ਲੇਖ » ਸਾਹਿਤਕ ਕੋਨਾ

“ਪੰਜਾਬੀ ਬੋਲੀ, ਲਾਲਾ ਲਾਜਪਤ ਰਾਏ ਅਤੇ ਭਾਈ ਵੀਰ ਸਿੰਘ” {ਜਨਮ ਦਿਹਾੜੇ ‘ਤੇ ਖਾਸ}

December 5, 2018 | By

ਡਾ.ਧਰਮ ਸਿੰਘ

ਇਹ ਗੱਲ ਇੱਕ ਵਿਸ਼ਵ ਵਿਆਪੀ ਤੱਥ ਹੈ ਕਿ ਕਿਸੇ ਵੀ ਸਾਹਿਤ ਦਾ ਮਹੱਤਵ ਉਸ ਖਿੱਤੇ ਵਿਸ਼ੇਸ਼ ਵਿੱਚ ਬੋਲੀ ਜਾਂਦੀ ਜੁਬਾਨ ਦੀ ਹੈਸੀਅਤ ਅਤੇ ਆਦਰ-ਮਾਣ ਨਾਲ ਜੁੜਿਆ ਹੋਇਆ ਹੁੰਦਾ ਹੈ। ਭਾਈ ਵੀਰ ਸਿੰਘ ਹੁਰਾਂ ਨੂੰ ਇਸ ਤੱਥ ਦਾ ਚੰਗੀ ਤਰ੍ਹਾਂ ਗਿਆਨ ਸੀ। ਇਸੇ ਲਈ ਉਹਨਾਂ ਨੇ ਆਪਣੇ ਰਸਾਲੇ “ਖਾਲਸਾ ਸਮਾਚਾਰ” ਰਾਹੀਂ ਪੰਜਾਬੀ ਦੇ ਹੱਕ ਵਿੱਚ ਲੋਕਾਂ ਨੂੰ ਸੰਗਠਿਤ ਕਰਨ ਦਾ ਬੀੜਾ ਉਠਾਇਆ। ਭਾਈ ਵੀਰ ਸਿੰਘ ਨੇ ਪੰਜਾਬੀ ਪ੍ਰਚਾਰ ਦੇ ਕੰਮ ਨੂੰ ਇੱਕ ਧਾਰਮਿਕ ਫਰਜ਼ ਵਜੋਂ ਵੀ ਕਬੂਲਿਆ ਅਤੇ ਉਹਨਾਂ ਨੇ ਇਹ ਫਰਜ਼ ਸਿੱਖਾਂ ਵਿਚ ਪੰਜਾਬੀ ਦੇ ਪ੍ਰਚਾਰ ਦੇ ਨਾਲ-ਨਾਲ ਅਨਮੱਤੀਆਂ ਵਲੋਂ ਪੰਜਾਬੀ ਦੇ ਖਿਲਾਫ ਵਿੱਢੀਆਂ ਗਈਆਂ ਮੁਹਿੰਮਾਂ ਨੂੰ ਜੁਆਬ ਦੇਣ ਤੱਕ ਨਿਭਾਇਆ।

“ਖਾਲਸਾ ਸਮਾਚਾਰ” ਦੇ ਆਰੰਭਲੇ ਅੰਕਾਂ ਵਿੱਚੋਂ ਇਕ ਵਿਚ ਉਹ ਗਿਲਾ ਕਰਦੇ ਲਿਖਦੇ ਹਨ ਕਿ ਸਿੱਖ ਲੋਕ ਵੀ ਇਸ ਬੋਲੀ ਨੂੰ ਛੱਡਣ ਲੱਗ ਪਏ ਹਨ। ਉਰਦੂ ਦੇ ਸ਼ੇਅਰ ਗਾਉਂਦੇ ਹਨ, ਗਜ਼ਲਾਂ ਨੂੰ ਪਸੰਦ ਕਰਦੇ ਹਨ। ਗੁਰਮੁਖੀ ਦੇ ਅਖਬਾਰ ਤੇ ਪੋਥੀਆਂ ਅਰ ਮੁਫਤ ਵਿਚ ਮਿਲੇ ਹੋਏ ਟਰੈਕਟ ਬਿਨਾਂ ਖੋਲ੍ਹੇ ਜਾਂ ਤਾਂ ਆਲੇ-ਦੁਆਲੇ ਧਰ ਛੱਡਦੇ ਹਨ ਜਾਂ ਰੱਦੀ ਦੇ ਬਕਸੇ ਵਿੱਚ ਸੁੱਟ ਦਿੰਦੇ ਹਨ। ਪਿਆਰੇ ਸੱਜਣੋ, ਜੇ ਚਾਹੁੰਦੇ ਹੋ ਕਿ ਕਦੇ ਤਰੱਕੀ ਕਰੋ ਤਦ ਆਪਣੀ ਮਾਦਰੀ ਬੋਲੀ ਦਾ ਪ੍ਰਚਾਰ ਕਰੋ, ਨਹੀਂ ਤਾਂ ਆਪਣੇ ਯਤਨਾਂ ਨੂੰ ਇਹ ਸਮਝੋ ਕਿ ਆਪ ਡਾਲੀਆਂ ਨੂੰ ਪਾਣੀ ਦੇ ਰਹੇ ਹੋ, ਜੜ੍ਹਾਂ ਸੋਕੇ ਨਾਲ ਮਰੁੰਡਾ ਰਹੀਆਂ ਹਨ। ਇਕ ਨਿਪੁੰਨ ਸਿੱਖਿਆ ਸ਼ਾਸਤਰੀ ਵਾਂਗ ਅਸਲੀ ਗੱਲ ਦੀ ਤਹਿ ਤੱਕ ਜਾਂਦਿਆਂ ਭਾਈ ਵੀਰ ਸਿੰਘ ਇਹ ਦਲੀਲ ਪੇਸ਼ ਕਰਦੇ ਹਨ ਕਿ ਬੱਚੇ ਨੂੰ ਮੁੱਢਲੀ ਸਿੱਖਿਆ ਉਸ ਦੀ ਮਾਦਰੀ ਭਾਸ਼ਾ ਜੁਬਾਨ ਤੋਂ ਬਿਨਾਂ ਹੋਰ ਕਿਸੇ ਜ਼ੁਬਾਨ ਰਾਹੀਂ ਦੇਣਾ ਬੱਚੇ ਨਾਲ ਜਿਆਦਤੀ ਕਰਨਾ ਹੈ।

ਜੁਬਾਨ ਨੂੰ ਮਜ਼ਹਬ ਨਾਲ ਜੋੜਨ ਵਾਲੇ ਕੁਤਰਕ ਦਾ ਵਿਸ਼ਲੇਸ਼ਣ ਕਰਦਿਆਂ ਭਾਈ ਜੀ ਨੇ ਲਿਖਿਆ ਹੈ “ਬੰਗਾਲ ਵਿੱਚ ਲੱਖਾਂ ਮੁਸਲਮਾਨਾਂ ਦੇ ਹੁੁੰਦਿਆਂ ਵੀ , ਜਿਨ੍ਹਾਂ ਦੀਆਂ ਧਾਰਮਿਕ ਪੁਸਤਕਾਂ ਅਰਬੀ ਵਿੱਚ ਹਨ, ਬੰਗਾਲੀ ਹੀ ਬੋਲੀ ਜਾਂਦੀ ਤੇ ਆਪਣੇ ਹੀ ਅੱਖਰਾਂ ਵਿਚ ਲਿਖੀ ਜਾਂਦੀ ਹੈ। ਸਿੰਧ ਵਿਚ ਲੱਖਾਂ ਸਿੱਖਾਂ, ਜਿਨ੍ਹਾਂ ਦੇ ਧਾਰਮਿਕ ਗ੍ਰੰਥ ਪੰਜਾਬੀ ਵਿਚ ਹਨ ਦੇ ਹੁੰਦਿਆਂ ਉੱਥੋਂ ਦੀ ਮਾਤ੍ਰੀ ਭਾਸ਼ਾ ਨੂੰ ਤਖਤੋਂ ਡੇਗ ਕੇ ਪੰਜਾਬੀ ਪ੍ਰਚਾਰ ਦਾ ਖਿਆਲ ਵੀ ਨਹੀਂ ਕੀਤਾ ਗਿਆ। ਪਰ ਪੰਜਾਬ ਦਾ ਨਸੀਬ ਹੀ ਕੁਝ ਵੱਖਰਾ ਹੈ ਜਿੱਥੇ ਬੇਦਰਦੀ ਨਾਲ ਇਕ ਵਿਦਿਅਕ ਸੁਆਲ ਨੂੰ ਆਪਣੀ ਜ਼ਮੀਰ ਦੀ ਆਵਾਜ਼ ਦੇ ਉਲਟ ਮਜ਼ਹਬੀ ਰੰਗਤ ਵਿੱਚ ਰੰਗ ਕੇ ਪੇਸ਼ ਕੀਤਾ ਜਾਂਦਾ ਹੈ। ਸੱਚੇ ਦੇਸ਼ ਹਿਤੈਸ਼ੀ ਦੱਸ ਰਹੇ ਹਨ ਕਿ ਆਪਣੇ ਬੱਚਿਆਂ ਦੀਆਂ ਵਧਣ ਵਾਲੀਆਂ ਸ਼ਕਤੀਆਂ ਦੀ ਜੜ੍ਹ ‘ਤੇ ਕੁਹਾੜਾ ਨਾ ਰੱਖੋ, ਉਨ੍ਹਾਂ ਨੂੰ ਮੁੱਢ ਦੀ ਵਿਦਿਆ ਉਹਨਾਂ ਦੀ ਮਾਤਰੀ ਭਾਸ਼ਾ ਵਿੱਚ ਦਿੳ। ਵਿਚਾਰੀ ਪੰਜਾਬੀ ਦੀ ਅਜਿਹੀ ਕਿਸਮਤ ਫੁੱਟੀ ਹੈ ਕਿ ਉਹ ਆਪਣੇ ਹੀ ਸਪੂਤਾਂ ਹੱਥੋਂ ਠੋਕਰ ਖਾ ਰਹੀ ਹੈ। ਇੱਕ ਪਾਸੇ ਸਾਡੇ ਮੁਸਲਮਾਨ ਭਰਾ ਹਨ ਜੋ ਪੰਜਾਬੀ ਨੂੰ ਹਟਾ ਕੇ ਉਰਦੂ ਦਾ ਪ੍ਰਚਾਰ ਕਰਨਾ ਚਾਹੁੰਦੇ ਹਨ। ਦੂਜੇ ਪਾਸੇ ਸਾਡੇ (ਆਰੀਆ) ਸਮਾਜੀ ਸੱਜਣ ਹਨ ਜੋ ਉਰਦੂ ਦੇ ਤੇ ਬੇਸ਼ੱਕ ਉਲਟ ਹਨ ਐਪਰ ਪੰਜਾਬੀ ਦੇ ਵੀ ਸੱਜਣ ਨਹੀਂ। ਉਹ ਹਿੰਦੀ ਨੂੰ ਹਿੰਦੁਸਤਾਨ ਦਾ ਚਕਰਵਰਤੀ ਰਾਜ ਲੈ ਦੇਣ ਦੇ ਖਿਆਲੀ ਪਲਾਉ ਹੀ ਪਕਾਉਣ ਵਿਚ ਲੱਗੇ ਹੋਏ ਹਨ।

ਹਿੰਦੀ, ਪੰਜਾਬੀ ਅਤੇ ਉਰਦੂ ਦੀ ਖਿੱਚੋਤਾਣ ਸੰਬੰਧੀ ਜੋ ਚਰਚਾ “ਖਾਲਸਾ ਸਮਾਚਾਰ” ਵਿੱਚ ਕੀਤੀ ਗਈ ਮਿਲਦੀ ਹੈ, ਉਹੋ ਜਿਹੀ ਚਰਚਾ ਮੈਂ ਹੋਰ ਕਿਸੇ ਵੀ ਸਮਕਾਲੀ ਅਖਬਾਰ ਰਸਾਲੇ ਵਿੱਚ ਨਹੀਂ ਵੇਖੀ। ਪੰਜਾਬ ਦੀ ਭਾਸ਼ਾ ਦੀ ਹੋਂਦ ਅਤੇ ਹੈਸੀਅਤ ਨੂੰ ਉਰਦੂ ਨਾਲੋਂ ਵਧੇਰੇ ਖਤਰਾ ਹਿੰਦੀ ਤੋਂ ਬਣਿਆ ਹੋਇਆ ਸੀ ਅਤੇ ਇਸ ਵਿੱਚ ਪੇਸ਼ ਸਨ ਆਰੀਆ ਸਮਾਜੀ ਸੱਜਣ।
ਆਰੀਆ ਸਮਾਜ ਦਾ ਪੰਜਾਬ ਵਿੱਚ ਉਨੀਂ ਦਿਨੀ ਬੁਲਾਰਾ ਹਿੰਦੀ ਰਸਾਲਾ ਪ੍ਰਕਾਸ਼ ਸੀ ਜਿਸ ਵਿੱਚ ਅਕਸਰ ਪੰਜਾਬੀ ਵਿਰੋਧੀ ਲਿਖਤਾਂ ਛਪਦੀਆਂ ਰਹਿੰਦੀਆਂ।

ਖਾਲਸਾ ਸਮਾਚਾਰ ਬੜੀ ਵਿਧੀ ਅਤੇ ਯੁਕਤੀ ਨਾਲ ਇਹਨਾਂ ਲਿਖਤਾਂ ਦਾ ਜੁਆਬ ਦਿੰਦਾ। ਆਰੀਆ ਸਮਾਜੀ ਨੇਤਾ ਲਾਜਪਤ ਰਾਇ ਜੀ ਦਾ ਕਰਮ-ਖੇਤਰ ਵਧੇਰੇ ਕਰਕੇ ਸਿਆਸਤ ਹੀ ਸਮਝਿਆ ਜਾਂਦਾ ਹੈ, ਪਰ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਪੰਜਾਬੀ ਵਿਰੋਧੀ ਪ੍ਰਚਾਰ ਵਿਚ ਉਹ ਕਿਸੇ ਨਾਲੋਂ ਪਿੱਛੇ ਨਹੀਂ ਸਨ।“ਖਾਲਸਾ ਸਮਾਚਾਰ” ਵਿਚ ਲਾਲਾ ਜੀ ਦੀਆਂ ਪੰਜਾਬੀ ਵਿਰੋਧੀ ਲਿਖਤਾਂ ਦਾ ਬੜੇ ਵਿਸਤਾਰ ਵਿਚ ਚਰਚਾ ਹੈ। ਇਕ ਲੰਮੇ ਲੇਖ ਦਾ ਤਾਂ ਨਾਂ ਹੀ “ਲਾਲਾ ਲਾਜਪਤ ਰਾਇ ਜੀ ਤੇ ਹਿੰਦੀ ਪੰਜਾਬੀ ਹੈ ਜੋ ਅਕਤੂਬਰ ਨਵੰਬਰ 1911 ਈ: ਦੇ ਅੰਕਾਂ ਵਿਚ ਪ੍ਰਕਾਸ਼ਿਤ ਹੋਇਆ ਹੈ” ਅਸੀਂ ਇਸ ਵਿਚ ਉਦਾਹਰਣ ਮਾਤਰ ਕੁਝ ਅੰਤਲੇ ਫਿਕਰੇ ਹੀ ਦਰਜ ਕਰਦੇ ਹਾਂ “ਆਖਰ ਵਿਚ ਅਸੀਂ ਆਪਣੇ ਪੰਜਾਬੀ ਭਰਾਵਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਪੰਜਾਬੀ ਬੋਲੀ ਤੁਹਾਡੀ ਰਗ-ਰਗ ਵਿਚ ਜਿਊਂਦੀ ਹੈ ਇਸ ਦਾ ਨਿਕਲਣਾ ਮੁਸ਼ਕਲ ਹੈ।

ਪੰਜਾਬੀ ਦਾ ਵਿਰੋਧ ਕਰਨ ਹਿੱਤ ਲਾਹੌਰ ਵਿਚ ਇਕ ਵੱਡਾ ਜਲਸਾ ਹੋਇਆ ਜਿਸ ਬਾਰੇ ਬੇਬਾਕ ਟਿੱਪਣੀ ਕਰਦਾ ਹੋਇਆ “ਖਾਲਸਾ ਸਮਾਚਾਰ” ਲਿਖਦਾ ਹੈ “ਖਾਸ ਸ਼ੋਕ ਦੀ ਗੱਲ ਹੁਣੇ ਇਹ ਹੋਈ ਹੈ ਕਿ ਲਾਹੌਰ ਵਿਚ ਇਕ ਜਲਸਾ ਆਰੀਆ (ਸਮਾਜ) ਵਲੋਂ ਪੰਜਾਬੀ ਦਾ ਗਲਾ ਘੁੱਟਣ ਤੇ ਦੇਵਨਾਗਰੀ ਦੇ ਪ੍ਰਚਾਰ ਲਈ ਕੀਤਾ ਗਿਆ। ਪ੍ਰਕਾਸ਼ ਦੱਸਦਾ ਹੈ ਕਿ ਇਸ ਦੀ ਕਾਮਯਾਬੀ ਦਾ ਸਿਹਰਾ (ਪੰਜਾਬੀ ਦਾ ਗਲਾ ਘੁੱਟਣ ਦੀ ਕੋਸ਼ਿਸ਼) ਕਿਸੇ ਮਾਮੂਲੀ ਆਦਮੀ ਦੇ ਨਹੀਂ ਪ੍ਰੰਤੂ ਲਾਲਾ ਲਾਜਪਤ ਰਾਏ ਜੀ ਦੇ ਸਿਰ ਹੈ। ਪੰਜਾਬੀ ਨੂੰ ਵੱਧ ਰਹੇ ਖਤਰਿਆਂ ਬਾਰੇ ਇੱਕ ਚਿੱਠੀ ਕਿਸੇ ਕਾਹਨ ਸਿੰਘ ਨਾਂ ਦੇ ਵਿਅਕਤੀ ਦੀ ਛਪੀ ਹੈ।ਜਿਸ ਦੀਆਂ ਕੁਝ ਸਤਰਾਂ ਇਸ ਤਰ੍ਹਾਂ ਹਨ “ਪੰਜਾਬੀ ਦੇ ਚਾਹਵਾਨੋ। ਕੀ ਸੁਤੇ ਪਏ ਹੋ? ਕੀ ਤੁਹਾਨੂੰ ਪਤਾ ਨਹੀਂ ਆਰੀਆ ਸਮਾਜੀ ਟੋਲੇ ਨੇ ਪੰਜਾਬੀ ਨਾਲ ਵੈਰ ਕਰਕੇ ਹਿੰਦੀ ਸਕੂਲ ਖੋਲ੍ਹਣ ਦਾ ਉੱਦਮ ਕਰਨਾ ਸ਼ੁਰੂ ਕਰ ਦਿੱਤਾ ਹੈ ? ਮੁਸਲਮਾਨ ਤਾਂ ਅੱਗੇ ਹੀ ਪੰਜਾਬੀ ਦੇ ਵੈਰੀ ਸਨ। ਹੁਣ ਤਾਂ ਮਹਾਸ਼ਿਆਂ ਨੇ ਇਕ ਹੋਰ ਬੋਲੀ ਦੀ ਲੱਤ ਆਣ ਫਸਾਈ ਹੈ। ਇਸ ਵੇਲੇ ਔਕੜਾਂ ਵਿਚੋਂ ਅਸਾਂ ਆਪਣੀ ਮਾਤਰੀ ਭਾਸ਼ਾ ਨੂੰ ਬਚਾਉਣਾ ਹੈ, ਉਠੋ ਹਿੰਮਤ ਕਰੋ ਹਰ ਜਗ੍ਹਾ ਕਮੇਟੀਆਂ ਕਰੋ ਤੇ ਪੰਜਾਬੀ ਦੁਆਰਾ ਵਿਦਿਆ ਦੇਣ ਦੇ ਸਕੂਲ਼ ਖੋਲ੍ਹੋ, ਕਿਤੇ ਪੰਜਾਬੀ ਆਪਣੇ ਵੈਰੀਆਂ ਹੱਥੋਂ ਮਲੀਆਮੇਟ ਹੀ ਨਾ ਹੋ ਜਾਵੇ” ਅਨਮਤੀਆਂ ਨਾਲ ਵਿਵਾਦ ਰਚਾਉਣ ਤੋਂ ਬਿਨਾਂ ਭਾਈ ਵੀਰ ਸਿੰਘ ਜੀ ਨੇ ਦੂਜਾ ਹੋਰ ਜਿਹੜਾ ਕੰਮ ਕੀਤਾ, ਉਹ ਦੀ ਪੰਜਾਬੀ ਹਿਤੈਸ਼ੀਆਂ ਵਲੋਂ ਲੇਖ ਲਿਖਵਾ ਕੇ ਖਾਲਸਾ ਸਮਾਚਾਰ ਵਿੱਚ ਪ੍ਰਕਾਸ਼ਤ ਕਰਨੇ। ਪੰਜਵੀਂ ਸਿੱਖ ਐਜੂਕੇਸ਼ਨਲ ਕਾਨਫਰੰਸ ਵਿਚ ਲਾਲਾ ਬਿਸ਼ਨਦਾਸ ਪੁਰੀ ਨੇਇਕ ਲੰਮਾ ਚੌੜਾ ਪਰਚਾ “ਪੰਜਾਬੀ ਭੰਡਾਰ ਭਰੋ” ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਅਮੀਰੀ ਬਾਰੇ ਪੜ੍ਹਿਆ ਜੋ ਮਗਰੋਂ ਖਾਲਸਾ ਸਮਾਚਾਰ ਵਿਚ ਕਿਸ਼ਤਵਾਰ ਛਪਿਆ।

ਪੁਰੀ ਜੀ ਦੇ ਪੰਜਾਬੀ ਦੇ ਹੱਕ ਵਿਚ ਲਿਖੇ ਕਈਂ ਲੇਖ ਵਿਚ ਖਾਲਸਾ ਸਮਾਚਾਰ ਵਿਚ ਲਿਖੇ ਮਿਲਦੇ ਹਨ ਜਿਨ੍ਹਾਂ ਵਿਚੋਂ ਇਕ ਪੰਜਾਬੀਆਂ ਲਈ ਪੰਜਾਬੀ ਵਿਸ਼ੇਸ਼ ਤੌਰ ‘ਤੇ ਉਲੇਖੇਯੋਗ ਹੈ । ਕੁਲ ਮਿਲਾ ਕੁ ਕਿਹਾ ਜਾ ਸਕਦਾ ਹੈ ਕਿ ਭਾਈ ਵੀਰ ਸਿੰਘ ਜੀ ਦੀ ਇੱਛਾ ਪੰਜਾਬੀ ਨੂੰ ਪੰਜਾਬੀਆਂ ਦੇ ਜੀਵਨ ਵਿਹਾਰ ਅਤੇ ਮਾਨਸਿਕਤਾ ਦਾ ਅੰਗ ਬਣਾਉਣ ਦੀ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,