ਖਾਸ ਖਬਰਾਂ » ਸਿੱਖ ਖਬਰਾਂ

ਲਹਿੰਦੇ ਪਾਸਿੳਂ ਲਾਂਘਾ ਅੱਧਾ ਨਿੱਬੜਿਆ ਤੇ ਏਧਰ ਕਮੇਟੀ ਦੇ ਹਾਲੇ ਕਾਗਜ ਹੀ ਨਹੀਂ ਪੂਰੇ ਹੋਏ

January 16, 2019 | By

(ਨਰਿੰਦਰ ਪਾਲ ਸਿੰਘ)

ਅਕਤੂਬਰ 2019 ਵਿੱਚ ਮਨਾਏ ਜਾ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਤੋਂ ਪਹਿਲਾਂ ਪਾਕਿਸਤਾਨ ਸਥਿਤ ਗੁਰੂ ਸਾਹਿਬ ਦੇ ਚਰਨਛੋਹ ਅਸਥਾਨ ਗੁਰਦੁਆਰਾ ਕਰਤਾਰ ਸਾਹਿਬ ਦੇ ਸੁਰਖਿਅਤ ਲਾਂਘੇ ਬਾਰੇ ਸ਼੍ਰੋਮਣੀ ਕਮੇਟੀ ਵਲੋਂ ਨਾ ਤਾਂ ਭਾਰਤ ਸਰਕਾਰ ਨਾਲ ਕੋਈ ਲਿਖਤ ਪੜ੍ਹਤ ਹੋਈ ਹੈ ਤੇ ਨਾ ਹੀ ਪਾਕਿਸਤਾਨ ਸਰਕਾਰ ਜਾਂ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ।ਇਹ ਹਕੀਕਤ ਉਸ ਵੇਲੇ ਸਾਹਮਣੇ ਆ ਰਹੀ ਹੈ ਜਦੋਂ ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਲਾਂਘੇ ਲਈ ਆਪਣੇ ਵਲੋਂ ਤਿਆਰੀਆਂ ਸ਼ੁਰੂ ਕਰਕੇ ਸੰਸਾਰ ਭਰ ਦੇ ਸਿੱਖਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਇਸ ਇਤਿਹਾਸਕ ਕਾਰਜ ਲਈ ਆਪਣੇ ਸੁਝਾਅ ਭੇਜਣ।ਇਸਦੇ ਨਾਲ ਹੀ ਇਹ ਵੀ ਕਨਸੋਆਂ ਹਨ ਕਰਤਾਰਪੁਰ ਲਾਂਘਾ ਮਾਮਲੇ ‘ਤੇ ਭਾਰਤ ਅਤੇ ਪਾਕਿਸਤਾਨ ਸਰਕਾਰ ਦਰਮਿਆਨ ਉੱਚ ਪੱਧਰੀ ਗਲਬਾਤ ਅਗਲੇ ਮਹੀਨੇ ਹੋਣ ਜਾ ਰਹੀ ਹੈ।

ਬੀਤੇ ਕੁਝ ਦਿਨ੍ਹਾਂ ਤੋਂ ਇਹ ਖਬਰਾਂ ਸਰਹੱਦ ਪਾਰ ਤੋਂ ਨਿਰੰਤਰ ਆ ਰਹੀਆਂ ਸਨ ਕਿ ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਸਰਕਾਰ ਨੇ ਡੇਰਾ ਬਾਬਾ ਨਾਨਕ ਸੈਕਟਰ ਦੇ ਸਰਹੱਦ ਪਾਰਲੇ ਪਿੰਡ ਨਾਰੋਵਾਲ ਸਥਿਤ ਇਤਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਸੁਰਖਿਅਤ ਲਾਂਘੇ ਦਾ ਕੰਮ,ਜਿਸਦੀ ਸ਼ੁਰੂਆਤ ਦੋਨਾਂ ਮੁਲਕਾਂ ਵਲੋਂ ਕਰਮਵਾਰ 26 ਨਵੰਬਰ ਤੇ 28 ਨਵੰਬਰ 2018 ਨੂੰ ਵੱਖ ਵੱਖ ਉਦਘਾਟਨ ਸਮਾਗਮਾਂ ਦੇ ਮਾਧਿਅਮ ਕੀਤੀ ਗਈ, ਪਾਕਿਸਤਾਨ ਸਰਕਾਰ ਨੇ ਆਪਣੀਆਂ-ਆਪਣੀਆਂ ਕੋਸ਼ਿਸ਼ਾਂ ਤੇਜ ਕਰ ਦਿੱਤੀਆਂ ਹਨ।ਇਧਰ ਪੰਜਾਬ ਸਰਕਾਰ ਨੇ ਡੇਰਾ ਬਾਬਾ ਨਾਨਕ ਡਿਵੈਲਪਮੈਂਟ ਅਥਾਰਟੀ ਦਾ ਗਠਨ ਕਰਕੇ ਲਾਂਘੇ ਤੀਕ ਪੁਜਣ ਲਈ ਸੜਕਾਂ ਤੇ ਹੋਰ ਜਰੂਰੀ ਉਸਾਰੀ ਲਈ ਜਮੀਨ ਦੀ ਸਰਵੇ ਕਰਵਾ ਲਈ ਹੈ।ਜਿਕਰ ਕਰਨਾ ਜਰੂਰੀ ਹੈ ਕਿ ਪਾਕਿਸਤਾਨ ਸਰਕਾਰ ਵਲੋਂ ਕਰਤਾਰਪੁਰ ਲਾਂਘਾ ਸਮਾਗਮ ਵਿੱਚ ਸ਼ਮੂਲੀਅਤ ਕਰਨ ਪਾਕਿਸਤਾਨ ਗਏ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੇ ਦਾਅਵਾ ਕੀਤਾ ਸੀ ਕਿ ਪਾਕਿਸਤਾਨ ਫੇਰੀ ਦੌਰਾਨ ਉਨ੍ਹਾਂ ਦੀ ਇਸ ਮਾਮਲੇ ਤੇ ਮੁਲਾਕਾਤ ਪਾਕਿਸਤਾਨ ਦੇ ਅਧਿਕਾਰੀਆਂ ਨਾਲ ਹੋਈ ਹੈ ।

ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਨਾਰੋਵਾਲ ਸ੍ਰੀ ਕਰਤਾਰਪੁਰ ਸਾਹਿਬ ਦੀ ਤਸਵੀਰ

ਪਰ ਅੱਜ ਜਦੋਂ ਸ਼੍ਰੋਮਣੀ ਕਮੇਟੀ ਵਲੋਂ ਕਰਤਾਰਪੁਰ ਲਾਂਘੇ ਨਾਲ ਸਬੰਧਤ ਭਾਰਤ ਸਰਕਾਰ, ਪਾਕਿਸਤਾਨ ਸਰਕਾਰ ਜਾਂ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਹੋਈ ਲਿਖਤੀ ਗੱਲਬਾਤ ਦਾ ਵੇਰਵਾ ਹਾਸਿਲ ਕਰਨ ਲਈ ਪਹੁੰਚ ਕੀਤੀ ਗਈ ਤਾਂ ਕਮੇਟੀ ਅਧਿਕਾਰੀਆਂ ਪਾਸ ਇਸ ਬਾਰੇ ਕੋਈ ਵੇਰਵਾ ਮੌਜੂਦ ਨਹੀ ਸੀ।ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਦੇ ਨਿੱਜੀ ਸਹਾਇਕ ਤੇ ਕਮੇਟੀ ਦੇ ਵਧੀਕ ਸਕੱਤਰ ਇੰਜਨੀਅਰ ਸੁਖਵਿੰਦਰ ਸਿੰਘ ਨਾਲ ਜਦੋਂ ਗਲਬਾਤ ਕੀਤੀ ਗਈ ਤਾਂ ਉਨ੍ਹਾਂ ਸਾਫ ਕਿਹਾ ਕਿ ਕਮੇਟੀ ਨੇ ਹੁਣ ਤੀਕ ਇਸ ਮਾਮਲੇ ਵਿੱਚ ਵਿਦੇਸ਼ ਮੰਤਰਾਲੇ ਜਾਂ ਕਿਸੇ ਹੋਰ ਵਿਭਾਗ ਨਾਲ ਕੋਈ ਲਿਖਤੀ ਗਲਬਾਤ ਨਹੀ ਕੀਤੀ।ਨਿੱਜੀ ਸਹਾਇਕ ਨੇ ਦੱਸਿਆ ਕਿ ਕਰਤਾਰਪੁਰ ਲਾਂਘੇ ਦੀਆਂ ਤਿਆਰੀਆਂ ਵਜੋਂ ਪੰਜਾਬ ਸਰਕਾਰ ਵਲੋਂ ਗਠਿਤ ਡੇਰਾ ਬਾਬਾ ਨਾਨਕ ਡਿਵੈਲਪਮੈਂਟ ਅਥਾਰਿਟੀ ਨੇ ਵੀ ਸ਼੍ਰੋਮਣੀ ਕਮੇਟੀ ਨਾਲ ਕੋਈ ਰਾਬਤਾ ਕਾਇਮ ਨਹੀ ਕੀਤਾ।

ਜਦੋਂ ਉਨ੍ਹਾਂ ਨੂੰ ਇਹ ਦੱਸਿਆ ਗਿਆ ਕਿ ਵਿਦੇਸ਼ ਵੱਸਦੇ ਸਿੱਖਾਂ ਤੇ ਸਿੱਖ ਸੰਸਥਾਵਾਂ ਵਲੋਂ ਕਰਤਾਰਪੁਰ ਲਾਂਘੇ ਬਾਰੇ ਨਿਰੰਤਰ ਪੁੱਜ ਰਹੇ ਸੁਝਾਵਾਂ ਦੇ ਮੱਦੇ ਨਜਰ ਪਾਕਿਸਤਾਨ ਸਰਕਾਰ ਨੇ ਸੰਸਾਰ ਭਰ ਦੇ ਸਿੱਖਾਂ ਨੂੰ ਸੱਦਾ ਦਿਤਾ ਹੈ ਕਿ ਉਹ ਇਸ ਇਤਿਹਾਸਕ ਅਸਥਾਨ ਦੇ ਚੌਗਿਰਦੇ ਵਿੱਚ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਬਾਰੇ ਸੁਝਾਅ ਭੇਜਣ। ਕਮੇਟੀ ਪ੍ਰਧਾਨ ਜੀ ਦੇ ਨਿੱਜੀ ਸਹਾਇਕ ਨੇ ਸਾਫ ਕਿਹਾ ਕਿ ਨਾਂ ਗੁਰਦੁਆਰਾ ਕਰਤਾਰ ਪੁਰ ਸਾਹਿਬ ਇਸ ਦੇਸ਼ ਵਿੱਚ ਹੈ, ਨਾ ਸ਼੍ਰੋਮਣੀ ਕਮੇਟੀ ਪ੍ਰਬੰਧ ਹੇਠ।ਜਦੋਂ ਉਨ੍ਹਾਂ ਨੂੰ ਇੱਹ ਪੁਛਿਆ ਗਿਆ ਕਿ ਕੀ ਇੱਕ ਇਤਿਹਾਸਕ ਗੁਰਦੁਆਰਾ ਦੇ ਚੌਗਿਰਦੇ ਬਾਰੇ ਸ਼੍ਰੋਮਣੀ ਕਮੇਟੀ ਦੀ ਕੋਈ ਜਿੰਮੇਵਾਰੀ ਨਹੀ ਹੈ ਤਾਂ ਨਿੱਜੀ ਸਹਾਇਕ ਨੇ ਸਾਫ ਕਹਿ ਦਿਤਾ ਕਿ ਕਮੇਟੀ ਦਾ ਸਾਰਾ ਹੀ ਧਿਆਨ ਸੁਲਤਾਨਪੁਰ ਲੋਧੀ ਵਿਖੇ ਮਨਾਏ ਜਾਣ ਵਾਲੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਦੀ ਵਿਉਂਤਬੰਦੀ ਵੱਲ ਹੈ ।

ਜਿਕਰਯੋਗ ਤਾਂ ਇਹ ਵੀ ਹੈ ਡੇਰਾ ਬਾਬਾ ਨਾਨਕ ਵਿਖੇ ਸ਼੍ਰੋਮਣੀ ਕਮੇਟੀ ਪ੍ਰਬੰਧ ਹੇਠਲਾ ਇੱਕ ਇਤਿਹਾਸਕ ਗੁਰਦੁਆਰਾ ਹੈ ਜਿਥੇ ਕਮੇਟੀ ਵਲੋਂ 26 ਨਵੰਬਰ 2018 ਨੂੰ ਵਿਸ਼ੇਸ਼ ਗੁਰਮਤਿ ਸਮਾਗਮ ਕਰਕੇ ਕਰਤਾਰ ਪੁਰ ਲਾਂਘੇ ਲਈ ਅਰਦਾਸ ਕੀਤੀ ਗਈ ਸੀ।


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: