ਸਕਰੀਨ ਵੀ ਤਾਂ ਕਿ ਸਿੱਖ ਸੰਗਤਾਂ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣ। ਪਾਕਿਸਤਾਨ ਵਲੋਂ 28 ਨਵੰਬਰ ਨੂੰ ਕਰਤਾਰਪੁਰ ਲਾਂਘੇ ਦਾ ਇਮਰਾਨ ਖਾਨ ਵਲੋਂ ਨੀਂਹ-ਪੱਥਰ ਰੱਖਣ ਦੀ ਖਬਰ ਨੇ, ਦਿੱਲੀ ਦੇ ਸੱਤਾ ਗਲਿਆਰਿਆਂ ਵਿੱਚ ਇੱਕ ਖਲਬਲੀ ਮਚਾ ਦਿੱਤੀ। ਮੋਦੀ ਕੈਬਨਿਟ ਨੇ ਐਮਰਜੈਂਸੀ ਮੀਟਿੰਗ ਕਰਕੇ ਫੈਸਲਾ ਲਿਆ ਕਿ ਭਾਰਤ ਵਲੋਂ 26 ਨਵੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਲਾਂਘੇ ਲਈ ਨੀਂਹ ਪੱਥਰ ਰੱਖਿਆ ਜਾਵੇਗਾ। ਸਿੱਖ ਕੌਮ ਦੀਆਂ ਅਰਦਾਸਾਂ ਬਾਬੇ ਨਾਨਕ ਦੀ ਜ਼ਾਹਰਾ ਕਲਾ ਰਾਹੀਂ ਫਲੀਭੂਤ ਹੋਈਆਂ।

ਦੁਨੀਆਂ ਦੇ ਕੂਟਨੀਤਕ ਇਤਿਹਾਸ ਵਿੱਚ ਇਹ ਬਹੁਤ ਵੱਡੀ ਪ੍ਰਾਪਤੀ ਵਾਲੀ ਘਟਨਾ ਹੈ। ਇਮਰਾਨ ਖਾਨ ਵਲੋਂ 28 ਨਵੰਬਰ ਦੇ ਨੀਂਹ ਰੱਖ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਬਾਹਰਲੇ ਮੁਲਕਾਂ ਦੇ ਡਿਪਲੋਮੈਟ ਵੀ ਸ਼ਾਮਲ ਹੋਏ। ਮੋਦੀ ਸਰਕਾਰ ਦੇ ਦੋ ਵਜ਼ੀਰ ਵੀ ‘ਨਿੱਜੀ ਹੈਸੀਅਤ’ ਵਿੱਚ ਅਤੇ ਪੰਜਾਬ ਦੇ ਟੂਰਿਜ਼ਮ ਮੰਤਰੀ ਨਵਜੋਤ ਸਿੱਧੂ ਇਮਰਾਨ ਖਾਨ ਦੇ ਨਿੱਜੀ ਬੁਲਾਵੇ ’ਤੇ ਕਰਤਾਰਪੁਰ ਸਾਹਿਬ ਪਹੁੰਚੇ। ਅੰਤਰਰਾਸ਼ਟਰੀ ਮੀਡੀਆ ਅਤੇ ਦਰਜਨਾਂ ਭਾਰਤੀ ਪੱਤਰਕਾਰਾਂ ਨੇ ਇਸ ‘ਕਰਾਮਾਤੀ ਘਟਨਾ’ ਨੂੰ ਕਵਰ ਕੀਤਾ। ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਵੀ ਹਾਜ਼ਰ ਹੋਈਆਂ। ਪਾਕਿਸਤਾਨ ਵਿਚਲੇ ਪੰਜਾਬੀ ਸ਼ਾਇਰ ਇਰਸ਼ਾਦ ਸੰਧੂ ਵਲੋਂ ਇਸ ਸਬੰਧੀ ਲਿਖੀ ਗਈ ਇੱਕ ਦਿਲ ਟੁੰਬਵੀਂ ਨਜ਼ਮ ਦੋਹਾਂ ਪੰਜਾਬਾਂ ਵਿੱਚ ਜਾਗੀ ਅਮਨ ਤੇ ਆਸ ਦੀ ਕਿਰਨ ਨੂੰ ਕੁਝ ਇਨ੍ਹਾਂ ਲਫਜ਼ਾਂ ਵਿੱਚ ਬਿਆਨਦੀ ਹੈ –

ਕੁਝ ਤੇ ਨੇੜ ਨੜੇਪਾ ਵਧਿਆ
ਕੁਝ ਤੇ ਆਸਾਂ ਪੁੱਗੀਆਂ।
ਕੁਝ ਤੇ ਵੈਰ ਦੇ ਨਾਗ ਮਿੱਧੀਜੇ
ਕੁਝ ਤਾਂ ਸਾਂਝਾਂ ਉੱਗੀਆਂ।
ਕੁਝ ਤੇ ਸੁੱਕੀ ਸਿੱਕ ਦੀ ਹਿੱਕ ’ਤੇ
ਖਿੜ ਪਏ ਫੁੱਲ ਨਰੋਏ।
ਕੁਝ ਤੇ ਦੂਰੀ ਵਾਲੇ ਕੰਡੇ
ਬੋਡੇ ਹੋ ਕੇ ਮੋਏ।
ਕੁਝ ਤੇ ਵਾਵਾਂ ਇੱਕ ਦੂਜੇ ਵੱਲ
ਹੱਸ ਕੇ ਬਾਂਹ ਵਧਾਈ
ਕੁਝ ਤੇ ਸੀਨੇ ਠਾਰਨ ਵਾਲੀ
ਜੱਫੀਆਂ ਦੀ ਰੁੱਤ ਆਈ…..।

ਕੁਝ ਤੇ ਲਹਿੰਦੇ ਚੜ੍ਹਦੇ ਵਲੋਂ
ਅਮਨਾਂ ਦਾ ਮੀਂਹ ਵਰਿਆ।
ਕੁਝ ਤੇ ਸਾਡੀ ਧਰਤੀ ਮਾਂ ਦਾ
ਬਲਦਾ ਸੀਨਾ ਠਰਿਆ।’
ਆਮੀਨ!


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: