ਸਿੱਖ ਖਬਰਾਂ

ਸਿੱਖ ਨਸਲਕੁਸ਼ੀ ਦੇ ਦੋਸ਼ੀ ਕਮਲਨਾਥ ਨੂੰ ਮੁੱਖ ਮੰਤਰੀ ਬਣਾ ਕੇ ਸਿੱਖ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਵੇ ਕਾਂਗਰਸ: ਆਪ

December 13, 2018 | By

ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਨੇ 1984 ‘ਚ ਸਿੱਖ ਨਸਲਕੁਸ਼ੀ ਦੇ ਦੋਸ਼ੀ ਕਮਲ ਨਾਥ ਸਿਰ ਕਾਂਗਰਸ ਵੱਲੋਂ ‘ਮੁੱਖ ਮੰਤਰੀ ਦਾ ਤਾਜ’ ਰੱਖੇ ਜਾਣ ਦੀ ਤਿਆਰੀ ਦਾ ਜ਼ੋਰਦਾਰ ਵਿਰੋਧ ਕਰਦੇ ਹੋਏ ਇਹ ਕਿਹਾ ਹੈ ਕਿ ਕਾਂਗਰਸ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੁੰ ਉੱਚੇ ਅਹੁਦਿਆਂ ਨਾਲ ਨਿਵਾਜ ਕੇ ਪੀੜਿਤ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚਾ ਰਹੀ ਹੈ।

‘ਆਪ’ ਵੱਲੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਮਲ ਨਾਥ ਨੇ 1984 ਸਿੱਖ ਨਸਲਕੁਸ਼ੀ ਵਿੱਚ ਮੋਹਰੀ ਭੂਮਿਕਾ ਨਿਭਾਈ ਸੀ।

ਨਾਨਾਵਤੀ ਕਮਿਸ਼ਨ ਸਮੇਤ ਮੀਡੀਆ ਅਤੇ ਦੋ ਨਿਆਂਇਕ ਜਾਂਚ ‘ਚ ਕਮਲ ਨਾਥ ਦੀ ਸਪਸ਼ਟ ਸ਼ਮੂਲੀਅਤ ਤੱਥਾਂ-ਸਬੂਤਾਂ ਸਹਿਤ ਸਾਹਮਣੇ ਆਈ ਹੈ, ਪਰ ਨਾ ਤਾਂ ਕਾਂਗਰਸ ਅਤੇ ਨਾ ਹੀ ਕੇਂਦਰ ‘ਚ ਕਰੀਬ 10 ਸਾਲ ਸੱਤਾ ਭੋਗਣ ਵਾਲੀ ਭਾਜਪਾ-ਅਕਾਲੀ ਦਲ ਦੀ ਸਰਕਾਰ ਨੇ ਕਮਲ ਨਾਥ ਨੂੰ ਹੱਥ ਪਾਉਣ ਹਿੰਮਤ ਦਿਖਾਈ। ਇਸ ਤੋਂ ੳਲੇ ਕਾਂਗਰਸ ਵੱਲੋਂ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਵਾਂਗ ਕਮਲ ਨਾਥ ਨੂੰ ਵੱਡੇ-ਵੱਡੇ ਰੁਤਬਿਆਂ ਨਾਲ ਨਿਵਾਜ ਕੇ ਸਿੱਖਾਂ ਸਮੇਤ ਸਮੁੱਚੇ ਇਨਸਾਫ਼ ਪਸੰਦ ਲੋਕਾਂ ਦਾ ਵਾਰ-ਵਾਰ ਮੂੰਹ ਚਿੜਾਇਆ ਜਾ ਰਿਹਾ ਹੈ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਾਵਜੂਦ ਇਸ ਦੇ ਕਾਂਗਰਸ ਕਮਲ ਨਾਥ ਵਰਗੇ ਦਾਗ਼ੀ ਨੇਤਾਵਾਂ ਨੂੰ ਇੱਕ ਤੋਂ ਵੱਧ ਕੇ ਇੱਕ ਸਨਮਾਨ ਨਾਲ ਨਿਵਾਜ ਰਹੀ ਹੈ। ਅਸੀਂ ਰਾਹੁਲ ਗਾਂਧੀ ਕੋਲੋਂ ਮੰਗ ਕਰਦੇ ਹਾਂ ਉਹ ਕਮਲ ਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਨਾ ਬਣਾਉਣ। ਇਸਦੇ ਨਾਲ ਹੀ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਾ ਹਾਂ ਕਿ ਉਹ ਬਿਨਾ ਹੋਰ ਦੇਰ ਲਾਏ ਕਮਲ ਨਾਥ ਵਿਰੁੱਧ ਕੇਸ ਦੋਬਾਰਾ ਖੁਲ੍ਹਵਾ ਕੇ ਕੇ ਸਮਾਂਬੱਧ ਜਾਂਚ ਕਰਵਾਉਣ ਤਾਂ ਕਿ ਦੋਸ਼ੀ ਨੂੰ ਬਣਦੀ ਸਜਾ ਅਤੇ ਪੀੜਤਾਂ ਨੂੰ ਇਨਸਾਫ਼ ਮਿਲ ਸਕੇ।

ਉਹਨਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੋਂ ਵੀ ਇਹ ਸਪਸ਼ਟੀਕਰਨ ਮੰਗਿਆ ਗਿਆ ਹੈ ਕਿ ਜੇਕਰ ਕਮਲ ਨਾਥ ਸੱਚਮੁੱਚ ਪਾਕ-ਸਾਫ਼ ਹਨ ਤਾਂ ਕਾਂਗਰਸ 2016 ‘ਚ ਕਮਲ ਨਾਥ ਨੂੰ ਪੰਜਾਬ ਦਾ ਇੰਚਾਰਜ ਬਣਾਏ ਜਾਣ ਦਾ ਫ਼ੈਸਲਾ ਵਾਪਸ ਕਿਉਂ ਲਿਆ ਸੀ?


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: