ਖਾਸ ਖਬਰਾਂ » ਸਿੱਖ ਖਬਰਾਂ

ਗੁਰੂ ਨਾਨਕ ਦੇਵ ਯੁਨੀ ਵਿਚ ਹੋ ਰਹੇ ਪੱਖਪਾਤ ਵਿਰੁੱਧ ਲੜਾਈ ਵਿਚ ਵਿਦਿਆਰਥੀ ਹੋਏ ਸਫਲ

January 17, 2019 | By

ਅੰਮ੍ਰਿਤਸਰ: (ਨਰਿੰਦਰ ਪਾਲ ਸਿੰਘ) ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅਹਿਮ ਫੈਸਲਾ ਸੁਣਾਉਂਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਵਿਦਿਅਕ ਸ਼ੈਸ਼ਨ 2018-19 ਲਈ ਐਮ.ਫਿਲ. ਧਾਰਮਿਕ ਅਧਿਐਨ ਲਈ ਲਏ ਦਾਖਲਾ ਟੈਸਟ ਨੂੰ ਤਰੁੱਟੀਆਂ ਭਰਪੂਰ ਕਰਾਰ ਦਿੰਦਿਆਂ ਰੱਦ ਕਰ ਦਿੱਤਾ ਹੈ। ਅਦਾਲਤ ਨੇ ਇਸ ਟੈਸਟ ਨੂੰ ਦੁਬਾਰਾ ਲੈਣ ਦੇ ਨਾਲ ਹੀ ਇਹ ਵੀ ਹੁਕਮ ਦਿੱਤਾ ਹੈ ਕਿ ਵਿਭਾਗ ਦੇ ਵਿਵਾਦਤ ਕਾਰਜਕਾਰੀ ਮੁਖੀ ਅਮਰਜੀਤ ਸਿੰਘ ਨੂੰ ਮੁੜ ਟੈਸਟ ਲੈਣ ਦੀ ਪ੍ਰਕਿਰਿਆ ਤੋਂ ਦੂਰ ਰੱਖਿਆ ਜਾਏ।

ਮਾਣਯੋਗ ਅਦਾਲਤ ਨੇ ਇਹ ਫੈਸਲਾ ਅਵਨੀਤ ਕੌਰ ਨਾਮੀ ਇੱਕ ਵਿਦਿਆਰਥਣ ਵਲੋਂ ਦਾਇਰ ਉਸ ਅਪੀਲ ਦੀ ਸੁਣਵਾਈ ਕਰਦਿਆਂ ਦਿੱਤਾ ਹੈ ਜਿਸ ਵਿੱਚ ਵਿਦਿਆਰਥਣ ਨੇ ਦੋਸ਼ ਲਾਏ ਸਨ ਕਿ ਯੂਨੀਵਰਸਿਟੀ ਦੇ ਗੁਰੂ ਨਾਨਕ ਅਧਿਐਨ ਵਿਭਾਗ ਵਲੋਂ ਐਮ.ਫਿੱਲ ਧਾਰਮਿਕ ਅਧਿਐਨ ਦੇ ਦਾਖਲੇ ਲਈ ਟੈਸਟ ਵਿੱਚ ਵਿਭਾਗ ਦੇ ਮੁਖੀ ਵਲੋਂ ਕੁਝ ਵਿਦਿਆਰਥੀਆਂ ਨੂੰ ਪ੍ਰੀਖਿਆ ਦੇਣ ਲਈ ਨਿਰਧਾਰਤ ਸਮੇਂ ਤੋਂ ਵੱਧ ਸਮਾਂ ਪੇਪਰ ਕਰਨ ਲਈ ਦਿੱਤਾ ਗਿਆ।ਅਵਨੀਤ ਕੌਰ ਦਾ ਇਹ ਵੀ ਦੋਸ਼ ਸੀ ਕਿ ਇੱਕੋ ਹੀ ਕਲਾਸ ਲਈ ਲਏ ਇਸ ਦਾਖਲਾ ਟੈਸਟ ਵਿੱਚ ਪ੍ਰਸ਼ਨ ਪੱਤਰ ਵੀ ਇਕਸਾਰ ਨਹੀ ਸੀ ਬਲਕਿ ਵੱਖ ਵੱਖ ਸਨ।

ਵਿਦਿਆਰਥਣ ਵਲੋਂ ਪੇਸ਼ ਹੋਏ ਵਕੀਲ ਗੁਰਪੁਨੀਤ ਸਿੰਘ ਰੰਧਾਵਾ ਅਤੇ ਸੁਨੀਤਪਾਲ ਸਿੰਘ ਔਲਖ ਵਲੋਂ ਪੇਸ਼ ਦਲੀਲਾਂ ਤੇ ਸਬੂਤਾਂ ਨਾਲ ਸਹਿਮਤ ਹੁੰਦਿਆਂ ਅਦਾਲਤ ਨੇ ਮਹਿਸੂਸ ਕੀਤਾ ਕਿ ਵਿਭਾਗ ਵਲੋਂ ਲਿਆ ਟੈਸਟ ਤਰੁੱਟੀਆਂ ਭਰਪੂਰ ਤੇ ਗਲਤ ਸੀ।ਇਸ ਲਈ ਯੂਨੀਵਰਸਿਟੀ ਇਸ ਦਾਖਲਾ ਟੈਸਟ ਨੂੰ ਦੁਬਾਰਾ ਲਏ।ਹਾਈਕੋਰਟ ਵਲੋਂ 9 ਜਨਵਰੀ ਨੂੰ ਸੁਣਾਏ ਫੈਸਲੇ ਵਿੱਚ ਇਹ ਆਦੇਸ਼ ਵੀ ਸ਼ਾਮਿਲ ਹੈ ਕਿ ਗੁਰੂ ਨਾਨਕ ਅਧਿਐਨ ਵਿਭਾਗ ਦੇ ਕਾਰਜਕਾਰੀ ਮੁਖੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੇ ਡਾਇਰੈਕਟਰ ਅਮਰਜੀਤ ਸਿੰਘ ਨੂੰ ਮੁੜ ਲਏ ਜਾਣ ਵਾਲੇ ਟੈਸਟ ਦੀ ਸਮੁੱਚੀ ਪ੍ਰਕਿਰਿਆ ਤੋਂ ਦੂਰ ਰੱਖਿਆ ਜਾਏ।

ਅਦਾਲਤ ਦੇ ਫੈਸਲੇ ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਅਵਨੀਤ ਕੌਰ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪਾਸੋਂ ਮੰਗ ਕੀਤੀ ਹੈ ਕਿ ਸ.ਅਮਰਜੀਤ ਸਿੰਘ ਨੂੰ ਗੁਰੂ ਨਾਨਕ ਅਧਿਐਨ ਵਿਭਾਗ ਦਾ ਕਾਰਜਕਾਰੀ ਮੁਖੀ ਲਗਾਏ ਜਾਣ ਦੀ ਵੀ ਬਾਰੀਕੀ ਨਾਲ ਜਾਂਚ ਕਰਵਾਈ ਜਾਏ।ਅਵਨੀਤ ਕੌਰ ਨੇ ਇਹ ਵੀ ਮੰਗ ਕੀਤੀ ਹੈ ਕਿ ਸਬੰਧਤ ਦਾਖਲਾ ਟੈਸਟ ਦੁਬਾਰਾ ਲੈਣ ਸਮੇਂ ਉਨ੍ਹਾਂ ਅਧਿਆਪਕਾਂ ਨੂੰ ਵੀ ਪੇਪਰ ਪ੍ਰਕਿਰਿਆ ਤੋਂ ਦੂਰ ਰੱਖਿਆ ਜਾਏ ਜੋ ਕਿ ਪਹਿਲਾ ਹੀ ਸ਼ੱਕ ਦੇ ਘੇਰੇ ਵਿਚ ਹਨ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: