ਖਾਸ ਖਬਰਾਂ » ਸਿੱਖ ਖਬਰਾਂ

ਸਿੱਖ ਨਸਲਕੁਸ਼ੀ ਦੇ 34 ਸਾਲਾਂ ਬਾਅਦ ਭਾਰਤੀ ਅਦਾਲਤ ਨੇ ਦੋ ਦੋਸ਼ੀਆਂ ਨੂੰ ਸੁਣਾਈ ਸਜਾ; ਇੱਕ ਨੂੰ ਉਮਰਕੈਦ ਇੱਕ ਨੂੰ ਫਾਂਸੀ

November 20, 2018 | By

ਦਿੱਲੀ: ਸਿੱਖ ਨਸਲਕੁਸ਼ੀ ਦੇ 2 ਦੋਸ਼ੀਆਂ ਨੂੰ ਪਟਿਆਲਾ ਹਾਊਸ ਅਦਾਲਤ ਨੇ ਫਾਂਸੀ ਅਤੇ ਉਮਰਕੈਦ ਦੀ ਸਜਾ ਦਿੱਤੀ ਹੈ। ਯਸ਼ਪਾਲ ਨੂੰ ਫਾਂਸੀ ਅਤੇ ਨਰੇਸ਼ ਸਹਿਰਾਵਤ ਨੂੰ ਉਮਰ ਕੈਦ ਦੀ ਸਜਾ ਸੁਣਾਈ ਗਈ ਹੈ। ਅਦਾਲਤ ਵਲੋਂ ਹਰਦੇਵ ਸਿੰਘ ਅਤੇ ਅਵਤਾਰ ਸਿੰਘ ਦੇ ਕਤਲ ਲਈ ਯਸ਼ਪਾਲ ਅਤੇ ਨਰੇਸ਼ ਸਹਿਰਾਵਤ ਨੂੰ ਦੋਸ਼ੀ ਐਲਾਨ ਕੀਤਾ ਗਿਆ ਸੀ। ਜਿਸ ਤੋਂ ਅਗਲੀ ਕਾਰਵਾਈ ਕਰਦਿਆਂ ਅੱਜ ਅਦਾਲਤ ਨੇ ਜੇਲ੍ਹ ਦੇ ਅੰਦਰ ਹੀ ਦੋਸ਼ੀਆਂ ਦੀਆਂ ਸਜਾਵਾਂ ਦਾ ਐਲਾਨ ਕਰ ਦਿੱਤਾ।

ਦਿੱਲੀ ਵਿੱਚ ਚੱਲੇ ਸਿੱਖ ਨਸਲਕੁਸ਼ੀ ਦੇ ਦੌਰ ਦੌਰਾਨ ਮਹੀਪਾਲਪੁਰ ਇਲਾਕੇ ‘ਚ ਰਹਿਣ ਵਾਲੇ ਸਿੱਖ ਹਰਦੇਵ ਸਿੰਘ ਅਤੇ ਅਵਤਾਰ ਸਿੰਘ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਪਰਿਵਾਰ ਵਲੋਂ ਏਸ ਦੀ ਸ਼ਿਕਾਇਤ ਵਸੰਤ ਵਿਹਾਰ ਥਾਣੇ ਵਿੱਚ ਦਰਜ ਕਰਵਾਈ ਗਈ ਸੀ।

ਜਿਕਰਯੋਗ ਹੈ ਕਿ ਇਹਨਾਂ ਦੋਸ਼ੀਆਂ ਵਿਰੁੱਧ 1993 ਵਿੱਚ ਵੀ ਕੇਸ ਚੱਲਿਆ ਸੀ ਜੋ ਕਿ 1994 ਵਿੱਚ ਬੰਦ ਕਰ ਦਿੱਤਾ ਗਿਆ ਸੀ, ਸਾਲ 2016 ਤੋਂ ਇਹ ਕੇਸ ਮੁੜ ਅਦਾਲਤ ਵਿੱਚ ਚਲਾਇਆ ਗਿਆ।

ਪਟਿਆਲਾ ਹਾਊਸ ਕੋਰਟ ਦੀ ਪੁਰਾਣੀ ਤਸਵੀਰ

ਨਵੰਬਰ 1984 ਨੂੰ ਦਿੱਲੀ ਅਤੇ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਿੱਖਾਂ ਦੇ ਘਰਾਂ ਦੀ ਨਿਸ਼ਾਨਦੇਹੀ ਕਰ ਕੇ ਉਹਨਾਂ ਨੂੰ ਬੇਰਹਿਮੀ ਨਾਲ ਕਤਲ ਕੀਤਾ ਗਿਆ, ਘਰ ਅਤੇ ਕਾਰੋਬਾਰ ਲੁੱਟੇ ਗਏ ਅਤੇ ਧੀਆਂ ਭੈਣਾਂ ਦੀ ਬੇਪੱਤੀ ਕੀਤੀ ਗਈ ਸੀ। ਏਸ ਕਤਲੇਆਮ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੀ ਕਾਂਗਰਸ ਪਾਰਟੀ 1984 ਤੋਂ ਅਗਲੇ ਸਾਲ ਹੋਈਆਂ ਲੋਕ-ਸਭਾ ਦੀਆਂ ਚੋਣਾਂ ਵਿੱਚ ਪੂਰੇ ਭਾਰਤ ਵਿਚੋਂ ਧੜੱਲੇ ਨਾਲ ਜਿੱਤ ਕੇ ਭਾਰਤੀ ਉਪਮਹਾਦੀਪ ਦੇ ਰਾਜ-ਤਖਤ ਉੱਤੇ ਜਾ ਚੜ੍ਹੀ।

ਉਸ ਤੋਂ ਬਾਅਦ ਹਾਲੇ ਤੀਕ ਵੀ ਸਿਆਸੀ ਆਗੂਆਂ ਅਤੇ ਮੀਡੀਆ ਦੇ ਵੱਖ-ਵੱਖ ਵਰਗਾਂ ਵਲੋਂ ਇਸ ਕਤਲੇਆਮ ਲਈ ਸਿੱਖਾਂ ਨੂੰ ਹੀ ਇਸ ਲਈ ਦੋਸ਼ੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ।ਅਖਬਾਰਾਂ ਅਤੇ ਕੁਝ ਕੁ ਖਬਰੀ ਅਦਾਰਿਆਂ ਵਲੋਂ ਤਾਂ ਇਸ ਨਸਲਕੁਸ਼ੀ ਨੂੰ ਸਿੱਖ-ਦੰਗਿਆਂ ਵਜੋਂ ਹੀ ਪੇਸ਼ ਕੀਤਾ ਜਾ ਰਿਹਾ ਹੈ।

ਅਦਾਲਤਾਂ ਵਲੋਂ ਗਵਾਹਾਂ ਅਤੇ ਸਬੂਤਾਂ ਦੀ ਘਾਟ ਦਾ ਹਵਾਲਾ ਦੇ ਕੇ ਕਈਂ ਕੇਸ ਰੱਦ ਕੀਤੇ ਜਾ ਚੁੱਕੇ ਹਨ ਅਤੇ ਲੰਬੇ ਸਮੇਂ ਤੋਂ ਕੇਸ ਅਦਾਲਤਾਂ ਵਿੱਚ ਲਮਕਾਏ ਜਾ ਰਹੇ ਹਨ। 1984 ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਦਾ ਮਸਲਾ ਕੇਵਲ ਸਿਆਸੀ ਕਾਨਫਰੰਸਾ ਦਾ  ਸ਼ਿੰਗਾਰ ਬਣ ਕੇ ਰਹਿ ਗਿਆ ਹੈ।

ਜਿਨ੍ਹਾ ਮੁਲਜਮਾਂ ਨੂੰ ਸਜਾਵਾਂ ਹੋਈਆਂ ਉਹਨਾਂ ਵੱਲ੍ਹ ਵੀ ਅਦਾਲਤਾਂ ਵਲੋਂ ਖਾਸ ਹਮਦਰਦੀ ਵਿਖਾਉਣ ਦੀਆਂ ਗੱਲਾਂ ਵੀ ਸਾਹਮਣੇ ਆਈਆਂ ਹਨ। ਜਿਵੇਂ ਕਿ ਕਿਸ਼ੋਰੀ ਲਾਲ ਜਿਸਨੂੰ ਕਿ ਹੇਂਠਲੀਆਂ ਅਦਾਲਤਾਂ ਵਲੋਂ 7 ਵਾਰ ਫਾਂਸੀ ਦੀ ਸਜਾ ਸੁਣਾਈ ਗਈ ਸੀ, ਨੂੰ ਸੁਪਰੀਮ ਕੋਰਟ ਨੇ ਉਮਰ ਕੈਦ ਦੀ ਸਜਾ ਦੇ ਦਿੱਤੀ ਸੀ ਗੱਲ ਏਥੇ ਹੀ ਨਹੀਂ ਮੁੱਕਦੀ।

ਕਈਂ ਸਿੱਖਾਂ ਨੂੰ ਜਾਨੋਂ ਮਾਰਨ ਅਤੇ ਘਰਾਂ-ਦੁਕਾਨਾਂ ਲੁੱਟਣ, ਅੱਗਾਂ ਲਾਉਣ ਦੇ ਦੋਸ਼ੀ ਕਿਸ਼ੋਰੀ ਲਾਲ ਨੂੰ ਜੇਲ੍ਹ ਵਿੱਚ ਉਸਦੇ ਚੰਗੇ ਵਿਹਾਰ ਨੂੰ ਵੇਖਦਿਆਂ ਕੁਝ ਸਾਲਾਂ ਵਿੱਚ ਹੀ ਰਿਹਾਅ ਕਰ ਦਿੱਤਾ।

ਅਜਿਹੇ ਗੜਬੜਾਂ ਨਾਲ ਭਰੇ ਮਹੌਲ ਵਿੱਚ ਜਿੱਥੇ ਦੋ ਦਿਨਾਂ ਵਿੱਚ ਹਜਾਰਾਂ ਸਿੱਖਾਂ ਨੂੰ ਕਤਲ ਕਰਨ ਵਾਲੇ ਅਜਾਦ ਦਨਦਨਾਉਂਦੇ ਹੋਏ ਘੁੰਮਣ ਤਾਂ ਉਥੋਂ ਦੀ ਵਿਵਸਥਾ ਦੇ ਯਕੀਨ ਕਰਨਾ ਬਹੁਤ ਔਖੀ ਗੱਲ ਹੋ ਜਾਂਦਾ ਹੈ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: