ਸਿੱਖ ਖਬਰਾਂ

ਕੈਪਟਨ ਸਪਸ਼ਟ ਕਰੇ ਕਿ ਉਹ ਲਾਂਘਾ ਖੁੱਲ੍ਹਣ ਦੇ ਹੱਕ ਵਿਚ ਹੈ ਜਾਂ ਵਿਰੋਧ ਵਿੱਚ: ਸਿੱਖ ਵਿਚਾਰ ਮੰਚ

December 20, 2018 | By

ਚੰਡੀਗੜ੍ਹ: ਸਿੱਖ ਬੁੱਧੀਜੀਵੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਉਹ ਸਪੱਸ਼ਟ ਕਰਨ ਕਿ ਉਹ ਕਰਤਾਰਪੁਰ ਸਾਹਿਬ ਲਾਂਘੇ ਦੇ ਹੱਕ ਵਿੱਚ ਜਾਂ ਵਿਰੋਧ ਵਿੱਚ ਹਨ। ਇਸ ਮੁੱਦੇ ਉੱਤੇ ਮੁੱਖ ਮੰਤਰੀ ਦੇ ਆ ਰਹੇ ਦੋਗਲੇ ਬਿਆਨਾਂ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਹੈ ਅਤੇ ਦੇਸ ਵਿਦੇਸ਼ ਵਿੱਚ ਸਿੱਖ ਭਾਈਚਾਰੇ ‘ਚ ਭੰਬਲਭੂਸਾ ਅਤੇ ਡਰ ਪੈਦਾ ਕਰ ਦਿੱਤਾ ਹੈ ਕਿ ਲਾਂਘੇ ਦੀ ਸੰਪੂਰਨਤਾ ਅਤੇ ਸ਼ਰਧਾਲੂਆਂ ਦੀ ਦਰਬਾਰ ਸਾਹਿਬ ਕਰਤਾਰਪੁਰ ਜਾਣ ਲਈ ਰੁਕਾਵਟਾਂ ਪੈਦਾ ਹੋ ਸਕਦੀਆਂ ਹਨ।

ਲਾਂਘੇ ਨੂੰ ਕੇਵਲ ਪਾਕਿਸਤਾਨ ਫੌਜ ਅਤੇ ਆਈ.ਐਸ.ਆਈ ਨਾਲ ਜੋੜ ਕੇ ਮੁੱਖ ਮੰਤਰੀ ਨੇ ਸਿੱਖਾਂ ਦੀਆਂ 70 ਸਾਲ ਤੋਂ ਕਰਤਾਰਪੁਰ ਸਾਹਿਬ ਨੂੰ ਨਤਮਸਤਕ ਹੋਣ ਲਈ ਕੀਤੀਆਂ ਜਾ ਰਹੀਆਂ ਅਰਦਾਸਾਂ ਰਾਹੀਂ ਪਏ ਬੂਰ ਉੱਤੇ ਪਾਣੀ ਫੇਰ ਦਿੱਤਾ ਹੈ । ਕੈਪਟਨ ਅਮਰਿੰਦਰ ਸਿੰਘ ਜੇਕਰ ਇਹ ਦਾਅਵਾ ਕਰਦਾ ਹੈ ਕਿ ਕਰਤਾਰਪੁਰ ਸਾਹਿਬ ਦੇ ਸਥਾਨ ਦੀ ਉਸਾਰੀ ਦੀ ਸੇਵਾ ਉਸਦੇ ਪੁਰਖਿਆਂ ਨੇ ਕਰਵਾਈ ਤਾਂ ਉਸ ਨੂੰ ਕਰਤਾਰਪੁਰ ਲਾਂਘੇ ਦੇ ਖੁੱਲ੍ਹਣ ਦੀ ਸਿੱਖ ਜਗਤ ‘ਚ ਉੱਠੀ ਖੁਸ਼ੀ ਦੀ ਲਹਿਰ ਦੀ ਅਗਵਾਈ ਕਰਨੀ ਚਾਹੀਦੀ ਹੈ ਨਾ ਕਿ ਇਸ ਮੁੱਦੇ ਉੱਤੇ ਹਿੰਦੂਤਵੀ ਤਾਕਤਾਂ ਦੀ ਤਰਜ਼ ਉੱਤੇ ਰਾਸ਼ਟਰਵਾਦੀ ਸਿਆਸਤ ਕਰਨੀ ਚਾਹੀਦੀ ਹੈ । ਲਾਂਘੇ ਦੇ ਮਹੱਤਵਪੂਰਨ ਮੁੱਦੇ ਉੱਤੇ ਮੁੱਖ ਮੰਤਰੀ ਦੇ ਕਈ ਬਿਆਨ ਤਾਂ ਛੋਟੇ ਪੱਧਰ ਦੀ ਹਿੰਦੂ ਵੋਟ ਨੂੰ ਆਪਣੇ ਪੱਖ ਵਿਚ ਕਰਨ ਲਈ ਅਤੇ ਨਵਜੋਤ ਸਿੱਧੂ ਨੂੰ ਨੀਵੇਂ ਦਿਖਾਉਣ ਵੱਲ ਸੇਧਤ ਹਨ ।

ਸਿੱਖ ਬੁੱਧੀਜੀਵੀਆਂ ਨੇ ਕਿਹਾ ਕਿ ਉਹਨਾਂ ਨੂੰ ਕੈਪਟਨ ਤੋਂ ਇਹ ਉਮੀਦ ਬਿਲਕੁਲ ਨਹੀਂ ਸੀ ਕਿ ਉਹ ਆਰ.ਐਸ.ਐਸ ਦੇ ਮਾਪਦੰਡਾਂ ਰਾਹੀ ਸਿੱਖਾਂ ਦੀ ਦੇਸ਼-ਭਗਤੀ ਨੂੰ ਮਿਣੇਗਾ ਅਤੇ ਸਿੱਖਾਂ ਉਤੇ ਮੁੜ ਸਰਕਾਰੀ ਤਸ਼ੱਦਦ ਕਰਨ ਲਈ ਇੱਕ ਨਵਾਂ ਹੋਰ ਪਿੜ ਤਿਆਰ ਕਰੇਗਾ। ਕੈਪਟਨ ਨੇ ਆਪਣੇ ਬਿਆਨਾਂ ਨੂੰ ਸਹੀ ਦਰਸਾਉਣ ਲਈ ਪਾਕਿਸਤਾਨ ‘ਚ ਕਥਿਤ ਤੋਰ ਉੱਤੇ ਹੋ ਰਹੀ 2019 ਦੀ ਸਿੱਖ ਰਿਫਰੈਂਡਮ ਕਨਵੈਂਸ਼ਨ ਨੂੰ ਆਧਾਰ ਬਣਾਉਣਾ ਬਿਲਕੁਲ ਨਿਰਮੂਲ ਹੈ, ਜਦ ਕਿ ਕੈਪਟਨ ਨੇ ਭਾਰਤ ਚ ਹਿੰਦੂ ਰਾਸ਼ਟਰ ਪੱਖੀ ਤੇ ਮੁਸਲਿਮ ਵਿਰੋਧੀ ਗਤੀਵਿਧੀਆਂ ਨੂੰ ਕਦੇ ਵੀ ਜ਼ੋਰ ਸ਼ੋਰ ਨਾਲ ਨਹੀਂ ਨਿੰਦਿਆ। ਉਨ੍ਹਾਂ ਕਿਹਾ ਕਿ ਕੈਪਟਨ ਦੇ ਬਿਆਨ ਤਾਂ ਇੰਝ ਲਗਦੇ ਹਨ ਕਿ ਜਿਵੇਂ ਉਹ ਕਿਸੇ ਕੱਟੜਵਾਦੀ ਹਿੰਦੂ ਲੀਡਰ ਵੱਲੋਂ ਹੋਣ, ਜਿਹੜਾ ਕਿ ਭਾਰਤ ਦੀ ਘੱਟ ਗਿਣਤੀਆਂ ਨੂੰ 2 ਨੰਬਰ ਦੇ ਸ਼ਹਿਰੀ ਬਣਾਉਣਾ ਚਾਹੁੰਦਾ ਹੈ ।

ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਨੁਮਾਇੰਦੇ (ਪੁਰਾਣੀ ਤਸਵੀਰ)

ਸਿੱਖ ਬੁੱਧੀਜੀਵੀਆਂ ਨੇ ਸਪੱਸ਼ਟ ਕੀਤਾ ਕਿ ਕਰਤਾਰਪੁਰ ਸਾਹਿਬ ਦਾ ਸਥਾਨ ਸਿੱਖੀ ਦਾ ਧੁਰਾ ਹੈ ਜਿੱਥੇ ਗੁਰੂ ਸਾਹਿਬ ਨੇ ਅਮਲੀ ਰੂਪ ‘ਚ ਸਿੱਖ ਪੰਥ ਦਾ ਮੁੱਢ ਬੰਨ੍ਹਿਆ, ਗੁਰਗੱਦੀ ਦੇ ਉੱਚੇ ਸਿਧਾਂਤ ਨਿਰਧਾਰਿਤ ਕੀਤੇ, ਗੁਰਬਾਣੀ ਦਾ ਸੰਕਲਨ ਆਰੰਭ ਕੀਤਾ, ਕਿਰਤ ਦਾ ਸਿਧਾਂਤ ਦਿੱਤਾ ਅਤੇ ਉਹ ਇਸ ਅਸਥਾਨ ਉੱਤੇ ਜੋਤੀ ਜੋਤ ਸਮਾਏ । ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜੇ ਇਸ ਮਹਾਨ ਅਸਥਾਨ ਦਾ ਪਹਿਲਾਂ ਦੇਸ ਦੀ ਵੰਡ ਵੇਲੇ ਸਰਹੱਦ ਦੇ ਪਾਰ ਰਹਿ ਜਾਣਾ ਸਿੱਖਾਂ ਲਈ ਬਹੁਤ ਵੱਡਾ ਸਦਮਾ ਸੀ ਅਤੇ ਦੂਸਰਾ ਹੁਣ ਲਾਂਘੇ ਨੂੰ ਖੋਲ੍ਹਣ ਦੇ ਮੁੱਦੇ ਉੱਤੇ ਹਲਕੇ ਪੱਧਰ ਦੀ ਸਿਆਸਤ ਨੇ ਸਿੱਖਾਂ ਨੂੰ ਨਿਰਾਸ਼ ਕੀਤਾ ਹੋਇਆ ਹੈ । ਮੁੱਖ ਮੰਤਰੀ ਨੂੰ ਇੱਕ ਸਿੱਖ ਹੋਣ ਦੇ ਨਾਤੇ ਸਾਰੀ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਸੀ ਕਿ ਕਰਤਾਰਪੁਰ ਸਾਹਿਬ ਲਾਂਘੇ ਨਾਲ ਸਿੱਖਾਂ ਦੀਆਂ ਭਾਵਨਾਂਵਾਂ ਕਿਸ ਹੱਦ ਤਕ ਡੂੰਘੇ ਰੂਪ ਚ ਜੁੜੀਆਂ ਹੋਈਆਂ ਹਨ । ਕੈਪਟਨ ਨੂੰ ਇਸ ਮੁੱਦੇ ਉੱਤੇ ਹਲਕੇ ਅਤੇ ਸਿਆਸਤ ਪ੍ਰੇਰਿਤ ਬਿਆਨ ਨਹੀਂ ਦੇਣੇ ਚਾਹੀਦੇ ।

ਇਸ ਮੌਕੇ ਗੁਰਤੇਜ ਸਿੰਘ ਸਾਬਕਾ ਆਈ.ਏ.ਐਸ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਮੁੱਖ ਬੁਲਾਰੇ ਗੁਰਪ੍ਰੀਤ ਸਿੰਘ, ਜਸਪਾਲ ਸਿੰਘ ਸਿੱਧੂ ਸੀਨੀਅਰ ਪੱਤਰਕਾਰ, ਰਾਜਿਵੰਦਰ ਸਿੰਘ ਰਾਹੀ, ਪ੍ਰੋ.ਗੁਰਦਰਸ਼ਨ ਸਿੰਘ ਢਿੱਲੋਂ ਅਤੇ ਸ਼੍ਰੋਮਣੀ ਖਾਲਸਾ ਪੰਚਾਇਤ ਦੇ ਕਨਵੀਨਰ ਰਾਜਿੰਦਰ ਸਿੰਘ ਅਤੇ ਹੋਰ ਸਿੱਖ ਬੁੱਧੀਜੀਵੀ ਹਾਜਰ ਸਨ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: