ਲੇਖ » ਸਿੱਖ ਖਬਰਾਂ

ਕਰਤਾਰਪੁਰ ਸਾਹਿਬ ਲਾਂਘੇ ਬਾਰੇ ਇਸ ਵੇਲੇ ਗੱਲ ਅੱਗੇ ਤੁਰਨ ਦੀ ਵਜ੍ਹਾ ਕੀ ਹੈ?

December 4, 2018 | By

ਅੰਮ੍ਰਿਤਸਰ ਸਾਹਿਬ: ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਮਾਮਲੇ ਬੀਤੇ ਕਈ ਦਹਾਕਿਆਂ ਤੋਂ ਚਰਚਾ ਚ ਰਿਹਾ ਹੈ। ਕਈ ਵਾਰ ਕੋਸ਼ਿਸ਼ਾਂ ਹੋਈਆਂ ਪਰ ਗੱਲ ਇਸ ਪੱਧਰ ਤੱਕ ਨਹੀਂ ਸੀ ਪਹੁੰਚ ਸਕੀ ਜਿਥੋਂ ਤੱਕ ਹੁਣ ਕੁਝ ਕੁ ਸਮੇਂ ਵਿੱਚ ਹੀ ਪਹੁੰਚ ਗਈ ਹੈ। (ਇਸ ਬਾਰੇ ਵਿਸਤਾਰ ਸਹਿਤ ਚਰਚਾ “ਕਰਤਾਰਪੁਰ ਸਾਹਿਬ ਦਾ ਲਾਂਘਾ: ਕੀ, ਕਦੋਂ, ਕਿਵੇਂ ਤੇ ਕਿਉਂ?” ਵਿੱਚ ਕੀਤੀ ਗਈ ਹੈ)।

ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ

ਹੁਣ ਵੀ ਜਦੋਂ ਕੁ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਦਿਸਣਯੋਗ ਪੱਧਰ ਦੀ ਗੱਲਬਾਤ ਸ਼ੁਰੂ ਹੋਈ ਤਾਂ ਨਾਲ ਹੀ ਇਸ ਦਾ ਵਿਰੋਧ ਕਰਨ ਵਾਲੀਆਂ ਤਾਕਤਾਂ, ਖਾਸ ਕਰਕੇ ਭਾਰਤੀ ਮੀਡੀਆ, ਏਜੰਸੀਆਂ, ਅਫਸਰਸ਼ਾਹੀ ਦੇ ਕੁਝ ਹਿੱਸੇ ਤੇ ਸਿਆਸਤਦਾਨਾਂ ਦਾ ਇਕ ਹਿੱਸਾ ਸਰਗਰਮ ਹੋ ਗਿਆ ਸੀ ਪਰ ਫਿਰ ਵੀ ਹਾਲ ਦੀ ਘੜੀ ਗੱਲ ਅੱਗੇ ਵਧ ਰਹੀ ਹੈ ਤੇ ਪੂਰਬੀ ਤੇ ਪੱਛਮੀ ਪੰਜਾਬ ਵਿੱਚ ਲਾਂਘੇ ਦੀ ਉਸਾਰੀ ਲਈ ਨੀਂਹ ਪੱਥਰ ਰੱਖੇ ਜਾ ਰਹੇ ਹਨ। ਪਾਕਿਸਤਾਨ ਸਰਕਾਰ ਇਸ ਮਾਮਲੇ ਵਿੱਚ ਵਧੇਰੇ ਹਾਂ-ਪੱਖੀ ਤੇ ਜ਼ਿਕਰਯੋਗ ਰਫਤਾਰ ਨਾਲ ਸਰਗਰਮੀ ਕਰ ਰਹੀ ਹੈ। ਭਾਰਤੀ ਮੀਡੀਆ ਤੇ ਸਿਆਸਤਦਾਨਾਂ ਨੇ ਇਸ ਲਾਂਘੇ ਦੀ ਉਸਾਰੀ ਦੇ ਮਾਮਲੇ ਕੁਝ ਕੁ ਵਿਅਕਤੀਆਂ ਤੱਕ ਸੀਮਤ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਕਰਕੇ ਇਸ ਵੇਲੇ ਇਹ ਜਾਨਣਾ ਬਹੁਤ ਜਰੂਰੀ ਹੈ ਕਿ ਆਖਰ ਹੁਣ ਹੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ ਅੱਗੇ ਕਿਉਂ ਵਧੀ ਹੈ? ਇਸ ਬਾਰੇ ਸਿੱਖ ਸਿਆਸਤ ਵੱਲੋਂ ਹੇਠਲਾ ਨਜ਼ਰੀਆ ਅਤੇ ਵਿਸ਼ਲੇਸ਼ਣ ਪੇਸ਼ ਹੈ:

ਗੁਰੂ ਗਰੰਥ ਸਾਹਿਬ ਵਿੱਚ ਫੁਰਮਾਨ ਹੈ “ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ”। ਪਿਛਲੇ 71 ਸਾਲ ਤੋਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਦੀਆਂ ਅਰਦਾਸਾਂ ਅਕਾਲ ਪੁਰਖ ਨੇ ਸੁਣੀਆਂ ਹਨ ਤੇ ਮਹਾਰਾਜ ਨੇ ਐਸੀ ਕਲਾ ਵਰਤਾਈ ਕਿ ਇਸ ਲਾਂਘੇ ਨੂੰ ਰੋਕਣ ਵਾਲੀਆਂ ਦੋਵੇਂ ਮੁਲਕਾਂ ਦੀਆਂ ਫੌਜਾਂ ਤੇ ਸਿਆਸੀ ਤਾਕਤਾਂ ਅੱਜ ਬੌਣੀਆਂ ਸਾਬਤ ਹੋ ਰਹੀਆਂ ਹਨ। ਅਕਾਲ ਪੁਰਖ ਦੀ ਰਜ਼ਾ ਵਿੱਚ ਅੱਜ ਇਸ ਪੂਰੇ ਖਿੱਤੇ ਦੀ ਰਾਜਨੀਤਕ ਅਤੇ ਆਰਥਕ ਹਾਲਾਤ ਨੇ ਇਹ ਸਥਿਤੀ ਪੈਦਾ ਕਰ ਦਿੱਤੀ ਹੈ ਕਿ ਦੋਵੇਂ ਮੁਲਕਾਂ ਵਿੱਚ ਬੈਠੇ ਨਫਰਤ ਦੇ ਵਪਾਰੀਆਂ ਦੀਆਂ ਸਾਰੀਆਂ ਚਾਲਾਂ ਅਤੇ ਪ੍ਰਾਪੇਗੈਂਡੇ ਧਰੇ-ਧਰਾਏ ਰਹਿ ਗਏ ਹਨ।

1999 ਤੋਂ ਲੈ ਕੇ 2015 ਤੱਕ ਇੰਡੀਆ ਦੇ ਵੱਖ-ਵੱਖ ਵਜ਼ੀਰੇ ਆਜ਼ਮਾਂ – ਅਟਲ ਬਿਹਾਰੀ ਵਾਜਪੇਈ, ਡਾ. ਮਨਮੋਹਨ ਸਿੰਘ ਅਤੇ ਨਰਿੰਦਰ ਮੋਦੀ ਵੱਲੋਂ ਅਤੇ ਪਾਕਿਸਤਾਨ ਦੇ ਵਜ਼ੀਰੇ ਆਜ਼ਮ ਨਵਾਜ਼ ਸ਼ਰੀਫ, ਸਦਰ ਪ੍ਰਵੇਜ਼ ਮੁਸ਼ੱਰਫ ਤੇ ਆਸਿਫ ਅਲੀ ਜ਼ਰਦਾਰੀ ਵੱਲੋਂ ਵੱਖ-ਵੱਖ ਮੌਕਿਆਂ ਉੱਤੇ ਦੁਵੱਲੇ ਸੰਬੰਧ ਸੁਧਾਰਨ ਦੀ ਪਹਿਲ ਕਦਮੀ ਕੀਤੀ ਗਈ ਸੀ। ਅਮਰੀਕਾ ਦੇ ਜਾਰਜ ਬੁਸ਼ ਤੇ ਬਰਾਕ ਓਬਾਮਾ ਪ੍ਰਸ਼ਾਸਨ ਵੱਲੋਂ ਵੀ ਪਾਕਿਸਤਾਨ-ਇੰਡੀਆ ਸਬੰਧ ਸੁਧਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਪਰ ਦੋਹਾਂ ਮੁਲਕਾਂ ਦੀਆਂ ਫੌਜਾਂ, ਖੂਫੀਆਂ ਏਜੰਸੀਆਂ ਅਤੇ ਇੰਡੀਆ ਦੀਆਂ ਸਿਆਸੀ ਧਿਰਾਂ ਦੀਆਂ ਕੁਚਾਲਾਂ ਕਾਰਨ ਦੋਵੇਂ ਮੁਲਕਾਂ ਦੇ ਰਿਸ਼ਤੇ ਹੋਰ ਕੁੜੱਤਣ ਭਰੇ ਹੀ ਹੁੰਦੇ ਗਏ।

ਦੁਨਿਆਵੀ ਨੁਕਤਾ ਨਜ਼ਰ ਤੋਂ ਵੇਖਦਿਆਂ ਇਸ ਲਾਂਘੇ ਨੂੰ ਖੋਲ੍ਹਣ ਦਾ ਮਹੱਤਵ ਦੱਸਦੇ ਹੋਏ ਪਾਕਿਸਤਾਨ ਫੈਡਰਲ ਸਰਕਾਰ ਨੇ ਸੂਚਨਾ ਅਤੇ ਪਰਸਾਰਣ ਵਜ਼ੀਰ ਚੌਧਰੀ ਫਵਾਦ ਹੁਸੈਨ ਨੇ 22 ਸਤੰਬਰ ਨੂੰ ਇਕ ਮੁਲਾਕਾਤ ਵਿੱਚ ਕਿਹਾ ਹੈ ਕਿ ‘ਜੇਕਰ ਪਾਕਿਸਤਾਨ-ਇੰਡੀਆ ਰਿਸ਼ਤੇ ਸੁਧਰ ਜਾਣ ਤਾਂ ਪਾਕਿਸਤਾਨ ਦੀ ਭਗੌਲਿਕ ਸਥਿਤੀ ਇਸ ਪ੍ਰਕਾਰ ਹੈ ਕਿ ਇਹ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਮੰਡੀਆਂ- ਚੀਨ ਅਤੇ ਭਾਰਤ ਦੇ ਦਰਮਿਆਨ ਆਉਂਦਾ ਹੈ। ਚੀਨ-ਪਾਕਿ ਆਰਥਿਕ ਲਾਂਘੇ ਦਾ ਪੂਰਾ-ਪੂਰਾ ਫਾਇਦਾ ਚੁੱਕਣ ਲਈ ਸਾਨੂੰ ਇੰਡੀਆ ਨਾਲ ਸਬੰਧ ਸੁਖਾਵੇਂ ਕਰਨੇ ਹੀ ਪੈਣੇ ਹਨ’।

ਜਿੱਥੇ ਪਾਕਿਸਤਾਨ ਨੇ ਚੀਨ ਦੇ ਪ੍ਰਭਾਵ ਹੇਠ ਅਤੇ ਆਪਣੇ ਬੇਅੰਤ ਆਰਥਕ ਲਾਹੇ ਦੇ ਮੱਦੇਨਜ਼ਰ ਇੰਡੀਆ ਨਾਲ ਸਬੰਧ ਸੁਖਾਵੇਂ ਬਣਾਉਣ ਲਈ ਇਹ ਲਾਂਘਾ ਖੋਲ੍ਹਣ ਦੀ ਤਜਵੀਜ਼ ਮੰਨੀ ਹੈ ਓਥੇ ਇੰਡੀਆ ਦੀ ਸਿਆਸੀ ਜਮਾਤ ਨੂੰ ਵੋਟ ਰਾਜਨੀਤੀ ਦੀਆਂ ਮਜਬੂਰੀਆਂ ਅਤੇ ਜਗਤ ਹੇਠੀ ਦੇ ਡਰ ਕਾਰਨ ਇਹ ਕੌੜਾ ਘੁੱਟ ਭਰਨਾ ਪਿਆ ਹੈ। ਇੰਡੀਆ ਦਾ ਭਵਿੱਖ ਤਹਿ ਕਰਨ ਵਾਲੀਆਂ ਇਤਿਹਾਸਕ ਲੋਕਸਭਾ ਚੋਣਾਂ ਸਿਰ ਉੱਤੇ ਹਨ। ਇੱਕ-ਇੱਕ ਸੀਟ ਲਈ ਬੜੀ ਵ੍ਹੀਟਵੀਂ ਲੜਾਈ ਲੜੀ ਜਾਣੀ ਹੈ। ਗੁਰੂ ਨਾਨਕ ਨਾਮ ਲੇਵਾ ਸੰਗਤਾਂ ਉੱਤਰੀ ਇੰਡੀਆ ਦੀਆਂ ਲੱਗਭੱਗ 40-45 ਸੀਟਾਂ ਦਾ ਫੈਸਲਾ ਕਰਦੀਆਂ ਹਨ। ਇਸ ਕਰਕੇ ਇਸ ਮੌਕੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਨਰਾਜ਼ ਕਰਨ ਦਾ ਮੁੱਲ ਬਹੁਤ ਮਹਿੰਗਾ ਪੈ ਸਕਦਾ ਹੈ।

ਪੱਛਮੀ ਮੁਲਕਾਂ ਅਤੇ ਅਮਰੀਕਾ ਦੇ ਆਵਾਮ ਦੇ ਦਬਾਅ ਕਾਰਨ ਓਥੋਂ ਦੀ ਸਿਆਸੀ ਜਮਾਤ ਨੂੰ ਵੀ ਹੁਣ ਇਸ ਖਿੱਤੇ ਵਿੱਚ ਸ਼ਾਂਤੀ ਤੇ ਆਪਸੀ ਸਹਿਯੋਗ ਦੇ ਹਾਲਾਤ ਪੈਦਾ ਕਰਨ ਦੀ ਨੀਤੀ ਤੇ ਚੱਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਲਈ ਇੰਡੀਆ ਤੇ ਪਾਕਿਸਤਾਨ ਵਿੱਚ ਸਬੰਧ ਸੁਧਰਨ ਵਿੱਚ ਇਹਨਾਂ ਦੀ ਵੀ ਰੁਚੀ ਹੈ।

ਇਸ ਵੇਲੇ ਰੂਸ ਵੀ ਫੌਜੀ ਤੌਰ ਤੇ ਅਮਰੀਕਾ ਸਾਹਮਣੇ ਖੜ੍ਹਨ ਲਈ ਏਸ਼ੀਆ ਬਲਾਕ ਬਣਾਉਣ ਲਈ ਯਤਨਸ਼ੀਲ ਹੈ ਇਸ ਲਈ ਰੂਸ ਪਾਕਿਸਤਾਨ ਤੇ ਇੰਡੀਆ ਨੂੰ ਅਮਰੀਕਾ ਦੇ ਖੇਮੇਂ ਵਿਚੋਂ ਕੱਢ ਕੇ ਆਪਣੇ ਖੇਮੇਂ ਵਿੱਚ ਜਾਂ ਘੱਟੋ-ਘੱਟ ਨਿਰਪੱਖ ਖੇਮੇਂ ਵਿੱਚ ਲਿਆਉਣ ਦਾ ਇੱਛੁਕ ਹੈ। ਇਹ ਤਾਂ ਹੀ ਸੰਭਵ ਹੈ ਜੇਕਰ ਇਹਨਾਂ ਦੋਹਾਂ ਗਵਾਂਢੀਆਂ ਦੇ ਸਬੰਧ ਸੁਖਾਵੇਂ ਹੋਣ।

ਚੀਨ ਨੂੰ ਪਾਕਿਸਤਾਨ-ਇੰਡੀਆ ਦੀ ਦੋਸਤੀ ਅਤੇ ਆਪਸੀ ਸਹਿਯੋਗ ਦੀ ਲੋੜ ਇਸ ਕਾਰਨ ਹੈ ਕਿ ‘ਇਕ ਇਲਾਕਾ ਇਕ ਸੜਕ’ ਨੀਤੀ ਤਹਿਤ ਚੀਨ ਵੱਲੋਂ ਬਣਾਇਆ ਜਾ ਰਿਹਾ ‘ਚੀਨ-ਪਾਕਿ ਆਰਥਕ ਲਾਂਘਾ’ ਤਾਂ ਹੀ ਪੂਰਾ ਲਾਹੇਵੰਦ ਸਿੱਧ ਹੋ ਸਕਦਾ ਹੈ ਜੇ ਇਸ ਮਨਸੂਬੇ ਤਹਿਤ ਪਾਕਿਸਤਾਨ ਰਾਹੀਂ ਅਰਬ-ਮੁਲਕਾਂ ਅਤੇ ਕੇਂਦਰੀ ਏਸ਼ੀਆ ਦੇ ਮੁਲਕਾਂ ਨਾਲ ਵਪਾਰ ਹੋਵੇ। ਤੇ ਅਰਬ-ਮੁਲਕਾਂ ਅਤੇ ਕੇਂਦਰੀ ਏਸ਼ੀਆ ਦੇ ਮੁਲਕਾਂ ਨਾਲ ਵਪਾਰ ਦਾ ਪੂਰਾ ਲਾਹਾ ਤਾਂ ਹੀ ਲਿਆ ਜਾ ਸਕਦਾ ਹੈ ਜੇ ਇੰਡੀਆ ਇਸ ਵਪਾਰਕ ਮਨਸੂਬੇ ਵਿੱਚ ਸ਼ਾਮਲ ਹੋਵੇ।

ਜ਼ਿਕਰਯੋਗ ਹੈ ਕਿ 1947 ਤੋਂ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਏਸ਼ੀਆ ਦੀ ਸਭ ਤੋਂ ਵੱਡੀ ਖੁਸ਼ਕ ਬੰਦਰਗਾਹ ਸੀ। ਇਥੋਂ ਅਰਬ ਮੁਲਕਾਂ ਅਤੇ ਕੇਂਦਰੀ ਏਸ਼ੀਆ ਦੇ ਮੁਲਕਾਂ ਨੂੰ ਜ਼ਮੀਨੀ ਰਸਤੇ ਵਪਾਰ ਹੁੰਦਾ ਸੀ। ਪਰ ’47 ਦੀ ਵੰਡ ਤੋਂ ਬਾਅਦ ਇਤਿਹਾਸਕ ਵਪਾਰਕ ਸ਼ਾਹ ਰਾਹ ਦਾ ਕੇਂਦਰ ਰਿਹਾ ਸ੍ਰੀ ਅੰਮ੍ਰਿਤਸਰ ਸਾਹਿਬ ਇਕਦੰਮ ਬੰਦ ਗਲੀ ਵਿਚ ਤਬਦੀਲ ਹੋ ਗਿਆ।

ਅਮਰੀਕਾ ਚੀਨ ਵਪਾਰ ਯੁੱਧ ਵਿੱਚ ਅਮਰੀਕਾ ਨੂੰ ਪਛਾੜਨ ਲਈ ਚੀਨ ਦਾ ਇਕ ਅਹਿਮ ਦਾਅ ਸਮੁੰਦਰੀ ਆਵਾਜਾਈ ਤੋਂ ਨਿਰਭਰਤਾ ਖਤਮ ਕਰਕੇ ਜਮੀਨੀ ਆਵਾਜਾਈ ਦੇ ਬਦਲ ਲੱਭਣਾ ਹੈ। ਚੀਨ ਨੂੰ ਸ਼ਾਇਦ ਇਹ ਗੱਲ ਭਲੀ-ਭਾਂਤ ਸਮਝ ਆ ਗਈ ਹੈ ਕਿ ਇੰਡੀਆ-ਪਾਕਿਸਤਾਨ ਸਬੰਧਾਂ ਨੂੰ ਸੁਧਾਰਨ ਦੀ ਕੁੰਜੀ ਪੰਜਾਬ ਵਿੱਚ ਹੈ। ਕਰਤਾਰਪੁਰ ਸਾਹਿਬ ਲਾਂਘਾ ਦੁਨੀਆ ਦੀ ਰਾਜਨੀਤੀ ਨੂੰ ਪ੍ਰਭਾਵਤ ਕਰਨ ਵਾਲੀਆਂ ਕੜੀਆਂ ਵਿਚੋਂ ਪਹਿਲੀ ਅਹਿਮ ਕੜੀ ਹੈ। ਹੋ ਸਕਦਾ ਹੈ ਕਿ ਗੁਰੂ ਨਾਨਕ ਪਾਤਿਸ਼ਾਹ ਦੇ ਘਰ ਨੂੰ ਖੁੱਲ੍ਹਣ ਵਾਲਾ ਲਾਂਘਾ ਭਵਿੱਖ ਵਿੱਚ ਇਸ ਖਿੱਤੇ ਦੇ ਕਰੋੜਾਂ ਲੋਕਾਂ ਦੇ ਘਰ ਨੂੰ ਖੁਸ਼ਹਾਲੀ ਦਾ ਰਸਤਾ ਖੋਲ੍ਹਣ ਦਾ ਸਵੱਬ ਬਣੇ।

⊕ ਕਰਤਾਰਪੁਰ ਸਾਹਿਬ ਦੇ ਲਾਂਘੇ ਨਾਲ ਜੁੜੇ ਵਧੇਰੇ ਪੱਖਾਂ ਬਾਰੇ ਜਾਨਣ ਲਈ ਪੜ੍ਹੋ – ਕਰਤਾਰਪੁਰ ਸਾਹਿਬ ਦਾ ਲਾਂਘਾ: ਕੀ, ਕਦੋਂ, ਕਿਵੇਂ ਤੇ ਕਿਉਂ?

⊕ ਇਸ ਮਸਲੇ ਬਾਰੇ ਇਹ ਲਿਖਤ ਵੀ ਜਰੂਰ ਪੜ੍ਹੋ – ਕਰਤਾਰਪੁਰ ਸਾਹਿਬ ਦਾ ਲਾਂਘਾ ਕਿਥੋਂ-ਕਿਥੋਂ ਦੀ ਲੰਘਦਾ ਏ…

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , , , , , , , ,