ਲੇਖ

ਸਾਬਤ ਰਹੇ ਸਿੱਖ ਸੂਰਤ (ਚੁਣੌਤੀਆਂ ਅਤੇ ਸੰਭਾਵਨਾਵਾਂ) ਲੇਖਕ: ਡਾ. ਗੁਰਮੀਤ ਸਿੰਘ ਸਿੱਧੂ

December 17, 2018 | By

 

ਲੇਖਕ: ਡਾ. ਗੁਰਮੀਤ ਸਿੰਘ ਸਿੱਧੂ  (ਡਾ. ਗੁਰਮੀਤ ਸਿੰਘ ਸਿੱਧੂ ਦਾ ਇਹ ਲੇਖ ਉਨ੍ਹਾਂ ਦੀ ਛਪੀ ਕਿਤਾਬ ‘ਸਿੱਖ ਪਛਾਣ ਵਿਚ ਕੇਸਾਂ ਦਾ ਮਹੱਤਵ’ ਵਿਚੋਂ ਲਿਆ ਗਿਆ ਹੈ)

ਸਿੱਖ ਕੌਮ ਦੀ ਸਭਿਆਚਾਰਕ ਪਛਾਣ ਵਿਚ ਸਾਬਤ ਸੂਰਤ ਦਾ ਕੇਂਦਰੀ ਸਥਾਨ ਹੈ। ਸਿੱਖੀ ਸੂਰਤ ਨੂੰ ਇਸ ਯੁੱਗ ਵਿਚ ਅੰਦਰੂਨੀ ਅਤੇ ਬਾਹਰੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿੱਖਾਂ ਵਿਚ ਫੈਲ ਰਿਹਾ ਪਤਿੱਤਪੁਣਾ ਵੇਖਣ ਨੂੰ ਬਾਹਰੀ ਤੌਰ ‘ਤੇ ਸਿੱਖ ਪਛਾਣ ਲਈ ਖਤਰਾ ਨਜ਼ਰ ਆ ਰਿਹਾ ਹੈ ਪ੍ਰੰਤੂ ਇਸਦੀਆਂ ਜੜ੍ਹਾਂ ਸਿੱਖਾਂ ਦੇ ਅੰਦਰੂਨੀ ਜੀਵਨ ਵਿਚ ਆ ਰਹੀਆਂ ਤਬਦੀਲੀਆਂ ਵਿਚੋਂ ਲੱਭੀਆਂ ਜਾ ਸਕਦੀਆਂ ਹਨ। ਮਾਡਰਨ ਜੀਵਨ ਸ਼ੈਲੀ ਅਪਣਾਉਣ ਨਾਲ ਸਿੱਖਾਂ ਦੇ ਇਕ ਖਾਸ ਵਰਗ ਨੇ ਸਿੱਖ ਪਛਾਣ ਦੇ ਚਿੰਨ੍ਹਾਂ ਦਾ ਤਿਆਗ ਕਰਨਾ ਸ਼ੁਰੂ ਕਰ ਦਿੱਤਾ ਹੈ। ਸਿੱਖਾਂ ਵਿਚ ਪੈਦਾ ਹੋ ਰਿਹਾ ਇਹ ਰੁਝਾਨ ਇਸ ਕਰਕੇ ਹੋਰ ਗੰਭੀਰ ਬਣ ਜਾਂਦਾ ਹੈ ਕਿਉਂਕਿ ਇਹ ਵਰਗ ਆਪਣੇ ਆਪ ਨੂੰ ਸਿੱਖ ਸਿਧਾਂਤਾਂ ਮੁਤਾਬਕ ਸਹੀ ਸਿੱਧ ਕਰਨ ਦੀ ਵਕਾਲਤ ਵੀ ਕਰਦਾ ਹੈ। ਜਦੋਂ ਕਿ ਸਿੱਖਾਂ, ਖਾਸ ਕਰਕੇ ਨੌਜਵਾਨਾਂ ਵਿਚੋਂ ਜਿਹਨਾਂ ਨੇ ਆਪਣੇ ਕੇਸ ਕਟਵਾਏ ਹੋਏ ਹਨ ਉਹ ਜਿਆਦਾਤਰ ਫੈਸ਼ਨ ਜਾਂ ਵੇਖੋ-ਵੇਖੀ ਵਿਚ ਅਜਿਹਾ ਕਰਦੇ ਹਨ ਪ੍ਰੰਤੂ ਇਸ ਬਾਰੇ ਪੁੱਛਣ ‘ਤੇ ਉਹ ਬਹਾਨੇ ਜਾਂ ਤੁੱਛ ਜਿਹੇ ਕਾਰਨ ਦੱਸਦੇ ਹਨ।

ਵੱਖ-ਵੱਖ ਮੁਲਾਕਾਤਾਂ ਵਿਚੋਂ ਇਹ ਤੱਥ ਸਾਹਮਣੇ ਆਇਆ ਹੈ ਕਿ ਲੜਕੇ ਅਤੇ ਲੜਕੀਆਂ ਦੇ ਬਹਾਨੇ ਅਲੱਗ-ਅਲੱਗ ਹਨ। 75% ਲੜਕਿਆਂ ਅਤੇ 40% ਲੜਕੀਆਂ ਦਾ ਕਹਿਣਾ ਹੈ ਕਿ ਕੇਸਾਂ ਦੀ ਸਾਂਭ-ਸੰਭਾਲ ਕਰਨੀ ਔਖੀ ਹੈ ਅਤੇ ਗਰਮੀਆਂ ਸਰਦੀਆਂ ਵਿਚ ਨਹਾਉਣ ਲਈ ਦਿੱਕਤ ਆਉਂਦੀ ਹੈ। ਲੰਬੇ ਕੇਸਾਂ ਨੂੰ ਸੰਭਾਲਣ ਬਾਰੇ ਲੜਕੇ ਅਤੇ ਲੜਕੀਆਂ ਦੇ ਪ੍ਰਤੀਕਰਮ ਵੀ ਬਿਲਕੁਲ ਉੱਲਟ ਹਨ। ਲੜਕੇ ਕੇਸ ਕਟਾਉਣ ਦਾ ਇਹ ਬਹਾਨਾ ਲਗਾਉਂਦੇ ਹਨ ਕਿ ਲੰਬੇ ਕੇਸਾਂ ਨੂੰ ਸੰਭਾਲਣਾ ਔਖਾ ਹੈ ਜਦੋਂ ਕਿ 70% ਲੜਕੀਆਂ ਨੇ ਕਿਹਾ ਕਿ ਉਹਨਾਂ ਦੇ ਸਿਰ ਦੇ ਵਾਲ ਛੋਟੇ ਸਨ ਜਿਹਨਾਂ ਦੀ ਨਾ ਤਾਂ ਚੰਗੀ ਗੁੱਤ ਬਣਦੀ ਸੀ ਅਤੇ ਨਾ ਹੀ ਜੂੜਾ ਬਣਦਾ ਸੀ। ਲੜਕੀਆਂ ਦੇ ਅਨੁਸਾਰ ਵਾਲ ਕਟਾ ਕੇ ਮਰਜ਼ੀ ਦਾ ‘ਹੇਅਰ ਸਟਾਇਲ’ ਬਣਾਇਆ ਜਾ ਸਕਦਾ ਹੈ ਅਤੇ ਜਦੋਂ ਚਿੱਤ ਕਰੇ ਇਨ੍ਹਾਂ ਨੂੰ ਰਬੜ ਨਾਲ ਬੰਨ ਲਵੋ ਜਾਂ ਖੁੱਲ੍ਹਾ ਛੱਡ ਲਵੋ ਅਤੇ ਕੱਟੇ ਹੋਏ ਵਾਲ ਹਵਾ ਵਿਚ ਘੱਟ ਖਿੰਡਦੇ ਹਨ। ਲੜਕੀਆਂ ਵਿਚ ਇਸ ਕਿਸਮ ਦੇ ਖਿਆਲ ਫਿਲਮਾਂ, ਟੀ.ਵੀ. ਅਤੇ ਵੇਖੋ-ਵੇਖੀ ਪੈਦਾ ਹੁੰਦੇ ਹਨ।
ਆਧੁਨਿਕ ਤਰਕ ਮਨੁੱਖੀ ਸੋਚ ਉੱਤੇ ਭਾਰੂ ਹੋ ਰਿਹਾ ਹੈ ਜਿਸ ਕਰਕੇ ਹਰ ਕੰਮ ਨੂੰ ਘੜੀ ਦੀਆਂ ਸੂਈਆਂ ਮੁਤਾਬਕ ਕਰਨ ਦੀ ਪ੍ਰਵਿਰਤੀ ਦੇ ਨਤੀਜੇ ਵਜੋਂ ਲੋਕ ਸਮੇਂ ਦੇ ਪਿਛੇ ਦੌੜ ਰਹੇ ਹਨ, ਇਸ ਦੌੜ ਵਿਚ ਸਿੱਖ ਵੀ ਪਿਛੇ ਨਹੀਂ ਹਨ। ਸਿੱਖ ਨੌਜਵਾਨਾਂ ਵਿਚੋਂ 40% ਨੇ ਕਿਹਾ ਹੈ ਕਿ ਕੇਸ ਕਟਵਾ ਕੇ ਉਹ ਜਲਦੀ ਤਿਆਰ ਹੋ ਜਾਂਦੇ ਹਨ ਕਿਉਂਕਿ ਪੱਗ ਵੀ ਨਹੀਂ ਬੰਨਣੀ ਪੈਂਦੀ ਅਤੇ ਪਹਿਨਣ ਵਾਲੇ ਕਪੜਿਆਂ ਦੀ ਮੈਚਿੰਗ ਲਈ ਵੀ ਬਹੁਤਾ ਸੋਚਣਾ ਨਹੀਂ ਪੈਂਦਾ ਹੈ। ਲੜਕੀਆਂ ਨੇ ਇਹ ਵੀ ਕਿਹਾ ਹੈ ਕਿ ਕੇਸਾਂ ਨੂੰ ਸੰਭਾਲਣ ਲਈ ਸੂਈਆਂ, ਕਲਿਪ, ਰੀਬਨ ਆਦਿ ਪਾ ਕੇ ਜੂੜਾ ਜਾਂ ਗੁੱਤ ਕਰਨ ਲਈ ਵਧੇਰੇ ਸਮਾਂ ਲੱਗਦਾ ਹੈ। ਕਈ ਆਪਣੇ ਆਪ ਨੂੰ ‘ਮਾਡਰਨ’ ਅਖਵਾਉਣ ਵਾਲੀਆਂ ਕੁੜੀਆਂ ਨੇ ਤਾਂ ਇਹ ਵੀ ਕਿਹਾ ਹੈ ਕਿ ਗੁੱਤ ਅਤੇ ਜੂੜਾ ਹੁਣ ਪੁਰਾਣੇ ਸਟਾਇਲ ਹੋ ਗਏ ਹਨ ਨਵੇਂ ਸਟਾਇਲਾਂ ਲਈ ਵੱਡੇ ਵਾਲਾਂ ਦੀ ਲੋੜ ਨਹੀਂ ਹੈ। ਲੜਕੀਆਂ ਵਿਚ ਵਾਲ ਵੱਡੇ ਹੋਣ ਜਾਂ ਛੋਟੇ ਜਿਹਨਾਂ ਨੇ ਵਾਲ ਕਟਾਉਣੇ ਹੁੰਦੇ ਹਨ ਉਹ ਇਸ ਲਈ ਉਸੇ ਤਰ੍ਹਾਂ ਦਾ ਬਹਾਨਾ ਬਣਾ ਲੈਂਦੀਆਂ ਹਨ ਅਤੇ ਇਸ ਲਈ ਦਲੀਲਾਂ ਵੀ ਘੜ ਲੈਂਦੀਆਂ ਹਨ।

ਅਜੋਕੇ ਸਮੇਂ ਸਿੱਖ ਨੌਜਵਾਨਾਂ ਦੇ ਕੇਸ ਕਟਾਉਣ ਦਾ ਇਕ ਕਾਰਣ ਸੋਹਣੀ ਪੱਗ ਬੰਨਣ/ਸਜਾਉਣ ਦੀ ਮੁਹਾਰਤ ਦੀ ਘਾਟ ਹੈ। ਮਾਪਿਆਂ ਵਲੋਂ ਆਮ ਤੌਰ ‘ਤੇ ਬੱਚੇ ਨੂੰ ਬਚਪਨ ਤੋਂ ਪੱਗ ਬੰਨਣ ਦਾ ਅਭਿਆਸ ਨਹੀਂ ਕਰਵਾਇਆ ਜਾਂਦਾ। ਜਿਹੜੇ ਨੌਜਵਾਨਾਂ ਨਾਲ ਮੁਲਾਕਾਤ ਕੀਤੀ ਗਈ ਹੈ ਇਹਨਾਂ ਵਿਚੋਂ 21% ਨੇ ਦੱਸਿਆ ਹੈ ਕਿ ਬਚਪਨ ਵਿਚ ਉਹ ਪੱਗ ਨਹੀਂ ਬੰਨਦੇ ਸਨ। ਪਬਲਿਕ ਸਕੂਲਾਂ ਵਿਚ ਪੜ੍ਹਦੇ ਸਮੇਂ ਉਹ ਸਿਰਾਂ ਉੱਤੇ ਪਟਕੇ ਬੰਨਦੇ ਸਨ ਪਰ ਵੱਡੇ ਹੋ ਜਾਣ ’ਤੇ ਉਹਨਾਂ ਨੂੰ ਪਟਕਾ ਬੰਨਣਾ ਚੰਗਾ ਨਹੀਂ ਲੱਗਾ। ਕਾਲਜ ਵਿਚ ਦਾਖਲ ਹੋ ਕੇ ਉਹ ਨਾ ਪਟਕਾ ਬੰਨ੍ਹ ਸਕਦੇ ਸਨ ਅਤੇ ਨਾ ਹੀ ਉਹਨਾਂ ਨੂੰ ਪੱਗ ਬੰਨਣੀ ਆਉਂਦੀ ਸੀ, ਇਸ ਕਰਕੇ ਉਹਨਾਂ ਨੇ ਕੇਸ ਕਟਾ ਦਿੱਤੇ ਹਨ।

ਅੱਜ ਕੱਲ੍ਹ ਕਈ ਮਾਪੇ ਵੀ ਬੱਚਿਆਂ ਦੇ ਕੇਸਾਂ ਨੂੰ ਸੰਭਾਲਣ ਦੀ ਜ਼ੁੰਮੇਵਾਰੀ ਨਿਭਾਉਣ ਤੋਂ ਟਾਲਾ ਵੱਟਣ ਲੱਗ ਪਏ ਅਤੇ ਉਹ ਆਪ ਹੀ ਬੱਚਿਆਂ ਦੇ ਕੇਸ ਕਟਾ ਰਹੇ ਹਨ। ਜਿਹੜੀਆਂ ਮਾਵਾਂ ਨੇ ਆਪਣੇ ਬੱਚਿਆਂ ਦੇ ਕੇਸ ਕਟਵਾਏ ਹਨ ਉਹ ਇਹ ਦਲੀਲ ਦਿੰਦੀਆਂ ਹਨ ਕਿ ਕੇਸਾਂ ਕਰਕੇ ਬੱਚੇ ਨੂੰ ਸਕੂਲ ਜਾਣ ਲਈ ਤਿਆਰ ਕਰਨ ਵਿਚ ਵੱਧ ਸਮਾਂ ਲੱਗਦਾ ਸੀ। ਉਹ ਕਹਿੰਦੀਆਂ ਹਨ ਕਿ ਜਦੋਂ ਬੱਚਾ ਵੱਡਾ ਹੋ ਗਿਆ ਤਾਂ ਆਪਣੇ ਆਪ ਹੀ ਕੇਸ ਰੱਖ ਲਵੇਗਾ। ਪਰ ਉਹ ਮਾਵਾਂ ਇਹ ਨਹੀਂ ਜਾਣਦੀਆਂ ਕਿ ਬੱਚੇ ਦੀ ਆਦਤ ਨੂੰ ਪਿਛੋਂ ਬਦਲਣ ਔਖਾ ਹੁੰਦਾ ਹੈ।

ਪੰਜਾਬ ਦੇ ਤਿੰਨੇ ਖੇਤਰਾਂ, ਮਾਝੇ, ਦੁਆਬੇ ਅਤੇ ਮਾਲਵੇ ਵਿਚੋਂ ਦੁਆਬੇ ਵਿਚ ਕੇਸ ਕਟਾਉਣ ਵਾਲਿਆਂ ਦੀ ਗਿਣਤੀ ਸਭ ਤੋਂ ਵੱਧ ਹੈ। ਇਸ ਇਲਾਕੇ ਵਿਚ ਵੱਡੀ ਉਮਰ ਵਿਚ ਕੇਸ ਕਟਾਉਣ ਵਾਲੇ ਵਧੇਰੇ ਹਨ ਪਰ ਮਾਝੇ ਅਤੇ ਮਾਲਵੇ ਵਿਚ ਅਜਿਹੇ ਸਿੱਖ ਘੱਟ ਹਨ। ਮਾਝੇ ਅਤੇ ਮਾਲਵੇ ਦੇ ਇਲਾਕਿਆਂ ਵਿਚ ਚਾਲੀ ਸਾਲ ਦੀ ਉਮਰ ਤੋਂ ਉੱਪਰ ਕੇਸ ਕਟਾਉਣ ਦੀ ਪ੍ਰਵਿਰਤੀ ਘੱਟ ਜਾਂਦੀ ਹੈ। ਦੁਆਬੇ ਵਿਚੋਂ ਬਹੁਤੇ ਲੋਕ ਵਿਦੇਸ਼ਾਂ ਵਿਚ ਗਏ ਹੋਣ ਕਰਕੇ ਉਥੇ ਕੇਸ ਕਟਾਉਣ ਦਾ ਰੁਝਾਨ ਵਧੇਰੇ ਹੈ ਕਿਉਂਕਿ ਬਹੁਤੇ ਪਰਵਾਸੀ ਕੇਸ ਕਟਾ ਲੈਂਦੇ ਹਨ ਜਿਹਨਾਂ ਨੂੰ ਵੇਖ ਇਸ ਇਲਾਕੇ ਵਿਚ ਇਹ ਰੁਝਾਨ ਵਧਿਆ ਹੈ। ਪੰਜਾਬ ਦੇ ਇਹਨਾਂ ਤਿੰਨਾਂ ਖੇਤਰਾਂ ਵਿਚ ਚੜ੍ਹਦੀ ਜਵਾਨੀ ਵਿਚ ਕੇਸ ਕਟਵਾਉਣ ਵਾਲੇ ਸਿੱਖਾਂ ਦੀ ਗਿਣਤੀ ਵਧੇਰੇ ਹੈ। ਇਸ ਪੜਾਅ ’ਤੇ ਮਨੁੱਖ ਵਧੇਰੇ (‘ਖੁੱਲ੍ਹਾਂ’) ਚਾਹੁੰਦਾ ਹੈ ਅਤੇ ਮਾਪੇ ਜੇਕਰ ਉਸਨੂੰ ਰੋਕਣ ਦੀ ਕੋਸ਼ਿਸ਼ ਵੀ ਕਰਦੇ ਹਨ ਤਾਂ ਉਹ ਰੁਕਦਾ ਨਹੀਂ। ਪਿਛਲੇ ਥੋੜ੍ਹੇ ਸਮੇਂ ਵਿਚ ਸਿੱਖਾਂ ਦੇ ਸਮਾਜਕ ਅਤੇ ਸਭਿਆਚਾਰਕ ਜੀਵਨ ਵਿਚ ਆ ਰਹੀਆਂ ਤੇਜ ਰਫ਼ਤਾਰ ਤਬਦੀਲੀਆਂ ਨੇ ਇਸ ਰੁਝਾਨ ਨੂੰ ਤੇਜ ਕਰ ਦਿੱਤਾ ਹੈ। ਇਸਤੋਂ ਇਲਾਵਾ ਨਵੇਂ ਮਾਹੌਲ ਵਿਚ ਸਹੀ ਅਗਵਾਈ ਦੀ ਘਾਟ ਕਰਕੇ ਬੱਚੇ ਆਪਣੇ ਆਪ ਨੂੰ ਵਧੇਰੇ ਤੇਜ ਸਮਝਣ ਲੱਗ ਪਏ ਹਨ। ਇਸ ਤੇਜ਼ੀ ਕਰਕੇ ਪਰਿਵਾਰਾਂ ਵਿਚ ਵੀ ਨਵੇਂ ਮਸਲੇ ਖੜ੍ਹੇ ਹੋ ਰਹੇ ਹਨ ਜਿਸ ਕਰਕੇ ਕਈ ਵਾਰ ਬੱਚੇ ਆਪਣੇ ਮਾਪਿਆਂ ਦੇ ਵਿਰੁੱਧ ਰੋਸ ਵਜੋਂ ਵੀ ਕੇਸ ਕਟਾ ਦਿੰਦੇ ਹਨ।

ਆਧੁਨਿਕ ਸੋਚ ਪਵਿੱਤਰਤਾ ਦੀ ਵਿਰੋਧੀ ਹੈ ਜਿਸ ਦੇ ਪ੍ਰਭਾਵ ਨੇ ਸਿੱਖਾਂ ਵਿਚੋਂ ਕੇਸਾਂ ਦੀ ਪਵਿੱਤਰਤਾ ਨੂੰ ਭੰਗ ਕਰਨਾ ਸ਼ੁਰੂ ਕਰ ਦਿੱਤਾ ਹੈ। ਪੁਰਾਤਨ ਸਿੱਖ ਕੇਸਾਂ ਨੂੰ ਪਵਿੱਤਰ ਸਮਝਦੇ ਸਨ ਅਤੇ ਉਸ ਸਮੇਂ ਕੇਸਾਂ ਦਾ ਸਤਿਕਾਰ ਕੀਤਾ ਜਾਂਦਾ ਸੀ। ਆਪਸੀ ਲੜਾਈ ਵਿਚ ਇਕ ਦੂਜੇ ਦੇ ਕੇਸਾਂ ਨੂੰ ਪਕੜਨ, ਖਿੱਚਣ ਜਾਂ ਪੁੱਟਣ ਨੂੰ ਅਧਰਮ ਸਮਝਿਆ ਜਾਂਦਾ ਸੀ। ਇਸ ਤਰ੍ਹਾਂ ਹੀ ਦਾੜ੍ਹੀ ਅਤੇ ਪੱਗ ਇੱਜਤ ਦੇ ਚਿੰਨ੍ਹ ਮੰਨੇ ਜਾਂਦੇ ਸਨ ਪਰ ਅਜੋਕੇ ਸਮੇ ਵਿਚ ਇੱਜਤ ਦਾ ਮੁੱਲ ਘੱਟ ਜਾਣ ਕਰਕੇ ਇਹਨਾਂ ਚਿੰਨ੍ਹਾਂ ਦੀ ਮਹੱਤਤਾ ਵੀ ਘੱਟ ਹੋ ਰਹੀ ਹੈ। ਕੇਸ ਕਟਵਾਉਣ ਵਾਲੇ ਲੜਕਿਆਂ ਨੇ ਗੱਲਬਾਤ ਦੌਰਾਨ ਦੱਸਿਆ ਹੈ ਕਿ ਲੜਾਈ ਅਤੇ ਖੇਡਾਂ ਵਿਚ ਵੀ ਕੇਸ ਉਲਝ ਜਾਂਦੇ ਹਨ। ਉਹਨਾਂ ਨਾਲ ਇਸ ਮਸਲੇ ‘ਤੇ ਹੋਰ ਗੱਲ ਕੀਤੀ ਤਾਂ ਇਹ ਪਤਾ ਲੱਗਾ ਕਿ ਲੜਾਈ ਵਿਚ ਕੇਸਾਂ ਦੇ ਉਲਝ ਜਾਣ ਜਾਂ ਵਿਰੋਧੀ ਵਲੋਂ ਪਕੜੇ ਜਾਣ ਬਾਰੇ ਪੇਸ਼ ਕੀਤੀ ਜਾਂਦੀ ਦਲੀਲ ਵੀ ਇਕ ਬਹਾਨਾ ਹੈ ਜੋ ਉਹ ਕੇਸ ਕਟਵਾਉਣ ਪਿਛੋਂ ਲਗਾਉਂਦੇ ਹਨ। ਅਜਿਹੇ ਬੱਚੇ ਇਹ ਜਾਣਦੇ ਹਨ ਕਿ ਤਕੜਾ ਕਦੇ ਵੀ ਮਾੜੇ ਨੂੰ ਆਪਣੇ ਕੇਸਾਂ ਤੱਕ ਪਹੁੰਚਣ ਨਹੀਂ ਦਿੰਦਾ। ਵੱਖ-ਵੱਖ ਮੁਲਾਕਾਤਾਂ ਵਿਚੋਂ ਇਹ ਵੀ ਪਤਾ ਲੱਗਾ ਹੈ ਕਿ ਅਜਿਹੇ ਬੱਚਿਆਂ ਨੂੰ ਆਪਣੇ ਇਤਿਹਾਸ ਦੀ ਵੀ ਜਾਣਕਾਰੀ ਨਹੀਂ ਹੈ। ਪ੍ਰਾਚੀਨ ਸਿੱਖਾਂ ਨੇ ਕੇਸ ਰੱਖ ਕੇ ਲੜਾਈ ਅਤੇ ਜੰਗ ਦੇ ਮੈਦਾਨਾਂ ਵਿਚ ਸਮਾਜਕ ਅਤੇ ਧਾਰਮਕ ਅਸੂਲਾਂ ਦੀ ਪਾਲਣਾ ਕਰਦੇ ਸਨ। ਉਹ ਕਿਸੇ ਵੀ ਨਿਹੱਥੇ, ਜ਼ਖਮੀ ਅਤੇ ਨਿਰਬਲ ਤੇ ਕੋਈ ਵਾਰ ਨਹੀਂ ਕਰਦੇ ਸਨ ਅਤੇ ਨਾ ਹੀ ਆਪਸੀ ਲੜਾਈ ਵਿਚ ਕਿਸੇ ਦੇ ਕੇਸ ਪਕੜਦੇ ਸਨ।

ਪੁਰਾਣੇ ਸਿੱਖਾਂ ਨਾਲੋਂ ਅੱਜ ਦੇ ਸਿੱਖਾਂ ਦੀ ਸੋਚ ਬਦਲ ਰਹੀ ਹੈ। ਹੁਣ ਅਸੂਲਾਂ ਨਾਲੋਂ ਜਿੱਤ ਪ੍ਰਮੁੱਖ ਹੋ ਰਹੀ ਹੈ ਜਿਸ ਕਰਕੇ ਸਿੱਖਾਂ ਦੇ ਇਕ ਵਰਗ ਵਲੋਂ ਕੇਸਾਂ ਦੀ ਪਵਿੱਤਰਤਾ ਵੀ ਭੰਗ ਕੀਤੀ ਜਾ ਰਹੀ ਹੈ। ਇਕ ਦੂਜੇ ਦੇ ਕੇਸਾਂ ਨੂੰ ਪੁੱਟਣ ਅਤੇ ਕੱਟਣ ਦੀਆਂ ਖਬਰਾਂ ਅੱਜ ਦੇ ਸਿੱਖਾਂ ਦੀ ਬਦਲ ਰਹੀ ਸੋਚ ਦਾ ਨਤੀਜਾ ਹਨ ਕਿ ਸਿੱਖ ਖੁਦ ਹੀ ਇਕ ਦੂਜੇ ਦੇ ਕੇਸਾਂ ਦਾ ਸਤਿਕਾਰ ਕਰਨਾ ਛੱਡ ਰਹੇ ਹਨ। ਸਿੱਖਾਂ ਵਿਚ ਆ ਰਹੇ ਇਸ ਬਦਲਾਅ ਨੂੰ ਸਮਝਣ ਲਈ ਸਿਰਫ ਇਕ ਮਿਸਾਲ ਹੀ ਕਾਫੀ ਹੈ। ਲੇਖਕ 1995 ਵਿਚ ਪੀ.ਐਚ.ਡੀ. ਦੀ ਡਿਗਰੀ ਲਈ ਅੰਮ੍ਰਿਤਸਰ ਜਿਲੇ ਦੇ ਪਿੰਡ ਸੁਰਸਿੰਘ ਵਿਚੋਂ ਅੰਕੜੇ ਅਤੇ ਜਾਣਕਾਰੀ ਇਕੱਤਰ ਕਰ ਰਿਹਾ ਸੀ। ਵੱਖ-ਵੱਖ ਕੀਤੀਆਂ ਜਾ ਰਹੀਆਂ ਮੁਲਾਕਾਤਾਂ ਵਿਚ ਕੁਝ ਸਵਾਲ ਕੇਸਾਂ ਨਾਲ ਵੀ ਸੰਬੰਧਤ ਸਨ। ਖਾੜਕੂ ਲਹਿਰ ਦੌਰਾਨ ਆਪਣੇ ਉੱਤੇ ਹੋਏ ਪੁਲੀਸ ਤਸ਼ੱਦਦ ਦੀ ਇਕ ਨੌਜਵਾਨ ਕਹਾਣੀ ਸੁਣਾ ਰਿਹਾ ਸੀ (ਜਿਸ ਵਿਚੋਂ ਕੇਸਾਂ ਦੀ ਪਵਿੱਤਰਤਾ ਬਾਰੇ ਸਿੱਖਾਂ ਵਿਚ ਆ ਰਹੀ ਇਸ ਬਦਲਾਅ ਦਾ ਪਤਾ ਲੱਗਿਆ ਸੀ।) ਉਸ ਨੌਜਵਾਨ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਜਦੋਂ ਉਸਦੀ ‘ਤਫਤੀਸ’ ਕੀਤੀ ਸੀ ਤਾਂ ਇਕ ਸਿਪਾਹੀ ਨੇ ਉਸਦੇ ਸਿਰ ਦੇ ਵਾਲ ਪਿਛੋਂ ਫੜ੍ਹ ਕੇ ਖਿਚੇ ਹੋਏ ਸਨ ਜਦੋਂ ਕਿ ਦੋ ਜਣੇ ਉਸਦੀਆਂ ਲੱਤਾਂ ਨੂੰ ਉੱਲਟ ਦਿਸ਼ਾਵਾਂ ਵਿਚ ਖਿੱਚ ਰਹੇ ਸਨ। ਉਸਨੇ ਦੱਸਿਆ ਕਿ ਵਾਲ ਖਿੱਚਣ ਅਤੇ ਪੁੱਟਣ ਵਾਲਾ ਮੁਲਾਜ਼ਮ ਸਿੱਖ ਸੀ। ਸਿੱਖ ਪੁਲਿਸ ਵਾਲੇ ਵਲੋਂ ਇਕ ਸਿੱਖ ਦੇ ਇਸ ਤਰ੍ਹਾਂ ਵਾਲ ਖਿੱਚ ਕੇ ਰੱਖਣ ਦੀ ਇਹ ਇਕ ਆਮ ਘਟਨਾ ਹੈ। ਇਸ ਤਰ੍ਹਾਂ ਦੀਆਂ ਅਨੇਕਾਂ ਹੋਰ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ ਜਿਨ੍ਹਾਂ ਤੋਂ ਪਤਾ ਲੱਗ ਜਾਂਦਾ ਹੈ ਕਿ ਹੁਣ ਦੇ ਸਿੱਖਾਂ ਵਿਚ ਕੇਸਾਂ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਦੀ ਰੁਚੀ ਘੱਟ ਰਹੀ ਹੈ।

ਪੰਜਾਬ ਵਿਚ ਹਰੀ ਕ੍ਰਾਂਤੀ ਨਾਲ ਖੇਤੀਬਾੜੀ ਵਿਚ ਆਈਆਂ ਤਬਦੀਲੀਆਂ ਨੇ ਸਿੱਖਾਂ ਖਾਸ ਕਰਕੇ ਕਿਸਾਨੀ ਦੇ ਧਾਰਮਕ ਅਤੇ ਸਮਾਜਕ ਜੀਵਨ ਨੂੰ ਬੂਰੀ ਤਰ੍ਹਾਂ ਪ੍ਰਭਾਵਤ ਕੀਤਾ ਹੈ। ‘ਹਰੇ ਇਨਕਲਾਬ’ ਦੇ ਨਾਲ ਹੀ ਪੰਜਾਬ ਅੰਦਰ ਇਕ ਪੁੱਠਾ ‘ਸਭਿਆਚਾਰਕ ਇਨਕਲਾਬ’ ਆ ਵੜਿਆ ਹੈ। ਅਸ਼ਲੀਲ ਫਿਲਮਾਂ, ਲੱਚਰ ਕਿਸਮ ਦੇ ਗਾਉਣ ਵਜਾਉਣ, ਬਿਮਾਰ ਰੁਚੀਆਂ ਨੂੰ ਉਤਸ਼ਾਹ ਕਰਨ ਵਾਲੀ ਸਾਹਿਤ ਸਮਗਰੀ, ਭੜਕੀਲੇ ਪਹਿਰਾਵੇ, ਸ਼ਰਾਬ ਅਤੇ ਸਿਗਰਟ ਨੋਸ਼ੀ ਦਾ ਖੁੱਲ੍ਹਾ ਸੇਵਨ, ਦੌਲਤ ਦਾ ਅੰਨਾ ਤੇ ਉਜੱਡ ਦਿਖਾਵਾ, ਆਪਣੇ ਸਭਿਆਚਾਰ ਤੇ ਵਿਰਸੇ ਪ੍ਰਤੀ ਨਕਾਰੀ ਭਾਵਨਾ, ਪੱਛਮ ਦੇ ਵਿਚਾਰਾਂ ਤੇ ਇਸਦੀ ਸਭਿਆਚਾਰ ਦੇ ਉਭਰਵੇਂ ਰੂਪ ਪ੍ਰਗਟਾਵੇ ਹਨ। ਇਸ ਸਭਿਆਚਾਰ ਨੇ ਸਿੱਖ ਨੌਜਵਾਨਾਂ ਅੰਦਰ ਪਤਿੱਤਪੁਣੇ ਦੀ ਲਹਿਰ ਨੂੰ ਵੱਡੀ ਹੱਲਾਸ਼ੇਰੀ ਦਿੱਤੀ ਹੈ। ਅਤੇ ਇਥੇ ਵੀ ਇਹ ਪੇਂਡੂ ਜ਼ਿਮੀਦਾਰ ਵਰਗ ਹੀ ਸੀ ਜਿਸਨੇ ਇਸ ਪਤਿੱਤਪੁਣੇ ਦੀ ਲਹਿਰ ਦਾ ਸਭ ਤੋਂ ਵੱਧ ਅਸਰ ਕਬੂਲਿਆ। ਜ਼ਿਮੀਦਾਰ ਸਿੱਖ ਪਰਿਵਾਰਾਂ ਦੇ ਨੌਜਵਾਨ ਲੜਕਿਆਂ ਅੰਦਰ (ਅਤੇ ਜ਼ਿਆਦਾ ‘ਮਾਡਰਨ’ ਲੜਕੀਆਂ ਅੰਦਰ ਵੀ) ਮੋਨੇ ਹੋਣ, ਦਾੜੀਆਂ ਮੁੰਨਣ, ਜੀਨਾਂ ਪਹਿਨਣ, ਸ਼ਰਾਬਾਂ-ਸਿਗਰਟਾਂ ਪੀਣ, ਨਾਵਾਂ ਪਿਛੇ ‘ਸਿੰਘ’ ਅਤੇ ‘ਕੌਰ’ ਦੀ ਵਰਤੋਂ ਬੰਦ ਕਰਕੇ ਆਪਣੇ ਆਪ ਨੂੰ ‘ਅਗਾਂਹਵਧੂ’ ਸਮਝਣ ਦਾ ਭਰਮ ਪਾਲਣ, ਧਰਮ ਨੂੰ ਪੁਰਾਤਨ ਤੇ ਵੇਲਾ ਵਿਹਾ ਚੁੱਕਿਆ ਫਲਸਫਾ ਕਰਾਰ ਦੇ ਕੇ ਨਾਸਤਕ ਅਖਵਾਉਣ ਵਿਚ ਉਚੇਚੀ ਟੌਹਰ ਸਮਝਣ ਵਰਗੀਆਂ ਨਕਾਰੀ ਰੁਚੀਆਂ ਨੇ ਸਿੱਖ ਧਰਮ ਤੇ ਸਭਿਆਚਾਰ ਲਈ ਵੱਡਾ ਸੰਕਟ ਖੜ੍ਹਾ ਕਰ ਦਿੱਤਾ (ਅਜਮੇਰ ਸਿੰਘ : 2003, 305-6)”। ਸਿੱਖ ਸਮਾਜ ਵਿਚ ਪੈਦਾ ਹੋਈਆਂ ਇਹ ਨਕਾਰੀ ਰੁਚੀਆਂ ਨੇ ਸਿੱਖ-ਪੰਥ ਨੂੰ ਅੰਦਰੋਂ ਬਾਹਰੋਂ-ਕਮਜ਼ੋਰ ਕਰ ਦਿੱਤਾ ਹੈ। ਜਿਸ ਕਰਕੇ ਸੁਹੱਪਣ ਦੇ ਵੀ ਅਰਥ ਬਦਲ ਰਹੇ ਹਨ।

ਆਧੁਨਿਕ ਤਬਦੀਲੀਆਂ ਕਰਕੇ ਨੌਜਵਾਨ ਪਰਿਵਾਰ ਦੇ ਪ੍ਰਭਾਵ ਤੋਂ ਮੁਕਤ ਹੋ ਰਹੇ ਹਨ। ਅਜੋਕੇ ਸਮੇਂ ਵਿਚ ਪਰਿਵਾਰ ਨਾਲੋਂ ਬਾਹਰੀ ਸੰਸਥਾਵਾਂ ਖਾਸ ਕਰਕੇ ਟੀ.ਵੀ. ਦਾ ਵਧੇਰੇ ਪ੍ਰਭਾਵ ਪੈ ਰਿਹਾ ਹੈ। ਇਸਤੋਂ ਇਲਾਵਾ ਆਧੁਨਿਕ ਪਰਿਵਾਰ ਦੀ ਛੋਟੀ ਬਣਤਰ ਕਰਕੇ ਵੀ ਬੱਚਿਆਂ ਅੱਗੇ ਮਾਪੇ ਬੇਵੱਸ ਹੋ ਰਹੇ ਹਨ। ਮਾਪਿਆਂ ਦਾ ਇਹ ਕਹਿਣਾ ਹੈ ਕਿ ਅਸੀਂ ਬੱਚਿਆਂ ਨੂੰ ਸਮਝਾ ਸਕਦੇ ਹਾਂ, ਬਾਕੀ ਇਹਨਾਂ ਦੀ ਮਰਜ਼ੀ ਹੈ। ਜਿਹੜੇ ਪਰਿਵਾਰਾਂ ਵਿਚੋਂ ਬੱਚਿਆਂ ਨੇ ਬਾਹਰੀ ਪ੍ਰਭਾਵ ਵਿਚ ਆ ਕੇ ਕੇਸ ਕਟਾਏ ਹਨ ਉਹਨਾਂ ਦੇ ਮਾਪਿਆਂ ਦਾ ਇਹ ਕਹਿਣਾ ਹੈ ਕਿ ‘ਇਸ ਡਰ ਕਰਕੇ ਕਿ ਕਿਤੇ ਇਹ ਕੁਝ ਹੋਰ ਹੀ ਨਾ ਕਾਰਾ ਕਰ ਲਵੇ ਅਸੀਂ ਇਸ ਨੂੰ ਕੇਸ ਕਟਾਉਣ ਤੋਂ ਰੋਕ ਨਹੀਂ ਸਕੇ’। ਸਿੱਖਾਂ ਦੀ ਬਦਲ ਰਹੀ ਸੋਚ ਦਾ ਨਤੀਜਾ ਹੈ ਕਿ ਹੁਣ ਸਿੱਖੀ ਅਸੂਲਾਂ ਉੱਤੇ ਪਰਿਵਾਰਕ ਮੋਹ ਭਾਰੂ ਹੋਣ ਲੱਗਾ ਹੈ। ਇਕ ਪਾਸੇ ਉਹ ਮਾਵਾਂ ਸਨ ਜਿਨ੍ਹਾਂ ਨੇ ਸਿੱਖੀ ਨੂੰ ਬਚਾਉਣ ਲਈ ਆਪਣੇ ਬੱਚਿਆਂ ਦੇ ਟੋਟੇ ਝੋਲੀਆਂ ਵਿਚ ਵੀ ਪਵਾ ਕੇ ਵੀ ਸਿੱਖੀ ਸਿਦਕ ਨਹੀਂ ਹਾਰਿਆ ਸੀ, ਦੂਜੇ ਪਾਸੇ ਅੱਜ ਦੇ ਬੱਚਿਆਂ ਦੀਆਂ ਮਾਵਾਂ ਆਪ ਨਾਈ ਦੀ ਦੁਕਾਨ ‘ਤੇ ਜਾ ਕੇ ਬੱਚਿਆਂ ਦੇ ਕੇਸ ਕਟਾਉਣ ਲੱਗ ਪਈਆਂ ਹਨ। ਸਿੱਖ-ਪੰਥ ਵਿਚ ਆ ਰਹੇ ਇਸ ਬਦਲਾਅ ਦੇ ਕਾਰਣਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਿੱਖ ਸਮਾਜ ਵਿਚ ਪੈਦਾ ਹੋ ਰਹੀ ਰਿਸ਼ਤਿਆਂ ਦੀ ਟੁੱਟ-ਭੱਜ ਅਤੇ ਘੱਟ ਰਿਹਾ ਸਮਾਜਕ ਪ੍ਰਭਾਵ ਸਿੱਖੀ ਲਈ ਸੰਕਟ ਪੈਦਾ ਕਰ ਰਿਹਾ ਹੈ। ਮੰੁਡੇ ਕੁੜੀਆਂ ਵਿਚ ਘੁੰਮਣ ਫਿਰਨ ਅਤੇ ਨਸ਼ਿਆਂ ਦਾ ਫੈਲ ਰਿਹਾ ਫੈਸ਼ਨ ਆਦਿ ਕੇਸ ਕਟਵਾਉਣ ਦੇ ਕਾਰਣ ਹਨ ਕਿਉਂਕਿ ਜਿਸ ਕਿਸਮ ਦੀ ਜ਼ਿੰਦਗੀ ਉਹ ਬਤੀਤ ਕਰ ਰਹੇ ਉਹ ਸਿੱਖ ਰਹਿਤ ਦੇ ਅਨੁਸਾਰ ਨਹੀਂ ਹੈ।

ਸਿੱਖ ਕੀ ਕਰਨ ?

ਸਿੱਖਾਂ ਵਿਚ ਕੇਸ ਕਟਵਾਉਣ ਦੇ ਚਲ ਰਹੇ ਰੁਝਾਨ ਨੂੰ ਵੇਖ ਕੇ ਇਹ ਖਦਸਾ ਪ੍ਰਗਟ ਕੀਤਾ ਜਾਂਦਾ ਹੈ ਕਿ ਜੇਕਰ ਇਹ ਰੁਝਾਨ ਜਾਰੀ ਰਿਹਾ ਤਾਂ ਭਵਿੱਖ ਵਿਚ ਸਾਬਤ ਸੂਰਤ ਸਿੱਖਾਂ ਨੂੰ ਲੱਭਣਾ ਮੁਸ਼ਕਲ ਹੋ ਜਾਵੇਗਾ। ਕੀ ਅਜਿਹਾ ਸੱਚਮੁਚ ਵਾਪਰੇਗਾ? ਇਸ ਸਵਾਲ ਦਾ ਜਵਾਬ ਦੇਣਾ ਹੋਵੇ ਤਾਂ ਨਾਂਹ ਵਿਚ ਹੀ ਦਿੱਤਾ ਜਾਵੇਗਾ ਕਿਉਂਕਿ ਇਹ ਵਕਤੀ ਰੁਝਾਨ ਹੈ। ਸਿੱਖ ਧਰਮ ਦਾ ਇਤਿਹਾਸ ਗਵਾਹ ਹੈ ਕਿ ਇਹ ਸੰਕਟ ਸਿੱਖੀ ਦਾ ਨਹੀਂ ਸਿੱਖਾਂ ਦਾ ਹੈ। ਸਿੱਖ ਧਰਮ ਦਾ ਇਤਿਹਾਸ ਗਵਾਹ ਹੈ ਕਿ ਇਸਤੋਂ ਵੀ ਕਠਿਨ ਹਾਲਤਾਂ ਦਾ ਸਾਹਮਣਾ ਕਰਕੇ ਸਿੱਖਾਂ ਨੇ ਆਪਣੀ ਪਛਾਣ ਕਾਇਮ ਰੱਖੀ ਹੈ। ਸਿੱਖ ਪਛਾਣ ਨੂੰ ਖਤਮ ਕਰਨ ਦੀ ਖਾਤਰ ਜਦੋਂ ਦੁਸ਼ਮਣ ਤਾਕਤਾਂ ਨੇ ਇਨ੍ਹਾਂ ਨੂੰ ਲੱਭ-ਲੱਭ ਕੇ ਮਾਰਨਾ ਸ਼ੁਰੂ ਕੀਤਾ ਹੋਇਆ ਸੀ ਅਤੇ ਇਹਨਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ ਅਜਿਹੇ ਹਾਲਤਾਂ ਵਿਚ ਸਿਦਕ ਦੇ ਪੱਕੇ ਸਿੱਖਾਂ ਨੇ ਆਪਣੀ ਪਛਾਣ ਅਤੇ ਗੁਰੂ ਵਿਚ ਭਰੋਸਾ ਰੱਖਿਆ ਹੋਇਆ ਸੀ।

ਪੁਰਾਤਨ ਸਿੱਖਾਂ ਨੇ ਸਿੱਖੀ ਨੂੰ ਜੀਵਨ ਦੀ ਅਨਮੋਲ ਦਾਤ ਸਮਝ ਕੇ ਇਸਦੀ ਹਰ ਪੱਖ ਤੋਂ ਸੰਭਾਲ ਕੀਤੀ ਸੀ। ਇਸ ਤੋਂ ਉਲਟ ਅੱਜ ਦੇ ਸਿੱਖ ਆਪਣੀ ਪਛਾਣ ਅਤੇ ਸਿੱਖੀ ਅਸੂਲਾਂ ਨੂੰ ਖੁਦ ਤਿਆਗ ਰਹੇ ਹਨ। ਇਹ ਰੁਝਾਨ ਸਿਰਫ ਕੇਸ ਕਟਵਾਉਣ ਤਕ ਹੀ ਸੀਮਤ ਨਹੀਂ ਹੈ ਸਗੋਂ ਸਿੱਖਾਂ ਦੇ ਸਨਮੁਖ ਪੈਦਾ ਹੋ ਰਹੇ ਸਰਵ-ਪੱਖੀ ਸੰਕਟ ਦਾ ਪ੍ਰਗਟਾਵਾ ਹੈ। ਜਿਸ ਦੇ ਪ੍ਰਭਾਵ ਅਧੀਨ ਆਪਣੇ ਆਪ ਨੂੰ ਮਾਡਰਨ ਕਹਾਉਣ ਵਾਲੇ ਸਿੱਖ ਗੁਰੂ ਸਿਧਾਂਤਾਂ ਤੇ ਸਿੱਖ ਸਭਿਆਚਾਰ ਪ੍ਰਤੀ ਲਾਪ੍ਰਵਾਹੀ ਦੀ ਗੱਲ ਕਰਦੇ ਹਨ। ਬੇਸ਼ੱਕ ਕੇਸ ਕਟਵਾਉਣ ਵਾਲੇ ਸਿੱਖ ਵੀ ਸਿੱਖੀ ਵਿਚ ਆਪਣੇ ਵਿਸ਼ਵਾਸ਼ ਦੀ ਗੱਲ ਕਰਦੇ ਹਨ ਪ੍ਰੰਤੂ ਉਹਨਾਂ ਦਾ ਧਾਰਮਕ ਵਿਸ਼ਵਾਸ਼ ਅਧੂਰਾ ਮੰਨਿਆ ਜਾਂਦਾ ਹੈ। ਇਸ ਤੋਂ ਉਲਟ ਅਜਿਹੇ ਵੀ ਹਨ ਜਿਹੜੇ ਵੇਖਣ ਵਿਚ ਸਿੱਖੀ ਸਰੂਪ ਵਿਚ ਤਾਂ ਪੂਰੇ ਹਨ ਪਰ ਉਹਨਾਂ ਦਾ ਜੀਵਨ ਅਤੇ ਕਾਰਜ ਸਿੱਖ ਸਿਧਾਂਤਾਂ ਅਨੁਸਾਰ ਨਹੀਂ ਹਨ। ਇਸ ਕਰਕੇ ਸਿੱਖ ਪਛਾਣ ਨੂੰ ਪ੍ਰਭਾਸ਼ਿਤ ਕਰਨ ਲਈ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਸਿੱਖ-ਪੰਥ ਵਿਚੋਂ ਕਿਸੇ ਖਾਸ ਧਿਰ ਨੂੰ ਸ਼ਾਮਲ ਜਾਂ ਬਾਹਰ ਵੀ ਨਹੀਂ ਰੱਖਿਆ ਜਾ ਸਕਦਾ ਖਾਸ ਕਰਕੇ ਉਹਨਾਂ ਨੂੰ ਜੋ ਆਪਣੇ ਆਪ ਨੂੰ ਸਿੱਖ ਮੰਨਦੇ ਹਨ।

ਸਿੱਖ ਧਰਮ ਦੇ ਦਾਅਵੇਦਾਰਾਂ ਵਲੋਂ ਕੇਸ ਕਟਵਾਉਣ ਵਾਲੇ ਸਿੱਖਾਂ ਨੂੰ ਬਹੁਤ ਅਪੀਲਾਂ ਕੀਤੀਆਂ ਜਾਂਦੀਆਂ ਹਨ ਪਰ ਨਾਲ ਉਹ ਇਹ ਵੀ ਮਹਿਸੂਸ ਕਰਦੇ ਹਨ ਮਨਮੱਤੀਆਂ ’ਤੇ ਇਹਨਾਂ ਦਾ ਅਸਰ ਘੱਟ ਹੋ ਰਿਹਾ ਹੈ। ਇਸ ਦੀ ਇਕ ਵਜ੍ਹਾ ਇਹ ਹੈ ਕਿ ਸਿੱਖ ਪਛਾਣ ਨੂੰ ਬਚਾਉਣ ਲਈ ਅਪੀਲਾਂ ਕਰਨ ਵਾਲੇ ਸਿੱਖ ਆਪਣੀ ਜ਼ੁੰਮੇਵਾਰੀ ਅਜਿਹੇ (ਕੇਸ ਕਟਵਾਉਣ ਵਾਲੇ) ਸਿੱਖਾਂ ਉੱਤੇ ਪਾ ਦਿੰਦੇ ਹਨ ਜਿਨ੍ਹਾਂ ਨੂੰ ਇਸਦਾ ਅਹਿਸਾਸ ਨਹੀਂ ਹੈ ਜੇਕਰ ਉਹਨਾਂ ਦਾ ਸਿੱਖੀ ਵਿਚ ਵਿਸ਼ਵਾਸ ਪੱਕਾ ਹੁੰਦਾ ਤਾਂ ਉਹਨਾਂ ਨੇ ਕੇਸ ਨਹੀਂ ਕਟਾਉਣੇ ਸਨ। ਕੇਸਾਂ ਨੂੰ ਕਤਲ ਕਰਨ ਵਾਲੇ ਸਿੱਖਾਂ ਨੂੰ ਅਪੀਲਾਂ ਕਰਨ ਨਾਲੋਂ ਜੇਕਰ ਸਿੱਖੀ ਸਰੂਪ ਦੇ ਧਾਰਨੀ ਸਿੱਖਾਂ ਨੂੰ ਗੁਰੂ ਸਿਧਾਂਤਾਂ ਮੁਤਾਬਕ ਜੀਵਨ ਬਤੀਤ ਕਰਨ ਦੀ ਲਗਾਤਾਰ ਸਿੱਖਿਆ ਦਿੱਤੀ ਜਾਵੇ ਤਾਂ ਇਸਦੇ ਨਤੀਜੇ ਲਾਹੇਵੰਦ ਸਾਬਤ ਹੋ ਸਕਦੇ ਹਨ। ਸਿੱਖੀ ਸਰੂਪ ਦੇ ਧਾਰਨੀ ਲੋਕ ਅਗਰ ਦਿਆਨਤਦਾਰੀ ਨਾਲ ਆਪਣੇ ਜੀਵਨ ਅਮਲ ਵਿਚ ਗੁਰੂ ਸਿਧਾਂਤਾਂ ਨੂੰ ਲਾਗੂ ਕਰ ਲੈਣ ਤਾਂ ਸਿੱਖ ਪਛਾਣ ਨੂੰ ਖਤਰਾ ਘੱਟ ਹੋ ਸਕਦਾ ਹੈ।

ਪ੍ਰਾਚੀਨ ਸਿੱਖਾਂ ਨੇ ਧਾਰਮਕ ਅਸੂਲਾਂ ਦੀ ਪਾਲਣਾ ਕਰਕੇ ਆਪਣੀ ਪਛਾਣ ਬਚਾਈ ਸੀ ਅੱਜ ਵੀ ਸਿੱਖੀ ਲਈ ਸੁਹਿਰਦ ਸਿੱਖਾਂ ਦਾ ਇਹ ਫਰਜ਼ ਹੈ ਕਿ ਉਹ ਨਮੂਨੇ ਵਾਲੇ ਸਿੱਖ ਬਣ ਕੇ ਦੁਨੀਆਂ ਨੂੰ ਇਹ ਦੱਸਣ ਕਿ ਸਿੱਖ ਕਹਿਣੀ ਅਤੇ ਕਰਨੀ ਦੇ ਪੂਰੇ ਹਨ। ਇਸ ਯੁੱਗ ਵਿਚ ਹੁਣ ਸੱਚੇ ਅਤੇ ਸੁੱਚੇ ਮਨੁੱਖਾਂ ਦੀ ਸਿਰਜਨਾ ਕਰਨ ਵਾਲੇ ਸਿਧਾਂਤਾਂ ਦੀ ਘਾਟ ਮਹਿਸੂਸ ਹੋ ਰਹੀ ਹੈ ਜਿਸ ਲਈ ਸਿੱਖੀ ਦਾ ਜੀਵਨ ਮਾਡਲ ਯੋਗਦਾਨ ਪਾ ਸਕਦਾ ਹੈ। ਅਜੋਕੇ ਸਮੇਂ ਵਿਚ ਸਿੱਖਾਂ ਕੋਲ ਸਿੱਖੀ ਤੋਂ ਵੱਡੀ ਹੋਰ ਕੋਈ ਤਾਕਤ ਨਹੀਂ ਹੈ। ਦੁਨਿਆਵੀ ਤਾਕਤ ਵਲੋਂ ਪੇਸ਼ ਕੀਤੇ ਜਾ ਰਹੇ ਸੰਕਟ ਦਾ ਟਾਕਰਾ ਸਿੱਖ ਆਪਣੀ ਇਸ ਰੂਹਾਨੀ ਤਾਕਤ ਨਾਲ ਕਰ ਸਕਦੇ ਹਨ। ਪਰ ਸਿੱਖਾਂ ਨੇ ਗੁਰੂ ਵਲੋਂ ਨਿਰਧਾਰਤ ਜੀਵਨ ਸੇਧ ਅਨੁਸਾਰ ਜੀਵਨ ਜਿਉਣ ਨਾਲੋਂ ਮਾਇਆ ਦੀ ਤਾਕਤ ਵਾਲਾ ਫੈਸ਼ਨਮਈ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਫੈਸ਼ਨਮਈ ਜੀਵਨ ਦੇ ਢੰਗ ਪਿਛੇ ਦੁਨਿਆਵੀ ਤਾਕਤ ਹੈ। ਦੁਨਿਆਵੀ ਤਾਕਤ ਦੇ ਡਰ ਵਿਚ ਜੀਵਨ ਜਿਉਣ ਵਾਲੇ ਪ੍ਰਾਣੀ (ਪੁਰਸ਼/ਇਸ਼ਤਰੀ) ਸਿੱਖ ਅਸੂਲਾਂ ਦੇ ਪਾਬੰਦ ਨਹੀਂ ਹੋ ਸਕਦੇ ਕਿਉਂਕਿ ਸਿੱਖੀ ਮਨੁੱਖ ਨੂੰ ਹਰ ਕਿਸਮ ਦੇ ਡਰ ਤੋਂ ਮੁਕਤ ਕਰਦੀ ਹੈ।

ਸਿੱਖ ਪਛਾਣ ਲਈ ਉਸ ਸਮੇਂ ਤਕ ਕੋਈ ਸੰਕਟ ਨਹੀਂ ਸੀ ਜਦੋਂ ਤਕ ਸਿੱਖ ਡਰ ਮੁਕਤ ਸਨ ਪਰ ਖਾਲਸਾ ਰਾਜ ਦੀ ਹਾਰ ਤੋਂ ਪਿਛੋਂ ਸਿੱਖਾਂ ਨੂੰ ਰਾਜਸੀ ਡਰ ਨੇ ਆਪਣੀ ਗ੍ਰਿਫਤ ਵਿਚ ਲੈ ਲਿਆ ਹੈ। ਖਾੜਕੂ ਲਹਿਰ ਦੀ ਹਾਰ ਤੋਂ ਪਿਛੋਂ ਇਹ ਨਮੋਸ਼ੀ ਅਤੇ ਹਕੂਮਤੀ ਤਾਕਤ ਦੇ ‘ਡਰ’ ਦੀ ਮਾਰ ਹੇਠ ਆ ਗਏ ਹਨ। ਸਿੱਖ ਇਤਿਹਾਸ ਇਸ ਤੱਥ ਦੀ ਗਵਾਹੀ ਦਿੰਦਾ ਹੈ ਕਿ ਇਹਨਾਂ ਨੇ ਜਦੋਂ ਵੀ ਇਸ ਡਰ ਨੂੰ ਲਲਕਾਰਿਆ ਹੈ ਉਸ ਸਮੇਂ ਇਹਨਾਂ ਵਿਚ ਪਛਾਣ ਲਈ ਜਾਗ੍ਰਤੀ ਆਈ ਹੈ। ਸਿੱਖੀ ਸੂਰਤ ਨੂੰ ਕਾਇਮ ਰੱਖਣ ਦੀ ਪਹਿਲੀ ਸ਼ਰਤ ਹੀ ਇਹ ਬਣਦੀ ਹੈ ਕਿ ਸਿੱਖ ਨਾ ਕਿਸੇ ਦੇ ਗੁਲਾਮ ਹਨ ਅਤੇ ਨਾ ਹੀ ਇਹਨਾਂ ਨੂੰ ਕੋਈ ਤਾਕਤ ਆਪਣਾ ਗੁਲਾਮ ਬਣਾ ਸਕਦੀ ਹੈ।
ਸਿੱਖਾਂ ਵਿਚ ਸਿੱਖੀ ਤਹਿਜ਼ੀਬ ਤੋਂ ਵੱਖਰਾ ਜੀਵਨ ਮਾਰਗ ਅਤੇ ਪਸਰ ਰਿਹਾ ਪੱਛਮੀ ਫੈਸ਼ਨ ਸਿੱਖ ਪਛਾਣ ਲਈ ਖਤਰਾ ਹੈ। ਇਸ ਖਤਰੇ ਦਾ ਟਾਕਰਾ ਕਰਨ ਲਈ ਸਿੱਖਾਂ ਨੂੰ ਸਮਾਜਕ ਜੀਵਨ ਅਤੇ ਆਪਣੀ ਸੋਚ ਵਿਚ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਰੋਸ਼ਨੀ ਵਿਚ ਸੁਧਾਰ ਕਰਨ ਦੀ ਲੋੜ ਹੈ। ਇਸ ਮਕਸਦ ਲਈ ਸਿੱਖੀ ਜੀਵਨ ਦੇ ਉਦੇਸ਼ਾਂ ਦੀ ਅੱਜ ਦੀ ਜ਼ਿੰਦਗੀ ਦੀਆਂ ਲੋੜਾਂ ਦੇ ਮੁਤਾਬਿਕ ਪੁਨਰ ਵਿਆਖਿਆ ਕਰਨੀ ਪਵੇਗੀ ਜਿਸ ਵਿਚ, ਸਿੱਖ ਧਰਮ ਦੇ ਤੱਤ ਅਤੇ ਰੂਪ ਦੇ ਰਵਾਇਤੀ ਸੰਤੁਲਨ ਨੂੰ ਨਵੀਆਂ ਲੋੜਾਂ ਦੇ ਤਹਿਤ ਪੇਸ਼ ਕਰਨਾ ਪੈਣਾ ਹੈ। ਡਾ. ਮਨਜੀਤ ਸਿੰਘ ਨੇ ਸਿੱਖ ਪਛਾਣ ਨੂੰ ਬਚਾਉਣ ਲਈ ਸਿੱਖੀ ਅਸੂਲਾਂ ਉੱਤੇ ਪਹਿਰਾ ਦੇਣ ਦਾ ਸੁਝਾਅ ਦਿੰਦੇ ਲਿਖਦੇ ਹਨ, “ਸਿੱਖੀ ਵਿਚ ਪਹਿਰਾਵੇ ਅਤੇ ਕੇਸਾਂ ਦੀ ਗੁਰੂ ਸਾਹਿਬ ਵਲੋਂ ਪ੍ਰਵਾਨਿਤ ਬਹੁਤ ਅਹਿਮ ਅਤੇ ਉੱਚੀ ਥਾਂ ਹੈ। ਪਰ ਕੀ ਸਿੱਖੀ ਸਿਰਫ ਬਾਹਰੀ ਸਰੂਪ ਹੀ ਹੈ ਅਤੇ ਕੀ ਬਾਹਰੀ ਸਰੂਪ ਹੀ ਸਿੱਖ ਧਰਮ ਹੈ? ਇਹ ਅਜਿਹਾ ਮੁੱਦਾ ਹੈ ਜਿਸ ਵੱਲ ਅਜੇ ਤਕ ਸਿੱਖ ਸੰਸਥਾਵਾਂ ਨੇ ਜ਼ਿਆਦਾ ਚਿੰਤਨ ਨਹੀਂ ਕੀਤਾ। ਸਾਡੇ ਸਿੱਖੀ ਪ੍ਰਚਾਰ ਦਾ ਕੇਂਦਰੀ ਧੁਰਾ ਅੱਜ ਤਕ ਇਹੀ ਰਿਹਾ ਹੈ ਕਿ ਸਿੱਖਾਂ ਦੀ ਨਵੀਂ ਪਨੀਰੀ ਗੁੰਮਰਾਹ ਹੋ ਕੇ ਕੇਸਾਂ ਦੀ ਬੇਅਦਬੀ ਕਰ ਰਹੀ ਹੈ। ਪਰ ਜੋ ਕੇਸ ਰੱਖ ਕੇ, ਸਿੱਖੀ ਬਾਣਾ ਪਾ ਕੇ ਕੌਮ, ਸੰਗਤ, ਪੰਥ, ਗੁਰਧਾਮਾਂ ਦੇ ਹਿਤਾਂ ਦੇ ਵਿਰੁੱਧ ਕੁਕਰਮ ਕਰ ਰਹੇ ਹਨ ਉਹਨਾਂ ਨੂੰ ਰਹਿਤ ਮਰਿਯਾਦਾ ਦਾ ਧਾਰਨੀ ਕਿਸ ਨੇ ਬਣਾਉਣਾ ਹੈ? ਇਹ ਐਨਾ ਅਹਿਮ ਸੁਆਲ ਹੈ, ਜਿਸ ਦਿਨ ਅਸੀਂ ਇਸ ਚੁਣੌਤੀ ਦਾ ਹੱਲ ਲੱਭ ਲਿਆ ਉਸ ਦਿਨ ਸਮਝੋ ਸਿੱਖੀ ਪਹਿਚਾਣ ਦੀ ਮੁੱਖ ਸਮੱਸਿਆ ਅਸੀਂ ਬੜੀ ਸਹਿਜੇ ਹੱਲ ਕਰ ਲਵਾਂਗੇ (ਮਨਜੀਤ ਸਿੰਘ: 2001, 88)।” ਸੋ ਇਸ ਕਰਕੇ ਸਿੱਖੀ ਪ੍ਰਚਾਰ ਨੂੰ ਨਵੀਂ ਦਿਸ਼ਾ ਵੱਲ ਮੋੜਨਾ ਪਵੇਗਾ ਅਤੇ ਸਿੱਖੀ ਦੇ ਦਾਅਵੇਦਾਰਾਂ ਨੂੰ ਸਹੀ ਰਸਤੇ ‘ਤੇ ਲਿਆਉਣ ਤੇ ਉਹਨਾਂ ਨੂੰ ਰਹਿਤ ਦੇ ਧਾਰਨੀ ਬਣਾਉਣ ਲਈ ਸ੍ਰੀ ਗੁਰੂ ਗੰ੍ਰਥ ਸਾਹਿਬ ਤੇ ਸਿੱਖ ਪਰੰਪਰਾ ਦਾ ਰੋਸ਼ਨੀ ਵਿਚ ਅਜੋਕੇ ਜੀਵਨ ਲਈ ਸਿੱਖੀ ਦੇ ਮਾਪ-ਦੰਡ ਵਿਕਸਤ ਕਰਨੇ ਪੈਣਗੇ। ਧਾਰਮਕ ਜੀਵਨ ਵਿਚ ਪੈਦਾ ਹੋਏ ਅਸੰਤੁਲਨ ਨੂੰ ਸੁਰ ਵਿਚ ਕਰਨ ਲਈ ਸਿੱਖੀ ਦੇ ਤੱਤ ਅਤੇ ਇਸਦੇ ਬਾਹਰੀ ਸਰੂਪ ਦੋਵਾਂ ਪੱਧਰਾਂ ‘ਤੇ ਗੁਰਮਤਿ ਅਸੂਲਾਂ ਦੀ ਪਾਲਣਾ ਕਰਨੀ ਪੈਣੀ ਹੈ।

ਸ੍ਰੀ ਗੁਰੂ ਗੰ੍ਰਥ ਸਾਹਿਬ ਅੱਗੇ ਸਿਰ ਝੁਕਾ ਕੇ ਸਿੱਖ ਧਾਰਮਕ ਰੀਤ ਹੀ ਅਦਾ ਨਹੀਂ ਕਰਦੇ ਸਗੋਂ ਉਹ ਸਿੱਖੀ ਅਸੂਲਾਂ ’ਤੇ ਕਾਇਮ ਰਹਿਣ ਲਈ ਗੁਰੂ ਨਾਲ ਵਾਅਦਾ ਵੀ ਕਰਦੇ ਹਨ। ਸਿੱਖਾਂ ਲਈ ਗੁਰੂ ਸਿਧਾਂਤ ਪ੍ਰਮੁੱਖ ਹਨ, ਜਿਹੜੇ ਸਿੱਖ ਗੁਰੂ ਸਿਧਾਂਤਾਂ ਦੀ ਪਾਲਣਾ ਨਹੀਂ ਕਰਦੇ ਉਹ ਗੁਰੂ-ਮਰਯਾਦਾ ਦਾ ਵੀ ਸਹੀ ਤਰ੍ਹਾਂ ਪਾਲਣ ਨਹੀਂ ਕਰ ਸਕਦੇ। ਸਿੱਖੀ ਵਿਚ ਫੋਕੀਆਂ ਰਸਮਾਂ ਨੂੰ ਕੋਈ ਥਾਂ ਨਹੀਂ ਹੈ ਬਲਕਿ ਇਹ ਮਰਯਾਦਾ ਪੂਰਨ ਜੀਵਨ ਦਾ ਫਲਸਫਾ ਹੈ। ਗੁਰੂ-ਮਰਯਾਦਾ ਸਿੱਖਾਂ ਦਾ ਧਾਰਮਕ ਕੋਡ ਹੀ ਨਹੀਂ ਹੈ ਸਗੋਂ ਇਹ ਸਿੱਖਾਂ ਦੀ ਸਭਿਆਚਾਰਕ ਅਤੇ ਕੌਮੀ ਪਛਾਣ ਦਾ ਵੀ ਅਧਾਰ ਹੈ। ਇਸ ਪ੍ਰਕਾਰ ਸਿੱਖਾਂ ਦੀ ਧਾਰਮਕ ਅਤੇ ਕੌਮੀ ਪਛਾਣ ਦਾ ਆਪਸ ਵਿਚ ਗੂਹੜਾ ਰਿਸ਼ਤਾ ਹੈ ਜਿਸ ਵਿਚ ਕੇਸਾਂ ਦਾ ਕੇਂਦਰੀ ਸਥਾਨ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਸਿੱਖੀ ਸਿਰਫ ਕੇਸਾਂ ਤੱਕ ਹੀ ਸੀਮਤ ਨਹੀਂ ਹੈ। ਸਿੱਖੀ ਧਾਰਨ ਕਰਨ ਨਾਲੋਂ ਸਿਰਫ ਕੇਸ ਰੱਖ ਲੈਣ ਨਾਲ ਹੀ ਕੋਈ ਸਿੱਖ ਨਹੀਂ ਬਣ ਜਾਂਦਾ (ਕੇਸ ਰੱਖਣ ਵਿਚ ਕੋਈ ਦੇਰ ਨਹੀਂ ਲੱਗਦੀ) ਪਰ ਸਿੱਖ ਅਸੂਲਾਂ ਮੁਤਾਬਕ ਸਿੱਖ ਆਚਰਨ ਦਾ ਕੇਸ ਜ਼ਰੂਰੀ ਹਿੱਸਾ ਹਨ। ਸੋ ਇਸ ਕਰਕੇ ਕੇਸਾਧਾਰੀ ਸਿੱਖਾਂ ‘ਤੇ ਸਿੱਖੀ ਨੂੰ ਪੂਰਨ ਰੂਪ ਵਿਚ ਲਾਗੂ ਕਰਨ ਦੀ ਜ਼ੁੰਮੇਵਾਰੀ ਹੈ।

ਸਿੱਖ ਪਛਾਣ ਲਈ ਚੁਣੌਤੀਆਂ

ਸਿੱਖ ਪਛਾਣ ਦੇ ਸੰਕਟ ਨੂੰ ਸਮਝਣ ਲਈ ਕੀਤੀਆਂ ਕੋਸ਼ਿਸ਼ਾਂ ਵਿਚੋਂ ਇਹ ਗੱਲ ਸਮਝ ਵਿਚ ਆਈ ਹੈ ਕਿ ਇਹ ਸਿੱਖੀ ਨਾਲੋਂ ਸਿੱਖਾਂ ਦੀਆਂ ਆਪ ਸੁਹੇੜੀਆਂ ਸਮੱਸਿਆਵਾਂ ਦਾ ਸੰਕਟ ਹੈ ਅਤੇ ਇਸ ਦਾ ਹੱਲ ਲੱਭਿਆ ਜਾ ਸਕਦਾ ਹੈ। ਇਹ ਸੰਕਟ ਸਿਰਫ ਸਿੱਖੀ ਸਰੂਪ ਨੂੰ ਤਿਆਗਣ ਤੱਕ ਹੀ ਨਹੀਂ ਹੈ ਬਲਕਿ ਇਹ ਬਹੁ-ਪੱਖੀ ਸੰਕਟ ਦਾ ਇਕ ਰੂਪ ਹੈ। ਇਸਦਾ ਪ੍ਰਮੁੱਖ ਕਾਰਣ ਇਹ ਹੈ ਕਿ ਸਿੱਖਾਂ ਨੇ ਆਧੁਨਿਕਤਾ ਨਾਲ ਆ ਰਹੀਆਂ ਤਬਦੀਲੀਆਂ ਨਾਲ ਨਜਿੱਠਣ ਲਈ ਸਿੱਖੀ ਜੀਵਨ ਦੀ ਰੋਸ਼ਨੀ ਵਿਚ ਧਾਰਮਕ ਅਸੂਲ ਵਿਕਸਤ ਨਹੀਂ ਕੀਤੇ ਬਲਕਿ ਇਹ ਆਧੁਨਿਕਤਾ ਦੇ ਵਹਿਣ ਵਿਚ ਵਹਿ ਗਏ ਹਨ ਇਥੋਂ ਤਕ ਕਿ ਗੁਰਬਾਣੀ ਨੂੰ ਆਧੁਨਿਕ ਕਹਿ ਕੇ ਕਾਲ ਦੀ ਇਕ ਵਿਚਾਰਧਾਰਾ ਤੱਕ ਸੀਮਤ ਕਰਨ ਵਾਲੇ ਵਿਦਵਾਨਾਂ ਨੇ ਇਹ ਨਹੀਂ ਸੋਚਿਆ ਕਿ ਇਸਦੇ ਕੀ ਨਤੀਜੇ ਨਿਕਲਣਗੇ। ਭਾਰਤ ਵਿਚ ਸਮਾਜਕ, ਆਰਥਕ, ਰਾਜਨੀਤਕ ਅਤੇ ਸਭਿਆਚਾਰਕ ਪੱਧਰ ‘ਤੇ ਹਰ ਖੇਤਰ ਵਿਚ ਸਿੱਖਾਂ ਨੂੰ ਹਾਸ਼ੀਏ ਤੋਂ ਬਾਹਰ ਰੱਖਿਆ ਜਾ ਰਿਹਾ ਹੈ। ਵਿਅਕਤੀਗਤ ਜੀਵਨ ਵਿਚ ਅੱਜ ਦੇ ਮਨੁੱਖ ਨੇ ਹਰ ਕਿਸਮ ਦੇ ਮਿਆਰਾਂ ਨੂੰ ਤੋੜਨਾ ਸ਼ੁਰੂ ਕੀਤਾ ਹੈ ਜਿਸ ਦਾ ਪ੍ਰਭਾਵ ਸੁਭਾਵਿਕ ਹੀ ਸਿੱਖਾਂ ਉੱਤੇ ਵੀ ਪੈ ਰਿਹਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਸਿੱਖ ਗੁਰੂ ਸਾਹਿਬਾਨ ਵਲੋਂ ਬਖਸ਼ੇ ਸਰੂਪ ਦਾ ਸਿੱਖ ਸਮਾਜ ਵਿਚ ਬਹੁਤ ਸਤਿਕਾਰ ਹੈ। ਸਿੱਖ ਸਮਾਜ ਵਿਚ ਖ਼ਾਲਸੇ ਨੂੰ ਸੁਪਰ ਮਨੁੱਖ (ਸ਼ੁਪੲਰ ੰੳਨ) ਮੰਨਿਆ ਜਾਂਦਾ ਹੈ ਅਤੇ ਉਸਤੋਂ ਇਹ ਉਮੀਦ ਵੀ ਕੀਤੀ ਜਾਂਦੀ ਹੈ ਕਿ ਉਹ ਕੋਈ ਕੁਕਰਮ ਨਾ ਕਰੇ ਪਰ ਕੁਕਰਮਾਂ ਦੀ ਅਜੋਕੇ ਸਮੇਂ ਵਿਚ ਵਿਆਖਿਆ ਬਦਲ ਰਹੀ ਹੈ। ਇਸ ਯੁੱਗ ਵਿਚ ਸਮਾਜਕ ਅਤੇ ਧਾਰਮਕ ਕੁਕਰਮ ਇਕ ਦੂਜੇ ਨਾਲ ਮਿਲ ਗਏ ਹਨ ਜਿਸ ਵਿਚ ਰਾਜਨੀਤੀ ਦਾ ਅਹਿਮ ਯੋਗਦਾਨ ਹੈ। ਅਜਿਹੇ ਹਾਲਤਾਂ ਵਿਚ ਸਿੱਖੀ ਜੀਵਨ ਨੂੰ ਬਰਕਰਾਰ ਰੱਖਣ ਲਈ ਜੀਵਨ ਦੇ ਹਰ ਮੋੜ ’ਤੇ ਮੁਸੀਬਤ ਹੈ।

ਅਜੋਕੇ ਯੁੱਗ ਵਿਚ ਸਿੱਖਾਂ ਦਾ ਇਕ ਵਰਗ ਆਪਣੀ ਅਜ਼ਾਦੀ ਨਾਲੋਂ ਬੇ-ਲਗਾਮ ਰੁਚੀਆਂ ਅਤੇ ਪ੍ਰਵ੍ਰਿਤੀਆਂ ਦਾ ਸ਼ਿਕਾਰ ਹੋ ਰਿਹਾ ਹੈ। ਇਸ ਰੁਝਾਨ ਦਾ ਸਭ ਤੋਂ ਵਧੇਰੇ ਅਸਰ ਨੌਜਵਾਨਾਂ ਉੱਤੇ ਵੇਖਿਆ ਜਾ ਸਕਦਾ ਹੈ। ਸ਼ਾਇਦ ਇਸ ਕਰਕੇ ਕੇਸ ਕਟਵਾਉਣ ਵਾਲੇ ਸਿੱਖਾਂ ਵਿਚੋਂ ਸੋਲਾਂ ਤੋਂ ਚਾਲੀ ਸਾਲ ਦੀ ਉਮਰ ਵਾਲਿਆਂ ਦੀ ਗਿਣਤੀ ਵਧੇਰੇ ਹੈ ਅਤੇ ਧਾਰਮਕ ਕਾਰਜਾਂ ਵਿਚ ਇਸ ਉਮਰ ਦੇ ਲੋਕਾਂ ਦੀ ਸ਼ਮੂਲੀਅਤ ਵੀ ਘੱਟ ਵੇਖਣ ਨੂੰ ਮਿਲਦੀ ਹੈ। ਸਮਾਜਕ ਅਤੇ ਮਨੋਵਿਿਗਆਨਕ ਖੋਜਾਂ ਦੱਸਦੀਆਂ ਹਨ ਕਿ ਉਮਰ ਦੇ ਇਸ ਗਰੁੱਪ ਵਿਚ ਨਸ਼ਿਆਂ, ਸੈਕਸ ਅਤੇ ਸੁੰਦਰ ਲੱਗਣ ਭੁੱਖ ਵਧੇਰੇ ਹੁੰਦੀ ਹੈ। ਦੂਸਰੇ ਪਾਸੇ ਇਹੀ ਗਰੁੱਪ, ਸਮਾਜਕ ਅਤੇ ਧਾਰਮਕ ਲਹਿਰਾਂ ਵਿਚ ਵੀ ਵਧੇਰੇ ਭੂਮਿਕਾ ਨਿਭਾਉਂਦਾ ਹੈ ਜਦੋਂ ਸਿੱਖ ਲਹਿਰ ਸਰਗਰਮ ਹੁੰਦੀ ਹੈ ਤਾਂ ਉਸ ਸਮੇਂ ਇਹ ਸਮੂਹ ਸਿੱਖੀ ਵੱਲ ਪਰਤ ਆਉਂਦਾ ਹੈ। ਇਸ ਕਰਕੇ ਜਦੋਂ ਵੀ ਪੰਥ ਵਲੋਂ ਕੋਈ ਮੋਰਚਾ ਲਗਾਇਆ ਗਿਆ ਹੈ ਤਾਂ ਉਸ ਸਮੇਂ ਦੌਰਾਨ ਸਿੱਖਾਂ ਵਿਚ ਕੇਸ ਰੱਖਣ ਵਾਲਿਆਂ ਦੀ ਗਿਣਤੀ ਵੀ ਇਕ ਦਮ ਵੱਧ ਜਾਂਦੀ ਹੈ। ਪੰਜਾਬ ਵਿਚ ਸਿੰਘ ਸਭਾ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਪੰਜਾਬੀ ਸੂਬੇ ਦਾ ਮੋਰਚਾ, ਧਰਮ ਯੁੱਧ ਮੋਰਚਾ ਅਤੇ ਇਸ ਤੋਂ ਪਿੱਛੋਂ ਦੀ ਖਾੜਕੂ ਸਿੱਖ ਲਹਿਰ ਦੇ ਸਮੇਂ ਵਿਚ ਸਿੱਖਾਂ ਦਾ ਸਿੱਖੀ ਵਿਚ ਅਥਾਹ ਵਿਸ਼ਵਾਸ਼ ਵੇਖਣ ਨੂੰ ਮਿਿਲਆ ਸੀ।

ਨਵੀਆਂ ਸੰਭਾਵਨਾਵਾਂ

ਅਜੋਕੇ ਸਿੱਖਾਂ ਵਿਚ ਕੇਸ ਕਟਵਾਉਣ ਅਤੇ ਸਿੱਖੀ ਅਸੂਲਾਂ ਨੂੰ ਤਿਆਗਣ ਦਾ ਰੁਝਾਨ ਸਿੱਖ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ। ਇਸ ਰੁਝਾਨ ਦੀ ਰਫ਼ਤਾਰ ਨੂੰ ਵੇਖਦਿਆਂ ਕਈ ਇਹ ਅੰਦਾਜਾ ਵੀ ਲਗਾਉਂਦੇ ਹਨ ਕਿ ਆਉਣ ਵਾਲੇ ਸਮੇਂ ਵਿਚ ਸਿੱਖ ਪਛਾਣ ਨਵਾਂ ਰੂਪ ਧਾਰਨ ਕਰੇਗੀ ਕਿਉਂਕਿ ਸਿੱਖਾਂ ਨੂੰ ਬਦਲਦੇ ਜਮਾਨੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਸਿੱਖਾਂ ਨੇ ਕੇਸ ਰੱਖੇ ਹਨ ਜਾਂ ਨਹੀਂ ਬਲਕਿ ਇਹ ਗੱਲ ਵਧੇਰੇ ਮਹੱਤਤਾ ਰੱਖਦੀ ਹੈ ਕਿ ਸਿੱਖ ਗੁਰੂ ਸਿਧਾਂਤਾਂ ਨੂੰ ਜੀਵਨ ਵਿਚ ਅਪਣਾਉਂਦੇ ਹਨ ਜਾਂ ਨਹੀਂ? ਉਹ ਕੇਸ ਰੱਖਣ ਨੂੰ ਭੇਖ ਜਾਂ ਧਾਰਮਕ ਕੱਟੜਤਾ ਨਾਲ ਜੋੜ ਦਿੰਦੇ ਹਨ ਅਤੇ ਦਲੀਲ ਦਿੰਦੇ ਹਨ ਕਿ ਗੁਰੂ ਸਾਹਿਬ ਨੇ ਮਨੁੱਖ ਨੂੰ ਲਿਬਾਸ, ਬੋਲੀ, ਇਲਾਕੇ, ਅਤੇ ਹਰ ਤਰ੍ਹਾਂ ਦੇ ਭੇਖ ਤੋਂ ਮੁਕਤ ਕੀਤਾ ਸੀ। ਇਸ ਲਈ ਉਹ ਇਹ ਕਹਿੰਦੇ ਹਨ ਕਿ ਸਿੱਖੀ ਦੇ ਸੰਦੇਸ਼ ਨੂੰ ਦੁਨੀਆਂ ਵਿਚ ਲੈ ਕੇ ਜਾਣ ਲਈ ਕੇਸ ਰੱਖਣੇ ਲਾਜ਼ਮੀ ਨਹੀਂ ਹੋਣੇ ਚਾਹੀਦੇ। ਇਸ ਕਿਸਮ ਦੀਆਂ ਦਲੀਲਾਂ ਦੇਣ ਵਾਲਿਆਂ ਵਿਚ ਬਹੁਤੇ ਉਹ ਲੋਕ ਹਨ ਜਿਹੜੇ ਕੇਸਧਾਰੀ ਨਹੀਂ ਹਨ ਜਾਂ ਜਿਹੜੇ ਸਿੱਖ ਪਛਾਣ ਦੀ ਅਹਿਮੀਅਤ ਨੂੰ ਜਾਂ ਸਮਝਦੇ ਨਹੀਂ ਹਨ ਜਾਂ ਜਾਣ ਬੁੱਝ ਕੇ ਇਸ ਨੂੰ ਨਕਾਰਨਾ ਚਾਹੁੰਦੇ ਹਨ। ਉਹਨਾਂ ਦੀਆਂ ਇਸ ਕਿਸਮ ਦੀਆਂ ਦਲੀਲਾਂ ਨਾਲ ਸਿੱਖ ਭਾਈਚਾਰੇ ਦੀ ਸਹਿਮਤੀ ਨਹੀਂ ਹੋ ਸਕਦੀ ਕਿਉਂਕਿ ਕੇਸ ਸਿੱਖ ਰਹਿਤ ਦਾ ਅਨਿੱਖੜਵਾਂ ਅੰਗ ਹਨ। ਪਰ ਇਸ ਮਸਲੇ ਦੀ ਗੰਭੀਰਤਾ ਇਸ ਕਰਕੇ ਵੱਧ ਜਾਂਦੀ ਹੈ ਕਿਉਂਕਿ ਅੱਜ ਕੱਲ੍ਹ ਸਿੱਖ ਵੱਡੀ ਗਿਣਤੀ ਵਿਚ ਕੇਸ ਕਟਾਉਣ ਲੱਗੇ ਹੋਏ ਹਨ। ਸੋ ਇਸ ਕਰਕੇ ਸਿੱਖਾਂ ਲਈ ਇਹ ਮਸਲਾ ਗੰਭੀਰ ਸੋਚ ਦੀ ਮੰਗ ਕਰਦਾ ਹੈ ਕਿ ਕੇਸਾਂ ਦੀ ਸਲਾਮਤੀ ਲਈ ਸਿੱਖ ਕੀ ਕਰਨ?

ਅਗਰ ਸਿੱਖਾਂ ਨੇ ਆਪਣੀ ਪਛਾਣ ਬਚਾਉਣੀ ਹੈ ਤਾਂ ਅਜਿਹਾ ਸਮਾਜਕ ਮਹੌਲ ਬਣਾਉਣਾ ਪਵੇਗਾ ਜਿਸ ਵਿਚ ਜ਼ਿੰਦਗੀ ਦੀਆਂ ਖੁਸ਼ੀਆਂ ਮਾਨਣ ਲਈ ਸਭ ਨੂੰ ਬਰਾਬਰ ਮੌਕੇ ਦਿੱਤੇ ਜਾਣ। ਸਿੱਖਾਂ ਵਿਚ ਆਪਸੀ ਸਾਂਝ ਦਾ ਅਧਾਰ ਸਿੱਖੀ ਹੋਵੇ ਜਿਵੇਂ ਗੁਰੂ ਸਾਹਿਬਾਨ ਦੇ ਸਮੇਂ ਵਿਚ ਹੁੰਦਾ ਸੀ। ਸਿੱਖਾਂ ਨੂੰ ਸਿੱਖੀ ਦੇ ਸਾਂਝੇ ਮਸਲਿਆਂ ਦੇ ਹੱਲ ਲਈ ਆਪਣੇ ਹਰ ਕਿਸਮ ਦੇ ਮੱਤ-ਭੇਦ ਭੁਲਾ ਕੇ ਇਕੱਠੇ ਹੋਣਾ ਚਾਹੀਦਾ ਹੈ ਜਿਵੇਂ ਮਿਸਲਾਂ ਦੇ ਸਮੇਂ ਵਿਚ ਸਿੱਖ ਇਕੱਠੇ ਗੁਰਮਤਾ ਕਰਦੇ ਸਨ ਅਤੇ ਗੁਰਮਤੇ ਦੇ ਪਾਸ ਹੋ ਜਾਣ ਤੋਂ ਪਿਛੋਂ ਉਸਦੀ ਪਾਲਣਾ ਦੇ ਵੀ ਪਾਬੰਦ ਹੁੰਦੇ ਸਨ। ਸਿੱਖ-ਪੰਥ ਵਿਚ ਆ ਰਹੀਆਂ ਗਿਰਾਵਟਾਂ ਨੂੰ ਦੂਰ ਕਰਨ ਲਈ ਸਿੱਖਾਂ ਵਿਚ ਸਮਾਜ ਸੁਧਾਰ ਲਹਿਰ ਦੀ ਲੋੜ ਹੈ। ਇਹ ਸਭ ਕੁਝ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਸਿੱਖ ਇਕ ਦੂਜੇ ਦੀ ਮੱਦਦ ਕਰਨ ਨੂੰ ਆਪਣਾ ਧਰਮ ਸਮਝਣਗੇ। ਇਹ ਤੱਥ ਹੈ ਕਿ ਅੱਜ ਵੀ ਸਾਰੇ ਸਿੱਖ ਸ੍ਰੀ ਗੁਰੂ ਗੰ੍ਰਥ ਸਾਹਿਬ ਅੱਗੇ ਸ਼ਰਧਾ ਨਾਲ ਸਿਰ ਝੁਕਾਉਂਦੇ ਹਨ ਪਰ ਜ਼ਿੰਦਗੀ ਦੇ ਮਸਲਿਆਂ ਵਿਚ ਇਕ ਦੂਸਰੇ ਦੇ ਦੁਸ਼ਮਣ ਬਣਨ ਵਿਚ ਵੀ ਇਹ ਕੋਈ ਮੌਕਾ ਨਹੀਂ ਛੱਡਦੇ। ਸਿੱਖ-ਪੰਥ ਵਿਚ ਪੈ ਚੁੱਕੀਆਂ ਵੰਡੀਆਂ ਨੂੰ ਖਤਮ ਕਰਨ ਲਈ ਗੁਰੂ-ਪੰਥ ਨੂੰ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਅਗਵਾਈ ਹੇਠ ਇਕਜੁੱਟ ਹੋਣਾ ਪਵੇਗਾ। ਸਿੱਖ ਜੇਕਰ ਇਹ ਪ੍ਰਣ ਕਰ ਲੈਣ ਕਿ ਉਹ ਗੁਰੂ ਦੇ ਪੁੱਤਰ ਹਨ ਅਤੇ ਆਪਣੇ ਮਸਲੇ ਗੁਰੂ ਦੀ ਹਾਜ਼ਰੀ ਵਿਚ ਮਿਲ ਬੈਠ ਕੇ ਨਜਿਠਣਗੇ ਤਾਂ ਇਹਨਾਂ ਦੀਆਂ ਆਪਸੀ ਲੜਾਈਆਂ ਵਿਚ ਕਮੀ ਆ ਸਕਦੀ ਹੈ ਅਤੇ ਸਿੱਖਾਂ ਦੀ ਤਾਕਤ ਵਿਚ ਵਾਧਾ ਹੋ ਸਕਦਾ ਹੈ। ਅਜਿਹੀ ਤਾਕਤ ਜਿਸਦੇ ਡਰ ਅਧੀਨ ਸਿੱਖ ਕੇਸ ਕਟਵਾ ਰਹੇ ਹਨ ਉਸਤੋਂ ਇਕੋ ਇਕ ਬਚਾਅ ਸਿੱਖਾਂ ਦਾ ਸੱਚਾ ਅਤੇ ਸੁੱਚਾ ਆਚਰਣ ਹੋ ਸਕਦਾ ਹੈ ਅਤੇ ਇਸ ਨਾਲ ਇਹਨਾਂ ਦੀ ਆਪਸੀ ਏਕਤਾ ਅਤੇ ਸਾਂਝ ਵੀ ਮਜਬੂਤ ਹੋ ਸਕਦੀ ਹੈ। ਸਿੱਖਾਂ ਦੀ ਇਹ ਬਦਨਸੀਬੀ ਕਹੀ ਜਾ ਸਕਦੀ ਹੈ ਕਿ ਇਕ ਪਾਸੇ ਵੱਲ ਯਤਨ ਘੱਟ ਹੋ ਰਹੇ ਹਨ ਕਿਉਂਕਿ ਆਧੁਨਿਕ ਰਾਜਨੀਤੀ ਦੇ ਪ੍ਰਭਾਵ ਅਧੀਨ ਸਿੱਖ ਸਮਾਜ ਵਿਚ ਵੰਡੀਆਂ ਪੀਡੀਆਂ ਪੈ ਗਈਆਂ ਹਨ। ਪੰਜਾਬ ਵਿਚ ਵੱਖ-ਵੱਖ ਅਦਾਰਿਆਂ ਦੀਆਂ ਵੋਟਾਂ ਇਥੇ ਲੋਕਤੰਤਰ ਦੀ ਥਾਂ ‘ਤੇ ਲੋਕਾਂ ਨੂੰ ਆਪਸ ਵਿਚ ਲੜਾਉਣ ਦਾ ਸਾਧਨ ਬਣ ਰਹੀਆਂ ਹਨ। ਵੋਟਾਂ ਅਤੇ ਨੋਟਾਂ ਦੀ ਰਾਜਨੀਤੀ ਦੀ ਥਾਂ ‘ਤੇ ਸਿੱਖ ਰਾਜਨੀਤੀ ਦੇ ਅਸੂਲਾਂ ਨੂੰ ਵਿਕਸਤ ਕਰਨ ਨਾਲ ਸਿੱਖ ਆਪਣੀ ਤਾਕਤ ਕਾਇਮ ਰੱਖ ਸਕਦੇ ਹਨ।
ਸਿੱਖ ਮਰਯਾਦਾ ਨੂੰ ਜਦੋਂ ਸਿੱਖਾਂ ਨੇ ਆਪਣੀ ਜ਼ੁੰਮੇਵਾਰੀ ਨਾਲ ਜੀਵਨ ਵਿਚ ਲਾਗੂ ਕਰ ਲਿਆ ਤਾਂ ਦੂਸਰੇ ਲੋਕਾਂ ਦੀਆਂ ਸਿੱਖਾਂ ੳੱੁਤੇ ਉੱਠਣ ਵਾਲੀਆਂ ਉਂਗਲਾਂ ਆਪਣੇ ਆਪ ਬੰਦ ਹੋ ਜਾਣਗੀਆਂ। ਸਿੱਖਾਂ ਦੇ ਜੀਵਨ ਵਿਚੋਂ ਸਿੱਖੀ ਦੀ ਸੁੱਚੀ ਰੂਹ ਦੇ ਦੀਦਾਰ ਹੋਣ ਨਾਲ ਦੂਸਰੇ ਲੋਕਾਂ ਦਾ ਵੀ ਸਿੱਖੀ ਵਿਚ ਵਿਸ਼ਵਾਸ਼ ਅਤੇ ਯਕੀਨ ਬਣੇਗਾ ਅਤੇ ਆਪਣੇ ਆਪ ਹੀ ਸਿੱਖ-ਪੰਥ ਮਜਬੂਤ ਹੋ ਜਾਵੇਗਾ। ਅੱਜ ਜਿਹੜੇ ਲੋਕ ਸਿੱਖੀ ਤੋਂ ਦੂਰ ਜਾ ਰਹੇ ਹਨ ਉਹ ਆਪਣੇ ਆਪ ਹੀ ਵਾਪਸ ਪਰਤਣਗੇ। ਸਿੱਖੀ ਰਾਹ ਤੋਂ ਭਟਕ ਰਹੇ ਲੋਕਾਂ ਨੂੰ ਅਪੀਲਾਂ ਜਾਂ ਦਲੀਲਾਂ ਨਾਲ ਵਾਪਸ ਮੋੜਨਾ ਔਖਾ ਹੈ ਪਰ ਇਹ ਕਾਰਜ ਗੁਰੂ ਅਮਲ ਨਾਲ ਸੌਖਾ ਵੀ ਹੋ ਸਕਦਾ ਹੈ। ਸਿੱਖੀ ਦੀ ਸਥਾਪਤੀ ਵਿਚ ਗੁਰੂ ਸਾਹਿਬਾਨ ਨੇ ਧਾਰਮਕ ਜੀਵਨ ਦੇ ਨਾਲ ਆਚਰਨ ਦੀ ਉਸਾਰੀ ਲਈ ਅਮਲਾਂ ਵਿਚ ਸਿੱਖੀ ਲਾਗੂ ਕਰਕੇ ਵਿਖਾਈ ਹੈ। ਗੁਰੂ ਸਾਹਿਬਾਨ ਨੇ ਜੋ ਕਿਹਾ ਉਹ ਆਪਣੇ ਜੀਵਨ ਅਮਲ ਵਿਚ ਲਾਗੂ ਕਰਕੇ ਵਿਖਾਇਆ ਹੈ। ਸਿੱਖਾਂ ਪ੍ਰਚਾਰਕਾਂ ਨੂੰ ਇਹ ਗੱਲ ਸਮਝਣ ਦੀ ਲੋੜ ਹੈ ਕਿ ਸੱਚੇ ਅਤੇ ਸੁੱਚੇ ਸਿੱਖਾਂ ਵਿਚੋਂ ਗੁਰੂ ਦੀ ਰੂਹ ਦੇ ਦੀਦਾਰ ਹੁੰਦੇ ਹਨ।

ਸਿੱਖ ਸਭਿਆਚਾਰ ਵਿਚੋਂ ਕੇਸਾਂ ਦੀ ਅਹਿਮੀਅਤ ਨੂੰ ਘਟਾਉਣ ਲਈ ਕੁਝ ਲੋਕ ਦਲੀਲ ਦਿੰਦੇ ਹਨ ਕਿ ਸਮਾਜ ਵਿਚ ਸਾਰੇ ਲੋਕ ਧਾਰਮਕ ਨਹੀਂ ਹੁੰਦੇ ਸਮਾਜ ਦਾ ਕੁਝ ਹਿੱਸਾ ਖਾਸ ਕਰਕੇ ਪੁਜਾਰੀ ਵਰਗ ਹੀ ਧਰਮ ਵਿਚ ਪਰਪੱਕ ਹੁੰਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਆਮ ਲੋਕ ਭਾਵੇਂ ਧਰਮ ਨੂੰ ਮੰਨਦੇ ਹੁੰਦੇ ਹਨ ਪਰ ਉਨ੍ਹਾਂ ਦੀ ਰਹਿਤ ਧਾਰਮਕ ਨਹੀਂ ਹੁੰਦੀ। ਇਸ ਕਰਕੇ ਕੇਸ ਸਮੁੱਚੇ ਸਿੱਖਾਂ ਲਈ ਲਾਜ਼ਮੀ ਨਹੀਂ ਹੋਣੇ ਚਾਹੀਦੇ ਕਿਉਂਕਿ ਇਹ ਧਾਰਮਕ ਸਿੱਖਾਂ, ਖਾਸ ਕਰਕੇ ਖ਼ਾਲਸੇ ਦੀ ਰਹਿਤ ਲਈ ਲਾਜ਼ਮੀ ਹੋ ਸਕਦੇ ਹਨ। ਉਹਨਾਂ ਦੀ ਇਹ ਦਲੀਲ ਸਿੱਖ ਧਰਮ ’ਤੇ ਲਾਗੂ ਨਹੀਂ ਹੋ ਸਕਦੀ ਕਿਉਂਕਿ ਗੁਰੂ ਸਾਹਿਬ ਨੇ ਸਿੱਖਾਂ ਵਿਚ ਪੁਜਾਰੀ ਜਮਾਤ ਪੈਦਾ ਹੀ ਨਹੀਂ ਕੀਤੀ ਅਤੇ ਉਹਨਾਂ ਨੇ ਸਿੱਖੀ ਨੂੰ ਆਮ ਲੋਕਾਂ ਦਾ ਧਰਮ ਬਣਾਇਆ ਹੈ ਅਤੇ ਹਰ ਸਿੱਖ ਦਾ ਸਿੱਧਾ ਸਬੰਧ ਗੁਰੂ ਨਾਲ ਜੁੜਿਆ ਹੋਇਆ ਹੈ। ਕੁਝ ਇਤਿਹਾਸਕਾਰ ਸਿੱਖ-ਪੰਥ ਨੂੰ ਸਿੱਖ ਅਤੇ ਖ਼ਾਲਸੇ ਵਿਚ ਵੰਡ ਕੇ ਵੇਖਦੇ ਹਨ ਜੋ ਸਹੀ ਨਹੀਂ ਹੈ। ਗੁਰਸਿੱਖੀ ਜੀਵਨ ਵਿਚ ਆਮ ਵਿਅਕਤੀ ਧਾਰਮਕ ਕਾਰਜ ਕਰ ਸਕਦਾ ਹੈ ਬਸ਼ਰਤੇ ਕਿ ਉਹ ਸਿੱਖ ਰਹਿਤ ਦਾ ਧਾਰਨੀ ਹੋਵੇ। ਸਿੱਖ-ਪੰਥ ਵਿਚ ਪਵਿੱਤਰ ਅਤੇ ਅਪਵਿੱਤਰ, ਗੁਰੂ ਅਤੇ ਚੇਲੇ, ਪੁਜਾਰੀ ਅਤੇ ਪਰਜਾ, ਮੀਰੀ ਅਤੇ ਪੀਰੀ, ਭਗਤੀ ਅਤੇ ਸ਼ਕਤੀ, ਸੰਤ ਅਤੇ ਸਿਪਾਹੀ, ਸਿੱਖ ਅਤੇ ਸਿੱਖੀ ਆਦਿ ਵਿਚ ਵੰਡ ਨਹੀਂ ਹੈ। ਸਿਧਾਂਤਕ ਪੱਧਰ ‘ਤੇ ਸਿੱਖਾਂ ਦਾ ਰੱਬ ਸਭ ਲਈ ਇਕੋ ਹੈ ਅਤੇ ਅਕਾਲ ਪੁਰਖ ਪ੍ਰਤੀ ਵਿਸ਼ਵਾਸ ਵਿਚ ਵੀ ਕਿਸੇ ਕਿਸਮ ਦੀ ਵੰਡ ਨਹੀਂ ਹੈ। ਸਿੱਖਾਂ ਦੇ ਸਮਾਜਕ ਅਤੇ ਧਾਰਮਕ ਜੀਵਨ ਵਿਚ ਉਸ ਕਿਸਮ ਦਾ ਨਿਖੇੜਾ ਨਹੀਂ ਹੈ ਜਿਸ ਕਿਸਮ ਦਾ ਨਿਖੇੜਾ ਦੂਸਰੇ ਧਰਮਾਂ ਵਿਚ ਵੇਖਣ ਨੂੰ ਮਿਲਦਾ ਹੈ।

ਕੇਸਾਂ ਨੂੰ ਸਿੱਖ ਰਹਿਤ ਦਾ ਜ਼ਰੂਰੀ ਅੰਗ ਬਣਾਉਣ ਤੋਂ ਪਹਿਲਾਂ ਗੁਰੂ ਸਾਹਿਬਾਨ ਨੇ ਸਿੱਖੀ ਜੀਵਨ ਦੀ ਜਾਚ ਸਿਖਾਈ ਸੀ। ਗੁਰੂ ਸਾਹਿਬਾਨ ਆਪ ਕੇਸਧਾਰੀ ਸਨ ਅਤੇ ਗੁਰਬਾਣੀ ਵਿਚ ਵੀ ਕੇਸਾਂ ਬਾਰੇ ਮਿਲਦੇ ਹਵਾਲਿਆਂ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਸਿੱਖਾਂ ਵਿਚ ਕੇਸ ਰੱਖਣ ਦੀ ਪਰੰਪਰਾ ਖ਼ਾਲਸੇ ਦੀ ਸਿਰਜਨਾਂ ਤੋਂ ਪਹਿਲਾਂ ਪ੍ਰਚਲਤ ਸੀ। ਕੇਸ ਸਿਰਫ ਸਿੱਖਾਂ ਦੀ ਬਾਹਰੀ ਪਛਾਣ ਦਾ ਹੀ ਚਿੰਨ੍ਹ ਨਹੀਂ ਹਨ ਸਗੋਂ ਸਿੱਖ ਜੀਵਨ ਦਾ ਹਿੱਸਾ ਹਨ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਸਿੱਖ ਪਛਾਣ ਲਈ ਸਿੱਖੀ ਸਰੂਪ ਮਹੱਤਵਪੂਰਨ ਹੈ ਪਰ ਸਿੱਖੀ ਤੱਤ ਤੋਂ ਸੱਖਣਾ ਸਰੂਪ ਬੇਕਾਰ ਹੈ। ਸਿੱਖੀ ਸਰੂਪ ਨੂੰ ਸਾਬਤ ਰੱਖਣ ਦੇ ਨਾਲ-ਨਾਲ ਇਸਦੇ ਅਸੂਲਾਂ ਦੀ ਪਾਲਣਾ ਕਰਨੀ ਵੀ ਲਾਜ਼ਮੀ ਹੈ।

ਸਿੱਖ ਧਰਮ ਵਿਚ ਸਭ ਤੋਂ ਵੱਧ ਮਹੱਤਵਪੂਰਨ ਸਿੱਖੀ ਅਸੂਲ ਹਨ ਜਿਨ੍ਹਾਂ ਦੀ ਪਾਲਣਾ ਕਰਨ ਲਈ ਸਿੱਖ ਪਾਬੰਦ ਹਨ ਪਰ ਇਹ ਪਾਬੰਦੀ ਕਿਸੇ ਵੀ ਵਿਅਕਤੀ ‘ਤੇ ਜਬਰਦਸਤੀ ਠੋਸੀ ਨਹੀਂ ਜਾਂਦੀ ਬਲਕਿ ਇਹ ਸਵੈ-ਇੱਛਤ ਹੈ। ਸਿੱਖੀ ਸਿਧਾਂਤਾਂ ਵਿਚ ਅਜ਼ਾਦ ਖਿਆਲਾਂ ਅਤੇ ਬਹੁ-ਰੂਪਤਾ ਨੂੰ ਦਿੱਤੀ ਗਈ ਅਹਿਮੀਅਤ ਦਾ ਕੁਝ ਲੋਕ ਨਿਜੀ ਫਾਇਦਾ ਲੈਣ ਦੀ ਕੋਸ਼ਿਸ਼ ਕਰਦੇ ਹਨ। ਸਿੱਖ ਧਰਮ ਵਿਚ ਕਿਸੇ ਤਰ੍ਹਾਂ ਦੀ ਕੱਟੜਤਾ ਨਾ ਹੋਣ ਕਰਕੇ ਸਿੱਖਾਂ ਦਾ ਇਹ ਵਰਗ ਕੇਸ ਨਾ ਰੱਖ ਕੇ ਵੀ ਆਪਣੇ ਆਪ ਨੂੰ ਸਿੱਖ ਅਖਵਾਉਂਦਾ ਹੈ। ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਅਜਿਹੇ ਅਨੇਕਾਂ ਨੌਜਵਾਨ ਵੇਖਣ ਨੂੰ ਮਿਲਦੇ ਹਨ ਜਿਨ੍ਹਾਂ ਨੇ ਭਾਵੇਂ ਕੇਸ ਕੱਟੇ ਹੁੰਦੇ ਹਨ ਪਰ ਆਪਣੀਆਂ ਕਾਰਾਂ, ਸਕੂਟਰਾਂ, ਮੋਟਰਸਾਇਕਲਾਂ ਉੱਤੇ ਖ਼ਾਲਸੇ ਦੇ ਨਿਸ਼ਾਨ ਲਗਾਏ ਹੁੰਦੇ ਹਨ। ਇਸ ਤੋਂ ਇਲਾਵਾ ਹੱਥਾਂ ਵਿਚ ਕੜੇ ਅਤੇ ਗਲਾਂ ਵਿਚ ਖ਼ਾਲਸੇ ਚਿੰਨ੍ਹ ਜਾਂ ਖੰਡੇ ਪਾਏ ਹੁੰਦੇ ਹਨ। ਸਿੱਖੀ ਦੇ ਰਾਹ ਤੋਂ ਭਟਕੇ ਵਿਖਾਈ ਦੇ ਰਹੇ ਨੌਜਵਾਨਾਂ ਦੇ ਜੀਵਨ ਦੇ ਕਿਸੇ ਨਾ ਕਿਸੇ ਕੋਨੇ ਵਿਚ ਵੀ ਧਾਰਮਕ ਵਿਸ਼ਵਾਸ ਹੈ। ਇਹ ਵੇਖਿਆ ਗਿਆ ਹੈ ਕਿ ਸਿੱਖਾਂ ਨੇ ਭਾਵੇਂ ਕੇਸ ਕਟਾਉਣੇ ਸ਼ੁਰੂ ਕਰ ਦਿੱਤੇ ਹਨ ਪਰ ਫਿਰ ਵੀ ਇਹਨਾਂ ਵਿਚੋਂ ਬਹੁਤੇ ਕੜਾ ਜ਼ਰੂਰ ਪਹਿਨਦੇ ਹਨ। ਅਜਿਹੇ ਨੌਜਵਾਨਾਂ ਨੂੰ ਸਿੱਖ ਰਹਿਤ ਦੇ ਧਾਰਨੀ ਬਣਾਉਣ ਲਈ ਸਿੱਖ ਫੈਸ਼ਨ ਨੂੰ ਪ੍ਰਫੁਲਤ ਕਰਨ ਦੀ ਜ਼ਰੂਰਤ ਹੈ।

ਸਿੱਖ ਖੇਡਾਂ, ਸੰਗੀਤ ਅਤੇ ਸਭਿਆਚਾਰਕ ਪਰੰਪਰਾਵਾਂ ਵੱਲ ਉਚੇਰਾ ਧਿਆਨ ਦੇਣ ਦੀ ਲੋੜ ਹੈ। ਇਸ ਪਾਸੇ ਵੱਲ ਵਿਦੇਸ਼ਾਂ ਵਿਚ ਰਹਿੰਦੇ ਸਿੱਖ ਆਪੋ ਆਪਣੇ ਪੱਧਰ ’ਤੇ ਕੋਸ਼ਿਸ਼ਾਂ ਕਰ ਰਹੇ ਹਨ। ਸਿੱਖ ਰਹਿਤ ਵਿਚ ਕੇਸਾਂ ਦੀ ਅਹਿਮੀਅਤ ਨੂੰ ਸਿੱਖੀ ਦੇ ਪ੍ਰਸੰਗ ਵਿਚ ਹੀ ਸਹੀ ਤਰੀਕੇ ਨਾਲ ਸਮਝਿਆ ਜਾ ਸਕਦਾ ਹੈ। ਇਸਦੀ ਵਜ੍ਹਾ ਸਿੱਖਾਂ ਦੀ ਆਪਣੀ ਵਿਲੱਖਣਤਾ ਹੈ। ਸਿੱਖ ਧਾਰਮਕ ਸਮੂਹ ਦੇ ਨਾਲ-ਨਾਲ ਸਮਾਜਕ ਭਾਈਚਾਰਾ ਵੀ ਹਨ ਪਰ ਇਹਨਾਂ ਦਾ ਧਾਰਮਕ ਅਤੇ ਸਮਾਜਕ-ਜੀਵਨ ਅਲੱਗ-ਅਲੱਗ ਨਹੀਂ ਹਨ। ਕੇਸ ਸਿੱਖਾਂ ਦੀ ਧਾਰਮਕ ਪਛਾਣ ਦੇ ਨਾਲ-ਨਾਲ ਸਿੱਖ ਸਭਿਆਚਾਰ ਦਾ ਵੀ ਅਨਿੱਖੜ ਅੰਗ ਹਨ। ਸਿੱਖਾਂ ਵਿਚ ਕੇਸ ਕਟਵਾਉਣ ਦੀ ਸਮੱਸਿਆ, ਸਿੱਖ ਸਭਿਆਚਾਰ ਵਿਚ ਆ ਰਹੇ ਵਿਗਾੜਾਂ ਅਤੇ ਸਿੱਖਾਂ ਦੀਆਂ ਅਜੋਕੇ ਸਮੇਂ ਦੀਆਂ ਆਰਥਕ, ਰਾਜਨੀਤਕ ਅਤੇ ਸਮਾਜਕ ਸਮੱਸਿਆਵਾਂ ਨਾਲ ਜੁੜੀ ਹੋਈ ਹੈ। ਸਿੱਖ ਸਭਿਆਚਾਰ ਉੱਤੇ ਜਦੋਂ ਵੀ ਹਮਲਾ ਹੋਇਆ ਹੈ ਤਾਂ ਸਭ ਤੋਂ ਪਹਿਲਾਂ ਸਿੱਖਾਂ ਦੇ ਕੇਸਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਜਬਰਦਸਤੀ ਸਿੱਖਾਂ ਦੇ ਕੇਸ ਕੱਟੇ ਜਾਂਦੇ ਰਹੇ ਹਨ ਜਾਂ ਇਹਨਾਂ ਨੂੰ ਕੇਸ ਕਟਵਾਉਣ ਲਈ ਮਜਬੂਰ ਕੀਤਾ ਗਿਆ ਹੈ। ਦੂਸਰੇ ਪਾਸੇ ਸਿੱਖਾਂ ਨੇ ਕੇਸਾਂ ਨੂੰ ਆਪਣੀ ਜਾਨ ਨਾਲੋਂ ਵੀ ਕੀਮਤੀ ਸਮਝਿਆ ਹੈ। ਕੇਸਾਂ ’ਤੇ ਹੁੰਦੇ ਜ਼ਾਹਰਾ ਹਮਲਿਆਂ ਦਾ ਤਾਂ ਸਿੱਖਾਂ ਨੇ ਸਿਦਕਦਿਲੀ ਨਾਲ ਟਾਕਰਾ ਕਰ ਲਿਆ ਹੈ ਪਰ ਹੁਣ ਸਿੱਖ ਪਛਾਣ ਨੂੰ ਖਤਮ ਕਰਨ ਲਈ ਹੋ ਰਹੇ ਗੁੱਝੇ ਹਮਲਿਆਂ ਤੋਂ ਬਹੁਤੇ ਸਿੱਖ ਖਬਰਦਾਰ ਨਹੀਂ ਹਨ।

ਸਿੱਖੀ ਨੂੰ ਅਜੋਕੇ ਜੀਵਨ ਵਿਚ ਕਿਵੇਂ ਲਾਗੂ ਕੀਤਾ ਜਾਵੇ? ਇਸ ਲਈ ਸਿੱਖਾਂ ਸਾਹਮਣੇ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਆ ਰਹੀਆਂ ਹਨ। ਅੱਜ ਸਿੱਖ ਪੰਜਾਬ ਤੱਕ ਹੀ ਸੀਮਤ ਨਹੀਂ ਹਨ ਸਗੋਂ ਇਹ ਦੁਨੀਆਂ ਦੇ ਹਰ ਕੋਨੇ ਵਿਚ ਫੈਲ ਚੁੱਕੇ ਹਨ ਜਿਸ ਕਰਕੇ ਵਿਿਭੰਨ ਸਭਿਆਚਾਰਾਂ ਦਾ ਸਿੱਖਾਂ ਉੱਤੇ ਅਸਰ ਹੋ ਰਿਹਾ ਹੈ। ਦੁਨੀਆਂ ਦੇ ਵੱਖ-ਵੱਖ ਸਮਾਜਕ ਅਤੇ ਰਾਜਨੀਤਕ ਪ੍ਰਬੰਧਾਂ ਵਿਚ ਸਿੱਖਾਂ ਦੀ ਸ਼ਮੂਲੀਅਤ ਨੇ ਸਿੱਖ ਸੰਕਟ ਨੂੰ ਬਹੁ-ਪਰਤੀ ਬਣਾ ਦਿੱਤਾ ਹੈ। ਇਹ ਸੰਕਟ ਗਲੋਬਲ ਵੀ ਹੈ ਅਤੇ ਲੋਕਲ ਵੀ ਹੈ, ਇਹ ਸਮੂਹਿਕ ਵੀ ਅਤੇ ਵਿਅਕਤੀਗਤ ਵੀ ਹੈ, ਇਹ ਅਧਿਆਤਮਕ ਵੀ ਹੈ ਅਤੇ ਸਮਾਜਕ ਵੀ ਹੈ। ਕੌਮੀ ਧਾਰਮਕ ਭਾਈਚਾਰਿਆਂ ਦੇ ਜੀਵਨ ਵਿਚ ਸੰਕਟ ਆਉਂਦੇ ਰਹਿੰਦੇ ਹਨ ਜਿੰਦਾਦਿਲ ਕੌਮਾਂ ਸੰਕਟ ਵਿਚੋਂ ਨਿਕਲਣ ਲਈ ਨਿਰੰਤਰ ਕੋਸ਼ਿਸ਼ਾਂ ਕਰਦੀਆਂ ਰਹਿੰਦੀਆਂ ਹਨ। ਸਿੱਖਾਂ ਵਿਚ ਆ ਰਹੇ ਬਦਲਾਅ ਇਸ ਕਰਕੇ ਖਤਰਨਾਕ ਹਨ ਕਿਉਂਕਿ ਇਹ ਸਿੱਖ ਸਮਾਜ ਦੇ ਸੁਭਾਅ ਅਤੇ ਲੋੜਾਂ ਦੀ ਉਪਜ ਨਹੀਂ ਹਨ ਬਲਕਿ ਇਹਨਾਂ ਨੂੰ ਕਿਸੇ ਨਾ ਕਿਸੇ ਰੂਪ ਵਿਚ ਸਿੱਖਾਂ ਉੱਤੇ ਠੋਸਿਆ ਗਿਆ ਹੈ। ਸਿੱਖ ਸਭਿਆਚਾਰ ਵਿਚ ਆ ਰਹੇ ਦਿਸ਼ਾਹੀਣ ਬਦਲਾਅ ਦਾ ਨਤੀਜਾ ਹੈ ਕਿ ਸਿੱਖਾਂ ਵਿਚ ਕੇਸ ਕਟਵਾਉਣ ਦਾ ਰੁਝਾਨ ਚੱਲ ਰਿਹਾ ਹੈ। ਇਸ ਰੁਝਾਨ ਨੂੰ ਠੱਲ੍ਹ ਪਾਉਣ ਲਈ ਸਿੱਖ ਸਭਿਆਚਾਰ ਵਿਚ ਆ ਰਹੇ ਬਦਲਾਅ ਨੂੰ ਸਿੱਖ ਦਿਸ਼ਾ ਦੇਣੀ ਪੈਣੀ ਹੈ।

ਸਿੱਖਾਂ ਵਿਚ ਕੇਸ ਕਟਾਉਣ ਦੇ ਰੁਝਾਨ ਦਾ ਪ੍ਰਮੁੱਖ ਕਾਰਨ ਇਹਨਾਂ ‘ਤੇ ਸਿੱਖ ਹੋਣ ਦੇ ਮਾਣ ਦੀ ਭਾਵਨਾ ਦੀ ਘਾਟ ਹੈ ਜੋ ਹਾਰ ਦੀ ਨਮੋਸ਼ੀ ਵਿਚ ਪੈਦਾ ਹੋ ਰਹੀ ਹੈ। ਅਜੋਕੇ ਸਮੇਂ ਵਿਚ ਸਿੱਖਾਂ ਨੂੰ ਇਸ ਨਮੋਸ਼ੀ ਵਿਚੋਂ ਕੱਢਣ ਲਈ ਇਹ ਅਹਿਸਾਸ ਕਰਵਾਉਣ ਦੀ ਲੋੜ ਹੈ ਕਿ ਸਿੱਖ ਕਦੇ ਹਾਰਦੇ ਨਹੀਂ ਸਗੋਂ ਇਹ ਹਮੇਸ਼ਾਂ ਚੜ੍ਹਦੀ ਕਲਾ ਵਿਚ ਰਹਿੰਦੇ ਹਨ। ਗੁਰੂ ਨਾਨਕ ਸਾਹਿਬ ਦੇ ਨਾਮ ਦੀ ਚੜ੍ਹਦੀ ਕਲਾ ਦੇ ਸੰਦੇਸ਼ ਅਤੇ ਉਸਦੇ ਭਾਣੇ ਵਿਚ ਸਰਬੱਤ ਦੇ ਭਲੇ ਦੇ ਜੀਵਨ ਉਦੇਸ਼ ਮੁਤਾਬਕ ਅਜੋਕੇ ਸਿੱਖਾਂ ਦੀ ਸੋਚ ਨੂੰ ਬਦਲਣ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ। ਸਿੱਖਾਂ ਖਾਸ ਕਰਕੇ ਨੌਜਵਾਨਾਂ ਨੂੰ ਇਹ ਅਹਿਸਾਸ ਕਰਵਾਇਆ ਜਾਣਾ ਚਾਹੀਦਾ ਹੈ ਕਿ ਸਿੱਖਾਂ ਕੋਲ ਦੁਨੀਆਂ ਦੀਆਂ ਰੂਹਾਨੀ ਅਤੇ ਸਮਾਜਕ ਲੋੜਾਂ ਨੂੰ ਪੂਰਾ ਕਰਨ ਲਈ ਅਗਾਂਹਵਧੂ ਜੀਵਨ ਫਲਸਫਾ ਹੈ। ਸ੍ਰੀ ਗੁਰੂ ਗੰ੍ਰਥ ਸਾਹਿਬ ਦਾ ਸਰਵ-ਸਾਂਝਾ ਸੰਦੇਸ਼ ਮਨੁੱਖ ਦੀ ਮੁਕਤੀ ਵਿਚ ਅਹਿਮ ਯੋਗਦਾਨ ਪਾ ਸਕਦਾ ਹੈ। ਗੁਰੂ ਨਾਨਕ ਸਾਹਿਬ ਵਲੋਂ ਬਖਸ਼ਿਸ਼ ਨਾਮ ਦੀ ਖੁਮਾਰੀ ਦੇ ਅਸਰ ਨਾਲ ਪਤਿੱਤਪੁਣੇ ਨੂੰ ਰੋਕਿਆ ਜਾ ਸਕਦਾ ਹੈ ਅਤੇ ਸਿੱਖਾਂ ਦੀ ਨਿਆਰੀ ਹਸਤੀ ਕਾਇਮ ਰਹਿ ਸਕਦੀ ਹੈ। ਸਿੱਖ ਚੇਤਨਾਂ ਵਿਚੋਂ ਪੈਦਾ ਹੋਇਆ ਨਾਅਰਾ ‘ਸਿੰਘ ਇਜ ਕਿੰਗ’ ਸਿਰਫ ਨਾਅਰਾ ਹੀ ਨਹੀਂ ਹੈ ਸਗੋਂ ਇਹ ਸਿੱਖ ਜੀਵਨ ਦਾ ਮਾਡਲ ਹੈ ਜਿਸ ਵਿਚ ਗੁਰੂ ਨੇ ਹਰ ਸਿੱਖ ਨੂੰ ਬਰਾਬਰ ਸੱਤਾ ਅਤੇ ਜ਼ੰੁਮੇਵਾਰੀ ਦਾ ਮਾਲਕ ਬਣਾਇਆ ਹੈ। ਅਜੋਕੇ ਸਮੇਂ ਦੇ ਸਿੱਖਾਂ ਨੂੰ ਆਪਣੀ ਤਾਕਤ ਤੇ ਜ਼ੁੰਮੇਵਾਰੀ ਦੀ ਪਛਾਣ ਕਰਨੀ ਚਾਹੀਦੀ ਹੈ।

ਸਿੱਖ ਸਰੂਪ ਦੁਨੀਆਂ ਲਈ ਵੀ ਫੈਸ਼ਨ ਬਣ ਸਕਦਾ ਹੈ ਜੇਕਰ ਸਿੱਖ ਸਿਧਾਂਤਾਂ ਮੁਤਾਬਕ ਸੱਚਾ ਅਤੇ ਸੁੱਚਾ ਜੀਵਨ ਬਤੀਤ ਕਰਕੇ ਸਿੱਖ ਆਪਣੀ ਮਿਸਾਲ ਆਪ ਬਣਨ ਦੀ ਕੋਸ਼ਿਸ਼ ਕਰਨ। ਇਸ ਲਈ “ਗੁਰੂ ਸਾਹਿਬਾਂ ਦੇ ਹਿਰਦੇ ਦੇ ਰਹੱਸਮਈ ਪ੍ਰਗਟਾਵੇ ਦੇ ਇਕ ਰੂਪ ਵਜੋਂ, ਸਾਨੂੰ ਸੰਸਾਰ ਵਿਚ ਫਿਰਨਾ ਪਵੇਗਾ ਅਤੇ ਗੁਰੂ ਦੀ ਸੁਗੰਧੀ ਆਪਣੇ ਜੂੜੇ ਅਤੇ ਖੁੱਲ੍ਹੀ ਲਹਿਰਾਂਦੀ ਦਾੜ੍ਹੀ ਨਾਲ ਖਲੇਰਨੀ ਪਵੇਗੀ। ਸਾਡੇ ਰੂਪ ਨੂੰ ਨਿਸ਼ਾਨਾਂ ਦਾ ਨਾਂ ਨਹੀਂ ਦਿੱਤਾ ਜਾ ਸਕਦਾ। ਪਰ ਵਧੇਰੇ ਮਹੱਤਤਾ ਵਾਲੀ ਗੱਲ ਸਿੱਖ ਰੂਹ ਦਾ ਉਹਨਾਂ ਦੇ ਮਾਧਿਅਮ ਰਾਹੀਂ ਪ੍ਰਗਟਾਵਾ ਹੈ ਜੇ ਉਹ ਪ੍ਰਗਟਾਵਾ ਨਹੀਂ ਹੋ ਰਿਹਾ ਤਾਂ ਇਹ ਜੀਵਨ ਅਤੇ ਸਰੀਰ ਭਾਵੇਂ ਸਿਰ ਕੱਜਿਆ ਹੋਵੇ ਜਾਂ ਦਾੜ੍ਹੀ ਸਫਾ ਹੋਵੇ, ਵਿਅਰਥ ਵਹਿਮ ਹਨ (ਪ੍ਰੋ. ਪੂਰਨ ਸਿੰਘ: 1981, 104)।” ਇਸ ਕਰਕੇ ਅਗਰ ਸਿੱਖ ਜੀਵਨ ਦੇ ਅਸੂਲਾਂ ਨੂੰ ਲਾਗੂ ਕਰਕੇ ਆਪਣੀ ਕੌਮੀ ਅਤੇ ਸਭਿਆਚਾਰਕ ਸਾਂਝ (ਜੋ ਹੁਣ ਵਿਖਰਦੀ ਜਾ ਰਹੀ ਹੈ) ਨੂੰ ਮਜਬੂਤ ਕਰ ਲੈਣ ਤਾਂ ਸੁਭਾਵਿਕ ਹੀ ਦੁਨੀਆਂ ਦੀਆਂ ਨਜ਼ਰਾਂ ਸਿੱਖਾਂ ’ਤੇ ਹੋਣਗੀਆਂ।
ਆਪਣੀ ਜਨਮ ਭੂਮੀ ਪੰਜਾਬ ਵਿਚ ਰਹਿੰਦੇ ਸਿੱਖਾਂ ਦੇ ਸਾਹਮਣੇ ਪੈਦਾ ਹੋ ਰਿਹਾ ਸੰਕਟ ਵਿਦੇਸ਼ਾਂ ਵਿਚ ਰਹਿੰਦੇ ਸਿੱਖਾਂ ਦੇ ਸੰਕਟ ਨਾਲੋਂ ਵੱਖਰਾ ਵੀ ਹੈ ਅਤੇ ਸਾਂਝਾ ਵੀ ਹੈ ਜਿਸ ਵਿਚੋਂ ਸਿੱਖਾਂ ਵਿਚ ਪਤਿੱਤਪੁਣਾ ਪ੍ਰਫੁਲਤ ਹੋ ਰਿਹਾ ਹੈ। ਇਸ ਨਾਲ ਨਜਿੱਠਣ ਲਈ ਦੋਵਾਂ ਪੱਧਰਾਂ ‘ਤੇ ਨੀਤੀ ਤਿਆਰ ਕਰਨ ਦੀ ਲੋੜ ਹੈ। ਦੁਨੀਆਂ ਭਰ ਵਿਚ ਸਿੱਖ ਪਛਾਣ ਨੂੰ ਬਣਦੀ ਥਾਂ ਬਣਾਉਣ ਲਈ ਸਿੱਖਾਂ ਦਾ ਇਕ ਸਾਂਝਾ ਪਲੇਟਫਾਰਮ ਹੋਣਾ ਚਾਹੀਦਾ ਹੈ ਜਿਸ ਲਈ ਯੋਗ ਅਗਵਾਈ ਦੀ ਲੋੜ ਹੈ। ਸਿੱਖ ਜੀਵਨ ਵਿਚ ਆ ਰਹੀਆਂ ਗਿਰਾਵਟਾਂ ਨੂੰ ਦੂਰ ਕਰਨ ਲਈ ਸਿੱਖ ਰਹਿਤ ਮਰਿਯਾਦਾ ਦੀ ਅਜੋਕੇ ਜੀਵਨ ਵਿਚ ਪ੍ਰਸੰਗਿਕਤਾ ਦਰਸਾਉਣ ਲਈ ਸਾਂਝੇ ਯਤਨ ਸਾਰਥਕ ਹੋ ਸਕਦੇ ਹਨ। ਦੁਨੀਆਂ ਨੂੰ ਸਿੱਖ ਜੀਵਨ ਫਲਸਫੇ ਬਾਰੇ ਜਾਣਕਾਰੀ ਦੇਣ ਦਾ ਹੁਣ ਢੁਕਵਾਂ ਮੌਕਾ ਹੈ। ਇਸ ਮੌਕੇ ਪਿਛਲੀ ਸਦੀ ਦੇ ਵਾਦ ਫੇਲ੍ਹ ਹੋ ਚੁਕੇ ਹਨ। ਹੁਣ ਦੁਨੀਆਂ ਮਨੁੱਖੀ ਅਜ਼ਾਦੀ ਅਤੇ ਮੁਕਤੀ ਦੇ ਨਵੇਂ ਰਸਤਿਆਂ ਦੀ ਤਲਾਸ਼ ਕਰ ਰਹੀ ਹੈ। ਉਸਰ ਰਹੀ ਨਵੀਂ ਵਿਸ਼ਵ ਸਭਿਅਤਾ ਵਿਚ ਸਿੱਖ ਵੀ ਆਪਣਾ ਯੋਗਦਾਨ ਪਾ ਸਕਦੇ ਹਨ। ਇਸ ਲਈ ਦੁਨੀਆਂ ਭਰ ਦੇ ਸਭਿਆਚਾਰਕ ਸਮੂਹਾਂ ਵਿਚ ਸਿੱਖ ਸਭਿਆਚਾਰ ਦੀ ਪਛਾਣ ਬਣਾਉਣ ਲਈ ਅਕਾਦਮਿਕ ਅਤੇ ਅਮਲੀ ਪੱਧਰ ‘ਤੇ ਯਤਨ ਕਰਨੇ ਪੈਣਗੇ। ਸੋ ਇਸ ਕਰਕੇ ਸਿੱਖਾਂ ਲਈ ਜਿਥੇ ਵੱਡੀਆਂ ਚੁਣੌਤੀਆਂ ਹਨ ਉਥੇ ਨਾਲ ਹੀ ਵੱਡੀਆਂ ਸੰਭਾਵਨਾਵਾਂ ਵੀ ਪਈਆਂ ਹਨ। ਇਹ ਸਿੱਖਾਂ ‘ਤੇ ਨਿਰਭਰ ਕਰਦਾ ਹੈ ਕਿ ਇਹ, ਚੁਣੌਤੀਆਂ ਵਿਚ ਘਿਰਦੇ ਹਨ ਜਾਂ ਸੰਭਾਵਨਾਵਾਂ ਦਾ ਲਾਭ ਉਠਾਉਂਦੇ ਹਨ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: