ਆਮ ਖਬਰਾਂ

ਸਜਾ ਤੋਂ ਪਹਿਲਾਂ ਬੋਲਿਆ ਸੌਦਾ ਸਾਧ: ਮੈਂ ਤਾਂ 9 ਸਾਲਾਂ ਤੋਂ ਸ਼ੁਗਰ ਦਾ ਮਰੀਜ਼ ਹਾਂ

January 18, 2019 | By

ਚੰਡੀਗੜ੍ਹ: ਬਾਲਤਕਾਰ ਤੋਂ ਬਾਅਦ ਹੁਣ ਕਤਲ ਦੇ ਮਾਮਲੇ ਵਿਚ ਦੋਸ਼ੀ ਪਾਏ ਗਏ ਡੇਰਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਬੀਤੇ ਕੱਲ ਸੀ.ਬੀ.ਆਈ. ਦੀ ਅਦਾਲਤ ਮੂਹਰੇ ਸੁਣਵਾਈ ਦੌਰਾਨ ਕਿਹਾ ਕਿ ਉਹ ਬੀਤੇ 9 ਸਾਲਾਂ ਤੋਂ ਸ਼ੂਗਰ ਦਾ ਮਰੀਜ਼ ਹੈ।

ਸੀ.ਬੀ.ਆਈ. ਦੇ ਖਾਸ ਜੱਜ ਜਗਦੀਪ ਸਿੰਘ ਦੀ ਅਦਾਲਤ ਨੇ ਲੰਘੇ ਕੱਲ (17 ਜਨਵਰੀ ਨੂੰ) ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਦੇ  ਮਾਮਲੇ ਵਿਚ ਗੁਰਮੀਤ ਰਾਮ ਰਹੀਮ ਸਮੇਤ ਚਾਰ ਦੋਸ਼ੀਆਂ ਨੂੰ ਉਮਰ ਕੈਦ ਦੀ ਸਜਾ ਸੁਣਾਈ ਸੀ। ਅਦਾਲਤ ਵੱਲੋਂ ਇਹਨਾਂ ਚਾਰਾਂ ਨੂੰ 11 ਜਨਵਰੀ ਨੂੰ ਦੋਸ਼ੀ ਐਲਾਨਿਆ ਗਿਆ ਸੀ।

ਗੁਰਮੀਤ ਰਾਮ ਰਾਹੀਮ ਦੀ ਇਕ ਪੁਰਾਣੀ ਤਸਵੀਰ

ਸਜਾ ਸੁਣਾਏ ਜਾਣ ਤੋਂ ਪਹਿਲਾਂ ਚਾਰਾਂ ਦੋਸ਼ੀਆਂ ਨੂੰ ਜੇਲ੍ਹ ਵਿਚੋਂ ਹੀ ਬਿਜਲਈ ਪ੍ਰਬੰਧ ਰਾਹੀਂ ਸਜ਼ਾ ਸੰਬੰਧੀ ਆਪਣੀ ਆਪਣਾ ਪੱਖ ਅਦਾਲਤ ਅੱਗੇ ਰੱਖਣ ਦਾ ਮੌਕਾ ਦਿੱਤਾ ਗਿਆ।

ਇਸ ਦੌਰਾਨ ਗੁਰਮੀਤ ਰਾਮ ਰਹੀਮ ਨੇ ਜਿੱਥੇ ਡੇਰਾ ਸਿਰਸਾ ਦੇ ਮੁਖੀ ਹੋਣ, ਡੇਰੇ ਦੀ ਧਾਰਨ ਅਤੇ ਡੇਰੇ ਦੀਆਂ ਕਾਰਵਾਈਆਂ ਦਾ ਜ਼ਿਕਰ ਕੀਤਾ ਓਥੇ ਉਸ ਨੇ ਇਹ ਵੀ ਕਿਹਾ ਕਿ ਉਹ ਪਿੱਠ ਦਰਦ ਤੋਂ ਪੀੜਤ ਹੈ ਅਤੇ ਲੰਘੇ 9 ਸਾਲਾਂ ਤੋਂ “ਸ਼ੁਗਰ” ਦੀ ਬਿਮਾਰੀ ਦਾ ਮਰੀਜ਼ ਹੈ।

ਉਸਨੇ ਕਿਹਾ ਕਿ ਉਸ ਦੇ ਘਰ ਵਿਚ ਇਕ ਬੁੱਢੀ ਮਾਂ ਹੈ ਜੋ ਕਿ ਬਿਮਾਰ ਰਹਿੰਦੀ ਹੈ ਤੇ ਇਸ ਤੋਂ ਇਲਾਵਾ ਉਸ ਦੀ ਪਤਨੀ, ਇਕ ਮੁੰਡਾ ਅਤੇ ਦੋ ਕੁੜੀਆਂ ਹਨ।

ਉਸ ਦੇ ਅਦਾਲਤ ਨੂੰ ਬੇਨਤੀ ਕੀਤੀ ਕਿ ਇਸ ਮਾਮਲੇ ਵਿਚ ਸੁਣਾਈ ਜਾਣ ਵਾਲੀ ਸਜਾ ਨੂੰ ਆਰ.ਸੀ. 5/2002 (ਸੀ.ਬੀ.ਆਈ) ਭਾਵ ਕਿ ਸਾਧਵੀਆਂ ਦੇ ਬਲਾਤਕਾਰ ਵਾਲੇ ਮਾਮਲੇ ਵਿਚ ਸੁਣਾਈ ਗਈ ਸਜਾ ਦੇ ਨਾਲ ਹੀ ਚਲਾਇਆ ਜਾਵੇ।

ਇਸ ਸੁਣਵਾਈ ਦੌਰਾਨ ਦੂਜੇ ਦੋਸ਼ੀਆਂ ਕੁਲਦੀਪ ਸਿੰਘ ਉਰਫ ਕਾਲਾ, ਨਿਰਮਲ ਸਿੰਘ ਅਤੇ ਕ੍ਰਿਸ਼ਨ ਲਾਲ ਉਰਫ ਕਿਸ਼ਨ ਲਾਲ ਨੇ ਵੀ ਸੁਣਾਈ ਜਾਣ ਵਾਲੀ ਸਜਾ ਬਾਰੇ ਆਪੋ ਆਪਣਾ ਪੱਖ ਅਦਾਲਤ ਅੱਗੇ ਰੱਖਿਆ।

ਸੀ.ਬੀ.ਆਈ. ਦੇ ਵਕੀਲ ਨੇ ਕਿਹਾ ਕਿ ਇਸ ਮਾਮਲੇ ਵਿਚ ਮਿਸਾਲੀ ਸਜਾ ਸੁਣਾਈ ਜਾਵੇ।

ਬਚਾਅ ਪੱਖ ਦੇ ਵਕੀਲਾਂ ਨੇ ਕਿਹਾ ਕਿ ਇਹ ਮਾਮਲਾ “ਵਿਰਲਿਆਂ ਵਿਚੋਂ ਵਿਰਲੇ ਮਾਮਲੇ” ਦੀ ਸ਼੍ਰੇਣੀ ਵਿਚ ਨਹੀਂ ਆਉਂਦਾ ਇਸ ਲਈ ਫਾਂਸੀ ਦੀ ਸਜਾ ਨਾ ਸੁਣਾਈ ਜਾਵੇ।

ਸਾਰੇ ਪੱਖ ਵਿਚਾਰ ਕੇ ਜੱਜ ਜਗਦੀਪ ਸਿੰਘ ਨੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜਾ ਸੁਣਾਈ ਹੈ।

ਅਦਾਲਤੀ ਫੈਸਲੇ ਵਿਚ ਮੌਤ ਤੱਕ ਉਮਰ ਕੈਦ ਦਾ ਕੋਈ ਜ਼ਿਕਰ ਨਹੀਂ:

ਇਥੇ ਇਸ ਗੱਲ ਦਾ ਜ਼ਿਕਰ ਕਰ ਦਈਏ ਕਿ ਕੁਝ ਅਖਬਾਰਾਂ ਨੇ ਲਿਖਿਆ ਹੈ ਕਿ ਸੌਦਾ ਸਾਧ ਨੂੰ “ਮੌਤ ਤੱਕ ਉਮਰ ਕੈਦ” ਦੀ ਸਜਾ ਸੁਣਾਈ ਗਈ ਹੈ ਹਾਲਾਕਿ ਅਦਾਲਤ ਦੇ ਫੈਸਲੇ ਵਿਚ ਕਿਤੇ ਵੀ “ਮੌਤ ਤੱਕ ਉਮਰ ਕੈਦ” ਦੇ ਲਫਜ਼ ਨਹੀਂ ਵਰਤੇ ਗਏ। ਸਿਰਫ “ਉਮਰ ਕੈਦ”(ਲਾਈਫ ਇਮਪ੍ਰਿਜ਼ਨਮੈਂਟ) ਸ਼ਬਦ ਹੀ ਵਰਤੇ ਗਏ ਹਨ।

ਬਲਾਤਕਾਰ ਮਾਮਲੇ ਵਾਲੀ ਸਜਾ ਮੁੱਕਣ ਤੋਂ ਬਾਅਦ ਸ਼ੁਰੂ ਹੋਵੇਗੀ ਸੌਦਾ ਸਾਧ ਦੀ ਉਮਰ ਕੈਦ:

ਅਦਾਲਤ ਨੇ ਆਪਣੇ ਫੈਸਲੇ ਵਿਚ ਇਸ ਗੱਲ ਦਾ ਖਾਸ ਜ਼ਿਕਰ ਕੀਤਾ ਹੈ ਕਿ ਗੁਰਮੀਤ ਰਾਮ ਰਹੀਮ ਦੀ ਉਮਰ ਕੈਦ ਇਸ ਪਹਿਲਾਂ ਸਾਧਵੀਆਂ ਦੇ ਬਲਾਤਕਾਰ ਦੇ ਮਾਮਲੇ ਵਿਚ ਸੁਣਵਾਈ ਗਈ ਵੀਹ ਸਾਲ ਦੀ ਸਜਾ ਤੋਂ ਬਾਅਦ ਸ਼ੁਰੂ ਹੋਵੇਗੀ।

ਇਸ ਫੈਸਲੇ ਦੀ ਨਕਲ ਸਿੱਖ ਸਿਆਸਤ ਪਾਸ ਮੌਜੂਦ ਹੈ ਜੋ ਕਿ ਛੇਤੀ ਹੀ ਪਾਠਕਾਂ ਦੀ ਜਾਣਕਾਰੀ ਲਈ ਵੀ ਇੰਨ-ਬਿੰਨ ਸਾਂਝੀ ਕੀਤੀ ਜਾਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,