ਸਿੱਖ ਖਬਰਾਂ

ਸੋਸ਼ਲ ਮੀਡੀਏ ਨੂੰ ਭਰਾ-ਮਾਰੂ ਜੰਗ ਲਈ ਆਧਾਰ ਸਰੋਤ ਵਜੋਂ ਨਾ ਵਰਤੋ: ਵਿਰੋਧ ਦਰਮਿਆਨ ਗਿਆਨੀ ਹਰਪ੍ਰੀਤ ਸਿੰਘ ਦਾ ‘ਸੰਦੇਸ਼’

November 8, 2018 | By

ਅੰਮ੍ਰਿਤਸਰ: ਬੰਦੀ ਛੋੜ ਦਿਹਾੜੇ ਮੌਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਉੜੀ ਤੋਂ ਗਿਆਨੀ ਹਰਪ੍ਰੀਤ ਸਿੰਘ ਵਲੋਂ ਬੀਤੇ ਦਿਨ ਸਿੱਖਾਂ ਦੇ ਨਾਂਅ ਪੜਿਆ ਗਿਆ ਸੰਦੇਸ਼ ਵੀ ਵਿਰੋਧ ਦੀ ਭੇਟ ਚੜ੍ਹ ਗਿਆ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗੰਥੀ ਗਿਆਨੀ ਜਗਤਾਰ ਸਿੰਘ, ਗਿਆਨੀ ਰਘਬੀਰ ਸਿੰਘ, ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖਾਲਸਾ ਅਤੇ ਕਥਾਵਾਚਕ ਭਾਈ ਰਣਜੀਤ ਸਿੰਘ ਗੌਹਰ ਵਲੋਂ ਸੰਗਤਾਂ ਨਾਲ ਪਾਈ ਗੁਰਮਤਿ ਵਿਚਾਰਾਂ ਦੀ ਸਾਂਝ ਵੇਲੇ ਸ਼ਾਂਤੀ ਬਣੀ ਰਹੀ।

ਲੰਘੇ ਦਿਨ (7 ਨਵੰਬਰ) ਦੀ ਦੇਰ ਸ਼ਾਮ ਜਿਉਂ ਹੀ ਸ਼੍ਰੋ.ਗੁ.ਪ੍ਰ.ਕ. ਵੱਲੋਂ ਲਾਏ ਗਏ ਅਕਾਲ ਤਖ਼ਤ ਸਾਹਿਬ ਦੇ ‘ਕਾਰਜਕਾਰੀ ਜਥੇਦਾਰ’ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਜਗਤ ਦੇ ਨਾਂਅ ਸੰਦੇਸ਼ ਪੜ੍ਹਨਾ ਸ਼ੁਰੂ ਕੀਤਾ ਤਾਂ ਅਕਾਲ ਤਖਤ ਸਾਹਿਬ ਦੇ ਸਨਮੁਖ ਜੁੜ ਬੈਠੀਆਂ ਨਿਹੰਗ ਸਿੰਘ ਜਥੇਬੰਦੀਆਂ ਵਾਲੇ ਹਿੱਸੇ ਅੰਦਰੋਂ ਭਾਈ ਜਗਤਾਰ ਸਿੰਘ ਹਵਾਰਾ ਜਿੰਦਾਬਾਦ, ਭਾਈ ਧਿਆਨ ਸਿੰਘ ਮੰਡ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਬੁਲੰਦ ਹੋਣੇ ਸ਼ੁਰੂ ਹੋ ਗਏ।

ਮਾਲਵਾ ਤਰਨਾ ਦਲ ਅਰਬਾਂ-ਖਰਬਾਂ ਨਾਮੀ ਜਥੇਬੰਦੀ ਮੁਖੀ ਰਾਜਾ ਰਾਜ ਸਿੰਘ ਦੀ ਅਗਵਾਈ ਹੇਠ ਰਵਾਇਤੀ ਸ਼ਸਤਰਾਂ ਨਾਲ ਲੈਸ ਕੋਈ ਇੱਕ ਦਰਜਨ ਦੇ ਕਰੀਬ ਨਿਹੰਗ ਬਾਣੇ ਵਿੱਚ ਸਿੰਘ ਤੇ ਬੀਬੀਆਂ ਨੇ ਨਾਅਰੇ ਲਾਉਂਦਿਆਂ ਗੁਰਦੁਆਰਾ ਝੰਡਾ ਬੁੰਗਾ ਦੇ ਨਾਲ ਹੀ ਲਗਦੀਆਂ ਅਕਾਲ ਤਖਤ ਸਕਤਰੇਤ ਦੀਆਂ ਪੌੜੀਆਂ ਤੀਕ ਪੁਜ ਗਏ। ਇਸ ਮੌਕੇ ਬਰਗਾੜੀ ਮੋਰਚੇ ਦੇ ਸਮਰਥਕਾਂ ਨੇ ਭਾਈ ਧਿਆਨ ਸਿੰਘ ਮੰਡ ਵਲੋਂ ਸਿੱਖਾਂ ਦੇ ਨਾਂ ਪੜ੍ਹਿਆ ਸੰਦੇਸ਼ ਵੰਡਣਾ ਸ਼ੁਰੂ ਕਰ ਦਿੱਤਾ।

ਇਹ ਖਬਰ (ਸੰਖੇਪ ਰੂਪ ਚ) ਅੰਗਰੇਜ਼ੀ ਵਿੱਚ ਪੜ੍ਹੋ – SGPC APPOINTED ACTING JATHEDAR FACES OPPOSITION DURING MESSAGE ON BANDI CHHOR DAY

ਇਸੇ ਦੌਰਾਨ ਨਵੰਬਰ 2015 ਵਿੱਚ ਪਿੰਡ ਚੱਬਾ ਵਿਖੇ ਹੋਏ ਪੰਥਕ ਇਕੱਠ ਦੇ ਪ੍ਰਬੰਧਕੀ ਆਗੂ ਜਰਨੈਲ ਸਿੰਘ ਸਖੀਰਾ, ਸ਼੍ਰੋਮਣੀ ਅਕਾਲੀ ਦਲ (ਅ) ਦੇ ਹਰਬੀਰ ਸਿੰਘ ਸੰਧੂ, ਬਲਵਿੰਦਰ ਸਿੰਘ ਕਾਲਾ, ਸਤਪਾਲ ਸਿੰਘ ਕੋਟ ਖਾਲਸਾ ਵੀ ਕਾਲੀਆਂ ਝੰਡੀਆਂ ਲਹਿਰਾਉਂਦੇ ਹੋਏ ਪ੍ਰਦਰਸ਼ਨ ਕਰਨ ਵਾਲਿਆਂ ਨਾਲ ਮਿਲ ਗਏ।

ਜਿੰਨਾ ਸਮਾਂ ਗਿਆਨੀ ਹਰਪ੍ਰੀਤ ਸਿੰਘ ਦਾ ਸੰਦੇਸ਼ ਜਾਰੀ ਰਿਹਾ, ਅਕਾਲ ਤਖਤ ਸਾਹਿਬ ਤੋਂ ਅਕਾਲ ਤਖਤ ਸਕਤਰੇਤ ਤੀਕ ਦੇ ਹਿੱਸੇ ਵਿੱਚ ਬਰਗਾੜੀ ਮੋਰਚੇ ਦੇ ਹਿਮਾਇਤੀ ਸਿੱਖ ਨਾਅਰੇਬਾਜ਼ੀ ਕਰਕੇ ਗਿਆਨੀ ਹਰਪ੍ਰੀਤ ਸਿੰਘ ਦੇ ਸੰਦੇਸ਼ ਦਾ ਵਿਰੋਧ ਕਰਦੇ ਰਹੇ।

ਦੂਜੇ ਬੰਨੇ ਆਪਣੇ ਸੰਦੇਸ਼ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਗੁਰਬਾਣੀ ਦੇ ਇਲਾਹੀ ਗਿਆਨ ਖੜਗ ਨਾਲ ਆਪਣੇ ਅੰਦਰ ਅਤੇ ਦੁਨੀਆਂ ਵਿਚ ਫੈਲੇ ਹੋਏ ਅੰਧਕਾਰ ਨੂੰ ਖ਼ਤਮ ਕਰਨਾ ਸਮੇਂ ਦੀ ਵੱਡੀ ਲੋੜ ਹੈ। ਉਹਨਾਂ ਇਲਾਹੀ ਸੱਚ ਦੀ ਤਾਕਤ ਨਾਲ ‘ਨਿਰਭਉ ਨਿਰਵੈਰੁ ਵਿਚਾਰਧਾਰਾ’ ਤੋਂ ਪ੍ਰੇਰਣਾ ਲੈ ਕੇ ਸਰਬੱਤ ਦੇ ਭਲੇ ਲਈ ਮਜਲੂਮ, ਲੋੜਵੰਦ ਅਤੇ ਗਰੀਬ ਦੀ ਆਸ ਬਣਦਿਆਂ ਹਰ ਇਕ ਲਈ ਇਨਸਾਫ਼, ਬਰਾਬਰੀ ਤੇ ਅਜ਼ਾਦੀ ਦੀ ਅਵਾਜ਼ ਬੁਲੰਦ ਕਰਨ ਦੀ ਜ਼ੁੰਮੇਵਾਰੀ ਨਿਭਾਉਣ ਲਈ ਕਿਹਾ।

ਬਰਗਾੜੀ ਮੋਰਚੇ ਦੀਆਂ ਹਿਮਾਇਤੀ ਸਿੱਖ ਜਥੇਬੰਦੀਆਂ ਨੇ ਆਗੂ ਤੇ ਕਾਰਕੁੰਨ ਗਿਆਨੀ ਹਰਪ੍ਰੀਤ ਸਿੰਘ ਦੇ ਸੰਦੇਸ਼ ਪੜ੍ਹਨ ਮੋਕੇ ਵਿਰੋਧ ਕਰਦੇ ਹੋਏ (7 ਨਵੰਬਰ, 2018)

ਉਹਨਾਂ ਜੂਨ ਅਤੇ ਨਵੰਬਰ 1984 ਵਿਚ ਸਮੇਂ ਦੀ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਸਿੱਖਾਂ ਦੀ ਨਸਲਕੁਸ਼ੀ ਨੂੰ ਕਦੇ ਨਾ ਭੁੱਲਣ ਵਾਲਾ ਨਾਸੂਰ ਕਰਾਰ ਦਿੱਤਾ।

ਸ਼੍ਰੋ.ਗੁ.ਪ੍ਰ.ਕ. ਵੱਲੋਂ ਲਾਏ ਗਏ ਕਾਰਜਕਾਰੀ ਜਥੇਦਾਰ ਨੇ ਆਪਣੇ ਸੰਦੇਸ਼ ਵਿੱਚ ਅੱਗੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਲਗਾਤਾਰ ਹੋ ਰਹੀਆਂ ਘਟਨਾਵਾਂ, ਜ਼ੇਲ੍ਹਾਂ ਵਿਚ ਬੰਦ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਨਾ ਹੋਣਾ ਅਤੇ ਦੇਸ਼ ਅੰਦਰ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਕਤਲ ਕਰਨ ਵਰਗੇ ਅਪਰਾਧਾਂ ਨੇ ਭਾਰਤ ਅੰਦਰ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ ਹੈ। ਸਮੇਂ ਦੀਆਂ ਸਰਕਾਰਾਂ, ਦੇਸ਼ ਦੇ ਕਾਨੂੰਨ ਅਤੇ ਅਦਾਲਤਾਂ ਨੇ ਸਿੱਖਾਂ ਨੂੰ ਇਨਸਾਫ਼ ਨਾ ਦੇ ਕੇ ਕੌਮ ਨੂੰ ਦਰਦ ਹੀ ਦਿੱਤਾ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਗਹਿਰੀ ਸਾਜ਼ਿਸ਼ ਅਧੀਨ ਸਿੱਖ ਇਤਿਹਾਸ, ਸਿੱਖ ਪ੍ਰੰਪਰਾਵਾਂ ਨਾਲ ਛੇੜ-ਛਾੜ ਤੇ ‘ਪੰਜਾਬੀ ਸੱਭਿਆਚਾਰ’ ਦੇ ਗੰਧਲੇਪਨ ਕਾਰਨ ਸਿੱਖ ਨੌਜੁਆਨੀ ਨੂੰ ਕੁਰਾਹੇ ਪਾਇਆ ਜਾ ਰਿਹਾ ਹੈ। ਇਹ ਸਭ ਕਾਰਵਾਈਆਂ ਪੰਥਕ ਸ਼ਕਤੀ ਨੂੰ ਖੇਰੂੰ-ਖੇਰੂੰ ਕਰਨ ਦਾ ਯਤਨ ਹੈ।

ਪਹਿਲਾਂ ਉੱਪਰਲੀ ਤੇ ਫਿਰ ਹੇਠਲੀ ਕਤਾਰ; ਖੱਬਿਓਂ-ਸੱਜੇ ਵੱਲ: ਗਿਆਨੀ ਹਰਪ੍ਰੀਤ ਸਿੰਘ, ਗੋਬਿੰਦ ਸਿੰਘ ਲੌਂਗੋਵਾਲ, ਗਿਆਨੀ ਜਗਤਾਰ ਸਿੰਘ, ਗਿਆਨੀ ਰਘਬੀਰ ਸਿੰਘ, ਬਾਬਾ ਹਰਨਾਮ ਸਿੰਘ ਧੁੰਮਾ ਤੇ ਗਿਆਨੀ ਰਣਜੀਤ ਸਿੰਘ ਗੌਹਰ

ਸੋਸ਼ਲ ਮੀਡੀਆ ’ਤੇ ਸਿੱਖਾਂ ਵੱਲੋਂ ਆਪਣੇ ਵਿਚਾਰ ਰੱਖਦਿਆਂ ਇਕ-ਦੂਸਰੇ ਪ੍ਰਤੀ ਨੀਵੇਂ ਪੱਧਰ ’ਤੇ ਵਰਤੀ ਜਾ ਰਹੀ ਸ਼ਬਦਾਵਲੀ ਨੂੰ ਸਿੱਖ ਨੈਤਿਕਤਾ ਦਾ ਘਾਣ ਕਿਹਾ ਅਤੇ ਸੋਸ਼ਲ ਮੀਡੀਏ ਨੂੰ ਭਰਾ-ਮਾਰੂ ਜੰਗ ਕਰਵਾਉਣ ਲਈ ਆਧਾਰ ਸਰੋਤ ਵਜੋਂ ਵਰਤਣਾ ਸਿੱਖ ਵਿਰੋਧੀ ਲੋਕਾਂ ਦੀ ਡੂੰਘੀ ਸਾਜ਼ਿਸ਼ ਦਾ ਹਿੱਸਾ ਕਰਾਰ ਦਿੱਤਾ।

ਜ਼ਿਕਰਯੋਗ ਹੈ ਕਿ ਸਾਲ 2015 ਵਿੱਚ ਬਾਦਲਾਂ ਵੱਲੋਂ ਤਤਕਾਲੀ ਜਥੇਦਾਰਾਂ ਕੋਲੋਂ ਡੇਰਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਾਹੀਮ ਨੂੰ ਮਾਫੀ ਦਿਵਾਉਣ ਤੋਂ ਬਾਅਦ ਬਾਦਲਾਂ ਤੇ ਉਹਨਾਂ ਦੇ ਹਿਮਾਇਤੀਆਂ ਨੂੰ ਛੱਡ ਕੇ ਤਕਰੀਬਨ ਸਮੁੱਚੇ ਸਿੱਖ ਜਗਤ ਨੇ ਸ਼੍ਰੋ.ਗੁ.ਪ੍ਰ.ਕ. ਵੱਲੋਂ ਲਾਏ ਤਖਤ ਦੇ ਜਥੇਦਾਰ ਨਕਾਰ ਦਿੱਤੇ ਸਨ। ਇਸ ਤੋਂ ਬਾਅਦ ਕੁਝ ਸਿੱਖ ਧਿਰਾਂ ਨੇ 10 ਨਵੰਬਰ 2018 ਨੂੰ ਤਰਨ ਤਾਰਨ ਨੇੜਲੇ ਪਿੰਡ ਚੱਬਾ ਵਿਖੇ ਇਕ ਪੰਥਕ ਇਕੱਠ ਬੁਲਾ ਕੇ ਤਿੰਨ ਤਖਤ ਸਾਹਿਬਾਨ ਉੱਤੇ ਨਵੇਂ ਜਥੇਦਾਰ ਲਾਉਣ ਦਾ ਐਲਾਨ ਕਰ ਦਿੱਤਾ ਸੀ। ਉਸ ਵੇਲੇ ਤੋਂ ਦੋਵਾਂ ਧਿਰਾਂ ਦੇ ਹਿਮਾਇਤੀ ਆਪੋ-ਆਪਣੀ ਧਿਰ ਵੱਲੋਂ ਲਾਏ ਜਥੇਦਾਰਾਂ ਨੂੰ ਮਾਨਤਾ ਦੇਂਦੇ ਆ ਰਹੇ ਹਨ ਜਦੋਂਕਿ ਕੁਝ ਹਿੱਸਾ ਅਜਿਹਾ ਵੀ ਹੈ ਜਿਹੜੇ ਇਹ ਕਹਿੰਦੇ ਹਨ ਕਿ ਸ਼੍ਰੋ.ਗੁ.ਪ੍ਰ.ਕ. ਵੱਲੋਂ 2015 ਵਿੱਚ ਲਾਏ ਗਏ ਜਥੇਦਾਰ ਤੇ ਉਸ ਵੱਲੋਂ ਬਾਅਦ ਵਿੱਚ ਸਮੇਂ-ਸਮੇਂ ਸਿਰ ਲਾਏ ਜਥੇਦਾਰ ਪ੍ਰਵਾਣ ਨਹੀਂ ਹਨ ਪਰ ਨਾਲ ਹੀ ਚੱਬਾ ਵਿਖੇ ਕੀਤੇ ਗਏ ਜਥੇਦਾਰਾਂ ਦੇ ਐਲਾਨ ਨਾਲ ਵੀ ਸਹਿਮਤ ਨਹੀਂ ਹਨ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: