ਲੇਖ » ਸਿੱਖ ਖਬਰਾਂ

‘ਬਾਬਿਆਂ’ ਦੀ ਸ਼ਹੀਦੀ ਨੂੰ ਬਾਲ ਦਿਹਾੜੇ ਨਾਲ ਤੋਲਣ ਦਾ ਮਸਲਾ

January 1, 2019 | By

ਗੁਰਤੇਜ ਸਿੰਘ ਠੀਕਰੀਵਾਲਾ (ਡਾ.)
94638-61316

ਭਾਰਤ ਵਿਚ ਬਾਲ ਦਿਹਾੜਾ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਕਰਕੇ ਮਨਾਏ ਜਾਣ ਦਾ ਮੁੱਦਾ ਚਰਚਾ ਦਾ ਵਿਸ਼ਾ ਹੈ। ਖਬਰਨਾਮੇ ਦੇ ਵੱਖ ਵੱਖ ਸਾਧਨਾਂ ਉੱਪਰ ਜਿਥੇ ਇਸ ਦੀ ਹਾਮੀ ਭਰੀ ਗਈ ਹੈ, ੳੁੱਥੇ ਇਸ ਨਾਲ ਵੱਡੇ ਪੱਧਰ ’ਤੇ ਅਸਹਿਮਤੀ ਵੀ ਪ੍ਰਗਟਾਈ ਗਈ ਹੈ। ਇਸ ਲੇਖ ਦਾ ਵਿਸ਼ਾ ਮਸਲੇ ਨੂੰ ਤਹਿ ਤਕ ਜਾਣਨ ਅਤੇ ਸਿੱਖੀ ਵਿਚ ਸਾਹਿਬਾਜ਼ਾਦਿਆਂ ਦੀ ਲਾਸਾਨੀ ਤੇ ਅਨੋਖੀ ਸ਼ਖ਼ਸੀਅਤ ਦੇ ਨਜ਼ਰੀਏ ਤੋਂ ਮੁੱਦੇ ਦੀ ਪੜਚੋਲ ਕਰਨੀ ਹੈ। ਬਾਲ ਦਿਵਸ ਕੀ ਹੈ ? ਬਾਲ ਦਿਵਸ ਬੱਚਿਆਂ ਨੂੰ ਸਮਰਪਿਤ ਇਕ ਤਿਉਹਾਰ ਹੈ।

ਵਿਸ਼ਵ ਦੇ ਲਗਪਗ 88 ਦੇਸ਼ਾਂ ਵਿਚ ਇਹ ਤਿਉਹਾਰ ਮਨਾਇਆ ਜਾਂਦਾ ਹੈ।ਇਸ ਨੂੰ ਮਨਾਉਣ ਦੀ ਪਰੰਪਰਾ, ਰੀਤੀ ਅਤੇ ਇਤਿਹਾਸ ਹਰ ਦੇਸ਼ ਦਾ ਵੱਖਰਾ ਹੈ। ਇਹ ਦਿਵਸ ਸਾਰੇ ਦੇਸਾਂ ਵਿਚ ਵੱਖ-ਵੱਖ ਤਰੀਕਾਂ ਅਨੁਸਾਰ ਸਾਲ ਦੇ ਸਾਰੇ ਮਹੀਨਿਆਂ ਵਿਚ ਮਨਾਏ ਜਾਂਦੇ ਹਨ। ਸਭ ਤੋਂ ਪਹਿਲਾਂ ਜੂਨ ਮਹੀਨੇ ਦੇ ਦੂਸਰੇ ਐਤਵਾਰ 1857 ਤੋਂ ਯੂਨਾਈਟਡ ਸਟੇਟਸ ਦੇ ਸਫੋਲਿਕ ਦੇਸ਼ ਦੇ ਇਕ ਸ਼ਹਿਰ ਚੈਲਸੀਆ ਵਿਚ ਬਾਲ ਦਿਵਸ ਮਨਾਇਆ ਜਾਣ ਲੱਗਿਆ ਸੀ। ਇੱਥੇ ਨਾਮਵਰ ਪਾਦਰੀ ਡਾ. ਚਾਰਲਸ ਲੀਓਨਾਰਡ ਦੁਆਰਾ ਇਹ ਦਿਹਾੜਾ ਮਨਾਇਆ ਜਾਣ ਲੱਗਿਆ ਸੀ, ਜਿਸ ਵਿਚ ਬਚਿਆਂ ਨੂੰ ਸਮਰਪਿਤ ਸੇਵਾ ਦੀ ਭਾਵਨਾ ਦਾ ਅਮਲ ਸੀ। ਭਾਰਤ ਵਿਚ 14 ਨਵੰਬਰ ਨੂੰ ਬਾਲ ਦਿਹਾੜਾ ਮਨਾਇਆ ਜਾਂਦਾ ਹੈ। ਬੱਚਿਆਂ ਦੇ ਚਾਚਾ ਨਹਿਰੂ ਵਜੋਂ ਜਾਣੇ ਗਏ ਪੰਡਤ ਨਹਿਰੂ ਦੀ 27 ਮਈ 1964 ਵਿਚ ਮੌਤ ਹੋਣ ਤੋਂ ਬਾਅਦ ਇਹ ਦਿਹਾੜਾ ਮਨਾਉਣ ਦਾ ਫੈਸਲਾ ਕੀਤਾ ਗਿਆ ਸੀ।

ਭਾਰਤ ਦੀ ਪਾਰਲੀਮੈਂਟ ਦੇ ਕੁਝ ਮੈਂਬਰਾਂ ਅਤੇ ਹੋਰ ਰਾਜਨੀਤਕ ਆਗੂਆਂ ਵਲੋਂ ਬਾਲ ਦਿਹਾੜਾ ਸਾਹਿਬਜ਼ਾਦਿਆਂ ਦੀ ਯਾਦ ਵਿਚ ਮਨਾਏ ਜਾਣ ਦੇ ਸੁਝਾਅ ਭਾਰਤੀ ਰਾਸ਼ਟਰਵਾਦ ਨੂੰ ਵਧੇਰੇ ਜ਼ੋਰ ਦੇਣ ਦੀ ਭਾਵਨਾ ਵਿਚੋਂ ਹੀ ਉਪਜੇ ਹਨ। ਸਾਹਿਬਾਜ਼ਾਦਿਆਂ ਪ੍ਰਤੀ ਇਹਨਾਂ ਆਗੂਆਂ ਦੀ ਭਾਵਨਾ ਤੇ ਸ਼ਰਧਾ ਕਿਤਨੀ ਵੀ ਹੋਵੇ ਪਰ ‘ਨਿੱਕੀਆਂ ਜਿੰਦਾਂ ਵੱਡੇ ਸਾਕੇ’ ਕਰਨ ਵਾਲੇ ਛੋਟੇ ਸਾਹਿਬਜ਼ਾਦਿਆਂ ਨੂੰ ਬਾਲ ਦਿਹਾੜੇ ਨਾਲ ਜੋੜ ਕੇ ਦੇਖਣ ਦਾ ਰੁਝਾਨ ਵਿਚਾਰ ਦੀ ਮੰਗ ਜ਼ਰੂਰ ਕਰਦਾ ਹੈ। ਵਿਸ਼ੇ ਨੂੰ ਉਸੇ ਸੰਦਰਭ ਵਿਚ ਵੇਖਣਾ ਤੇ ਅਮਲ ਵਿਚ ਲਿਆਉਣਾ ਸਿਧਾਂਤ ਤੇ ਅਮਲ ਦੀ ਸ਼ੁੱਧ ਪੇਸ਼ਕਾਰੀ ਕਹੀ ਜਾ ਸਕਦੀ ਹੈ। ਇਥੇ ਵੀ ਇਹੀ ਗੱਲ ਲਾਗੂ ਹੁੰਦੀ ਹੈ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਵੱਖ-ਵੱਖ ਦੇਸਾਂ ਵਿਚ ਬੱਚਿਆਂ ਵਿਚਲੀ ਕੁਦਰਤੀ ਮਾਸੂਮੀਅਤ ਤੇ ਨਿਰਛਲ ਵਿੳਹਾਰ ਇਸ ਦਿਵਸ ਨੂੰ ਮਨਾਏ ਜਾਣ ਦੀ ਵਜ੍ਹਾ ਹੈ।

ਉਹਨਾਂ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨਾ ਬਾਲ ਦਿਹਾੜਾ ਮਨਾਉਣ ਦਾ ਏਜੰਡਾ ਹੁੰਦਾ ਹੈ।ਭਾਰਤ ਵਿਚ ਇਹ ਦਿਵਸ ਸਰਕਾਰਾਂ ਵਲੋਂ ਦਿੱਤੇ ਜਾਂਦੇ ਬਾਲ ਵਿਕਾਸ ਦੇ ਪ੍ਰੋਗਰਾਮਾਂ ਦਾ ਹੀ ਇਕ ਹਿੱਸਾ ਹੈ। ਜੇ ਅਸੀਂ ਸੰਖੇਪ ਵਿਚ ਬਾਲ ਦਿਵਸ ਨੂੰ ਵਰਨਣ ਕਰਨਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਇਹ ਦਿਹਾੜਾ ਦੇਸ ਦੀ ਸਰਕਾਰ ਵਲੋਂ ੳੇੁਲੀਕਿਆ ਗਿਆ ਹੈ। ਇਸ ਦਾ ਕਿਸੇ ਧਰਮ ਜਾਂ ਮਜ਼੍ਹਬ ਨਾਲ ਜਾਂ ਕੋਈ ਬ੍ਰਹਿਮੰਡੀ ਸਰੋਕਾਰ ਨਹੀਂ।ਇਸ ਦਿਵਸ ਦਾ ਕੋਈ ਲਾਸਾਨੀ ਜਾਂ ਕੁਰਬਾਨੀ ਵਾਲਾ ਪਿਛੋਕੜ ਨਹੀਂ।ਸਿਰਫ ਮਨੁੱਖੀ ਵਿਕਾਸ ਵਿਚ ਬਚਪਨ ਦੇ ਪੜਾਅ ਨੂੰ ਬਾਲ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। ਇਸੇ ਤਰ੍ਹਾਂ ਮਾਤਾ,ਪਿਤਾ ਅਤੇ ਅਧਿਆਪਕ ਦਿਹਾੜਾ ਆਦਿ ਮਨਾਏ ਜਾਂਦੇ ਹਨ। ਭਾਰਤ ਵਿਚ ਇਹ ਕਾਂਗਰਸ ਪਾਰਟੀ ਦੇ ਨੇਤਾ ਪੰਡਤ ਨਹਿਰੂ ਦੀ ਯਾਦ ਨਾਲ ਜੁੜਿਆ ਹੋਇਆ ਹੈ, ਇਸ ਕਰਕੇ ਵਿਰੋਧੀ ਪਾਰਟੀ ਇਸ ੳੁੱਤੇ ਕਦੇ ਵੀ ਕਿਸੇ ਤਰ੍ਹਾਂ ਕਿੰਤੂ ਕਰ ਸਕਦੀ ਹੈ। ਵਰਤਮਾਨ ਵਿਚ ਦੇਸ਼ ਪੱਧਰ ਦੇ ਕੁਝ ਆਗੂਆਂ ਵਲੋਂ ਬਾਲ ਦਿਹਾੜੇ ਨੂੰ ਪੰਡਤ ਨਹਿਰੂ ਦੀ ਥਾਂ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਮਨਾਉਣ ਦੇ ਸੁਝਾਅ ਵਧੇਰੇ ਇਸੇ ਨੁਕਤੇ ਤੋਂ ਵੇਖੇ ਜਾ ਰਹੇ ਹਨ।

ਦੂਸਰੇ ਪਾਸੇ ਛੋਟੇ ਸਾਹਿਬਜ਼ਾਦਿਆਂ ਦੀ ਅਨੋਖੀ ਸ਼ਖ਼ਸੀਅਤ ਅਤੇ ਲਾਸਾਨੀ ਸ਼ਹਾਦਤ ਨਾਲ ਕਈ ਆਤਮਕ ਤੇ ਸੰਸਾਰਕ ਸਰੋਕਾਰ ਜੁੜੇ ਹੋਏ ਹਨ। ਸਭ ਤੋਂ ਪਹਿਲਾਂ ਇਹ ਹੈ ਕਿ ਸਿੱਖ ਧਰਮ ਇਕ ਅਕਾਲ ਪੁਰਖ ਵਿਚ ਅਟਲ ਨਿਸਚੈ ਵਾਲਾ ਧਰਮ ਹੈ। ਗੁਰੂ ਸਾਹਿਬਾਨ ਦੁਆਰਾ ਦਿੱਤਾ ਦੈਵੀ ਸੁਨੇਹਾ ਸਮੇਂ ਤੇ ਸਥਾਨ ਦੇ ਬੰਧਨ ਵਿਚ ਨਹੀਂ। ਸੋ ਇਸ ਵਿਚ ਆਤਮਕ ਅਵਸਥਾ ਦਾ ਉਮਰ ਦੇ ਤਕਾਜ਼ੇ ਨਾਲ ਕੋਈ ਵਾਸਤਾ ਨਹੀਂ।ਇਸੇ ਲਈ ਗੁਰਬਾਣੀ ਵਿਚ ਆਤਮਕ ਰੰਗ ਵਿਚ ਰੰਗੇ ਬੱਚੇ, ਬਜ਼ੁਰਗਾਂ ਸਮਾਨ ਹਨ ਅਤੇ ਨਾਮ ਵਿਹੂਣੇ ਬਜ਼ੁਰਗ, ਬੱਚਿਆਂ ਸਮਾਨ ਮੰਨੇ ਗਏ ਹਨ। ਛੋਟੇ ਸਾਹਿਬਜ਼ਾਦੇ ਗੁਰੂ ਸਪੁੱਤਰ ਹਨ। ਉਹਨਾਂ ਦੀ ਆਤਮਕ ਅਮੀਰੀ ਦਾ ਪ੍ਰਮਾਣ ਉਹਨਾਂ ਦੀ ਸ਼ਹਾਦਤ ਅਤੇ ਸ਼ਹਾਦਤ ਦਾ ਸਮੁੱਚਾ ਵਰਤਾਰਾ ਹੈ। ਸੰਸਾਰ ਵਿਚ ਇਨਸਾਨੀਅਤ, ਮਨੁੱਖੀ ਨੈਤਿਕਤਾ ਅਤੇ ਸਭਿਆਚਾਰਕ ਪੱਧਰ ਜੇ ਕੋਈ ਅੰਤਿਮ ਰੁਤਬਾ ਹੈ ਤਾਂ ਉਹ ਸ਼ਹੀਦੀ ਜਾਂ ਸ਼ਹਾਦਤ ਦਾ ਹੈ। ‘ਸ਼ਹਾਦਤ’ (ਅਰਬੀ) ਦਾ ਸ਼ਾਬਦਿਕ ਅਰਥ ਵੀ ਗਵਾਹੀ ਦੇਣੀ, ਤਸਦੀਕ ਕਰਨਾ, ਸਹੀ ਪਾਉਣਾ ਹੈ।

ਅਧਿਆਤਮਕ ਨਿਸਚੈ ਵਿਚ ‘ਸ਼ਹੀਦ’ ਸਮੁੱਚੀ ਲੋਕਾਈ ਨੂੰ ਅਕਾਲ ਪੁਰਖ ਦੀ ਸੰਤਾਨ ਸਮਝਦਾ ਹੋਇਆ,ਉਸ ਲਈ ਆਪਣੇ ਪ੍ਰਾਣਾਂ ਦੀ ਅਹੂਤੀ ਦੇਣੀ ‘ਸਚਖੰਡ’ ਦੇ ਮਾਰਗ ਵਿਚ ਤੁੱਛ ਭੇਟਾ ਸਮਝਦਾ ਹੈ। ਖੁਦਾਈ ਪ੍ਰੇਮ ਵਿਚ ਅਤੇ ‘ਅਸੁਰ ਸੰਘਾਰਬੇ ਕੋ’ ਸਰਬੰਸ ਕੁਰਬਾਨ ਕਰ ਦੇਣਾ ਇਸ ਨਿਸਚੈ ਦੀ ਸਿਖਰ ਹੈ। ਦਾਰਸ਼ਨਿਕ ਪ੍ਰਸੰਗ ਵਿਚ ‘ਸ਼ਹਾਦਤ’ ਦਾ ਸਰੋਕਾਰ ਸਮੇਂ ਤੇ ਸਥਾਨ ਦੀ ਕੈਦ ਤੋਂ ਮੁਕਤ ਅਸੀਮ ਤੇ ਸਰਬ ਵਿਆਪਕ ਹੈ। ਸ਼ਹਾਦਤ ਦਾ ਚਾਉ ਰੂਹ ਦੀ ਅਤਿਅੰਤ ਚੇਤੰਨ ਅਵਸਥਾ ਵਿਚ ਪਰਮ ਸੱਚ ਨਾਲ ਅਭੇਦਤਾ ਅਤੇ ਸੰਸਾਰਕ ਯਥਾਰਥਕਤਾ ਕਿ ਇਹ ਸਦੀਵੀ ਨਹੀਂ ਤੇ ਜੋ ਸਦੀਵੀ ਹੈ ਉਸ ਦੇ ਪ੍ਰੇਮ ਦਾ ਰਾਹ ਸ਼ਹਾਦਤ ਹੀ ਹੈ, ਬਾਰੇ ਮੁਕੰਮਲ ਬੋਧ ਦੇ ਮੰਡਲ ਵਿਚੋਂ ਪੈਦਾ ਹੁੰਦਾ ਹੈ।ਮਹਾਨ ਸ਼ਹਾਦਤਾਂ ਦੇ ਮਾਰਗ ਦਰਸ਼ਕ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕਿਸੇ ਇਕ ਰਾਸ਼ਟਰੀ ਦਿਹਾੜੇ ਨਾਲ ਤੋਲਣਾ ਉਹਨਾਂ ਦੀ ਸ਼ਖ਼ਸੀਅਤ ਅਤੇ ਸ਼ਹਾਦਤ ਦੋਹਾਂ ਲਈ ਠੀਕ ਨਹੀਂ।

ਸਰੀਰਕ ਤੌਰ ‘ਤੇ ਛੋਟੀ ਉਮਰ ਦੇ ਬਾਵਜੂਦ ਉਹ ਆਤਮਕ ਸੁਰਤ ਦੇ ਪੱਧਰ ‘ਤੇ ਅਥਾਹ ਜਾਗਰੁੱਕ ਹਨ। ਇਤਿਹਾਸਕ ਲਿਖਤਾਂ ਵਿਚੋਂ ਇਸ ਵਾਰਤਾਲਾਪ ਦੇ ਮਿਲਦੇ ਉਲੇਖ ਅਨੁਸਾਰ ਛੋਟੇ ਸਾਹਿਬਾਜ਼ਾਦੇ ਮਾਸੂਮ ਅਵਸਥਾ ਵਿਚ ਵੀ ਸੂਬੇ ਦੀ ਕਚਹਿਰੀ ਵਿਚ ਪਹੁੰਚਣ ਤੋਂ ਲੈ ਕੇ ਅਖੀਰ ਤਕ ਸਰੀਰਕ ਤੇ ਮਾਨਸਕ ਝੁਕਾਵਾਂ ਤੋਂ ਮੁਕੰਮਲ ਮੁਕਤ ਰਹੇ।ਉਹਨਾਂ ਦੇ ਬੋਲਾਂ ਤੇ ਹਾਵ-ਭਾਵਾਂ ਤੋਂ ਉਹਨਾਂ ਦੀ ਦਿਬ ਦ੍ਰਿਸ਼ਟੀ, ਸਹਿਜ ਅਤੇ ਸੂਝ-ਬੂਝ ਦੇ ਦੈਵੀ ਗੁਣਾਂ ਦਾ ਪ੍ਰਗਟਾਵਾ ਹੁੰਦਾ ਹੈ ਜਿਹੜੇ ਗੁਰਬਾਣੀ ਵਿਚ ਗੁਰਮੁੱਖ ਜਾਂ ਜੀਵਨ ਮੁਕਤ ਮਹਾਂਪੁਰਸ਼ ਦੇ ਦਰਸਾਏ ਗਏ ਹਨ ਅਤੇ ਜਿਨ੍ਹਾਂ ਦੇ ਧਾਰਨੀ ਨੂੰ ੳੁੱਚਤਮ ਅਧਿਆਤਮਕ ਅਵਸਥਾ ਦੀ ਪ੍ਰਾਪਤੀ ਲਈ ਕਿਸੇ ਵਿਸ਼ੇਸ਼ ਸਾਧਨਾ ਜਾਂ ਸ਼ਾਸਤਰੀ ਵਿਚਾਰਾਂ (ਪੁੰਨ-ਪਾਪ) ਵਿਚ ਉਲਝਣ ਦੀ ਲੋੜ ਨਹੀਂ। ਉਹਨਾਂ ਦੇ ਕਥਨਾਂ ਵਿਚੋਂ ਜਿੱਥੇ ਉਹਨਾਂ ਦੀ ‘ਜੀਵਨ ਮੁਕਤ’ ਅਵਸਥਾ ਦਾ ਦਰਸ਼ਨ ਹੁੰਦਾ, ਉੱਥੇ ਦਾਦਾ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦੈਵੀ ਸ਼ਖ਼ਸੀਅਤ ਬਾਰੇ ਉਹਨਾਂ ਦਾ ਅਗੰਮੀ ਅਨੁਭਵ ਪ੍ਰਕਾਸ਼ਮਾਨ ਹੁੰਦਾ ਹੈ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਮਾਜਕ ਤੇ ਸਭਿਆਚਾਰਕ ਪੱਧਰ ‘ਤੇ ਵੀ ਅਮਿੱਟ ਛਾਪ ਛੱਡ ਗਈ ਹੈ।

ਪੋਹ ਦੇ ਮਹੀਨੇ ਸਿੱਖ ਘਰਾਂ ਵਿਚ ਵਿਆਹ ਆਦਿ ਖ਼ੁਸ਼ੀ ਦੇ ਸਮਾਗਮ ਨਾ ਕਰਨ ਦੇ ਵਿਸ਼ਵਾਸ ਪਿੱਛੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਗਹਿਰੇ ਗਮ ਦੀ ਭਾਵਨਾ ਵਿਦਮਾਨ ਹੈ। ਸਵੈਮਾਣ,ਅਣਖ,ਬੀਰਤਾ,ਕੁਰਬਾਨੀ,ਪਰਉਪਕਾਰ ਜਿਹੇ ਸਦਾਚਾਰਕ ਗੁਣਾਂ ਦੇ ਪ੍ਰੇਰਕ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੇ ਪੰਜਾਬੀ ਸਭਿਆਚਾਰ ਦੀ ਗਾਇਨ ਪਰੰਪਰਾ ਨੂੰ ਵੱਡੇ ਪੱਧਰ ‘ਤੇ ਪ੍ਰਭਾਵਿਤ ਕੀਤਾ ਹੈ। ‘ਨਿੱਕੀਆਂ ਜਿੰਦਾਂ ਵੱਡੇ ਸਾਕੇ’ ਦੇ ਬੋਲ ਹਮੇਸ਼ਾਂ ਹੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਲੋਕ ਮਨਾਂ ਤੇ ਜ਼ੁਬਾਨਾਂ ਵਿਚ ਤਾਜ਼ਾ ਰੱਖਦੇ ਰਹਿਣਗੇ। ਸਿਖ ਬੱਚਿਆਂ ਤੇ ਨੌਜਵਾਨ ਪੀੜ੍ਹੀ ਨੂੰ ਧਰਮ ਤੇ ਵਿਰਾਸਤ ਦੇ ਆਤਮਕ ਮੰਡਲ ਵਿਚ ਪਰਪੱਕ ਰਹਿਣ ਦੇ ਆਸ਼ੇ ਤੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਰਤਾ ਤੋਂ ਉੱਪਰ ਕੋਈ ਇਤਿਹਾਸਕ ਬਿਰਤਾਂਤ, ਕਥਾ ਨਹੀਂ। ਸਾਲਾਨਾ ਸ਼ਹੀਦੀ ਸਭਾ ’ਤੇ ਹੋਰ ਸਮਾਗਮਾ ਨਾਲੋਂ ਜ਼ਿਆਦਾ ਇਕੱਤਰਤਾ ਹੋਣ ਦਾ ਰਿਕਾਰਡ ਵੀ ਇਹਨਾਂ ਸ਼ਹਾਦਤਾਂ ਪ੍ਰਤੀ ਅਥਾਹ ਸ਼ਰਧਾ ਤੇ ਸਤਿਕਾਰ ਦਾ ਸੂਚਕ ਹੈ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਸੱਚ ਸਿਖ ਇਤਿਹਾਸ ਦਾ ਅਜਿਹਾ ਬਿਰਤਾਂਤ ਹੈ ਜਿਹੜਾ ਪੂਰਵ-ਇਤਿਹਾਸਕ ਕਥਾਵਾਂ ਨੂੰ ਵੀ ਮਾਤ ਪਾਉਂਦਾ ਹੈ। ਇਸ ਨੂੰ ਬਿਆਨ ਕਰਨ ਲਈ ਕਿਸੇ ‘ਪੌਰਾਣਿਕ ਕਥਾ’ ਦੇ ਹਵਾਲਿਆਂ ਅਤੇ ਮੁਹਾਵਰੇ ਦੀ ਲੋੜ ਨਹੀਂ।ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਿਰਤਾਂਤ ਵਿਸ਼ਵ ਇਤਿਹਾਸ ਦੀ ਯਥਾਰਥਕ ‘ਮਹਾਨ ਕਥਾ’ ਹੈ।

ਜੇ ਬਾਲ ਦਿਹਾੜਾ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਕਰਕੇ ਮਨਾਉਣ ਦਾ ਅਮਲ ਹੋ ਵੀ ਜਾਵੇ ਤਾਂ ਇਸ ਨਾਲ ਬਾਲ ਦਿਹਾੜਾ ਦੀ ਮਹਾਨਤਾ ਤਾਂ ਜਰੂਰ ਵੱਧ ਸਕਦੀ ਹੈ ਪਰ ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਸਖ਼ਸੀਅਤ ਨਾਲ ਨਿਆਂ ਨਹੀਂ ਹੋਵੇਗਾ। ਇਸ ਦੀ ਵਜ੍ਹਾ ਇਹ ਹੈ ਕਿ ਉਹਨਾਂ ਦੀ ਸ਼ਖ਼ਸੀਅਤ ਅਤੇ ਸ਼ਹਾਦਤ ਦਾ ਫਲਸਫਾ ਬ੍ਰਹਿਮੰਡੀ ਹੈ। ਕਿਸੇ ਦੇਸ ਦੀ ਹਦੂਦ ਵਿਚ ਅਤੇ ਸਮੇਂ ਦੀ ਸੀਮਾ ਵਿਚ ਉਹਨਾਂ ਨੂੰ ਜਕੜਿਆ ਨਹੀਂ ਜਾ ਸਕਦਾ। ਵੱਖ-ਵੱਖ ਦੇਸਾਂ ਵਿਚ ਮਨਾਏ ਜਾਂਦੇ ਬਾਲ ਦਿਹਾੜਾ ਰਾਸ਼ਟਰਾਂ ਦੀਆਂ ਸੀਮਵਾਂ ਤਕ ਸੀਮਤ ਹਨ। ਸਿੱਖੀ ਦੀ ਸ਼ਹਾਦਤ ਕੇਵਲ ਰਾਸ਼ਟਰਾਂ ਤਕ ਸੀਮਤ ਨਹੀਂ। ਸਿਖ ਸ਼ਹਾਦਤਾਂ ਨਿਰੋਲ ਸੱਚ ਧਰਮ ਦੀ ਸਥਾਪਨਾ ਅਤੇ ਅਸੁਰੀ ਤਾਕਤਾਂ ਨੂੰ ਟੱਕਰ ਦੇਣ ਦੇ ਅਮਲ ਦਾ ਸਿੱਟਾ ਹਨ। ਨੌਵੇਂ ਪਾਤਸ਼ਾਹ ਦੀ ਸ਼ਹਾਦਤ ਧਾਰਮਿਕ ਸੁਤੰਤਰਤਾ ਲਈ ਸੀ।

ਜੇ ਕਿਸੇ ਹੋਰ ਮਜ਼੍ਹਬ ਉੱਪਰ ਖਤਰਾ ਹੁੰਦਾ ਅਤੇ ਹਕੂਮਤ ਸ਼੍ਰੇਣੀ ਕੋਈ ਵੀ ਹੁੰਦੀ ਤਾਂ ਵੀ ਗੁਰੂ ਸਾਹਿਬਾਨ ਦਾ ਇਹੀ ਪੈਂਤੜਾ ਨਿਸਚਿਤ ਸੀ। ਅਜਿਹੇ ਦਿਵਸ ਰਾਸ਼ਟਰੀ ਹਦਾਂ ਨੂੰ ਮਜ਼ਬੂਤ ਕਰਨ ਅਤੇ ਦੂਸਰੇ ਰਾਸ਼ਟਰਾਂ ਪ੍ਰਤੀ ਹੀਣ ਭਾਵਨਾ ਨੂੰ ਉਪਜਾਉਂਦੇ ਹਨ ਜਦ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਰਾਸ਼ਟਰੀ ਹੱਦਾਂ ਤੋਂ ਪਾਰ ਸਮੁੱਚੀ ਮਾਨਵਤਾ ਦੀ ਏਕਤਾ ਅਤੇ ਧਾਰਮਿਕ ਸ਼ਹਿਣਸ਼ੀਲਤਾ ਦੇ ਪੈਗ਼ਾਮ ਦਿੰਦੀ ਹੈ। ਸੋ ਸਾਹਿਬਜ਼ਾਦਿਆਂ ਦੀ ਸ਼ਹਾਦਤ, ਛੋਟੀ ਉਮਰ, ਆਤਮਿਕ ੳੁੱਚਤਾ ਅਤੇ ਹਕੂਮਤ ਨੂੰ ਵੰਗਾਰਨ ਦਾ ਅਡੋਲ ਤੇ ਜੁਰਅੱਤ ਭਰਿਆ ਪੈਂਤੜਾ ਉਹਨਾਂ ਨੂੰ ਆਮ ਬਚਿਆਂ ਨਾਲੋਂ ਕਿਤੇ ਵੱਡੇ ‘ਬਾਬਾ’ ਪਦ ਦਾ ਹੱਕਦਾਰ ਬਣਾ ਦਿੰਦਾ ਹੈ। ਸਿੱਖੀ ਅਤੇ ਸਮੁੱਚੀ ਮਨੁੱਖਤਾ ਲਈ ਉਹ ‘ਬਾਬੇ’ ਹਨ। ਇਸ ਲਈ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਨੂੰ ਬਾਲ ਦਿਵਸ ਤੱਕ ਸੀਮਤ ਕਰਨਾ ਅਤੇ ਯਾਦ ਕਰਨਾ ਲੋਕ ਤੇ ਪਰਲੋਕ ਦੋਹਾਂ ਵਿਚ ਲਈ ਭਾਰੀ ਭੁੱਲ ਹੋਵੇਗੀ। ‘ਛੋਟੇ ਸਾਹਿਬਜ਼ਾਦੇ’ ਵੀ ਉਹਨਾਂ ਨੂੰ ਸਿਰਫ ਸਰੀਰਕ ਅਵਸਥਾ ਦੀ ਲਿਹਾਜ ਸੰਬੋਧਨੀ ਪਦ ਹੈ, ਜਦ ਕਿ ਉਹਨਾਂ ਦੀ ਅਗੰਮੀ ਸ਼ਖ਼ਸੀਅਤ ਦੇ ਕਠਿਨ ਖੇਲ ਨੂੰ ਜਾਣਨਾ ਤੇ ਬਿਆਨ ਕਰਨਾ ਮਨੁੱਖੀ ਬੁੱਧੀ ਤੋਂ ਪਾਰ ਦੀ ਗਲ ਹੈ। ਇਸ ਮਹਾਂ ਸਾਕੇ ਨੂੰ ਦਿਬ ਦ੍ਰਿਸ਼ਟੀ ਤੋਂ ਅਨੁਭਵ ਤੇ ਬਿਆਨ ਕਰਨ ਤੋਂ ਹੀ ਸਾਕੇ ਦੇ ਸੂਖਮ ਤੇ ਸਥੂਲ ਪਸਾਰਾਂ ਦਾ ਉਚਿਤ ਦਰਸ਼ਨ ਹੋ ਸਕਦਾ ਹੈ।

ਜੇ ਸੱਚਮੁੱਚ ਹੀ ਏਥੋਂ ਦੇ ਆਗੂ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿਚ ਕੁਝ ਕਰਨ ਦੀ ਭਾਵਨਾ ਰੱਖਦੇ ਹਨ ਤਾਂ ਜਬਰ ਜ਼ੁਲਮ ਦਾ ਵੱਡੇ ਸਬਰ ਨਾਲ ਮੁਕਾਬਲਾ ਕਰਨ ਵਾਲੇ ਸਾਹਿਬਜ਼ਾਦਿਆਂ ਦੇ ਇਤਿਹਾਸ ਨੂੰ ਸਮੁੱਚੇ ਖਿੱਤੇ ਦੀ ਘੱਟੋ-ਘੱਟ ਪ੍ਰਾਇਮਰੀ ਸਿੱਖਿਆ ਦੇ ਪਾਠ-ਕ੍ਰਮ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਇਮਾਨਦਾਰੀ ਦਾ ਪੱਲਾ ਫੜੇ ਬਿਨਾ ਨਾ ਤਾਂ ਕੋਈ ਸੱਚੀ ਸ਼ਰਧਾਜਲੀ ਹੋ ਸਕਦੀ ਹੈ ਤੇ ਨਾ ਹੀ ਕੋਈ ਰਾਸ਼ਟਰੀ ਦਿਵਸ ਮਨਾਉਣਾ ਸਫਲ ਹੋ ਸਕਦਾ ਹੈ। ‘ਬਾਬਾਣੀਆਂ ਕਹਾਣੀਆਂ’ ਨੂੰ ਸਮੁੱਚੀ ਲੋਕਾਈ ਤਕ ਪਹੁੰਚਾਉਣਾ ਉਹਨਾਂ ਪ੍ਰਤੀ ਸ਼ਰਧਾਂਜਲੀ ਦਾ ਭਾਰੀ ਅੰਗ ਹੋਵੇਗਾ।ਰਾਜ ਦਾ ਬਿਨਾਂ ਕਿਸੇ ਭੇਦ ਭਾਵ ਨਿਆਂ ਅਤੇ ਸਭ ਲਈ ਸਮੂਹਿਕ ਵਿਕਾਸ ਦੇ ਮੌਕੇ ਪ੍ਰਦਾਨ ਕਰਨਾ ਇਸੇ ਸ਼ਰਧਾਂਜਲੀ ਵਿਚ ਸ਼ਾਮਿਲ ਹੋਵੇਗਾ। ਇਸ ਤਰ੍ਹਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਸਰੋਕਾਰ ਕਿਸੇ ਸੀਮਤ ਅਤੇ ਇਕਹਿਰੀ ਮਹੱਤਤਾ ਵਾਲੇ ਦਿਵਸ ਦਾ ਮੁਥਾਜ ਨਹੀਂ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: