ਆਮ ਖਬਰਾਂ » ਸਿੱਖ ਖਬਰਾਂ

ਸਿੱਖ ਕਿਸਾਨ ਪਵਿੱਤਰ ਸਿੰਘ ਢਿੱਲੋਂ ਕੈਨੇਡੀਅਨ ਐਗਰੀਕਲਚਰਲ ਹਾਲ ਆਫ ਫੇਮ ਵਿਚ ਸ਼ਾਮਲ

November 14, 2018 | By

ੳਟਾਵਾ: ਬ੍ਰਿਟਿਸ਼ ਕੋਲੰਬੀਆ ਦੇ ਵੱਡੇ ਕਰੈਨਬੈਰੀ ਉਤਪਾਦਕ ਸਿੱਖ ਕਿਸਾਨ ਪਵਿੱਤਰ ਸਿੰਘ ਉਰਫ ਪੀਟਰ ਢਿੱਲੋਂ ਨੇ ਇਤਿਹਾਸ ਸਿਰਜਿਆ ਹੈ। ਮੁਲਕ ਦੇ ਸਭ ਤੋਂ ਵੱਡੇ ਕਰੈਨਬੈਰੀ ਉਤਪਾਦਕ ਸ. ਢਿੱਲੋਂ ਨੇ ਕੈਨੇਡੀਅਨ ਐਗਰੀਕਲਚਰਲ ਹਾਲ ਆਫ ਫੇਮ ਵਿਚ ਸ਼ਾਮਲ ਹੋ ਕੇ ਨਵਾਂ ਕੀਰਤੀਮਾਨ ਬਣਾਇਆ ਹੈ। ਪੀਟਰ ਢਿੱਲੋਂ ਘੱਟਗਿਣਤੀ ਭਾਈਚਾਰੇ ‘ਚੋਂ ਪਹਿਲੇ ਵਿਅਕਤੀ ਹਨ ਜਿਨ੍ਹਾਂ ਨੇ ਖੇਤੀਬਾੜੀ ਅਤੇ ਐਗਰੋ ਫੂਡ ਵਪਾਰ ਵਿੱਚ ਵੱਡਾ ਮਾਅਰਕਾ ਮਾਰਨ ਵਾਲੇ ਕੈਨੇਡਿਆਈ ਲੋਕਾਂ ਵਿੱਚ ਥਾਂ ਬਣਾਈ ਹੈ। ਹਾਲ ਦੀ ਘੜੀ ਉਹ ਓਸ਼ਨ ਸਪਰੇਅ ਦੇ ਚੇਅਰਮੈਨ ਹਨ। ਇਹ ਅਮਰੀਕਾ ਅਤੇ ਕੈਨੇਡਾ ਵਿੱਚ ਕਰੈਨਬੈਰੀ ਉਤਪਾਦਕਾਂ ਦੀ ਮਾਰਕੀਟਿੰਗ ਕੋਆਪ੍ਰੇਟਿਵ ਸੰਸਥਾ ਹੈ। ਉਨ੍ਹਾਂ ਸੰਨ 2014 ਵਿੱਚ ਸੰਸਥਾ ਦਾ ਪਹਿਲਾ ਏਸ਼ਿਆਈ ਚੇਅਰਮੈਨ ਬਣ ਕੇ ਪਿਛਲੀਆਂ ਸਾਰੀਆਂ ਰਵਾਇਤਾਂ ਨੂੰ ਤੋੜਿਆ ਸੀ। ਢਿਲੋਂ ਦਾ ਪੂਰਾ ਨਾਂ ਪੀਟਰ ਪਵਿੱਤਰ ਢਿਲੋਂ ਹੈ ਤੇ ਉਹ ਰਿਚਮੰਡ, ਬ੍ਰਿਟਿਸ਼ ਕੋਲੰਬੀਆ ਵਿੱਚ ਰਿਚਬੈਰੀ ਗਰੁੱਪ ਆਫ ਕੰਪਨੀਜ਼ ਦੇ ਨਾਂ ਨਾਲ ਕਰੈਨਬੈਰੀ ਦੀ ਖੇਤੀ ਕਰਦੇ ਹਨ। ਟੋਰਾਂਟੋ ਵਿੱਚ ਸਾਲਾਨਾ ਕੈਨੇਡੀਅਨ ਐਗਰੀਕਲਚਰਲ ਹਾਲ ਆਫ ਫੇਮ ਸਹੁੰ ਚੁੱਕ ਸਮਾਗਮ ਵਿੱਚ ਆਪਣੀ ਤਸਵੀਰ ‘ਤੋਂ ਪਰਦਾ ਹਟਾਏ ਜਾਣ ਬਾਅਦ ਉਨ੍ਹਾਂ ਕਿਹਾ ਕਿ ਉਹ ਕੈਨੇਡਿਆਈ ਲੋਕਾਂ ਦੀ ਸੰਗਤ ਵਿੱਚ ਸ਼ਾਮਲ ਹੋ ਕੇ ਬਹੁਤ ਮਾਣ ਮਹਿਸੂਸ ਕਰ ਰਹੇ ਹਨ। ਇਹ ਉਨ੍ਹਾਂ ਲਈ ਬਹੁਤ ਮਾਣ ਵਾਲੀ ਗੱਲ ਹੈ।

ਕੈਨੇਡਾ ਦੇ ਸਫਲ ਅਤੇ ਨਾਮਵਰ ਕਿਸਾਨ ਪਵਿੱਤਰ ਸਿੰਘ ਢਿੱਲੋਂ ਉਰਫ ਪੀਟਰ ਸਿੰਘ ਢਿੱਲੋਂ ਦੀ ਪੁਰਾਣੀ ਤਸਵੀਰ।

ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਪਿਤਾ ਰਛਪਾਲ ਸਿੰਘ ਢਿੱਲੋਂ 1950 ਵਿੱਚ ਹੁਸ਼ਿਆਰਪੁਰ ਦੇ ਪੰਡੋਰੀ ਪਿੰਡ ‘ਚੋਂ ਕੈਨੇਡਾ ਆਏ ਸਨ ਅਤੇ ਉਹ ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ ਵਿੱਚ ਸ਼ਾਮਲ ਹੋਣ ਵਾਲੇ ਪਹਿਲੇ ਭਾਰਤੀ-ਕੈਨੇਡਿਆਈ ਸਨ। ਸਾਲ 1981-82 ਵਿੱਚ ਉਨ੍ਹਾਂ ਕਰੈਨਬੈਰੀ ਦੀ ਖੇਤੀ ਲਈ ਸੇਵਾਮੁਕਤੀ ਲੈ ਲਈ ਸੀ। ਪੀਟਰ ਢਿੱਲੋਂ ਸੰਨ 1993 ਵਿੱਚ ਯੂਕੇ ਤੋਂ ਕਾਨੂੰਨ ਦੀ ਡਿਗਰੀ ਪੂਰੀ ਕਰਨ ਬਾਅਦ ਇਸ ਪਰਿਵਾਰਕ ਕਾਰੋਬਾਰ ਵਿਚ ਸ਼ਾਮਲ ਹੋਏ ਸਨ। ਹਾਲ ਦੀ ਘੜੀ ਉਨ੍ਹਾਂ ਕੋਲ 2000 ਏਕੜ ਜ਼ਮੀਨ ਹੈ। ਬੀਤੇ ਵਰ੍ਹੇ ਉਨ੍ਹਾਂ ਦੇ ਗਰੁੱਪ ਨੇ 20 ਮਿਲੀਅਨ ਪਾਊਂਡ ਕਰੈਨਬੈਰੀਜ਼ ਦਾ ਉਤਪਾਦਨ ਕੀਤਾ ਸੀ। ਓਸ਼ਨ ਸਪਰੇਅ ਦੇ ਚੇਅਰਮੈਨ ਵਜੋਂ ਉਨ੍ਹਾਂ ਕਿਹਾ ਕਿ ਉਹ ਭਾਰਤੀ ਬਾਜ਼ਾਰ ਵਿਚ ਦਾਖਲ ਹੋਣ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਇਥੇ ਆਏ ਹਨ। ਭਾਰਤ ਵਿਚ ਕਰੈਨਬੈਰੀ ਜੂਸ ਅਤੇ ਸੁੱਕੇ ਉਤਪਾਦਾਂ ਦੀਆਂ ਭਾਰੀ ਸੰਭਾਵਨਾਵਾਂ ਹਨ।

 ਕੌਮਾਂਤਰੀ ਅੰਮ੍ਰਿਤਸਰ ਟਾਈਮਜ ਤੋਂ ਧੰਨਵਾਦ ਸਹਿਤ। Amritsartimes.com


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: