ਵਿਦੇਸ਼ » ਸਿੱਖ ਖਬਰਾਂ

ਅਮਰੀਕਾ ਵੱਸਦੇ ਸਿੱਖਾਂ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹੇ ਜਾਣ ਦੇ ਧੰਨਵਾਦ ਵਜੋਂ ਜਨਰਲ ਕੌਂਸਲ ਦਾ ਸਨਮਾਨ ਕੀਤਾ

December 29, 2018 | By

ਨਿਊਯਾਰਕ – ਪਿਛਲੇ ਕਈ ਦਹਾਕਿਆਂ ਤੋਂ ਸਿੱਖ ਕੌਮ ਦੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦੀ ਮੰਗ ਨੂੰ ਪਾਕਿਸਤਾਨ ਨੇ ਪਹਿਲਕਦਮੀ ਕਰਦਿਆਂ ਅਮਲੀ ਜਾਮਾ ਪੁਆ ਕੇ ਸਮੁੱਚੀ ਸਿੱਖ ਕੌਮ ਦਾ ਦਿਲ ਜਿੱਤ ਲਿਆ ਹੈ, ਇਸੇ ਸਦਕਾ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੀ ਅਗਵਾਈ ਹੇਠ ਸਿੱਖ ਵਫਦ ਵੱਲੋਂ ਪਾਕਿਸਤਾਨ ਦਾ ਧੰਨਵਾਦ ਕਰਨ ਦੇ ਮੰਤਵ ਨਾਲ ਪਾਕਿਸਤਾਨ ਦੇ ਕੌਂਸਲ ਜਨਰਲ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ, ਕੌਂਸਲ ਜਨਰਲ ਰਾਜਾ ਅਲੀ ਏਜਾਜ਼ ਦਾ ਸਨਮਾਨ ਕੀਤਾ ਗਿਆ ਅਤੇ ਪਾਕਿਸਤਾਨ ਨਾਲ ਆਪਸੀ ਸਾਂਝ ਦੀ ਪ੍ਰਫੁੱਲਤਾ ਲਈ ਅਰਦਾਸ ਕੀਤੀ।ਰਾਜਾ ਅਲੀ ਏਜਾਜ਼ ਵੱਲੋਂ ਸਿੱਖ ਵਫਦ ਦਾ ਖੁਲ੍ਹੀਆਂ ਬਾਹਵਾਂ ਨਾਲ ਸੁਆਗਤ ਕੀਤਾ ਗਿਆ।

ਕੋਆਰਡੀਨੇਟਰ ਹਿੰਮਤ ਸਿੰਘ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਖੋਲਣ ਲਈ ਅਸੀਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ, ਉਹਨਾਂ ਦੇ ਸਾਰੇ ਪ੍ਰਸ਼ਾਸਨ ਅਤੇ ਪਾਕਿਸਤਾਨ ਦੀ ਅਵਾਮ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਆਸ ਕਰਦੇ ਹਾਂ ਕਿ ਆਪਸੀ ਸਾਂਝ ਦੇ ਇਹ ਕਦਮ ਹੋਰ ਅੱਗੇ ਵਧਣਗੇ।ਉਹਨਾਂ ਤਾਕੀਦ ਕੀਤੀ ਕਿ ਭਾਰਤ ਸਾਰਕਾਰ ਵੱਲੋਂ ਕਰਤਾਰਪੁਰ ਲਾਂਘੇ ਨੂੰ ਲੈ ਕੇ ਨਾਂਹਪੱਖੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਪਰ ਅਸੀਂ ਉਮੀਦ ਕਰਦੇ ਹਾਂ ਕਿ ਪਾਕਿਸਤਾਨ ਵੱਲੋਂ ਭਰਾਮਾਰੂ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।

ਪਾਕਿਸਤਾਨ ਨੇ ਇਸ ਕਦਮ ਨਾਲ ਸਮੁੱਚੀ ਸਿੱਖ ਕੌਮ ਦਾ ਦਿਲ ਜਿੱਤ ਲਿਆ ਹੈ। ਖਾਲਿਸਤਾਨ ਅਫੇਅਰਜ਼ ਸੈਂਟਰ ਦੇ ਸੰਚਾਲਕ ਡਾ.ਅਮਰਜੀਤ ਸਿੰਘ ਨੇ ਕਿਹਾ ਕਿ ਸਿੱਖਾਂ ਅਤੇ ਮੁਸਲਮਾਨਾਂ ਦੀ ਇਹ ਸਾਂਝ ਕੋਈ ਨਵੀਂ ਨਹੀਂ ਹੈ, ਗੁਰੂ ਅਰਜਨ ਸਾਹਿਬ ਨੇ ਹਰਿਮੰਦਰ ਸਾਹਿਬ ਦੀ ਨੀਂਹ ਸਾਈਂ ਮੀਆਂ ਮੀਰ ਜੀ ਪਾਸੋਂ ਰਖਵਾਈ ਸੀ ਅਤੇ ਗੁਰੂਕਾਲ ਦੌਰਾਨ ਮੁਸਲਮਾਨਾਂ ਨੇ ਜੰਗ ਦੇ ਮੈਦਾਨ ਵਿੱਚ ਸਿੱਖਾਂ ਨਾਲ ਸ਼ਹਾਦਤਾਂ ਦਿੱਤੀਆਂ ਸਨ। 1947 ਵਿੱਚ ਦੋਹਾਂ ਪਾਸਿਓਂ ਕੀਤੇ ਗਏ ਪਾਗਲਪਨ ਨੇ ਸਾਡਾ ਨੁਕਸਾਨ ਕੀਤਾ ਪਰ ਅੱਜ ਅਸੀਂ ਅਜੋਕੇ ਇਤਿਹਾਸ ਦੇ ਉਸ ਦੁੱਖਦਾਈ ਮੋੜ ਨੂੰ ਪਿੱਛੇ ਛੱਡ ਆਏ ਹਾਂ ਅਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਸਿੱਖ-ਮੁਸਲਮਾਨ ਸਾਂਝ ਵਿੱਚ ਇੱਕ ਮੀਲਪੱਥਰ ਸਾਬਤ ਹੋਵੇਗਾ। ਭਾਵੇਂ ਭਾਰਤ ਸਰਕਾਰ ਨੂੰ ਦੋਹਾਂ ਪੰਜਾਬਾਂ ਦੀ ਆਪਸੀ ਸਾਂਝ ਮਨਜ਼ੂਰ ਨਹੀਂ ਪਰ ਅੱਜ ਅਸੀਂ ਜਾਗਰੁਕ ਹਾਂ ਅਤੇ ਇਹ ਸਮਝਦੇ ਹਾਂ ਕਿ ਸਾਡੀ ਵਿਰਾਸਤ, ਇਤਿਹਾਸਕ ਅਤੇ ਤਹਿਜ਼ੀਬ ਦੀ ਢੂੰਘੀ ਸਾਂਝ ਹੈ।

ਅਮਰੀਕਾ ਵੱਸਦੇ ਸਿੱਖਾਂ ਵਲੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲੇ ਜਾਣ ਦੇ ਧੰਨਵਾਦ ਵਜੋਂ ਜਨਰਲ ਕੌਂਸਲ ਦਾ ਸਨਮਾਨ ਕੀਤਾ ਗਿਆ(ਤਸਵੀਰ)

ਸਾਨੂੰ ਲੋੜ ਹੈ ਕਿ ਅਸੀਂ ਇਸ ਸਾਂਝ ਦੀ ਅਹਿਮੀਅਤ ਨੂੰ ਸਮਝੀਏ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਂਝੀਵਾਲਤਾ ਅਤੇ ਸ਼ਾਂਤੀ ਨਾਲ ਆਪਣਾ ਜੀਵਨ ਬਤੀਤ ਕਰ ਸਕਣ। ਸਿੱਖ ਵਫਦ ਵੱਲੋਂ ਰਾਜਾ ਅਲੀ ਏਜਾਜ਼ ਦਾ ਸਨਮਾਨ ਕਰਦਿਆਂ ਉਹਨਾਂ ਨੂੰ ਦਰਬਾਰ ਸਾਹਿਬ ਦੀ ਤਸਵੀਰ ਅਤੇ ਦੋਸ਼ਾਲਾ ਭੇਟ ਕੀਤਾ ਗਿਆ। ਰਾਜਾ ਅਲੀ ਏਜਾਜ਼ ਨੇ ਭਰੋਸਾ ਦਵਾਇਆ ਕਿ ਪਾਕਿਸਤਾਨ ਦੀ ਹੁਕੂਮਤ ਖਾਸ ਕਰਕੇ ਇਮਰਾਨ ਖਾਨ ਸਾਹਿਬ ਇਸ ਗੱਲ ਤੋਂ ਭਲੀਭਾਂਤ ਜਾਣੂ ਹਨ ਕਿ ਸਿੱਖ ਕੌਮ ਲਈ ਕਰਤਾਰਪੁਰ ਸਾਹਿਬ ਦੇ ਲਾਂਘੇ ਅਤੇ ਪਾਕਿਸਤਾਨ ਵਿਚਲੇ ਸਿੱਖ ਇਤਿਹਾਸ ਦੀ ਕੀ ਅਹਿਮੀਅਤ ਹੈ ਅਤੇ ਇਸ ਸਾਂਝ ਨੂੰ ਅੱਗੇ ਵਧਾਉਣ ਲਈ ਪਾਕਿਸਤਾਨ ਵਚਨਬੱਧ ਹੈ। ਪਾਕਿਸਤਾਨ ਦੇ ਕੌਂਸਲ ਜਰਨਲ ਨਾਲ ਮੁਲਤਕਾਤ ਕਰਨ ਵਾਲੇ ਸਿੱਖ ਵਫਦ ਵਿੱਚ ਦੁਆਬਾ ਸਿੱਖ ਅਸੋਸੀਏਸ਼ਨ ਤੋਂ ਹਰਮੇਲ ਸਿੰਘ ਅਤੇ ਬਲਜਿੰਦਰ ਸਿੰਘ, ਸਿੱਖ ਯੂਥ ਆਫ ਅਮਰੀਕਾ ਤੋਂ ਡਾ.ਰਣਜੀਤ ਸਿੰਘ, ਸਾਬਕਾ ਪ੍ਰਧਾਨ ਕੁਲਦੀਪ ਸਿੰਘ ਖਾਲਸਾ, ਪੰਥਕ ਸਿੱਖ ਸੋਸਾਇਟੀ ਸੰਸਥਾ ਵੱਲੋਂ ਕਰਮਜੀਤ ਸਿੰਘ ਭਟਨੂਰਾ ਆਦਿ ਵੀ ਸ਼ਾਮਲ ਸਨ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: